ਅੱਜ ਵੀ 400 ਕਰੋੜ ਲੋਕ ਆਪਣੀ ਸਿਹਤ ਲਈ ਕੁਦਰਤੀ ਜੜ੍ਹੀਆਂ-ਬੂਟੀਆਂ ’ਤੇ ਨਿਰਭਰ ਹਨ। ਪ੍ਰਜਾਤੀਆਂ ਦੇ ਖ਼ਤਮ ਹੋਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਲੱਭਣ ਦੀਆਂ ਸੰਭਾਵਨਾਵਾਂ ਵੀ ਖ਼ਤਮ ਹੋ ਰਹੀਆਂ ਹਨ। ਜੈਵਿਕ ਵਿਭਿੰਨਤਾ ਦਾ ਨੁਕਸਾਨ ਸਿਰਫ਼ ਕੁਦਰਤ ਦਾ ਨੁਕਸਾਨ ਨਹੀਂ ਹੈ, ਇਹ ਮਨੁੱਖੀ ਸੱਭਿਅਤਾ ਦੇ ਨਸ਼ਟ ਹੋਣ ਦਾ ਸੰਕਟ ਹੈ।

ਦੁਨੀਆ ਛੇਵੀਂ ਮਹਾ-ਤਬਾਹੀ ਦੇ ਕੰਢੇ ’ਤੇ ਖੜ੍ਹੀ ਹੈ। ਪਿਛਲੇ 250 ਸਾਲਾਂ ਦੀ ਉਦਯੋਗਿਕ ਤਰੱਕੀ, ਸ਼ਹਿਰੀਕਰਨ ਅਤੇ ਮਨੁੱਖੀ ਆਬਾਦੀ ਦੇ ਤੇਜ਼ੀ ਨਾਲ ਵਧਣ ਕਾਰਨ ਧਰਤੀ ਦੇ ਜੀਵ-ਜੰਤੂਆਂ ਅਤੇ ਪੌਦਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਮੁਤਾਬਕ 1500 ਈਸਵੀ ਤੋਂ ਬਾਅਦ ਘੱਟੋ-ਘੱਟ 680 ਕਸ਼ੇਰੂਕੀ (ਰੀੜ੍ਹ ਦੀ ਹੱਡੀ ਵਾਲੇ ਜੀਵ) ਪ੍ਰਜਾਤੀਆਂ ਮਨੁੱਖੀ ਕਾਰਨਾਂ ਕਰਕੇ ਲੁਪਤ ਹੋ ਚੁੱਕੀਆਂ ਹਨ ਜਦਕਿ ਕੁੱਲ ਲੁਪਤ ਪ੍ਰਜਾਤੀਆਂ ਦੀ ਗਿਣਤੀ 900 ਤੋਂ ਵੱਧ ਮੰਨੀ ਜਾਂਦੀ ਹੈ। ਸੰਯੁਕਤ ਰਾਸ਼ਟਰ ਦੀ ਇਕ ਮਹੱਤਵਪੂਰਨ ਰਿਪੋਰਟ ਅਨੁਸਾਰ ਧਰਤੀ ’ਤੇ ਮੌਜੂਦ ਅੰਦਾਜ਼ਨ 80 ਤੋਂ 87 ਲੱਖ ਪ੍ਰਜਾਤੀਆਂ ’ਚੋਂ ਲਗਪਗ 10 ਲੱਖ ਜੀਵ ਅਤੇ ਪੌਦੇ ਆਉਣ ਵਾਲੇ ਕੁਝ ਹੀ ਦਹਾਕਿਆਂ ਵਿਚ ਵਿਨਾਸ਼ ਵੱਲ ਧੱਕੇ ਜਾ ਸਕਦੇ ਹਨ। ਇਹ ਰਫ਼ਤਾਰ ਕੁਦਰਤੀ ਦਰ ਨਾਲੋਂ ਕਈ ਸੌ ਗੁਣਾ ਵੱਧ ਹੈ। ਜੇਕਰ ਇਨ੍ਹਾਂ ਨੂੰ ਬਚਾਉਣ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਮਨੁੱਖੀ ਜੀਵਨ ਲਈ ਲੋੜੀਂਦਾ ਕੁਦਰਤੀ ਸੰਤੁਲਨ ਟੁੱਟ ਜਾਵੇਗਾ।
ਧਰਤੀ ਦੇ 4.5 ਅਰਬ ਸਾਲਾਂ ਦੇ ਇਤਿਹਾਸ ਵਿਚ ਹੁਣ ਤੋਂ ਪਹਿਲਾਂ ਆਈਆਂ ਪੰਜ ਮਹਾ-ਤਬਾਹੀਆਂ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਜਦੋਂ ਵੀ ਧਰਤੀ ਦੇ ਜਲਵਾਯੂ ਤੇ ਵਾਤਾਵਰਨ ਵਿਚ ਤੇਜ਼ੀ ਨਾਲ ਬਦਲਾਅ ਆਉਂਦਾ ਹੈ ਤਾਂ ਜੀਵਨ ਦਾ ਤਾਣਾ-ਬਾਣਾ ਟੁੱਟ ਜਾਂਦਾ ਹੈ। ਪਹਿਲੀਆਂ ਪੰਜ ਤਬਾਹੀਆਂ ਕੁਦਰਤੀ ਸਨ ਅਤੇ ਇਹ ਵੱਖ-ਵੱਖ ਕਾਰਨਾਂ ਕਰਕੇ ਆਈਆਂ ਸਨ ਪਰ ਇਹ ਪਹਿਲੀ ਅਜਿਹੀ ਮਹਾ-ਤਬਾਹੀ ਮੰਨੀ ਜਾਂਦੀ ਹੈ ਜੋ ਮੁੱਖ ਤੌਰ ’ਤੇ ਮਨੁੱਖੀ ਗਤੀਵਿਧੀਆਂ ਕਾਰਨ ਹੋ ਰਹੀ ਹੈ। ਧਰਤੀ ਦੇ ਇਤਿਹਾਸ ਦੀ ਪਹਿਲੀ ਵੱਡੀ ਮਹਾ-ਤਬਾਹੀ ਲਗਪਗ 44.3 ਕਰੋੜ ਸਾਲ ਪਹਿਲਾਂ ਓਰਡੋਵਿਸ਼ੀਅਨ-ਸਿਲੂਰੀਅਨ ਮਹਾ-ਤਬਾਹੀ ਦੇ ਰੂਪ ਵਿਚ ਆਈ। ਇਸ ਵਿਚ ਧਰਤੀ ਦੀਆਂ ਲਗਪਗ 85% ਪ੍ਰਜਾਤੀਆਂ ਖ਼ਤਮ ਹੋ ਗਈਆਂ। ਲਗਪਗ 37.2 ਕਰੋੜ ਸਾਲ ਪਹਿਲਾਂ, ਸੰਭਵ ਤੌਰ ’ਤੇ ਜਲਵਾਯੂ ਬਦਲਾਅ, ਸਮੁੰਦਰੀ ਆਕਸੀਜਨ ਦੀ ਘਾਟ ਅਤੇ ਜ਼ਮੀਨੀ ਪੌਦਿਆਂ ਦੇ ਫੈਲਾਅ ਨਾਲ ਜੁੜੀ ਲੇਟ ਡੇਵੋਨੀਅਨ ਮਹਾ-ਤਬਾਹੀ ਵਿਚ ਲਗਪਗ 75% ਪ੍ਰਜਾਤੀਆਂ ਹਮੇਸ਼ਾ ਲਈ ਲੁਪਤ ਹੋਈਆਂ। ਕਰੀਬ 25.2 ਕਰੋੜ ਸਾਲ ਪਹਿਲਾਂ ‘ਮਹਾ-ਵਿਨਾਸ਼’ ਦੇ ਨਾਂ ਨਾਲ ਜਾਣੀ ਜਾਂਦੀ ਪਰਮੀਅਨ-ਟ੍ਰਾਈਐਸਿਕ ਮਹਾ-ਤਬਾਹੀ ਵਿਚ ਕੁੱਲ ਮਿਲਾ ਕੇ 90 ਤੋਂ 95% ਪ੍ਰਜਾਤੀਆਂ ਖ਼ਤਮ ਹੋ ਗਈਆਂ ਜਿਨ੍ਹਾਂ ਵਿਚ 96% ਸਮੁੰਦਰੀ ਜੀਵ ਅਤੇ 70% ਜ਼ਮੀਨੀ ਜੀਵ ਸਨ।
ਲਗਪਗ 20.1 ਕਰੋੜ ਸਾਲ ਪਹਿਲਾਂ ਧਰਤੀ ’ਤੇ ਆਈ ਚੌਥੀ ਮਹਾ-ਤਬਾਹੀ ਟ੍ਰਾਈਐਸਿਕ-ਜੁਰਾਸਿਕ ਵਿਚ ਲਗਪਗ 80% ਪ੍ਰਜਾਤੀਆਂ ਖ਼ਤਮ ਹੋ ਗਈਆਂ ਸਨ। ਇਤਿਹਾਸ ਦੀ ਸਭ ਤੋਂ ਮਸ਼ਹੂਰ ਮਹਾ-ਤਬਾਹੀ ਲਗਪਗ 6.6 ਕਰੋੜ ਸਾਲ ਪਹਿਲਾਂ ਕ੍ਰੀਟੇਸ਼ੀਅਸ-ਪੈਲੀਓਜੀਨ ਕਾਲ ਵਿਚ ਹੋਈ ਸੀ। ਇਸ ਮਹਾ-ਤਬਾਹੀ ਵਿਚ ਜ਼ਿਆਦਾਤਰ ਜ਼ਮੀਨੀ ਡਾਇਨਾਸੋਰ ਖ਼ਤਮ ਹੋ ਗਏ ਜਿਸ ਨਾਲ ਥਣਧਾਰੀ ਜੀਵਾਂ ਦੇ ਵਿਕਾਸ ਲਈ ਨਵੇਂ ਮੌਕੇ ਬਣੇ ਜਿਨ੍ਹਾਂ ਵਿੱਚੋਂ ਅੱਗੇ ਚੱਲ ਕੇ ਮਨੁੱਖ ਦਾ ਵਿਕਾਸ ਹੋਇਆ।
ਵੈਸੇ ਜੈਵਿਕ ਵਿਭਿੰਨਤਾ ਦੇ ਇਸ ਛੇਵੇਂ ਸੰਕਟ ਨੂੰ ਸਾਦੇ ਸ਼ਬਦਾਂ ਵਿਚ ਸਮਝਣ ਲਈ ਵਿਗਿਆਨੀ ਅਤੇ ਇਤਿਹਾਸਕਾਰ ਇਸ ਨੂੰ ਦੋ ਮੁੱਖ ਪੜਾਵਾਂ ਵਿਚ ਦੇਖਦੇ ਹਨ-ਇਕ ਪ੍ਰਾਚੀਨ ਸ਼ੁਰੂਆਤ (ਹੋਲੋਸੀਨ) ਅਤੇ ਦੂਜੀ ਆਧੁਨਿਕ ਤੇਜ਼ੀ (ਐਂਥਰੋਪੋਸੀਨ)। ਇਸ ਸੰਕਟ ਦੀ ਵੱਡੀ ਸ਼ੁਰੂਆਤ ਲਗਪਗ 11,000 ਤੋਂ 15,000 ਸਾਲ ਪਹਿਲਾਂ ਹੋਈ ਸੀ ਪਰ ਇਸ ਨੇ ਭਿਆਨਕ ਰੂਪ ਪਿਛਲੇ 200-250 ਸਾਲਾਂ ਵਿਚ ਲਿਆ ਹੈ। ਲਗਪਗ 11,700 ਸਾਲ ਪਹਿਲਾਂ ਹੋਲੋਸੀਨ ਯੁੱਗ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸਮਾਂ ਉਹ ਦੌਰ ਸੀ ਜਦੋਂ ਆਖ਼ਰੀ ਬਰਫ਼ ਯੁੱਗ ਖ਼ਤਮ ਹੋਇਆ ਅਤੇ ਮਨੁੱਖ ਨੇ ਸ਼ਿਕਾਰ ਕਰਨ ਦੇ ਨਾਲ-ਨਾਲ ਖੇਤੀਬਾੜੀ ਕਰਨੀ ਸ਼ੁਰੂ ਕੀਤੀ। ਉਦੋਂ ਤੋਂ ਹੀ ਜੈਵਿਕ ਵਿਭਿੰਨਤਾ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਸੀ। ਮਨੁੱਖਾਂ ਦੁਆਰਾ ਅੰਨ੍ਹੇਵਾਹ ਸ਼ਿਕਾਰ ਕੀਤੇ ਜਾਣ ਅਤੇ ਜਲਵਾਯੂ ਬਦਲਣ ਕਾਰਨ ਮੈਮਥ ਦੇ ਨਾਂ ਨਾਲ ਜਾਣੇ ਜਾਣ ਵਾਲੇ ਵਿਸ਼ਾਲ ਹਾਥੀ, ਸਾਬਰ-ਦੰਦ ਵਾਲੀਆਂ ਬਿੱਲੀਆਂ ਵਰਗੇ ਕਈ ਵੱਡੇ ਜੀਵ ਧਰਤੀ ਤੋਂ ਹਮੇਸ਼ਾ ਲਈ ਖ਼ਤਮ ਹੋ ਗਏ। ਮਨੁੱਖ ਨੇ ਫ਼ਸਲਾਂ ਉਗਾਉਣ ਲਈ ਜੰਗਲਾਂ ਨੂੰ ਸਾਫ਼ ਕਰਨਾ ਸ਼ੁਰੂ ਕੀਤਾ, ਜਿਸ ਨਾਲ ਕਈ ਸਥਾਨਕ ਪੌਦਿਆਂ ਅਤੇ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋਣੇ ਸ਼ੁਰੂ ਹੋਏ।
ਜੈਵਿਕ ਵਿਭਿੰਨਤਾ ਦਾ ਮੌਜੂਦਾ ਸੰਕਟ ਲਗਪਗ 1760 ਈਸਵੀ ਤੋਂ ਬਾਅਦ 18ਵੀਂ ਸਦੀ ਦੇ ਅਖ਼ੀਰ ’ਚ ਉਦਯੋਗਿਕ ਕ੍ਰਾਂਤੀ ਨਾਲ ਸ਼ੁਰੂ ਹੋਇਆ। ਫੈਕਟਰੀਆਂ ਅਤੇ ਮਸ਼ੀਨਾਂ ਚਲਾਉਣ ਲਈ ਕੋਲਾ ਅਤੇ ਤੇਲ ਦੀ ਵਰਤੋਂ ਵਧ ਗਈ ਜਿਸ ਨਾਲ ਵਾਤਾਵਰਨ ਵਿਚ ਪ੍ਰਦੂਸ਼ਣ ਅਤੇ ਗ੍ਰੀਨਹਾਊਸ ਗੈਸਾਂ ਤੇਜ਼ੀ ਨਾਲ ਵਧੀਆਂ। ਆਬਾਦੀ ਵਧਣ ਨਾਲ ਸ਼ਹਿਰਾਂ, ਸੜਕਾਂ ਅਤੇ ਰੇਲਵੇ ਲਾਈਨਾਂ ਦਾ ਜਾਲ਼ ਵਿਛਾਇਆ ਗਿਆ ਜਿਸ ਕਾਰਨ ਜੰਗਲ ਬਹੁਤ ਤੇਜ਼ੀ ਨਾਲ ਸੁੰਗੜਨ ਲੱਗੇ। ਸਭ ਤੋਂ ਖ਼ਤਰਨਾਕ ਦੌਰ ‘ਦਿ ਗ੍ਰੇਟ ਐਕਸਲਰੇਸ਼ਨ’ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਯਾਨੀ 1950 ਤੋਂ ਬਾਅਦ ਉਦੋਂ ਸ਼ੁਰੂ ਹੋਇਆ ਜਦੋਂ ਖੇਤੀ ਵਿਚ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਬਹੁਤ ਵਧ ਗਈ ਜਿਸ ਨਾਲ ਮਿੱਟੀ ਦੇ ਸੂਖਮ ਜੀਵ, ਮਧੂ-ਮੱਖੀਆਂ ਅਤੇ ਪੰਛੀਆਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੀ। ਇਸ ਉਦਯੋਗਿਕ ਤਰੱਕੀ ਨੇ ਧਰਤੀ ਦੇ ਭੂਗੋਲ ਅਤੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਧਰਤੀ ਦਾ 75% ਜ਼ਮੀਨੀ ਹਿੱਸਾ ਅਤੇ 66% ਸਮੁੰਦਰੀ ਵਾਤਾਵਰਨ ਮਨੁੱਖੀ ਗਤੀਵਿਧੀਆਂ (ਫੈਕਟਰੀਆਂ, ਹਾਈਵੇ, ਮੈਗਾ-ਸਿਟੀਜ਼) ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਪਿਛਲੇ 250 ਸਾਲਾਂ ਵਿਚ ਖੇਤੀਬਾੜੀ ਅਤੇ ਉਦਯੋਗਾਂ ਲਈ ਲੱਖਾਂ ਹੈਕਟੇਅਰ ਜੰਗਲ ਕੱਟੇ ਗਏ ਹਨ। ਇਕੱਲੇ ਐਮਾਜ਼ੋਨ ਦੇ ਜੰਗਲਾਂ (ਧਰਤੀ ਦੇ ਫੇਫੜਿਆਂ) ਦਾ ਇਕ ਵੱਡਾ ਹਿੱਸਾ ਪਿਛਲੇ ਕੁਝ ਦਹਾਕਿਆਂ ਵਿਚ ਸਾਫ਼ ਕਰ ਦਿੱਤਾ ਗਿਆ ਹੈ। ਸੰਨ 1980 ਤੋਂ ਬਾਅਦ ਸਮੁੰਦਰਾਂ ਵਿਚ ਪਲਾਸਟਿਕ ਪ੍ਰਦੂਸ਼ਣ 10 ਗੁਣਾ ਵਧ ਗਿਆ ਹੈ ਜਿਸ ਨਾਲ ਹਰ ਸਾਲ ਲੱਖਾਂ ਸਮੁੰਦਰੀ ਜੀਵ ਅਤੇ ਪੰਛੀ ਮਰ ਰਹੇ ਹਨ। ਦੁਨੀਆ ਦੇ 40% ਤੋਂ ਵੱਧ ਡੱਡੂਆਂ ਅਤੇ ਇਨ੍ਹਾਂ ਵਰਗੀਆਂ ਹੋਰ ਪਾਣੀ ਤੇ ਧਰਤੀ ’ਤੇ ਰਹਿਣ ਵਾਲੀਆਂ ਪ੍ਰਜਾਤੀਆਂ ਖ਼ਤਮ ਹੋਣ ਵਾਲੀਆਂ ਹਨ। ਇਕ ਤਿਹਾਈ ਭਾਵ 33% ਸ਼ਾਰਕ, ਰੇਅ ਮੱਛੀਆਂ ਅਤੇ ਮੂੰਗੇ ਦੀਆਂ ਪ੍ਰਜਾਤੀਆਂ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਕਾਰਨ ਖ਼ਤਰੇ ਵਿਚ ਹਨ। ਲਗਪਗ 25% ਥਣਧਾਰੀ ਜੀਵ ਜਿਵੇਂ ਕਿ ਬਾਘ, ਹਾਥੀ ਅਤੇ ਗੈਂਡੇ ਲੁਪਤ ਹੋਣ ਦੀ ਕੜੀ ਵਿਚ ਹਨ। ਕੀੜੇ-ਮਕੌੜਿਆਂ ਦੀਆਂ ਲਗਪਗ 10% ਪ੍ਰਜਾਤੀਆਂ ਖ਼ਤਰੇ ਵਿਚ ਹਨ ਜੋ ਕਿ ਚਿੰਤਾਜਨਕ ਵਰਤਾਰਾ ਹੈ ਕਿਉਂਕਿ ਇਹ ਪੌਦਿਆਂ ਵਿਚ ਪਰਾਗਣ ਅਤੇ ਫ਼ਸਲਾਂ ਦੇ ਉਤਪਾਦਨ ਲਈ ਜ਼ਰੂਰੀ ਹਨ। ਦੁਨੀਆ ਦੀਆਂ ਲਗਪਗ 75% ਖਾਦ ਫ਼ਸਲਾਂ ਘੱਟੋ-ਘੱਟ ਕੁਝ ਹੱਦ ਤੱਕ ਪਰਾਗਣ ਕਰਨ ਵਾਲੇ ਜੀਵਾਂ ’ਤੇ ਨਿਰਭਰ ਹਨ। ਇਸ ਤੋਂ ਇਲਾਵਾ ਅੱਜ ਵੀ 400 ਕਰੋੜ ਲੋਕ ਆਪਣੀ ਸਿਹਤ ਲਈ ਕੁਦਰਤੀ ਜੜ੍ਹੀਆਂ-ਬੂਟੀਆਂ ’ਤੇ ਨਿਰਭਰ ਹਨ। ਪ੍ਰਜਾਤੀਆਂ ਦੇ ਖ਼ਤਮ ਹੋਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਲੱਭਣ ਦੀਆਂ ਸੰਭਾਵਨਾਵਾਂ ਵੀ ਖ਼ਤਮ ਹੋ ਰਹੀਆਂ ਹਨ। ਜੈਵਿਕ ਵਿਭਿੰਨਤਾ ਦਾ ਨੁਕਸਾਨ ਸਿਰਫ਼ ਕੁਦਰਤ ਦਾ ਨੁਕਸਾਨ ਨਹੀਂ ਹੈ, ਇਹ ਮਨੁੱਖੀ ਸੱਭਿਅਤਾ ਦੇ ਨਸ਼ਟ ਹੋਣ ਦਾ ਸੰਕਟ ਹੈ। ਮਨੁੱਖੀ ਜੀਵਨ ਇਸ ਕੁਦਰਤੀ ਤਾਣੇ-ਬਾਣੇ ’ਤੇ ਟਿਕਿਆ ਹੋਇਆ ਹੈ। ਹਰ ਸਾਲ 22 ਮਈ ਨੂੰ ਦੁਨੀਆ ਭਰ ਵਿਚ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਸਾਡੀ ਧਰਤੀ ’ਤੇ ਮੌਜੂਦ ਹਰ ਜੀਵ-ਚਾਹੇ ਉਹ ਛੋਟਾ ਜਿਹਾ ਕੀੜਾ ਹੋਵੇ, ਪੌਦਾ ਹੋਵੇ ਜਾਂ ਕੋਈ ਵੱਡਾ ਜਾਨਵਰ, ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜੇਕਰ ਅਸੀਂ ਅੱਜ ਜੰਗਲਾਂ, ਨਦੀਆਂ, ਸਮੁੰਦਰਾਂ ਅਤੇ ਜੀਵਾਂ ਦੀ ਰੱਖਿਆ ਨਾ ਕੀਤੀ ਤਾਂ ਭਵਿੱਖ ਵਿਚ ਮਨੁੱਖੀ ਸੱਭਿਅਤਾ ਅਤੇ ਜੀਵਨ-ਪ੍ਰਣਾਲੀਆਂ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਵਿਸ਼ੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਉਪਰਾਲੇ ਵੀ ਕੀਤੇ ਗਏ। ਬਾਈ ਮਈ 1992 ਨੂੰ ਨੈਰੋਬੀ ਵਿਖੇ ਹੋਈ ਵਾਤਾਵਰਨ ਕਾਨਫਰੰਸ ਵਿਚ ਦਿੱਤੇ ਸੁਝਾਵਾਂ ਅਨੁਸਾਰ 22 ਮਈ ਦਾ ਦਿਨ ਕੌਮਾਂਤਰੀ ਜੈਵ ਵਿਭਿੰਨਤਾ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਭਾਰਤ ਸਰਕਾਰ ਵੱਲੋਂ 2002 ਵਿਚ ਜੈਵ ਵਿਭਿੰਨਤਾ ਕਾਨੂੰਨ ਬਣਾਇਆ ਗਿਆ। ਪੰਜਾਬ ਸਰਕਾਰ ਵੱਲੋਂ 2004 ਵਿਚ ਜੈਵ ਵਿਭਿੰਨਤਾ ਬੋਰਡ ਗਠਿਤ ਕੀਤਾ ਗਿਆ ਸੀ। ਵਾਤਾਵਰਨ ਦੀ ਸੁਰੱਖਿਆ ਸਿਰਫ਼ ਸਰਕਾਰਾਂ ਦੀ ਹੀ ਨਹੀਂ, ਸਗੋਂ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਇਸ ਪਾਸੇ ਹਰ ਪੱਧਰ ’ਤੇ ਤਰੱਦਦ ਕੀਤੇ ਜਾਣੇ ਸਮੇਂ ਦੀ ਲੋੜ ਹੈ। ਇਸ ਸਿਲਸਿਲੇ ’ਚ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ।
-ਗੁਰ ਕ੍ਰਿਪਾਲ ਸਿੰਘ ਅਸ਼ਕ
-ਮੋਬਾਈਲ : 98780-19889