ਪੰਜਾਬ ਦੇ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੇ ਅਧਿਆਪਕਾਂ ਦੀ ਵੱਡੀ ਤ੍ਰਾਸਦੀ ਇਹ ਵੀ ਹੈ ਕਿ ਇਨ੍ਹਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਨਹੀਂ ਮਿਲਦੀ। ਪੈਨਸ਼ਨ ਲਈ ਇਹ ਅਧਿਆਪਕ ਪਿਛਲੇ 50-60 ਸਾਲਾਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਕਰ ਰਹੇ ਹਨ। ਇਸ ਸਮੇਂ ਵੀ ਸੇਵਾ-ਮੁਕਤ ਕੁਝ ਅਧਿਆਪਕਾਂ ਦਾ ਪੈਨਸ਼ਨ ਸਬੰਧੀ ਕੇਸ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ।
-ਅਸ਼ੋਕ ਕੁਮਾਰ ਖੁਰਾਣਾ
ਅਧਿਆਪਕ ਵਰਗ ਨੂੰ ਸਮਾਜ ਅਤੇ ਰਾਸ਼ਟਰ ਦੇ ਨਿਰਮਾਤਾ ਵਜੋਂ ਅਕਸਰ ਸਲਾਹਿਆ ਜਾਂਦਾ ਹੈ ਪਰ ਅਜੋਕੇ ਸਮੇਂ ਦੀ ਇਹ ਤਲਖ਼ ਹਕੀਕਤ ਹੈ ਕਿ ਇਕ ਸੁਚੱਜੇ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿਚ ਲੱਗਾ ਹੋਇਆ ਅਧਿਆਪਕ ਵਰਗ ਆਪਣੀ ਉਸਾਰੂ ਭੂਮਿਕਾ ਨਿਭਾਉਣ ਦੇ ਬਾਵਜੂਦ ਉਹ ਮਾਣ-ਸਨਮਾਨ ਹਾਸਲ ਨਹੀਂ ਕਰ ਪਾ ਰਿਹਾ ਜਿਸ ਦਾ ਉਹ ਹੱਕਦਾਰ ਹੈ। ਇਸ ਸਭ ਕੁਝ ਦੇ ਕਾਰਨਾਂ ਦੀ ਤਲਾਸ਼ ਕਰੀਏ ਤਾਂ ਯਕੀਨਨ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਉਨਾਂ ਦੀਆਂ ਸਿੱਖਿਆ ਪ੍ਰਤੀ ਨੀਤੀਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਅਤੇ ਕਰਵਾਉਣ ਵਾਲੀ ਤੰਗਦਿਲ ਅਫ਼ਸਰਸ਼ਾਹੀ ਵੀ ਜ਼ਿੰਮੇਵਾਰ ਦਿਖਾਈ ਦਿੰਦੀ ਹੈ। ਪ੍ਰਾਈਵੇਟ ਕਾਲਜਾਂ ਦੀਆਂ ਪ੍ਰਬੰਧਕੀ ਕਮੇਟੀਆਂ ਵੀ ਸਰਕਾਰੀ ਫ਼ੈਸਲਿਆਂ ਦੇ ਅਨੁਰੂਪ ਚੱਲਣ ਦੇ ਨਾਲ-ਨਾਲ ਆਪਣੇ ਨਿੱਜੀ ਹਿੱਤਾਂ ਦੀ ਵਧੇਰੇ ਰਾਖੀ ਕਰਦੀਆਂ ਹੋਈਆਂ ਕਾਲਜਾਂ ਦੇ ਅਧਿਆਪਕੀ ਅਮਲੇ ਨਾਲ ਕਈ ਵਧੀਕੀਆਂ ਕਰ ਜਾਂਦੀਆਂ ਹਨ।
ਸਭ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਅਤੇ ਗ਼ੈਰ ਸਰਕਾਰੀ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕੀ ਅਮਲੇ ਦੀਆਂ ਵੱਖ-ਵੱਖ ਕੈਟਾਗਰੀਆਂ ਦੀ ਗੱਲ ਕਰਦੇ ਹਾਂ। ਇਸ ਸਮੇਂ ਕਾਲਜਾਂ ਵਿਚ ਗੈਸਟ ਫੈਕਲਟੀ ਲੈਕਚਰਾਰ, ਪਾਰਟ ਟਾਈਮ ਲੈਕਚਰਾਰ, ਠੇਕੇ ਉੱਤੇ ਲੱਗੇ ਹੋਏ, ਬੇਸਿਕ ਪੇ ਉੱਤੇ, ਕਨਸਾਲੀਡੇਟਿਟ, ਕਵਰਡ, ਅਨਕਵਰਡ, ਟੈਂਪਰੇਰੀ, ਐਡਹਾਕ ਆਦਿ ਕਿਸਮਾਂ ਵਿਚ ਵੰਡਿਆ ਅਧਿਆਪਕ ਵਰਗ ਖ਼ੁਦ ਆਪਣੇ ਬਾਰੇ ਸੋਚ ਕੇ ਹੈਰਾਨ ਹੈ ਕਿ ਵਿਦਿਆਰਥੀਆਂ ਨੂੰ ਏਕਤਾ, ਬਰਾਬਰੀ, ਇੱਕੋ ਜਿਹਾ ਕੰਮ, ਇਕੋ ਜਿਹੀ ਤਨਖ਼ਾਹ, ‘‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥’’ ਦਾ ਪਾਠ ਕਿਵੇਂ ਪੜ੍ਹਾਵੇ। ਇਨ੍ਹਾਂ ਕੈਟਾਗਰੀਆਂ ਤਹਿਤ ਕੰਮ ਕਰਦੇ ਅਧਿਆਪਕਾਂ ਦਾ ਰੁਤਬਾ ਅਲੱਗ-ਅਲੱਗ ਹੈ, ਭਾਵੇਂ ਕਹਿਣ ਨੂੰ ਸਾਰੇ ਹੀ ਅਧਿਆਪਕ ਹਨ। ਇਨ੍ਹਾਂ ਦੇ ਹਾਜ਼ਰੀ ਰਜਿਸਟਰ ਵੀ ਅੱਡੋ-ਅੱਡ ਹਨ। ਅਜਿਹੀ ਸਥਿਤੀ ਵਿਚ ਇਨ੍ਹਾਂ ਅੰਦਰ ਵਿਤਕਰੇਮੂਲਕ ਭਾਵਨਾ ਦਾ ਪੈਦਾ ਹੋਣਾ ਸੁਭਾਵਿਕ ਹੈ। ਪਿਛਲੇ ਕਈ ਦਹਾਕਿਆਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੇ ਕਾਲਜ ਅਧਿਆਪਕਾਂ ਨੂੰ ਉਨ੍ਹਾਂ ਦੇ ਪੇ-ਸਕੇਲ ਲਗਪਗ ਸਭ ਤੋਂ ਅਖ਼ੀਰ ਵਿਚ ਹੀ ਮਿਲਦੇ ਰਹੇ ਹਨ। ਪ੍ਰਾਈਵੇਟ/ਏਡਿਡ ਕਾਲਜਾਂ ਦੇ ਸੰਦਰਭ ਵਿਚ ਤਾਂ ਇਹ ਹੋਰ ਵੀ ਦੇਰੀ ਨਾਲ ਦਿੱਤੇ ਜਾਂਦੇ ਹਨ। ਤਾਜ਼ਾ ਉਦਾਹਰਨ ਛੇਵੇਂ ਪੇ- ਕਮਿਸ਼ਨ ਦੀ ਰਿਪੋਰਟ ਸਾਡੇ ਸਾਹਮਣੇ ਹੈ। ਲਗਪਗ ਸਭਨਾਂ ਰਾਜਾਂ ਵਿਚ ਛੇਵਾਂ ਪੇ-ਕਮਿਸ਼ਨ ਤੇ ਉਸ ਦਾ ਬਕਾਇਆ ਹਰੇਕ ਮੁਲਾਜ਼ਮ ਵਰਗ ਨੂੰ ਮਿਲ ਚੁੱਕਾ ਹੈ। ਪੰਜਾਬ ਦੇ ਮੁਲਾਜ਼ਮ ਵਰਗ ਨੂੰ ਇਹ ਪੇ-ਕਮਿਸ਼ਨ ਬਕਾਇਆ ਰਾਸ਼ੀ ਤੋਂ ਬਿਨਾਂ ਮਿਲਿਆ ਹੈ। ਪ੍ਰਾਈਵੇਟ ਤੇ ਸਹਾਇਤਾ ਪ੍ਰਾਪਤ ਕਾਲਜਾਂ ਦਾ ਅਧਿਆਪਕ ਵਰਗ ਅਜੇ ਇਸ ਤੋਂ ਵਿਰਵਾ ਹੈ। ਛੇਵਾਂ ਪੇ-ਕਮਿਸ਼ਨ ਜਨਵਰੀ 2016 ਤੋਂ ਮਿਲਣਾ ਸੀ। ਸੰਨ 2022 ਦੀ ਪਹਿਲੀ ਤਿਮਾਹੀ ਬੀਤ ਰਹੀ ਹੈ। ਕਾਲਜ ਅਧਿਆਪਕ ਸਰਕਾਰਾਂ/ਮੈਨੇਜਮੈਂਟ ਕਮੇਟੀਆਂ ਦੇ ਮੂੰਹ ਵੱਲ ਤੱਕ ਰਹੇ ਹਨ। ਕਦੋਂ ਇਨ੍ਹਾਂ ਨੂੰ ਪੇ-ਸਕੇਲ ਨਸੀਬ ਹੋਵੇਗਾ ਅਤੇ ਬਕਾਇਆ ਰਾਸ਼ੀ ਮਿਲੇਗੀ।
ਪੰਜਾਬ ਦੇ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੇ ਅਧਿਆਪਕਾਂ ਦੀ ਵੱਡੀ ਤ੍ਰਾਸਦੀ ਇਹ ਵੀ ਹੈ ਕਿ ਇਨ੍ਹਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਨਹੀਂ ਮਿਲਦੀ। ਪੈਨਸ਼ਨ ਲਈ ਇਹ ਅਧਿਆਪਕ ਪਿਛਲੇ 50-60 ਸਾਲਾਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਕਰ ਰਹੇ ਹਨ। ਇਸ ਸਮੇਂ ਵੀ ਸੇਵਾ-ਮੁਕਤ ਕੁਝ ਅਧਿਆਪਕਾਂ ਦਾ ਪੈਨਸ਼ਨ ਸਬੰਧੀ ਕੇਸ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ। ਪੂਰੇ ਭਾਰਤ ਅੰਦਰ ਪੰਜਾਬ ਸਮੇਤ ਇੱਕਾ-ਦੁੱਕਾ ਰਾਜ ਹੀ ਅਜਿਹੇ ਹਨ ਜਿੱਥੇ ਕਾਲਜ ਅਧਿਆਪਕਾਂ ਨੂੰ ਪੈਨਸ਼ਨ ਨਹੀਂ ਮਿਲਦੀ। ਇਹ ਵਰਤਾਰਾ ਪੰਜਾਬ ਦੇ ਅਧਿਆਪਕੀ ਅਮਲੇ ਨਾਲ ਵਿਤਕਰੇ ਦੇ ਨਾਲ-ਨਾਲ ਅਧਿਆਪਕੀ ਕਿੱਤੇ ਦਾ ਨਿਰਾਦਰ ਵੀ ਹੈ। ਕੁਝ ਅਰਸੇ ਤੋਂ ਕਾਲਜਾਂ ਦੇ ਅਧਿਆਪਕੀ ਅਮਲੇ ਲਈ ਇਹ ਬੇਹੱਦ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਸਵੇਰੇ 9 ਵਜੇ ਤੋਂ ਬਾ. ਦੁਪਹਿਰ 3:40 ਵਜੇ ਤਕ ਕਾਲਜ ਵਿਖੇ ਮੌਜੂਦ ਰਹੇ। ਭਾਵੇਂ ਉਨ੍ਹਾਂ ਵੱਲੋਂ ਪੜ੍ਹਾਈਆਂ ਜਾ ਰਹੀਆਂ ਕਲਾਸਾਂ ਦਾ ਸਮਾਂ ਕੋਈ ਵੀ ਕਿਉਂ ਨਾ ਹੋਵੇ। ਯੂਨੀਵਰਸਿਟੀਆਂ ਤੇ ਯੂਜੀਸੀ ਦੇ ਨੇਮਾਂ ਮੁਤਾਬਕ ਕਾਲਜਾਂ ਦੇ ਅਧਿਆਪਕਾਂ ਦੇ ਪੀਰੀਅਡਾਂ ਦੀ ਗਿਣਤੀ ਨਿਰਧਾਰਤ ਹੈ। ਇਨ੍ਹਾਂ ਪੀਰੀਅਡਾਂ ਤੋਂ ਪਹਿਲਾਂ ਜਾਂ ਪਿੱਛੋਂ ਅਧਿਆਪਕਾਂ ਨੂੰ ਵਿਹਲੇ ਬੈਠਣ ਲਈ ਮਜਬੂਰ ਕਰਨਾ ਕਿੱਥੋਂ ਦੀ ਸਿਆਣਪ ਹੈ।
ਸਮੇਂ ਦੀ ਪਾਬੰਦੀ ਤਾਂ ਅਧਿਆਪਕੀ ਅਮਲੇ ਲਈ ਮੁੱਢ ਤੋਂ ਹੀ ਰਹੀ ਹੈ। ਕਾਲਜਾਂ ਦੇ ਟਾਈਮ-ਟੇਬਲ ਅਨੁਸਾਰ ਲੱਗਣ ਵਾਲੇ ਸਭਨਾਂ ਪੀਰੀਅਡਾਂ, ਕਰਵਾਏ ਜਾਣ ਵਾਲੇ ਪ੍ਰੈਕਟੀਕਲਾਂ ਲਈ ਨਿਸ਼ਚਿਤ ਸਮੇਂ ਦਾ ਪੈਟਰਨ ਹੁੰਦਾ ਹੈ। ਹਰ ਅਧਿਆਪਕ ਆਪਣੇ ਹਿੱਸੇ ਦੇ ਪੀਰੀਅਡ ਜਾਂ ਕਲਾਸ ਨੂੰ ਸਮੇਂ ਅਨੁਰੂਪ ਹੀ ਲਗਾਉਂਦਾ ਹੈ। ਮਿਹਨਤੀ ਕਾਲਜ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਲੋੜ ਅਨੁਸਾਰ ਨਿਰਧਾਰਤ ਪੀਰੀਅਡਾਂ ਦੀ ਪੜ੍ਹਾਈ ਤੋਂ ਇਲਾਵਾ ਵੀ ਕਾਫ਼ੀ ਸਮਾਂ ਦਿੰਦੇ ਹਨ। ਅੱਜ ਵੀ ਅਨੇਕ ਅਜਿਹੇ ਅਧਿਆਪਕ ਮੌਜੂਦ ਹਨ ਜਿਹੜੇ ਵਿਦਿਆਰਥੀਆਂ ਨੂੰ ਨੋਟਸ ਬਣਾਉਣ ਲਈ ਨਾ ਕੇਵਲ ਪ੍ਰੇਰਦੇ ਹਨ ਸਗੋਂ ਉਨ੍ਹਾਂ ਦੇ ਨੋਟਸ ਜਾਂ ਕਾਪੀਆਂ, ਰਜਿਸਟਰ ਆਦਿ ਚੈੱਕ ਕਰਨ ਲਈ ਆਪਣੇ ਘਰ ਲੈ ਕੇ ਜਾਂਦੇ ਹਨ ਤੇ ਚੌਖਾ ਸਮਾਂ ਲਾ ਕੇ, ਲੋੜੀਂਦੀਆਂ ਸੋਧਾਂ ਕਰ ਕੇ ਵਿਦਿਆਰਥੀਆਂ ਨੂੰ ਵਾਪਸ ਕਰਦੇ ਹਨ। ਕਿਸੇ ਵੀ ਵਿਦਿਆਰਥੀ ਦੇ ਨੋਟਸ, ਕਾਪੀ ਜਾਂ ਰਜਿਸਟਰ ਚੈੱਕ ਕਰਨ ਦਾ ਕਾਰਜ ਕਲਾਸ ਵਿਚ ਤਾਂ ਸੰਭਵ ਨਹੀਂ ਹੋ ਸਕਦਾ। ਉੱਚ ਸਿੱਖਿਆ ਭਾਵ ਐੱਮਏ ਵਗੈਰਾ ਦੀਆਂ ਕਲਾਸਾਂ ਪੜ੍ਹਾਉਣ ਵਾਲੇ ਅਧਿਆਪਕ ਆਪਣੇ ਵਿਦਿਆਰਥੀਆਂ ਸਾਹਮਣੇ ਭਰਪੂਰ ਤਿਆਰੀ ਨਾਲ ਪੇਸ਼ ਹੁੰਦੇ ਹਨ ਅਤੇ ਇਸ ਸੁਚੱਜੀ ਪੇਸ਼ਕਾਰੀ ਲਈ ਘਰੋਂ ਮਿਹਨਤ ਕਰ ਕੇ ਆਉਣਾ ਬੇਹੱਦ ਜ਼ਰੂਰੀ ਹੁੰਦਾ ਹੈ। ਕਾਲਜ ਅਧਿਆਪਕ ਕੇਵਲ ਕਲਾਸਾਂ ਪੜ੍ਹਾਉਣ ਦਾ ਕੰਮ ਨਹੀਂ ਕਰਦੇ। ਕਾਲਜਾਂ ਨਾਲ ਸਬੰਧਤ ਹੋਰ ਕਈ ਤਰ੍ਹਾਂ ਦੇ ਕੰਮ ਅਜਿਹੇ ਹਨ ਜਿਨਾਂ ਨੂੰ ਅਧਿਆਪਕ ਹੀ ਨੇਪਰੇ ਚਾੜ੍ਹਦੇ ਹਨ।
ਹਰ ਵੱਸਦੇ-ਰਸਦੇ ਕਾਲਜ ਵਿਚਲੇ ਵੱਖੋ-ਵੱਖ ਵਿਭਾਗਾਂ ਨਾਲ ਸਬੰਧਤ ਕਈ ਕਲੱਬ ਅਤੇ ਸੁਸਾਇਟੀਆਂ ਵੀ ਹੁੰਦੀਆਂ ਹਨ। ਇਨ੍ਹਾਂ ਦੇ ਇੰਚਾਰਜ ਵੀ ਅਧਿਆਪਕ ਹੀ ਹੁੰਦੇ ਹਨ। ਕਾਲਜ ਦੇ ਰਸਾਲੇ, ਨਿਊਜ਼ ਪੋਰਟਲ, ਫੇਸਬੁੱਕ ਪੰਨੇ ਆਦਿ ਦਾ ਸੰਪਾਦਨ ਅਤੇ ਸੰਚਾਲਨ ਵੀ ਅਧਿਆਪਕੀ ਅਮਲਾ ਹੀ ਕਰਦਾ ਹੈ। ਸਰਕਾਰਾਂ, ਕਾਲਜ ਪ੍ਰਬੰਧਕੀ ਕਮੇਟੀ ਕੋਲ ਇਸ ਦੀ ਬਾਖ਼ੂਬੀ ਜਾਣਕਾਰੀ ਹੁੰਦੀ ਹੈ ਪਰ ਉਹ ਕਾਲਜ ਅਧਿਆਪਕਾਂ ਦੇ ਇਸ ਯੋਗਦਾਨ ਨੂੰ ਤੁੱਛ ਸਮਝਦੇ ਹੋਇਆਂ ਅੱਖੋਂ-ਪਰੋਖੇ ਕਰੀ ਰੱਖਦੇ ਹਨ। ਪ੍ਰਤੱਖ ਅਤੇ ਅਪ੍ਰਤੱਖ ਹੋਰ ਵੀ ਕਈ ਕਾਰਜ ਅਜਿਹੇ ਹਨ ਜਿਨ੍ਹਾਂ ਲਈ ਅਧਿਆਪਕਾਂ ਨੂੰ ਲੋੜ ਅਨੁਸਾਰ ਵਾਧੂ ਸਮਾਂ ਦੇਣਾ ਹੀ ਪੈਂਦਾ ਹੈ। ਮਿਸਾਲ ਵਜੋਂ ਘਰੇਲੂ ਪ੍ਰੀਖਿਆਵਾਂ ਜਾਂ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਲਈ ਵਿਵਸਥਾ ਕਰਨੀ, ਪੇਪਰਾਂ ਦਾ ਮੁਲਾਂਕਣ ਕਰਨਾ ਤੇ ਨਤੀਜਾ ਬਣਾਉਣਾ। ਇਨਾਮ ਵੰਡ ਸਮਾਰੋਹ, ਡਿਗਰੀ ਵੰਡ ਸਮਾਗਮ, ਅਧਿਆਪਕ-ਮਾਪੇ ਮਿਲਣੀ ਦਾ ਪ੍ਰਬੰਧ ਵੀ ਅਧਿਆਪਕ ਹੀ ਕਰਦੇ ਹਨ। ਕਾਲਜ ਦੀਆਂ ਜ਼ਰੂਰਤਾਂ ਅਨੁਸਾਰ ਖ਼ਰੀਦੋ-ਫਰੋਖਤ ਕਰਨੀ, ਕਈ ਪ੍ਰਕਾਰ ਦੇ ਮੁਰੰਮਤ ਦੇ ਕੰਮ ਕਰਵਾਉਣੇ, ਵਿਦਿਆਰਥੀ ਹੋਸਟਲਾਂ ਦੀ ਦੇਖ-ਰੇਖ ਦੇ ਨਾਲ-ਨਾਲ ਵਿਦਿਆਰਥੀਆਂ ਦਰਮਿਆਨ ਸੁਖਾਵੇਂ ਰਿਸ਼ਤਿਆਂ ਨੂੰ ਸਥਾਪਤ ਰੱਖਣ ਵਿਚ ਵੀ ਅਧਿਆਪਕ ਆਪੋ-ਆਪਣਾ ਅਹਿਮ ਯੋਗਦਾਨ ਦਿੰਦੇ ਹਨ। ਕਾਲਜ ਦੀਆਂ ਪ੍ਰਤੀਯੋਗੀ ਟੀਮਾਂ ਦੀ ਚੋਣ, ਤਿਆਰੀ, ਪ੍ਰਤੀਯੋਗਤਾ ਲਈ ਲੈ ਕੇ ਜਾਣਾ ਆਦਿ ਸਾਰੇ ਕਾਰਜ ਅਧਿਆਪਕਾਂ ਦੇ ਸਹਿਯੋਗ ਨਾਲ ਹੀ ਪੂਰੇ ਹੁੰਦੇ ਹਨ। ਅੱਜ-ਕੱਲ੍ਹ ਤਾਂ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਤਲਾਸ਼ਣ ਦਾ ਕੰਮ ਵੀ ਅਧਿਆਪਕ ਦੇ ਕਾਰਜ ਖੇਤਰ ਵਿਚ ਸ਼ਾਮਲ ਹੈ। ਕੋਰੋਨਾ ਮਹਾਮਾਰੀ ਕਾਰਨ ਲਗਪਗ ਦੋ ਸਾਲਾਂ ਤੋਂ ਅਧਿਆਪਕੀ ਅਮਲੇ ਦਾ ਕੰਮ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਚੁੱਕਾ ਹੈ। ਅਧਿਆਪਕ ਇੱਕੋ ਵੇਲੇ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਪੜ੍ਹਾਈ ਕਰਵਾਉਂਦੇ ਹਨ। ਆਨਲਾਈਨ ਕੰਮ ਕਰਨ ਦੇ ਚੱਕਰ ਵਿਚ ਇਕ ਅਧਿਆਪਕ ਕੋਲ ਕਈ-ਕਈ ਵ੍ਹਟਸਐਪ ਗਰੁੱਪ ਹਨ। ਸੈਂਕੜੇ ਸੁਨੇਹੇ ਇਨ੍ਹਾਂ ਵ੍ਹਟਸਐਪ ਗਰੁੱਪਾਂ ਵਿਚ ਦਿਨ-ਰਾਤ ਤੁਰੇ ਫਿਰਦੇ ਹਨ। ਘਰ ਪੁੱਜ ਕੇ ਵੀ ਅਧਿਆਪਕ ਇਨ੍ਹਾਂ ਗਰੁੱਪਾਂ ਵਿਚ ਅਕਸਰ ਰੁੱਝੇ ਰਹਿੰਦੇ ਹਨ।
ਯੂਨੀਵਰਸਿਟੀਆਂ, ਸਰਕਾਰਾਂ, ਕਾਲਜਾਂ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਚਾਹੀਦਾ ਹੈ ਕਿ ਜੇ ਕੋਈ ਅਧਿਆਪਕ ਆਪਣੀਆਂ ਨਿਰਧਾਰਤ ਕਲਾਸਾਂ ਨਾ ਪੜ੍ਹਾਉਂਦਾ ਹੋਵੇ, ਵਿਦਿਆਰਥੀਆਂ ਦੀ ਲੋੜ ਮੁਤਾਬਕ ਵਾਧੂ ਸਮਾਂ ਨਾ ਦਿੰਦਾ ਹੋਵੇ। ਕਾਲਜ ਦੇ ਆਪਣੇ ਹਿੱਸੇ ਦੀ ਪੜ੍ਹਾਈ ਤੋਂ ਇਲਾਵਾ ਦਿੱਤੇ ਜਾਣ ਵਾਲੇ ਕੰਮ ਨਾ ਕਰਦਾ ਹੋਵੇ, ਵੇਲੇ ਸਿਰ ਕਲਾਸ ’ਚ ਨਾ ਜਾਂਦਾ ਹੋਵੇ, ਪੇਪਰ ਮੁਲਾਂਕਣ ਨਾ ਕਰਦਾ ਹੋਵੇ ਤਾਂ ਅਜਿਹੇ ਅਧਿਆਪਕ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਅਤਿਅੰਤ ਜ਼ਰੂਰੀ ਹੈ। ਸਮੁੱਚਾ ਅਧਿਆਪਕ ਵਰਗ ਇਸ ਦਾ ਸਵਾਗਤ ਕਰੇਗਾ। ਮੁੱਕਦੀ ਗੱਲ ਇਹ ਹੈ ਕਿ ਕਾਲਜ ਅਧਿਆਪਕ ਦਾ ਕਾਰਜ ਕੋਈ ਸੌਖਾ ਨਹੀਂ। ਅੱਜ ਅਨੇਕ ਪ੍ਰਕਾਰ ਦੇ ਮਾਨਸਿਕ ਦਬਾਅ ਦੇ ਹੇਠਾਂ ਅਧਿਆਪਕੀ ਅਮਲਾ ਸਰਕਾਰਾਂ ਦੇ ਮੂੰਹ ਵੱਲ ਦੇਖ ਰਿਹਾ ਹੈ ਕਿ ਕਦੋਂ ਸਹੀ ਮਾਅਨੇ ਵਿਚ ਉਨ੍ਹਾਂ ਤੇ ਉਨ੍ਹਾਂ ਦੇ ਕਿੱਤੇ ਨੂੰ ਸਨਮਾਨ ਮਿਲੇਗਾ। ਜੇ ਇਨ੍ਹਾਂ ਦੇ ਕੰਮ ਕਰਨ ਦੇ ਹਾਲਾਤ ਸੁਖਾਵੇਂ ਨਹੀਂ ਹੋਣਗੇ ਜਾਂ ਇਨ੍ਹਾਂ ਦਾ ਭਵਿੱਖ ਸੁਰੱਖਿਅਤ ਨਹੀਂ ਹੋਵੇਗਾ ਤਾਂ ਇਹ ਸਮਾਜ ਦਾ ਗੌਰਵਸ਼ਾਲੀ ਅੰਗ ਕਿਵੇਂ ਕਹੇ ਜਾਣਗੇ?
-ਮੋਬਾਈਲ : 98149-05361