ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਅਤੇ ਜੈਤੋ ਦੇ ਮੋਰਚੇ ਦਾ ਨੌਜਵਾਨ ਗਿਆਨੀ ਕਰਤਾਰ ਸਿੰਘ ’ਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਦੇ ਮੌਲਿਕ ਵਿਚਾਰਾਂ ਅਤੇ ਆਦਰਸ਼ ਦਾ ਪੰਜਾਬ ਦੇ ਵਿਕਾਸ ਵਿਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ 1947 ਵਿਚ ਸ਼ਰਨਾਰਥੀਆਂ ਦੇ ਦੁੱਖ ਦੂਰ ਕਰਨ ਅਤੇ ਪੰਜਾਬੀ ਸੂਬੇ ਦੇ ਨਿਰਮਾਣ ਵਿਚ ਵੀ ਸਾਰਥਕ ਕਾਰਜ ਕੀਤੇ।

‘ਦਰਵੇਸ਼ ਅਤੇ ਲਟਬੌਰਾ ਸਿਆਸਤਦਾਨ’ ਸ਼ਬਦ ਗਿਆਨੀ ਕਰਤਾਰ ਸਿੰਘ ਬਾਰੇ ਉਨ੍ਹਾਂ ਦੇ ਨਿਕਟਵਰਤੀ ਸਾਥੀ ਡਾ. ਸਾਧੂ ਸਿੰਘ ਹਮਦਰਦ ਵਲੋਂ ਧਰਮ ਸਿੰਘ ਸਹੋਤਾ ਵਲੋਂ ਲਿਖੀ ਪੁਸਤਕ ‘ਸਿਆਸਤ ਦਾ ਧਨੀ ਗਿਆਨੀ ਕਰਤਾਰ ਸਿੰਘ’ ਦੀ ਭੂਮਿਕਾ ਵਿਚ ਲਿਖੇ ਹੋਏ ਹਨ। ਗਿਆਨੀ ਕਰਤਾਰ ਸਿੰਘ ਦਾ ਜਨਮ 12 ਦਸੰਬਰ 1902 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਚੱਕ ਨੰਬਰ 40 ਝੰਗ ਬਰਾਂਚ ਵਿਖੇ ਪਿਤਾ ਸਰਦਾਰ ਭਗਤ ਸਿੰਘ ਦੇ ਘਰ ਮਾਤਾ ਬੀਬੀ ਜੀਵਨ ਕੌਰ ਦੀ ਕੁੱਖੋਂ ਹੋਇਆ। ਛੇ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਪਿੰਡ ਦੇ ਗੁਰਦੁਆਰੇ ਵਿਚ ਪੰਜਾਬੀ ਦੀ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਲਈ ਭੇਜਿਆ ਗਿਆ।
ਇਸ ਪਿੱਛੋਂ ਉਨ੍ਹਾਂ ਨੇ ਖ਼ਾਲਸਾ ਸਕੂਲ ਚੱਕ ਨੰਬਰ 41 ਤੋਂ ਦਸਵੀਂ ਪਾਸ ਕੀਤੀ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਉਚੇਰੀ ਪੜ੍ਹਾਈ ਕਰਦਿਆਂ ਸਖ਼ਤ ਬਿਮਾਰ ਹੋਣ ਕਾਰਨ ਪੜ੍ਹਾਈ ਵਿਚਾਲੇ ਛੱਡਣੀ ਪਈ। ਠੀਕ ਹੋਣ ਤੋਂ ਬਾਅਦ ਪੜ੍ਹਾਈ ਛੱਡ ਕੇ ਸਮਾਜਿਕ ਤੇ ਰਾਜਨੀਤਕ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲੱਗ ਪਏ। ਸੁਭਾਅ ਵਿਚ ਸਾਦਗੀ, ਨਿਮਰਤਾ ਤੇ ਧਾਰਮਿਕ ਰੁਚੀਆਂ ਦੇ ਕਾਰਨ ਆਮ ਲੋਕਾਂ ਨੇ ਉਨ੍ਹਾਂ ਨੂੰ ਗਿਆਨੀ ਜੀ ਕਹਿਣਾ ਆਰੰਭ ਕਰ ਦਿੱਤਾ ਸੀ।
ਉਨ੍ਹਾਂ ਦੀ ਮੁੱਢਲੀ ਸ਼ਖ਼ਸੀਅਤ ’ਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਜੋ ਹਾਈ ਸਕੂਲ ਚੱਕ ਨੰਬਰ 41 ਦੇ ਹੈੱਡ ਮਾਸਟਰ ਸਨ, ਦਾ ਬਹੁਤ ਪ੍ਰਭਾਵ ਪਿਆ। ਉਹ ਦਿਖਾਵੇ ਅਤੇ ਪਾਖੰਡ ਤੋਂ ਕੋਹਾਂ ਦੂਰ ਰਹਿੰਦੇ ਸਨ। ਇਸੇ ਕਰਕੇ ਉਹ ਲੋਕਾਂ ਵਿਚ ਬਹੁਤ ਸਤਿਕਾਰੇ ਜਾਂਦੇ ਰਹੇ। ਉਹ ਹਮੇਸ਼ਾ ਲੋਕਾਂ ਦੇ ਸੇਵਾਦਾਰ ਵਜੋਂ ਵਿਚਰੇ। ਰਾਜਨੀਤੀ ਵਿਚ ਉਨ੍ਹਾਂ ਦਾ ਪ੍ਰਵੇਸ਼ 1919 ਵਿਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਤੋਂ ਬਾਅਦ ਹੋਇਆ। ਉਦੋਂ ਗਿਆਨੀ ਕਰਤਾਰ ਸਿੰਘ ਨੇ ਪ੍ਰਸਿੱਧ ਆਗੂ ਪੰਡਿਤ ਮਦਨ ਮੋਹਨ ਮਾਲਵੀਆ ਦੀ ਅਪੀਲ ’ਤੇ ਆਪਣੇ ਇਲਾਕੇ ਵਿਚੋਂ ਜਲ੍ਹਿਆਂਵਾਲਾ ਬਾਗ ਦੇ ਪੀੜਤਾਂ ਦੀ ਮਦਦ ਲਈ 500 ਰੁਪਏ ਇਕੱਠੇ ਕੀਤੇ ਅਤੇ ਇਸ ਤਰ੍ਹਾਂ ਉਹ ਰਾਸ਼ਟਰੀ ਅੰਦੋਲਨ ਵਿਚ ਪ੍ਰਵੇਸ਼ ਕਰ ਗਏ।
ਥੋੜ੍ਹੇ ਸਮੇਂ ਪਿੱਛੋਂ ਉਹ ਪਿੰਡ ਧਾਰੋਵਾਲੀ ਵਿਖੇ ਕਾਨਫਰੰਸ ਵਿਚ ਸ਼ਾਮਲ ਹੋਏ। ਇਸ ਕਾਨਫਰੰਸ ਦੀ ਪ੍ਰਧਾਨਗੀ ਜਥੇਦਾਰ ਲਛਮਣ ਸਿੰਘ ਨੇ ਕੀਤੀ, ਜਿਨ੍ਹਾਂ ਨੇ ਪਿੱਛੋਂ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਪ੍ਰਾਪਤ ਕੀਤੀ। ਇਸ ਸਮਾਗਮ ਵਿਚ ਡਾਕਟਰ ਸੈਫ-ਉ-ਦੀਨ ਕਿਚਲੂ, ਮਾਸਟਰ ਮੋਤਾ ਸਿੰਘ ਅਤੇ ਭਾਈ ਤੇਜਾ ਸਿੰਘ ਚੂਹੜਕਾਣਾ ਦੇ ਭਾਸ਼ਣਾਂ ਨੇ ਉਨ੍ਹਾਂ ’ਤੇ ਕ੍ਰਾਂਤੀਕਾਰੀ ਪ੍ਰਭਾਵ ਪਾਇਆ। ਨਨਕਾਣਾ ਸਾਹਿਬ ਕਾਂਡ, ਚਾਬੀਆਂ ਦੀ ਵਾਪਸੀ ਅਤੇ ਗੁਰੂ ਕੇ ਬਾਗ ਦਾ ਮੋਰਚਾ ਨੇ ਗਿਆਨੀ ਕਰਤਾਰ ਸਿੰਘ ਦੇ ਜੀਵਨ ’ਤੇ ਡੂੰਘਾ ਅਸਰ ਪਾਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਿੰਡ ਦੇ ਨੰਬਰਦਾਰ ਸਰਦਾਰ ਸੂਰਤ ਸਿੰਘ ਦੇ ਨਾਲ ਮਿਲ ਕੇ ਸਮਾਜ ਸੁਧਾਰ ਸਭਾ ਬਣਾਈ।
ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਅਤੇ ਜੈਤੋ ਦੇ ਮੋਰਚੇ ਦਾ ਨੌਜਵਾਨ ਗਿਆਨੀ ਕਰਤਾਰ ਸਿੰਘ ’ਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਦੇ ਮੌਲਿਕ ਵਿਚਾਰਾਂ ਅਤੇ ਆਦਰਸ਼ ਦਾ ਪੰਜਾਬ ਦੇ ਵਿਕਾਸ ਵਿਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ 1947 ਵਿਚ ਸ਼ਰਨਾਰਥੀਆਂ ਦੇ ਦੁੱਖ ਦੂਰ ਕਰਨ ਅਤੇ ਪੰਜਾਬੀ ਸੂਬੇ ਦੇ ਨਿਰਮਾਣ ਵਿਚ ਵੀ ਸਾਰਥਕ ਕਾਰਜ ਕੀਤੇ। ਉਨ੍ਹਾਂ ਨੂੰ ਸਿਆਸਤ ਦੇ ਧਨੀ ਇਸ ਕਰਕੇ ਹੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਰਾਜਨੀਤਿਕ ਮਸਲਿਆਂ ਦਾ ਹੱਲ ਲੱਭ ਲੈਂਦੇ ਸਨ। 1930 ਤੱਕ ਗਿਆਨੀ ਜੀ ਨੇ ਸਿੱਖ ਰਾਜਨੀਤੀ ਵਿਚ ਆਪਣੀ ਵਿਸ਼ੇਸ਼ ਥਾਂ ਬਣਾ ਲਈ ਸੀ।
1930 ਵਿਚ ਗਿਆਨੀ ਕਰਤਾਰ ਸਿੰਘ ਨੇ ਆਗਿਆ ਭੰਗ ਅੰਦੋਲਨ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਇਕ ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਸ ਉਪਰੰਤ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ। ਗਿਆਨੀ ਜੀ ਵੀਹਵੀਂ ਸਦੀ ਦੇ ਉਨ੍ਹਾਂ ਸਿਆਸਤਦਾਨਾਂ ਵਿੱਚੋਂ ਸਨ ਜੋ 40- 50 ਸਾਲ (1920 ਤੋਂ 1966) ਤੱਕ ਸਿੱਖ ਰਾਜਨੀਤੀ ਦੇ ਧਨੀ ਮੰਨੇ ਜਾਂਦੇ ਸਨ।ਉਨ੍ਹਾਂ ਦੀ ਸੋਚਣੀ ਮਹਾਨ ਸੀ ਤੇ ਉਹ ਕਰਨੀ ਦੇ ਧਨੀ ਸਨ। ਮਾਸਟਰ ਹਰਭਜਨ ਸਿੰਘ ਕਾਬਲੀ ਆਪਣੀ ਪੁਸਤਕ ‘ਇਕ ਲੱਪ ਯਾਦਾਂ ਦੀ’ ਵਿਚ ਉਨ੍ਹਾਂ ਦੀ ਕਾਰਜ ਸ਼ੈਲੀ ਕਰਕੇ ਉਨ੍ਹਾਂ ਨੂੰ ‘ਪੰਜਾਬ ਦਾ ਲਾਲ ਬਹਾਦਰ ਸ਼ਾਸਤਰੀ’ ਆਖਦੇ ਹਨ। 10 ਜੂਨ 1974 ਨੂੰ ਜਦੋਂ ਗਿਆਨੀ ਜੀ ਸੰਸਾਰ ਤੋਂ ਵਿਦਾ ਹੋਏ ਤਾਂ ਜਸਵੰਤ ਸਿੰਘ ਕੰਵਲ ਨਾਵਲਿਸਟ ਨੇ ਗਿਆਨੀ ਜੀ ਨੂੰ 'ਚਿੱਕੜ ਦਾ ਕੰਵਲ' ਕਹਿ ਕੇ ਸਤਿਕਾਰਿਆ ਤੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਸੀ।
ਬਹੁਤ ਵੱਡੇ ਲੇਖਕ ਤੇ ਸਾਹਿਤਕਾਰ ਐੱਮਐੱਸ ਰੰਧਾਵਾ ਨੇ ਆਪਣੀ ਸਵੈ-ਜੀਵਨੀ 'ਆਪ ਬੀਤੀ' ਪੁਸਤਕ ਦੇ ਪੰਨਾ 185 ’ਤੇ ਗਿਆਨੀ ਜੀ ਦੀ ਦਲੀਲਬਾਜ਼ੀ ਬਾਰੇ ਲਿਖਿਆ ਹੈ, 'ਉਹਦੇ ਦਿਮਾਗ ਵਿਚ ਕੋਈ ਗੁੰਝਲ ਨਹੀਂ ਸੀ, ਉਹ ਬੜਾ ਬਾ-ਦਲੀਲ ਸੀ ਤੇ ਉਸ ਦੀ ਸੋਚ ਬੜੀ ਸਾਫ਼ ਸੀ। ਪ੍ਰਸਿੱਧ ਇਤਿਹਾਸਕਾਰ ਹਰੀ ਰਾਮ ਗੁਪਤਾ ਨੇ ਆਪਣੀ ਕਿਤਾਬ 'ਹਿਸਟਰੀ ਆਫ ਦਾ ਸਿੱਖਸ' ਦੇ ਚੌਥੇ ਭਾਗ ਵਿਚ ਇਸ ਤਰ੍ਹਾਂ ਲਿਖ ਕੇ ਗਿਆਨੀ ਜੀ ਨੂੰ ਸ਼ਰਧਾਂਜਲੀ ਦਿੱਤੀ ਕਿ ਉਹ ਸੱਚੇ ਤੇ ਸੁੱਚੇ ਫ਼ਕੀਰ ਵਾਂਗ ਜੀਵਿਆ ਤੇ ਮਰਿਐ। ਉਹ ਪੰਜਾਬ ਦੇ 20ਵੀਂ ਸਦੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇਕ ਸਨ।
ਉਨ੍ਹਾਂ ਬਾਰੇ ਆਮ ਕਹਾਵਤ ਪ੍ਰਚੱਲਤ ਸੀ ਕਿ ਉਹ ਪੰਥ ਦਾ ਦਿਮਾਗ਼, ਪਥ ਪ੍ਰਦਰਸ਼ਕ ਅਤੇ ਮੌਲਿਕ ਵਿਚਾਰਾਂ ਵਾਲੀ ਸ਼ਖਸੀਅਤ ਸਨ। ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਨਾਲ ਮਿਲ ਕੇ ਨਵੇਂ ਪੰਜਾਬ ਦੇ ਵਿਕਾਸ ਵਿਚ ਵਿਸ਼ੇਸ਼ ਹਿੱਸਾ ਪਾਇਆ। ਦਸੰਬਰ 1947 ਵਿਚ ਗਿਆਨੀ ਕਰਤਾਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਜ਼ਿਕਰਯੋਗ ਹੈ ਕਿ ਜਦੋਂ 1950 ਵਿਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਤਾਂ ਗਿਆਨੀ ਜੀ ਉਸ ਸਮੇਂ ਮਾਲ ਅਤੇ ਮੁੜ ਵਸਾਉ ਮੰਤਰੀ ਸਨ।
ਗਿਆਨੀ ਜੀ ਦੇ ਯਤਨਾਂ ਸਦਕਾ ਹੀ ਭਾਖੜਾ ਡੈਮ ਦਾ ਨਾਂ ਗੋਬਿੰਦ ਸਾਗਰ ਰੱਖਿਆ ਗਿਆ। 1957 ਵਿਚ ਗਿਆਨੀ ਕਰਤਾਰ ਸਿੰਘ ਮੰਤਰੀ ਦੇ ਤੌਰ ’ਤੇ ਭਾਸ਼ਾ ਵਿਭਾਗ ਪੰਜਾਬ ਦੇ ਇੰਚਾਰਜ ਵੀ ਰਹੇ। ਉਨ੍ਹਾਂ ਨੇ ਆਪਣੇ ਹਿੱਸੇ ਦੀ ਸਾਰੀ ਜ਼ਮੀਨ ਦੇਸ਼, ਕੌਮ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਜਾਣ ਵਾਲੇ ਕਾਰਜਾਂ ਦੇ ਲੇਖੇ ਲਾਈ । ਪੰਜਾਬ ਦੀ ਵੰਡ ਹੋਣ ਤੋਂ ਮਗਰੋਂ ਗਿਆਨੀ ਕਰਤਾਰ ਸਿੰਘ ਦਾ ਪਰਿਵਾਰ ਉੜਮੁੜ ਟਾਂਡਾ ਵਿਖੇ ਆ ਕੇ ਵਸ ਗਿਆ ਸੀ। ਬਿਮਾਰੀ ਕਾਰਨ ਉਹ 10 ਜੂਨ 1974 ਦੀ ਸਵੇਰੇ ਸਦਾ ਲਈ ਇਸ ਫਾਨੀ ਸੰਸਾਰ ਨੂੰ ਛੱਡ ਗਏ।
-ਮਲਕੀਤ ਜੌੜਾ
9872534278