ਸਾਡੀਆਂ ਮਾਸਟਰ ਕੇਡਰ ਯੂਨੀਅਨ ਡੀਡੀਐੱਫ ਅਤੇ ਈਟੀਟੀ ਯੂਨੀਅਨਾਂ ਨੇ ਕਰਮਚਾਰੀਆਂ ਨੂੰ ਬਹੁਤ ਸਹੂਲਤਾਂ ਦਿਵਾਈਆਂ ਜਿਨ੍ਹਾਂ ਦੇ ਉਹ ਹੱਕਦਾਰ ਹਨ। ਇਹ ਹੱਕ ਲੈਣੇ ਬਣਦੇ ਹਨ। ਇਸ ਵਾਰ ਚੋਣਾਂ ਦੌਰਾਨ ਜਦੋਂ ਨਾਦਰਸ਼ਾਹੀ ਫੁਰਮਾਨ ਆਇਆ ਕਿ ਕੋਰੋਨਾ ਦੀ ਤੀਜੀ ਬੂਸਟਰ ਡੋਜ਼ ਡਿਊਟੀ ਸਮੇਂ ਹਰ ਕਰਮਚਾਰੀ ਦੇ ਲਗਾਉਣੀ ਲਾਜ਼ਮੀ ਹੈ, ਤਾਂ ਸਾਡੀ ਮਾਸਟਰ ਕੇਡਰ ਯੂਨੀਅਨ ਨੇ ਉਸ ਵਿਰੁੱਧ ਝੰਡਾ ਚੁੱਕ ਕੇ ਇਸ ਨੂੰ ਰੱਦ ਕਰਵਾਇਆ ਜੋ ਕੇ ਬਣਦਾ ਵੀ ਸੀ ਕਿਉਂਕਿ ਦੋ ਡੋਜ਼ ਲੱਗਣ ਤੋਂ ਬਾਅਦ ਤੀਸਰੀ ਡੋਜ਼ ਲਗਵਾਉਣ ਦਾ ਬਣਦਾ ਸਮਾਂ ਪੂਰਾ ਵੀ ਨਹੀਂ ਸੀ ਹੋਇਆ ਕਿ ਤੀਸਰੀ ਡੋਜ਼ ਲੱਗ ਸਕੇ।
-ਸਿਮਰਜੀਤ ਸਿੰਮੀ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਏਕੇ ਵਿਚ ਸੱਚੀਓਂ ਬਹੁਤ ਬਰਕਤ ਹੈ। ਇਸ ਨਾਲ ਸਬੰਧਤ ਬਹੁਤ ਸਾਰੀਆਂ ਕਹਾਣੀਆਂ ਸਮਾਜ ਵਿਚ ਪ੍ਰਚਲਿਤ ਹਨ ਜਿਵੇਂ ‘ਕਿਵੇਂ ਕਬੂਤਰ ’ਕੱਠੇ ਹੋ ਕੇ ਜਾਲ ਲੈ ਕੇ ਉੱਡ ਗਏ!’ ਕਿਸ ਤਰ੍ਹਾਂ ਇਕ ਬੁੱਢੇ ਬਿਮਾਰ ਪਿਤਾ ਨੇ ਸਾਰਾ ਦਿਨ ਆਪਸ ਵਿਚ ਲੜਦੇ-ਉਲਝਦੇ ਰਹਿੰਦੇ ਆਪਣੇ ਬੱਚਿਆਂ ਨੂੰ ਏਕੇ ਦਾ ਸਬਕ ਸਿਖਾਉਣ ਲਈ ਉਨ੍ਹਾਂ ਤੋਂ ਪਹਿਲਾਂ ਇਕੱਲੀ-ਇਕੱਲੀ ਸੋਟੀ ਤੁੜਵਾਈ? ਜਦੋਂ ਉਹ ਇਹ ਤੋੜਨ ਵਿਚ ਕਾਮਯਾਬ ਹੋ ਗਏ, ਉਸ ਉਪਰੰਤ ਬੱਝਿਆ ਬੰਡਲ ਤੋੜਨ ਲਈ ਕਿਹਾ ਗਿਆ।
ਜਦੋਂ ਨਹੀਂ ਟੁੱਟਿਆ ਤਾਂ ਉਹ ਆਪਣੇ ਪਿਤਾ ਤੋਂ ਭਲੀ -ਭਾਂਤ ਏਕੇ ’ਚ ਰਹਿਣ ਬਾਰੇ ਸਮਝ ਗਏ। ਸੱਚਮੁੱਚ ਹੀ ਏਕੇ ਵਿਚ ਹਮੇਸ਼ਾ ਹੀ ਬਰਕਤ ਰਹੀ ਹੈ ਅਤੇ ਰਹੇਗੀ ਵੀ। ਉਹ ਭਾਵੇਂ ਘਰ-ਪਰਿਵਾਰ ’ਚ ਹੋਵੇ, ਗਲੀ-ਮੁਹੱਲੇ, ਕਿਸੇ ਸੰਸਥਾ, ਮੋਹਤਬਾਰ-ਕਮੇਟੀਆਂ, ਦੇਸ਼ ਦੇ ਨਾਗਰਿਕਾਂ ਜਾਂ ਸਰਕਾਰ ਦੇ ਮੰਤਰੀ ਮੰਡਲ ਦਾ ਏਕਾ ਦਾ ਏਕਾ ਹੋਵੇ।
ਏਕੇ ਨਾਲ ਰਹਿਣ ’ਤੇ ਅੱਜ ਤਕ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਸਗੋਂ ਰਲ-ਮਿਲ ਕੇ ਰਹਿਣ ਵਾਲਾ ਪਰਿਵਾਰ ਸਮਾਜ ਅਤੇ ਦੇਸ਼ ਕਦੋਂ ਸੁੱਤੇ ਸਿੱਧ ਹੀ ਤਰੱਕੀ ਕਰ ਲੈਂਦਾ, ਉਸ ਨੂੰ ਵੀ ਪਤਾ ਨਹੀਂ ਲੱਗਦਾ। ਉਨ੍ਹਾਂ ਥਾਵਾਂ ’ਤੇ ਰਹਿਣ ਵਾਲਿਆਂ ਦਾ ਮਾਹੌਲ ਵੀ ਹਮੇਸ਼ਾ ਖ਼ੁਸ਼ਗਵਾਰ ਹੀ ਰਹਿੰਦਾ ਹੈ। ਉਸ ਥਾਂ ਮੱਲੋ-ਮੱਲੀ ਸਾਰਿਆਂ ਦਾ ਜੀਅ ਲੱਗਦਾ ਹੈ। ਸਾਰਿਆਂ ਨੂੰ ਲੱਗਦਾ ਹੈ ਜਿਵੇਂ ‘ਵਰਿ੍ਹਆਂ ਦਾ ਜੀਵਨ ਸਦੀਆਂ ਵਿਚ ਜੀਅ ਲਿਆ। ਸਭ ਨੂੰ ਜ਼ਿੰਦਗੀ ਰੰਗੀਨ ਲੱਗਦੀ ਐ। ਇਹ ਏਕਾ ਭਾਵੇਂ ਕਿਸੇ ਵਿਰੁੱਧ ਹੀ ਕਿਉਂ ਨਾ ਹੋਵੇ।
ਸਾਰੇ ਸੰਸਾਰ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਆਮ ਨਾਗਰਿਕਾਂ ਨੇ ਕੇਂਦਰ ਸਰਕਾਰ ਵਿਰੁੱਧ ਏਕਾ ਕਰ ਕੇ ਖੇਤੀ ਵਿਰੋਧੀ ਤਿੰਨੋਂ ਕਾਨੂੰਨ ਰੱਦ ਕਰਵਾਏ ਜੋ ਆਪਣੇ-ਆਪ ਵਿਚ ਇਕ ਬਹੁਤ ਵੱਡੀ ਮਿਸਾਲ ਬਣਿਆ। ਸਰਕਾਰ ਆਮ ਲੋਕਾਂ ਅੱਗੇ ਝੁਕੀ ਜੋ ਸਿਰਫ਼ ਆਪਸੀ ਏਕਤਾ ਕਰ ਕੇ ਸੰਭਵ ਹੋਇਆ। ਠੀਕ ਇਸੇ ਤਰ੍ਹਾਂ ਹੀ ਸਾਡੇ ਸਿੱਖਿਆ ਵਿਭਾਗ ਵਿਚ ਵੀ ਸਾਡੀਆਂ ਯੂਨੀਅਨਾਂ ਦੁਆਰਾ ਸਰਕਾਰ ਵਿਰੁੱਧ ਏਕੇ ਦਾ ਪ੍ਰਗਟਾਵਾ ਕਰ ਕੇ ਬਹੁਤ ਸਾਰੀਆਂ ਗੱਲਾਂ ਜੋ ਕਿ ਮਨਜ਼ੂਰੀ ਯੋਗ ਨਹੀਂ ਹੁੰਦੀਆਂ, ਨੂੰ ਰੱਦ ਕਰਾ ਕੇ ਵਿਖਾਇਆ ਗਿਆ।
ਸਾਡੀਆਂ ਮਾਸਟਰ ਕੇਡਰ ਯੂਨੀਅਨ ਡੀਡੀਐੱਫ ਅਤੇ ਈਟੀਟੀ ਯੂਨੀਅਨਾਂ ਨੇ ਕਰਮਚਾਰੀਆਂ ਨੂੰ ਬਹੁਤ ਸਹੂਲਤਾਂ ਦਿਵਾਈਆਂ ਜਿਨ੍ਹਾਂ ਦੇ ਉਹ ਹੱਕਦਾਰ ਹਨ। ਇਹ ਹੱਕ ਲੈਣੇ ਬਣਦੇ ਹਨ। ਇਸ ਵਾਰ ਚੋਣਾਂ ਦੌਰਾਨ ਜਦੋਂ ਨਾਦਰਸ਼ਾਹੀ ਫੁਰਮਾਨ ਆਇਆ ਕਿ ਕੋਰੋਨਾ ਦੀ ਤੀਜੀ ਬੂਸਟਰ ਡੋਜ਼ ਡਿਊਟੀ ਸਮੇਂ ਹਰ ਕਰਮਚਾਰੀ ਦੇ ਲਗਾਉਣੀ ਲਾਜ਼ਮੀ ਹੈ, ਤਾਂ ਸਾਡੀ ਮਾਸਟਰ ਕੇਡਰ ਯੂਨੀਅਨ ਨੇ ਉਸ ਵਿਰੁੱਧ ਝੰਡਾ ਚੁੱਕ ਕੇ ਇਸ ਨੂੰ ਰੱਦ ਕਰਵਾਇਆ ਜੋ ਕੇ ਬਣਦਾ ਵੀ ਸੀ ਕਿਉਂਕਿ ਦੋ ਡੋਜ਼ ਲੱਗਣ ਤੋਂ ਬਾਅਦ ਤੀਸਰੀ ਡੋਜ਼ ਲਗਵਾਉਣ ਦਾ ਬਣਦਾ ਸਮਾਂ ਪੂਰਾ ਵੀ ਨਹੀਂ ਸੀ ਹੋਇਆ ਕਿ ਤੀਸਰੀ ਡੋਜ਼ ਲੱਗ ਸਕੇ। ਉਸ ਤੋਂ ਬਾਅਦ ਚੋਣਾਂ ਦੇ ਦਿਨ ਤੋਂ ਬਾਅਦ ਡਿਊਟੀ ਕਰਮਚਾਰੀਆਂ ਲਈ ‘ਰੈਸਟ ਡੇਅ’ ਘੋਸ਼ਿਤ ਕਰਵਾਇਆ ਜੋ ਕਿ ਪੂਰੀ ਤਰ੍ਹਾਂ ਵਾਜਿਬ ਹੈ। ਇੰਨੇ ਸੰਜੀਦਾ ਕੰਮ ਦੀ ਪੂਰੀ ਜ਼ਿੰਮੇਵਾਰੀ ਅਤੇ ਲਗਾਤਾਰ ਤਿੰਨ ਦਿਨ ਦੀ ਬੇਆਰਾਮੀ ਤੋਂ ਬਾਅਦ ਸਭ ਦੇ ਮਨਾਂ ਅਤੇ ਸਰੀਰ ਨੂੰ ਰੈਸਟ ਦੀ ਜ਼ਰੂਰਤ ਵੀ ਹੁੰਦੀ ਹੈ।
ਦੂਸਰੀਆਂ ਯੂਨੀਅਨਾਂ ਨੇ ਵੀ ਸਮੇਂ ਸਮੇਂ ’ਤੇ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਜਿਸ ਦੀ ਹਰ ਕਰਮਚਾਰੀ ਨੂੰ ਖ਼ੁਸ਼ੀ ਹੁੰਦੀ ਹੈ ਪਰ ਜੇਕਰ ਇਹ ਸਾਰੇ ਇਕ ਮੰਚ ’ਤੇ ਇਕੱਠੇ ਹੋ ਜਾਣ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਹੁਣ ਨਵੀਂ ਬਣੀ ‘ਆਪ’ ਦੀ ਸਰਕਾਰ ਵੀ ਲੋਕਾਂ ਦੇ ਏਕੇ ਦਾ ਸਬੂਤ ਦੇ ਰਹੀ ਜਾਪਦੀ ਹੈ। ਪਿਛਲੇ ਸਮੇਂ ਤੋਂ ਅੱਕੇ ਲੋਕਾਂ ਨੂੰ ਇਸ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਅਵਾਮ ਨੂੰ ਆਸ ਹੈ ਕਿ ਇਸ ਸਰਕਾਰ ਵਿਰੁੱਧ ਕਦੇ ਵੀ ਆਮ ਲੋਕਾਂ ਨੂੰ ਧਰਨਿਆਂ-ਮੁਜ਼ਾਹਰਿਆਂ ਵਿਚ ’ਕੱਠਾ ਨਹੀਂ ਹੋਣਾ ਪਵੇਗਾ ਸਗੋਂ ਇਹ ਸਰਕਾਰ ਸੱਚੀਓਂ ਆਮ ਆਦਮੀ ਦੀ ਸਰਕਾਰ ਬਣ ਕੇ ਸਾਡੇ ਸੂਬੇ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰੇਗੀ। ਸਾਡਾ ਪੰਜਾਬ ਹੁਣ ਪਹਿਲਾਂ ਵਰਗਾ ਰੰਗਲਾ ਪੰਜਾਬ ਬਣ ਜਾਵੇ ਅਤੇ ਅਸੀਂ ਰੂਹਾਨੀ ਤੌਰ ’ਤੇ ਆਪਣੇ ਪੰਜਾਬ ਉੱਤੇ ਮਾਣ ਮਹਿਸੂਸ ਕਰੀਏ। ਸਾਨੂੰ ਇੱਥੇ ਰਹਿਣ ਵਿਚ ਬੇਇੰਤਹਾ ਖ਼ੁਸ਼ੀ ਮਹਿਸੂਸ ਹੋਵੇ ਨਾ ਕਿ ਕਿਸੇ ਮਜਬੂਰੀਵੱਸ ਬੇਰੁਜ਼ਗਾਰੀ ਕਰ ਕੇ ਇਸ ਨੂੰ ਛੱਡ ਕੇ ਕਿਤੇ ਹੋਰ ਦੇਸ਼ ਵਿਚ ਨਾ ਜਾਣਾ ਪਵੇ। ਸ਼ਾਲਾ! ਸਾਡੇ ਮੁਲਕ ’ਚ ਹੁਣ ਸਰਕਾਰ, ਮੰਤਰੀ ਮੰਡਲ ਅਤੇ ਆਮ ਜਨਤਾ ਦਾ ਇਤਫ਼ਾਕ ਬਣਿਆ ਰਹੇ ਤਾਂ ਜੋ ਸਾਡਾ ਦੇਸ਼ ਬੁਲੰਦੀਆਂ ਛੂਹੇ।
ਇਹ ਸੱਚ ਹੀ ਹੈ ਕਿ ‘ਏਕਾ-ਪਿਆਰ ਇਤਫ਼ਾਕ ਰੱਖੀਏ ਆਪਸ ਵਿਚ। ਜੋ ਸੁਲਝੇ ਨਾ ਕਦੇ, ਐਸੀ ਉਲਝਾਈਏ ਨਾ ਤਾਣੀ। ਸਭ ਦੇ ਦਿਲਾਂ ਨੂੰ ਜੋ ਦੇਵੇ ਸਕੂਨ, ਐਸੀ ਹੀ ਹਮੇਸ਼ਾ ਬੋਲੀਏ ਬਾਣੀ। ਬਹੁਤ ਲੰਬੇ ਸਮੇਂ ਬਾਅਦ ਸੁਨਹਿਰੀ ਮੌਕਾ ਮਿਲਿਆ ਹੈ ਕਿਉਂਕਿ ਅੱਜ ਤਕ ਕੋਈ ’ਕੱਲਾ ਵੱਡਾ ਨਹੀਂ ਹੋਇਆ ਸਗੋਂ ਇਕ-ਦੂਜੇ ਦੇ ਸਾਥ ਦੀ ਜ਼ਰੂਰਤ ਪੈਂਦੀ ਹੈ। ਬਦਲਾਅ ਕੁਦਰਤ ਦਾ ਨਿਯਮ ਹੈ ਪਰ ਕਿਸੇ ਕੋਲ ਜਾਦੂ ਦੀ ਛੜੀ ਨਹੀਂ ਹੁੰਦੀ ਕਿ ਉਹ ਇੰਨੀ ਬੁਰੀ ਤਰ੍ਹਾਂ ਉਲਝੀ ਤਾਣੀ ਨੂੰ ਇਕ ਦਿਨ ਵਿਚ ਹੀ ਸੁਲਝਾ ਸਕੇ।
ਹਰ ਇਕ ਨੂੰ ਜ਼ਿੰਮੇਵਾਰੀ ਦੇ ਕੇ ਆਪ ਸੁਰਖੁਰੂ ਹੋ ਕੇ ਬੈਠ ਜਾਣਾ ਕੋਈ ਸਿਆਣਪ ਨਹੀਂ ਹੈ। ਜੇ ਅਸੀਂ ਨਸ਼ਿਆਂ ’ਚ ਗ੍ਰਸਤ ਹੋਏ ਨੌਜਵਾਨਾਂ ਨੂੰ ਇਸ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਹਾਂ ਤਾਂ ਨਸ਼ੇ ਕਰਨ ਅਤੇ ਛਡਾਉਣ ਵਾਲਿਆਂ ਨੂੰ ਇਕਮੁੱਠ ਹੋਣਾ ਪਵੇਗਾ। ਹਰ ਮੈਦਾਨ ਫ਼ਤਹਿ ਕਰਨ ਲਈ ਮਨੋਬਲ ਉੱਚੇ ਚੁੱਕਣੇ ਪੈਣਗੇ ਕਿਉਂਕਿ ‘ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ।’ ਹੁਣ ਵੇਲਾ ਆ ਗਿਆ ਹੈ ਜਦੋਂ ਅਗਾਂਹਵਧੂ ਸੋਚ ਦੇ ਧਾਰਨੀ ਬਣ ਕੇ ਸਰਕਾਰਾਂ ਦਾ ਸਾਥ ਦੇ ਕੇ ਪੰਜਾਬ ਨੂੰ ਬੇਰੁਜ਼ਗਾਰੀ, ਗ਼ਰੀਬੀ, ਰਿਸ਼ਵਤਖੋਰੀ ਵਰਗੇ ਕੋਹੜ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ।
ਸਿੱਖਿਆ ਵਿਭਾਗ ਤੋਂ ਵੀ ਭਾਵੇਂ ਸਾਡੀਆਂ ਯੂਨੀਅਨਾਂ ਨੇ ਬਹੁਤ ਕੁਝ ਸਹਿ ਕੇ ਬਹੁਤ ਕੁਝ ਹਾਸਲ ਕੀਤਾ ਹੈ ਪਰ ਫਿਰ ਵੀ ਅਜੇ ਕਈ ਊਣਤਾਈਆਂ ਹਨ ਜਿਨ੍ਹਾਂ ਨੂੰ ਦੂਰ ਕਰਨਾ ਸਮੇਂ ਦੀ ਮੰਗ ਹੈ। ਸਿੱਖਿਅਤ ਵਿਅਕਤੀ ਚੰਗੀ ਸੋਚ ਨਾਲ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕਦਾ ਹੈ। ਸਰਕਾਰ ਦੀ ਸਿੱਖਿਆ ਅਤੇ ਸਿਹਤ ਵਿਭਾਗ ਦੇ ਸੁਧਾਰ ਦੀ ਪਹਿਲਕਦਮੀ ਮੁਲਕ ਪ੍ਰਤੀ ਸੰਜੀਦਗੀ ਦਾ ਪ੍ਰਮਾਣ ਹੈ। ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਲੋਕਾਂ ਦੇ ਪੂਰਨ ਸਹਿਯੋਗ ਦੀ ਅਤਿਅੰਤ ਲੋੜ ਹੈ ਜੋ ਕਿ ਸਾਥ ਦੇਣਾ ਬਣਦਾ ਵੀ ਹੈ। ਹੁਣ ਦਰਿਆਦਿਲੀ ਵਿਖਾਉਂਦੇ ਹੋਏ ਸਾਥ ਦੇਈਏ ਨਾ ਕਿ ਲੱਤਾਂ ਖਿੱਚੀਏ...।
-ਮੋਬਾਈਲ : 94176-71091