ਉਨ੍ਹਾਂ ਨੇ ਚੰਗਾ ਨਹੀਂ ਕੀਤਾ। ਪੰਜਾਬ ਦਾ ਵਕੀਲ ਭਾਈਚਾਰਾ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਨੂੰ ਹੀ ਭੁੱਲ ਗਿਆ ਜਾਪਦਾ ਹੈ। ਖ਼ਾਲਸੇ ਦੀ ਜਨਮ ਭੂਮੀ, ਗੁਰੂ ਗੋਬਿੰਦ ਸਿੰਘ ਦੀ ਕਰਮ ਭੂਮੀ ਅਨੰਦਪੁਰ ਸਾਹਿਬ ਅਵੱਸ਼ ਜ਼ਿਲ੍ਹਾ ਬਣਨਾ ਚਾਹੀਦਾ ਸੀ। ਬਹੁਤ ਪਹਿਲਾ ਬਣਨਾ ਚਾਹੀਦਾ ਸੀ। ਸਿੱਖ ਧਰਮ ਨਾਲ ਜੁੜਿਆ ਸੰਸਾਰ ਪ੍ਰਸਿੱਧ ਤੀਰਥ ਅਸਥਾਨ ਹੈ। ਇੱਥੇ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ-ਜਾਂਦੇ ਰਹਿੰਦੇ ਹਨ। ਇਹ ਸਿੱਖਾਂ ਦੇ ਪੰਜ ਤਖ਼ਤਾਂ ’ਚੋਂ ਇਕ ਹੈ।

ਬੜੀ ਚਰਚਾ ਸੀ। ਉਮੀਦ ਸੀ ਜਾਂ ਇਓਂ ਕਹੋ ਕਿ ਪੱਕਾ ਯਕੀਨ ਸੀ ਕਿ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ’ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਦੇਵੇਗੀ ਪਰ ਅਜਿਹਾ ਨਹੀਂ ਹੋਇਆ। ਪੰਜਾਬ ਸਰਕਾਰ ਨੇ ਇਸ ਪਵਿੱਤਰ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਰੋਕ ਲਿਆ। ਏਜੰਡਾ ਗੁਪਤ ਸੀ। ਅਨੰਦਪੁਰ ਸਾਹਿਬ ਜ਼ਿਲ੍ਹਾ ਨਹੀਂ ਬਣਿਆ ਕਿਉਂਕਿ ਪੰਜਾਬ ਦੇ ਵਕੀਲ ਭਾਈਚਾਰੇ ਨੇ ਇਸ ਤਜਵੀਜ਼ ਦਾ ਡਟ ਕੇ ਵਿਰੋਧ ਕੀਤਾ।
ਉਨ੍ਹਾਂ ਨੇ ਚੰਗਾ ਨਹੀਂ ਕੀਤਾ। ਪੰਜਾਬ ਦਾ ਵਕੀਲ ਭਾਈਚਾਰਾ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਨੂੰ ਹੀ ਭੁੱਲ ਗਿਆ ਜਾਪਦਾ ਹੈ। ਖ਼ਾਲਸੇ ਦੀ ਜਨਮ ਭੂਮੀ, ਗੁਰੂ ਗੋਬਿੰਦ ਸਿੰਘ ਦੀ ਕਰਮ ਭੂਮੀ ਅਨੰਦਪੁਰ ਸਾਹਿਬ ਅਵੱਸ਼ ਜ਼ਿਲ੍ਹਾ ਬਣਨਾ ਚਾਹੀਦਾ ਸੀ। ਬਹੁਤ ਪਹਿਲਾ ਬਣਨਾ ਚਾਹੀਦਾ ਸੀ। ਸਿੱਖ ਧਰਮ ਨਾਲ ਜੁੜਿਆ ਸੰਸਾਰ ਪ੍ਰਸਿੱਧ ਤੀਰਥ ਅਸਥਾਨ ਹੈ। ਇੱਥੇ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ-ਜਾਂਦੇ ਰਹਿੰਦੇ ਹਨ। ਇਹ ਸਿੱਖਾਂ ਦੇ ਪੰਜ ਤਖ਼ਤਾਂ ’ਚੋਂ ਇਕ ਹੈ।
ਇਹ ਸ਼ਹਿਰ ਇਸ ਸਮੇਂ ਰੋਪੜ ਜ਼ਿਲ੍ਹੇ ਦੀ ਸਬ-ਡਵੀਜ਼ਨ/ਤਹਿਸੀਲ ਹੈ। ਰੋਪੜ ਪਹਿਲੀ ਨਵੰਬਰ 1966 ਨੂੰ ਉਦੋਂ ਜ਼ਿਲ੍ਹਾ ਬਣਾਇਆ ਗਿਆ ਸੀ ਜਦੋਂ ਮੌਜੂਦਾ ਪੰਜਾਬ ਹੋਂਦ ਵਿਚ ਆਇਆ ਸੀ। ਚਾਹੀਦਾ ਤਾਂ ਇਹ ਸੀ ਕਿ ਉਸ ਸਮੇਂ ਹੀ ਅਨੰਦਪੁਰ ਸਾਹਿਬ ਦੇ ਇਤਿਹਾਸ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਜ਼ਿਲ੍ਹਾ ਬਣਾ ਦਿੰਦੇ ਤੇ ਰੋਪੜ ਨੂੰ ਤਹਿਸੀਲ ਬਣੀ ਰਹਿਣ ਦਿੰਦੇ। ਉਸ ਸਮੇਂ ਦੇ ਅਕਾਲੀ ਨੇਤਾ ਚੁੱਪ ਰਹੇ।
ਸਿੱਖ ਵਿਦਵਾਨ ਚੁੱਪ ਰਹੇ ਤੇ ਇਸ ਚੁੱਪੀ ਕਾਰਨ ਅਨੰਦਪੁਰ ਸ਼ਹਿਰ ਅਣਗੌਲਿਆ ਰਿਹਾ। ਹੁਣ ਜਦ ਇਸ ਸ਼ਹਿਰ ਦੇ ਜ਼ਿਲ੍ਹਾ ਬਣਨ ਦੀ ਗੱਲ ਚੱਲੀ ਤਾਂ ਇਸ ਤਜਵੀਜ਼ ਦਾ ਵਿਰੋਧ ਰੋਪੜ ਤੇ ਹੁਸ਼ਿਆਰਪੁਰ ਦੇ ਵਕੀਲਾਂ ਨੇ ਕੀਤਾ। ਉਨ੍ਹਾਂ ਨੂੰ ਲੱਗਦਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਜ਼ਿਲ੍ਹਾ ਬਣਨ ਨਾਲ ਉਨ੍ਹਾਂ ਦਾ ਕੰਮ ਘਟ ਜਾਵੇਗਾ। ਜ਼ਿਲ੍ਹਾ ਪੱਧਰ ’ਤੇ ਵੀ ਹੁਸ਼ਿਆਰਪੁਰ ਤੇ ਰੋਪੜ ਦੀ ਕਚਹਿਰੀ ਦਾ ਕੰਮ ਸ੍ਰੀ ਅਨੰਦਪੁਰ ਸਾਹਿਬ ਚਲਾ ਜਾਵੇਗਾ।
ਰੋਪੜ ਤੇ ਹੁਸ਼ਿਆਰਪੁਰ ਦੇ ਵਕੀਲ ਹੜਤਾਲ ’ਤੇ ਚਲੇ ਗਏ (ਨੋ ਵਰਕ ਡੇ)। ਵਕੀਲਾਂ ਨੇ ਇਕੱਲੇ ਹੁਸ਼ਿਆਰਪੁਰ ਤੇ ਰੋਪੜ ’ਚ ਹੀ ‘ਨੋ ਵਰਕ ਡੇ’ ਨਹੀਂ ਕੀਤਾ। ਪੂਰੇ ਪੰਜਾਬ ਦੇ ਵਕੀਲ ਭਾਈਚਾਰੇ ਨੇ ‘ਨੋ ਵਰਕ ਡੇ’ ਕਰ ਕੇ ਉਨ੍ਹਾਂ ਵਕੀਲਾਂ ਦਾ ਸਾਥ ਦਿੱਤਾ ਜਿਹੜੇ ਨਹੀਂ ਚਾਹੁੰਦੇ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ। ਗੜ੍ਹਸ਼ੰਕਰ ਦੇ ਵਕੀਲਾਂ ਨੇ ਵੀ ਇਸ ਤਜਵੀਜ਼ ਦਾ ਵਿਰੋਧ ਕੀਤਾ ਕਿ ਉਨ੍ਹਾਂ ਨੂੰ ਨਵੇਂ ਜ਼ਿਲ੍ਹੇ ਦੇ ਅਧੀਨ ਨਾ ਕੀਤਾ ਜਾਵੇ।
ਜਿਹੜੀ ਤਜਵੀਜ਼ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਉੱਭਰੀ ਸੀ, ਉਹ ਸਿਰੇ ਨਹੀਂ ਚੜ੍ਹੀ। ਇਸ ਭਾਈਚਾਰੇ ਵਿਚ ਪੰਜਾਬ ਦੇ ਉਹ ਵਕੀਲ ਵੀ ਹਨ ਜਿਹੜੇ ਸਿੱਖ ਪਰਿਵਾਰਾਂ ’ਚੋਂ ਹਨ ਅਤੇ ਉਨ੍ਹਾਂ ਦੇ ਘਰਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਵੀ ਸੁਸ਼ੋਭਿਤ ਹਨ। ਉਹ ਉਨ੍ਹਾਂ ਨੂੰ ਸਤਿਕਾਰ ਸਹਿਤ ਪੂਜਦੇ ਹਨ। ਜੇਕਰ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣ ਜਾਂਦਾ ਤਾਂ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਵੱਲੋਂ ਬਾਦਸ਼ਾਹ ਦਰਵੇਸ਼ ਤੇ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਲਈ ਬੜੀ ਢੁੱਕਵੀਂ ਸ਼ਰਧਾਂਜਲੀ ਹੋਣੀ ਸੀ।
ਸਿੱਖ ਗੁਰੂਆਂ ਪ੍ਰਤੀ ਸ਼ਰਧਾ ਰੱਖਦੇ ਹੋਏ ਦਿਲ ਵੱਡਾ ਹੋਣਾ ਚਾਹੀਦਾ ਹੈ। ਜੇਕਰ ਜ਼ਿਲ੍ਹਾ ਬਣਦਾ ਤਾਂ ਜ਼ਿਲ੍ਹਾ ਪੱਧਰ ਦੇ ਪ੍ਰਸ਼ਾਸਕੀ ਦਫ਼ਤਰ ਖੁੱਲ੍ਹਦੇ ਤੇ ਸ਼ਹਿਰ ਦਾ ਵਿਕਾਸ ਹੁੰਦਾ। ਜਿਹੜਾ ਮੈਡੀਕਲ ਕਾਲਜ ਨਵਾਂਸ਼ਹਿਰ ਲਈ ਮੰਗਿਆ ਜਾ ਰਿਹਾ ਹੈ, ਉਹ ਅਨੰਦਪੁਰ ਸਾਹਿਬ ਲਈ ਮੰਗਿਆ ਜਾ ਸਕਦਾ ਸੀ। ਮੌਜੂਦਾ ਪੰਜਾਬ ਦੇ 13 ਲੋਕਾਂ ਸਭਾ ਹਲਕਿਆ ’ਚ ਅਨੰਦਪੁਰ ਸਾਹਿਬ ਇਸ ਸਮੇਂ ਲੋਕ ਸਭਾ ਹਲਕਾ ਹੈ।
ਗੱਲ ਥੋੜ੍ਹੀ ਜਿਹੀ ਇਸ ਤੋਂ ਪਹਿਲਾਂ ਦੀ ਵੀ ਇਕ ਬੜੀ ਗੰਭੀਰ ਹੈ। ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਗ੍ਰਾਮੀਣ ਨਿਆਂ ਪ੍ਰਬੰਧ ਹੇਠ ਪਿੰਡਾਂ ਵਿਚ ਕਚਹਿਰੀਆਂ ਲੈ ਕੇ ਜਾਣੀਆਂ ਹਨ। ਪੰਜਾਬ ਨਿਆਂ ਵਿਭਾਗ ਦੇ ਫ਼ੈਸਲੇ ਅਨੁਸਾਰ ਇਹ ਤਹਿ ਹੋਇਆ ਕਿ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਅਤੇ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਵਿਚ ਗ੍ਰਾਮੀਣ ਕਚਹਿਰੀਆਂ ਸਥਾਪਤ ਕੀਤੀਆਂ ਜਾਣੀਆਂ ਸਨ। ਇਹ ਦੋਵੇਂ ਕਸਬੇ ਵੀ ਸਤਿਕਾਰਤ ਹਨ। ਡੇਰਾ ਬਾਬਾ ਨਾਨਕ-ਗੁਰੂ ਨਾਨਕ ਕਰਕੇ ਪੂਜਣ ਯੋਗ ਹੈ। ਇਵੇਂ ਹੀ ਸ੍ਰੀ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਹੈ ਪਰ ਉਸ ਸਮੇਂ ਵੀ ਗੁਰਦਾਸਪੁਰ (ਬਟਾਲਾ) ਅਤੇ ਰੋਪੜ ਦੇ ਵਕੀਲਾਂ ਨੇ ਡੇਰਾ ਬਾਬਾ ਨਾਨਕ ਅਤੇ ਚਮਕੌਰ ਸਾਹਿਬ ਵਿਚ ਕਚਹਿਰੀਆਂ ਦੀ ਸਥਾਪਨਾ ਦਾ ਵਿਰੋਧ ਕੀਤਾ। ਵਕੀਲ ਹੜਤਾਲ ’ਤੇ ਚਲੇ ਗਏ। ‘ਨੋ ਵਰਕ ਡੇ’ ਕੀਤਾ। ਲੋਕ ਪਰੇਸ਼ਾਨ ਹੋਏ। ਲੋਕ ਹੱਸਦੇ ਵੀ ਰਹੇ ਇਹ ਸੋਚ ਕੇ ਕਿ ਜੇ ਭਲਾ ਚਮਕੌਰ ਸਾਹਿਬ ਤੇ ਡੇਰਾ ਬਾਬਾ ਨਾਨਕ ਵਿਚ ਕਚਹਿਰੀਆਂ ਖੁੱਲ੍ਹ ਜਾਣ ਤਾਂ ਵਕੀਲਾਂ ਨੂੰ ਕੀ ਇਤਰਾਜ਼ ਹੈ। ਖ਼ੈਰ! ਪੰਜਾਬ ਸਰਕਾਰ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਤਾਂ ਐਲਾਨਿਆ ਹੈ ਪਰ ਜ਼ਿਲ੍ਹਾ ਨਹੀਂ ਬਣਾਇਆ। ਸ਼ਾਇਦ ਸਰਕਾਰ ਵਕੀਲਾਂ ਅੱਗੇ ਝੁਕ ਗਈ। ਪਤਾ ਨਹੀਂ ਹੁਣ ਕਦੋਂ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਬਣ ਸਕੇਗਾ।
ਪਿਛਲੇ ਦਿਨੀਂ ਨਵਾਂ ਸਾਲ 2026 ਚੜ੍ਹਿਆ। ਸਾਲ ਸੁੱਖ ਦਾ ਚੜ੍ਹੇ, ਇਸ ਵਾਸਤੇ ਬਹੁਤ ਸਾਰੇ ਸਰਕਾਰੀ ਦਫ਼ਤਰਾਂ ਵਿਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਉਪਰੰਤ ਕੀਰਤਨ ਹੋਏ। ਸੁੱਖ ਮੰਗੀ ਗਈ। ਸੁਖਮਨੀ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਬਾਣੀ ਹੈ। ਗੁਰੂ ਅਰਜਨ ਦੇਵ ਜੀ ਵੀ ਸ਼ਹੀਦ ਹੋਏ। ਸ਼ਹੀਦਾਂ ਦੇ ਸਿਰਤਾਜ ਦੇ ਪੋਤਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਸ਼ਹੀਦ ਹੋਏ ਜਿਨ੍ਹਾਂ ਦੀ ਸ਼ਹਾਦਤ ਦੇ 350 ਸਾਲ 25 ਨਵੰਬਰ 2025 ਨੂੰ ਪੂਰੇ ਹੋਏ। ਕਕਰੀਲਾ ਪੋਹ ਮਹੀਨਾ ਹੀ ਸੀ ਜਦੋਂ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ ਸਨ। ਹੋਰ ਇਕ ਮਹੀਨਾ ਛੱਡ ਕੇ ਮਾਰਚ ਦੇ ਮਹੀਨੇ ਹੋਲੇ-ਮੁਹੱਲੇ ਦੀਆਂ ਤਿਆਰੀਆਂ ਹੋਣਗੀਆਂ ਤੇ ਫਿਰ ਅਪ੍ਰੈਲ ਦੇ ਮਹੀਨੇ ਵਿਸਾਖੀ ਮੌਕੇ ਖ਼ਾਲਸੇ ਦੀ ਸਥਾਪਨਾ ਦਾ ਦਿਵਸ ਮਨਾਇਆ ਜਾਵੇਗਾ ਪਰ ਅਨੰਦਪੁਰ ਸਾਹਿਬ ਨਗਰੀ ਜ਼ਿਲ੍ਹਾ ਬਣਨ ਦੀ ਤਰੀਕ ਦੀ ਉਡੀਕ ਵਿਚ ਰਹੇਗੀ।
ਨਵੇਂ ਵਰ੍ਹੇ ਦੀ ਸ਼ੁਰੂਆਤ ਵੇਲੇ ਸਾਡੀਆਂ ਕਚਹਿਰੀਆਂ ਵਿਚ ਵੀ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ। ਬੜੇ ਸੁਚੱਜੇ ਕੀਰਤਨੀਏ ਸਨ। ਮਖਮਲੀ ਆਵਾਜ਼ ਸੀ। ਅਖ਼ੀਰਲਾ ਸ਼ਬਦ ਸੀ-‘ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’। ਜਦੋਂ ਇਹ ਸ਼ਬਦ ਉਚਾਰਿਆ ਜਾ ਰਿਹਾ ਸੀ ਤਾਂ ਸਾਰੇ ਸਰੋਤੇ ਅੱਖਾਂ ਤੇ ਸਿਰ ਨੀਵਾਂ ਕਰ ਕੇ ਸਰਵਣਕਰ ਰਹੇ ਸਨ। ਸਾਨੂੰ ਦੱਸਿਆ ਜਾਂਦਾ ਰਿਹਾ ਹੈ ਕਿ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲ ਵਿਚ ਟਿੰਡ ਦਾ ਸਿਰਹਾਣਾ ਲੈ ਕੇ ਉਚਾਰਨ ਕੀਤਾ ਸੀ। ਇਹ ਯਕੀਨ ਬਣਦਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਸ਼ਬਦ ਦੀ ਰਚਨਾ ਕੀਤੀ ਸੀ ਤਾਂ ਉਨ੍ਹਾਂ ਦਾ ਮੂੰਹ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਹੋਵੇਗਾ।
-ਮੋਹਨ ਲਾਲ ਫਿਲੌਰੀਆ
-ਮੋਬਾਈਲ : 98884-05888