ਅੱਜ-ਕੱਲ੍ਹ ਇਸ ਅਸਥਾਨ ’ਤੇ ਵੱਡੇ ਘੱਲੂਘਾਰੇ ਦੀ ਯਾਦ ਵਿਚ ਯਾਦਗਾਰੀ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਇਤਿਹਾਸ ਮੁਤਾਬਕ ਇਸ ਘੱਲੂਘਾਰੇ ਦੌਰਾਨ ਬਾਬਾ ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ।

ਬੁੱਢਾ ਦਲ ਦੇ ਮੁਖੀ ਅਤੇ ਦਲ ਖ਼ਾਲਸਾ ਦੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਯੁੱਧਵੀਰ ਅਤੇ ਧਰਮਵੀਰ ਵਜੋਂ ਸਿੱਖ ਇਤਿਹਾਸ ਵਿਚ ਵੱਡਾ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਅਗਵਾਈ ਵਿਚ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਵਿਖੇ ਲਾਲ ਕਿਲ੍ਹਾ ਫ਼ਤਹਿ ਕੀਤਾ ਤਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖ ਕੌਮ ਵੱਲੋਂ ਸੁਲਤਾਨ-ਉਲ-ਕੌਮ ਵਜੋਂ ਨਿਵਾਜਿਆ ਗਿਆ। ਦਸਮ ਪਾਤਸ਼ਾਹ ਦੇ ਜੋਤੀ-ਜੋਤਿ ਸਮਾਉਣ ਤੋਂ ਤਕਰੀਬਨ ਦਸ ਸਾਲ ਬਾਅਦ ਇਸ ਜਰਨੈਲ ਦਾ ਜਨਮ ਲਾਹੌਰ ਦੇ ਨੇੜੇ ਪਿੰਡ ਆਹਲੂ ਵਿਖੇ ਬਦਰ ਸਿੰਘ ਦੇ ਗ੍ਰਹਿ ਵਿਖੇ 1718 ਈਸਵੀ ਨੂੰ ਹੋਇਆ ਸੀ। ਉਹ ਅਜੇ ਪੰਜ ਸਾਲਾਂ ਦੇ ਹੀ ਸਨ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਮਾਂ ਨੇ ਆਪਣੇ ਸਕੇ ਭਰਾ ਭਾਗ ਸਿੰਘ ਦੀ ਸਹਾਇਤਾ ਨਾਲ ਆਪਣੇ ਬੱਚੇ ਨੂੰ ਦਿੱਲੀ ਵਿਖੇ ਮਾਤਾ ਸੁੰਦਰ ਕੌਰ ਦੀ ਸੇਵਾ ਵਿਚ ਭੇਜ ਦਿੱਤਾ। ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਬਾਬਾ ਜੱਸਾ ਸਿੰਘ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਮਾਤਾ ਸੁੰਦਰ ਕੌਰ ਜੀ ਨੇ ਆਪਣੇ ਪੁੱਤਰਾਂ ਵਾਂਗ ਹੀ ਕੀਤਾ ਸੀ। ਉਸ ਸਮੇਂ ਦੀ ਦੁਨਿਆਵੀ ਵਿੱਦਿਆ ਅਰਬੀ-ਫ਼ਾਰਸੀ ਅਤੇ ਸ਼ਸਤਰ ਚਲਾਉਣ ਦੀ ਮੁਹਾਰਤ ਜੱਸਾ ਸਿੰਘ ਨੇ ਮਾਤਾ ਜੀ ਦੀ ਅਗਵਾਈ ਵਿਚ ਪ੍ਰਾਪਤ ਕੀਤੀ। ਉਨ੍ਹਾਂ ਨੇ ਤਕਰੀਬਨ ਸੱਤ ਸਾਲ ਦਾ ਸਮਾਂ ਦਿੱਲੀ ਵਿਚ ਹੀ ਬਿਤਾਇਆ। ਇਸ ਦੌਰਾਨ ਬਾਬਾ ਜੱਸਾ ਸਿੰਘ ਨੇ ਉਸ ਸਮੇਂ ਦੇ ਮੁਖੀ ਸਿੱਖਾਂ ਵਿਚ ਚੰਗੀ ਜਾਣ-ਪਛਾਣ ਬਣਾਈ। ਜਦੋਂ ਮਾਤਾ ਜੀ ਤੋਂ ਵਿਦਾਇਗੀ ਪ੍ਰਾਪਤ ਕੀਤੀ, ਉਸ ਵਕਤ ਮਾਤਾ ਜੀ ਨੇ ਇਸ ਸਿਦਕੀ ਸਿੱਖ ਯੋਧੇ ਨੂੰ ਇਕ ਕ੍ਰਿਪਾਨ, ਇਕ ਗੁਰਜ, ਇਕ ਢਾਲ, ਇਕ ਕਮਾਨ, ਇਕ ਤੀਰਾਂ ਦਾ ਭੱਥਾ, ਇਕ ਖਿਲਅਤ ਅਤੇ ਇਕ ਚਾਂਦੀ ਦੀ ਚੌਬ ਬਖ਼ਸ਼ਿਸ਼ ਵਜੋਂ ਦੇ ਕੇ ਨਿਵਾਜਿਆ। ਜਦੋਂ ਬਾਬਾ ਜੱਸਾ ਸਿੰਘ ਪੰਜਾਬ ਪੁੱਜੇ ਤਾਂ ਸੇਵਾ-ਸਿਮਰਨ ਦੇ ਮੁਜੱਸਮੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਦੇ ਜੱਥੇ ਵਿਚ ਸ਼ਾਮਲ ਹੋ ਗਏ। ਆਪਣੀ ਦਲੇਰੀ, ਸੁਭਾਅ ਅਤੇ ਤੀਖਣ ਬੁੱਧੀ ਵਰਗੇ ਗੁਣਾਂ ਸਦਕਾ ਉਨ੍ਹਾਂ ਦੀ ਨੇੜਤਾ ਹਾਸਲ ਕਰ ਲਈ। ਨਵਾਬ ਕਪੂਰ ਸਿੰਘ ਨੇ ਵੀ ਉਨ੍ਹਾਂ ਨੂੰ ਪੁੱਤਰਾਂ ਵਾਂਗ ਪਾਲਿਆ। ਸੰਨ 1748 ਈਸਵੀ ਵਿਚ ਨਵਾਬ ਕਪੂਰ ਸਿੰਘ ਦੀ ਬਹਾਦਰ ਸਿੱਖ ਸੈਨਾ ਨੇ ਬਾਬਾ ਜੱਸਾ ਸਿੰਘ ਨਾਲ ਮਿਲ ਕੇ ਅਹਿਮਦ ਸ਼ਾਹ ਅਬਦਾਲੀ ਦੇ ਵੱਡੇ ਲਸ਼ਕਰ ਨੂੰ ਨੂਰਦੀਨ ਦੀ ਸਰਾਂ ਅਤੇ ਵੈਰੋਵਾਲ ਨੇੜੇ ਘੇਰ ਕੇ ਗੁਰੀਲੇ ਹਮਲੇ ਕਰ ਕੇ ਭਾਜੜਾਂ ਪਾ ਦਿੱਤੀਆਂ। ਅੰਮ੍ਰਿਤਸਰ ਦੇ ਮੁਗ਼ਲ ਹਾਕਮ ਸਲਾਬਤ ਖ਼ਾਨ ਨੂੰ ਹਰਾ ਕੇ ਵੱਖ-ਵੱਖ ਜੱਥਿਆਂ ਵਿਚ ਵੰਡੇ ਸਿੱਖਾਂ ਦੀ ਨਜ਼ਰ ਵਿਚ ਇਕ ਸੁਲਝੇ ਹੋਏ ਸਿੱਖ ਜਰਨੈਲ ਵਜੋਂ ਸਤਿਕਾਰ ਪ੍ਰਾਪਤ ਕੀਤਾ। ਇਸ ਸਾਲ ਨਵਾਬ ਕਪੂਰ ਸਿੰਘ ਨਾਲ ਮਿਲ ਕੇ ਵਿਸਾਖੀ ਦੇ ਪਾਵਨ ਅਵਸਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਰਬੱਤ ਖ਼ਾਲਸੇ ਦੇ ਜੁੜੇ ਇਕੱਠ ’ਚ ਸਿੱਖਾਂ ਦੇ 65 ਜੱਥਿਆਂ ਨੂੰ ਇਕੱਠੇ ਕਰ ਕੇ 11 ਮਿਸਲਾਂ (12ਵੀਂ ਮਿਸਲ ਫੂਲਕੀਆ ਤੋਂ ਬਿਨਾਂ) ਵਿਚ ਵੰਡ ਕੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ। ਦਲ ਖ਼ਾਲਸਾ ਦੇ ਪਹਿਲੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਥਾਪਿਆ ਗਿਆ। ਇਸ ਤੋਂ ਇਲਾਵਾ ਆਪ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਵੀ ਸਨ। ਸੱਤ ਅਕਤੂਬਰ 1753 ਨੂੰ ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਬਾਬਾ ਜੱਸਾ ਸਿੰਘ ਸਿੱਖ ਕੌਮ ਦੀ ਸੈਨਿਕ ਸ਼ਕਤੀ ਅਤੇ ਦਲ-ਪੰਥ ਬੁੱਢਾ ਦਲ ਦੇ ਮੁਖੀ ਵਜੋਂ ਸ਼੍ਰੋਮਣੀ ਜਰਨੈਲ ਬਣੇ। ਇਸ ਤੋਂ ਇਕ ਮਹੀਨੇ ਬਾਅਦ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਦੀ ਮੌਤ ਤੋਂ ਪਿੱਛੋਂ ਇਨ੍ਹਾਂ ਮੱਧ ਪੰਜਾਬ ਵਿਚ ਆਪਣਾ ਦਬਦਬਾ ਕਾਇਮ ਕਰ ਲਿਆ। ਪਰਜਾ ਤੋਂ ਟੈਕਸ ਵਸੂਲੀ ਸ਼ੁਰੂ ਕਰ ਦਿੱਤੀ, ਇਸ ਲਗਾਨ ਵਿਚ ਪਰਜਾ ਦੀ ਰੱਖਿਆ ਲਈ ਟੈਕਸ ਅਤੇ ਨਜ਼ਰਾਨਾ ਸ਼ਾਮਲ ਸਨ।
ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਕੌਮ ਦੀ ਆਰਥਿਕ ਦਸ਼ਾ ਵਿਚ ਸੁਧਾਰ ਹੋਇਆ। ਅਹਿਮਦ ਸ਼ਾਹ ਦੁਰਾਨੀ ਜਦੋਂ ਹਿੰਦੁਸਤਾਨ ’ਤੇ ਪੰਜਵਾਂ ਹਮਲਾ ਕਰ ਕੇ 1761 ਈ: ਵਿਚ ਮਰਹੱਟਿਆਂ ਨੂੰ ਹਰਾ ਕੇ ਵਾਪਸ ਅੰਮ੍ਰਿਤਸਰ ਦੇ ਕੋਲੋਂ ਲੰਘ ਰਿਹਾ ਸੀ ਤਾਂ ਦੁਰਾਨੀਆਂ ਦੀ ਫ਼ੌਜ ਉੱਪਰ ਬਾਬਾ ਜੱਸਾ ਸਿੰਘ ਨੇ ਭਾਰੀ ਸਿੱਖ ਲਸ਼ਕਰ ਨਾਲ ਹਮਲਾ ਕਰ ਕੇ 2200 ਜਵਾਨ ਲੜਕੀਆਂ ਅਤੇ ਔਰਤਾਂ ਜੋ ਉਹ ਹਿੰਦੁਸਤਾਨ ਤੋਂ ਲਿਜਾ ਰਿਹਾ ਸੀ, ਨੂੰ ਛੁਡਵਾ ਕੇ ਘਰੋ-ਘਰ ਪਹੁੰਚਾਇਆ। ਸੰਨ 1761 ’ਚ ਹੀ ਸ਼ੁਕਰਚਕੀਆ, ਕਨ੍ਹਈਆ ਅਤੇ ਭੰਗੀ ਮਿਸਲਾਂ ਦੇ ਸਿੱਖ ਸੂਰਬੀਰਾਂ ਨੂੰ ਲਾਹੌਰ ਦੇ ਅਫ਼ਗਾਨ ਸੂਬੇਦਾਰ ਖਵਾਜ਼ਾ ਉਬੇਦ ਖ਼ਾਨ ਨੂੰ ਗੁਜਰਾਂਵਾਲੇ ਨੇੜੇ ਲੱਕ-ਤੋੜਵੀਂ ਹਾਰ ਦੇ ਕੇ ਲਾਹੌਰ ਤੱਕ ਉਸ ਦਾ ਪਿੱਛਾ ਕੀਤਾ ਅਤੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਬਾਬਾ ਜੱਸਾ ਸਿੰਘ ਨੇ ਲਗਾਤਾਰ ਫ਼ਤਹਿ ਪ੍ਰਾਪਤ ਕੀਤੀ। ਦੁਰਾਨੀ ਨੇ 1762 ’ਚ ਜਦੋਂ ਵੱਡੀ ਫ਼ੌਜ ਨਾਲ ਹਿੰਦੁਸਤਾਨ ’ਤੇ ਹਮਲਾ ਕੀਤਾ ਤਾਂ ਉਸ ਸਮੇਂ ਦਲ ਖ਼ਾਲਸਾ ਦੇ ਸਰਦਾਰ ਆਪਣੀ ਸੈਨਿਕ ਸ਼ਕਤੀ ਅਤੇ ਪਰਿਵਾਰਾਂ ਸਮੇਤ ਮਲੇਰਕੋਟਲਾ ਨੇੜੇ ਕੁੱਪ-ਰਹੀੜਾ ਦੇ ਆਸ-ਪਾਸ ਠਹਿਰੇ ਹੋਏ ਸਨ। ਦੁਰਾਨੀ ਨੇ ਵੱਡੀ ਫ਼ੌਜੀ ਤਾਕਤ ਨਾਲ ਲਾਹੌਰ ਤੋਂ ਲਗਪਗ 36 ਘੰਟਿਆਂ ’ਚ ਢਾਈ ਸੌ ਕਿੱਲੋਮੀਟਰ ਦਾ ਸਫ਼ਰ ਤਹਿ ਕਰ ਕੇ ਸਿੱਖਾਂ ਉੱਤੇ ਹਮਲਾ ਕੀਤਾ। ਆਪਣੇ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਿੰਘ ਜਾਨ-ਹੂਲ ਕੇ ਲੜਦੇ-ਲੜਦੇ ਆਪਣੇ ਪਰਿਵਾਰਾਂ ਨੂੰ ਬਰਨਾਲੇ ਵੱਲ ਲਿਜਾ ਸਕੇ ਸਨ। ਦੁਰਾਨੀ ਨੇ ਇਸ ਹਮਲੇ ਦੌਰਾਨ 21,000 ਤੋਂ 35,000 ਸਿੰਘਾਂ, ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਘਟਨਾ ਨੂੰ ਸਿੱਖ ਇਤਿਹਾਸ ਵਿਚ ਵੱਡੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਅੱਜ-ਕੱਲ੍ਹ ਇਸ ਅਸਥਾਨ ’ਤੇ ਵੱਡੇ ਘੱਲੂਘਾਰੇ ਦੀ ਯਾਦ ਵਿਚ ਯਾਦਗਾਰੀ ਇਮਾਰਤ ਦੀ ਉਸਾਰੀ ਕੀਤੀ ਗਈ ਹੈ। ਇਤਿਹਾਸ ਮੁਤਾਬਕ ਇਸ ਘੱਲੂਘਾਰੇ ਦੌਰਾਨ ਬਾਬਾ ਜੱਸਾ ਸਿੰਘ ਦੇ ਸਰੀਰ ਉੱਤੇ 22 ਵੱਡੇ ਫੱਟ ਲੱਗੇ ਸਨ। ਇਸ ਤੋਂ ਪਿੱਛੋਂ ਦੁਰਾਨੀ (ਅਹਿਮਦ ਸ਼ਾਹ ਅਬਦਾਲੀ) ਨੇ ਵਾਪਸ ਮੁੜਦਿਆਂ ਅੰਮ੍ਰਿਤਸਰ ਸ਼ਹਿਰ ਉੱਤੇ ਹਮਲਾ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ। ਬਾਬਾ ਜੱਸਾ ਸਿੰਘ ਨੇ ਦਲ ਖ਼ਾਲਸਾ ਮੁੜ ਸੁਰਜੀਤ ਕੀਤਾ ਅਤੇ ਵੱਡੇ ਘੱਲੂਘਾਰੇ ਤੋਂ ਦੋ ਸਾਲ ਬਾਅਦ 1764 ’ਚ ਸਰਹਿੰਦ ਉੱਤੇ ਹਮਲਾ ਕਰ ਕੇ ਅਫ਼ਗਾਨ ਫ਼ੌਜਦਾਰ ਜੈਨ ਖ਼ਾਂ ਨੂੰ ਮਾਰ ਕੇ ਸਾਰਾ ਸ਼ਹਿਰ ਨੇਸਤੋਨਾਬੂਦ ਕਰ ਦਿੱਤਾ। ਉਨ੍ਹਾਂ ਦੀ ਅਗਵਾਈ ਵਿਚ ਦਲ ਖ਼ਾਲਸਾ ਨੇ ਜਮਨਾ ਪਾਰ ਦੇ ਇਲਾਕਿਆਂ ਉੱਤੇ ਵੱਡੇ ਹਮਲੇ ਕਰ ਕੇ ਦਿੱਲੀ ਤੱਕ ਮੁੜ ਸਿੱਖ ਸ਼ਕਤੀ ਦੀ ਧਾਂਕ ਜਮਾਈ। ਬਾਬਾ ਜੱਸਾ ਸਿੰਘ ਨੇ ਦੁਆਬੇ ਦਾ ਬਹੁਤ ਸਾਰਾ ਇਲਾਕਾ ਫ਼ਤਹਿ ਕਰ ਕੇ 1774 ’ਚ ਕਪੂਰਥਲਾ ਨੂੰ ਰਾਜਧਾਨੀ ਬਣਾ ਕੇ ਰਿਆਸਤ ਕਾਇਮ ਕੀਤੀ। ਸੰਨ 1779 ’ਚ ਦਿੱਲੀ ਦੇ ਸੂਬੇਦਾਰ ਅਬਦੁਲ ਅਹਿਮਦ ਖ਼ਾਨ ਨੇ ਪਟਿਆਲੇ ਦੇ ਰਾਜੇ ਅਮਰ ਸਿੰਘ ’ਤੇ ਹਮਲਾ ਕੀਤਾ ਤਾਂ ਬਾਬਾ ਜੱਸਾ ਸਿੰਘ ਫ਼ੌਜ ਸਮੇਤ ਅਮਰ ਸਿੰਘ ਦੀ ਸਹਾਇਤਾ ਲਈ ਆਇਆ । ਮੁਗ਼ਲ ਫ਼ੌਜਾਂ ਨੂੰ ਪਟਿਆਲੇ ਤੋਂ ਵਾਪਸ ਭੇਜ ਕੇ 7 ਲੱਖ ਹਰਜਾਨੇ ਵਜੋਂ ਪ੍ਰਾਪਤ ਕੀਤੇ। ਬਾਬਾ ਜੱਸਾ ਸਿੰਘ ਨੇ ਪੂਰੇ ਉੱਤਰੀ ਭਾਰਤ ਵਿਚ ਇਕ ਬਹਾਦਰ, ਅਣਖੀ ਅਤੇ ਦਲੇਰ ਜਰਨੈਲ ਵਜੋਂ ਮੁਗ਼ਲ ਅਤੇ ਅਫ਼ਗਾਨ ਸ਼ਕਤੀ ਨੂੰ ਵੰਗਾਰ ਕੇ ਸਿੱਖਾਂ ਦੀ ਆਜ਼ਾਦ ਹੋਂਦ ਨੂੰ ਕਾਇਮ ਕੀਤਾ। ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਪਰਚਮ ਲਹਿਰਾਇਆ। ਇਹ ਮਹਾਨ ਜਰਨੈਲ 20 ਅਕਤੂਬਰ 1783 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਸ ਸਮੇਂ ਦੇ ਮੁਖੀ ਸਿੱਖਾਂ ਨੇ ਉਨ੍ਹਾਂ ਦੀ ਸਮਾਧ ਗੁਰਦੁਆਰਾ ਬਾਬਾ ਅਟੱਲ ਰਾਇ ਦੇ ਨਜ਼ਦੀਕ ਅੰਮ੍ਰਿਤਸਰ ਵਿਖੇ ਬਣਵਾਈ।
-ਭਗਵਾਨ ਸਿੰਘ ਜੌਹਲ