ਸੁਪਰੀਮ ਕੋਰਟ ਨੇ 25 ਨਵੰਬਰ ਨੂੰ ਆਪਣੇ ਇਕ ਫ਼ੈਸਲੇ ਵਿਚ ਸਾਬਕਾ ਫ਼ੌਜੀ ਅਧਿਕਾਰੀ ਨੂੰ ਕੋਈ ਰਾਹਤ ਨਹੀਂ ਦਿੱਤੀ। ਸਰਬਉੱਚ ਅਦਾਲਤ ਨੇ ਅਧਿਕਾਰੀ ਦੀ ਬਰਖ਼ਾਸਤਗੀ ’ਤੇ ਮੋਹਰ ਲਗਾਉਂਣ ਵਾਲੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਮੁੱਖ ਜੱਜ ਜਸਟਿਸ ਸੂਰੀਆਕਾਂਤ ਅਤੇ ਜਸਟਿਸ ਜਾਇਮਾਲਿਆ ਬਾਗਚੀ ਨੇ ਅਪੀਲਕਰਤਾ ਫ਼ੌਜੀ ਅਧਿਕਾਰੀ ਸੈਮੂਅਲ ਕਮਲੇਸਨ ਦੇ ਕਾਰਜ ਨੂੰ ਗੰਭੀਰ ਅਨੁਸ਼ਾਸਨਹੀਣਤਾ ਮੰਨਿਆ ਅਤੇ ਕਿਹਾ ਕਿ ਉਹ ਫ਼ੌਜ ਵਿਚ ਰਹਿਣ ਦੇ ਲਾਇਕ ਨਹੀਂ ਹੈ।

-ਜਗਤਬੀਰ ਸਿੰਘ
ਸੁਪਰੀਮ ਕੋਰਟ ਨੇ 25 ਨਵੰਬਰ ਨੂੰ ਆਪਣੇ ਇਕ ਫ਼ੈਸਲੇ ਵਿਚ ਸਾਬਕਾ ਫ਼ੌਜੀ ਅਧਿਕਾਰੀ ਨੂੰ ਕੋਈ ਰਾਹਤ ਨਹੀਂ ਦਿੱਤੀ। ਸਰਬਉੱਚ ਅਦਾਲਤ ਨੇ ਅਧਿਕਾਰੀ ਦੀ ਬਰਖ਼ਾਸਤਗੀ ’ਤੇ ਮੋਹਰ ਲਗਾਉਂਣ ਵਾਲੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਮੁੱਖ ਜੱਜ ਜਸਟਿਸ ਸੂਰੀਆਕਾਂਤ ਅਤੇ ਜਸਟਿਸ ਜਾਇਮਾਲਿਆ ਬਾਗਚੀ ਨੇ ਅਪੀਲਕਰਤਾ ਫ਼ੌਜੀ ਅਧਿਕਾਰੀ ਸੈਮੂਅਲ ਕਮਲੇਸਨ ਦੇ ਕਾਰਜ ਨੂੰ ਗੰਭੀਰ ਅਨੁਸ਼ਾਸਨਹੀਣਤਾ ਮੰਨਿਆ ਅਤੇ ਕਿਹਾ ਕਿ ਉਹ ਫ਼ੌਜ ਵਿਚ ਰਹਿਣ ਦੇ ਲਾਇਕ ਨਹੀਂ ਹੈ। ਅਦਾਲਤ ਨੇ ਕਿਹਾ ਕਿ ਅਧਿਕਾਰੀ ਨੇ ਆਪਣੀ ਧਾਰਮਿਕ ਮਾਨਤਾ ਨੂੰ ਸੀਨੀਅਰ ਅਧਿਕਾਰੀ ਦੇ ਫ਼ਰਜ਼ ਤੋਂ ਵੀ ਉੱਪਰ ਰੱਖਿਆ ਜੋ ਕਿ "ਸਪਸ਼ਟ ਤੌਰ ’ਤੇ ਅਨੁਸ਼ਾਸਨਹੀਣਤਾ ਦਾ ਕਾਰਜ" ਸੀ। ਇਸ ਫ਼ੌਜੀ ਅਧਿਕਾਰੀ ਨੂੰ ਤਾਇਨਾਤੀ ਸਥਾਨ ’ਤੇ ਬਣੇ ਮੰਦਰ ਦੇ ਗਰਭ-ਗ੍ਰਹਿ ਵਿਚ ਜਾ ਕੇ ਰੈਜੀਮੈਂਟ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ’ਤੇ ਬਰਖ਼ਾਸਤ ਕੀਤਾ ਗਿਆ ਸੀ। ਸੈਮੂਅਲ ਨੇ ਆਪਣੇ ਈਸਾਈ ਧਰਮ ਦਾ ਹਵਾਲਾ ਦਿੰਦੇ ਹੋਏ ਮੰਦਰ ਦੀਆਂ ਧਾਰਮਿਕ ਗਤੀਵਿਧੀਆਂ ਵਿਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਨੂੰ ਅਨੁਸ਼ਾਸਨਹੀਣਤਾ ਮੰਨਿਆ ਗਿਆ। ਕਮਲੇਸਨ ਨੂੰ 2021 ਵਿਚ ਬਰਖ਼ਾਸਤ ਕੀਤਾ ਗਿਆ ਸੀ। ਉਸ ਨੇ 2017 ਵਿਚ ਕਮਿਸ਼ਨ ਪ੍ਰਾਪਤ ਕੀਤਾ ਸੀ ਅਤੇ ਉਹ ਤਿੰਨ ਕੈਵਲਰੀ ਦੀ ਇਕ ਸਿੱਖ ਸਕਵਾਡਰਨ ਵਿਚ ਤਾਇਨਾਤ ਸੀ।
ਕਮਲੇਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਇਹ ਵਿਰੋਧ ਨਾ ਸਿਰਫ਼ ਉਨ੍ਹਾਂ ਦੇ ਈਸਾਈ ਵਿਸ਼ਵਾਸ ਪ੍ਰਤੀ ਆਦਰ ਦਾ ਪ੍ਰਤੀਕ ਸੀ ਸਗੋਂ ਹੋਰ ਸੈਨਿਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਸਨਮਾਨ ਸੀ ਤਾਂ ਜੋ ਉਨ੍ਹਾਂ ਦੇ ਅਨੁਸ਼ਠਾਨਾਂ ਵਿਚ ਹਿੱਸਾ ਲੈਣ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਲੱਗੇ। ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਉਨ੍ਹਾਂ ਦੇ ਸੈਨਿਕਾਂ ਨੂੰ ਇਸ ’ਤੇ ਕੋਈ ਇਤਰਾਜ਼ ਨਹੀਂ ਸੀ ਅਤੇ ਨਾ ਹੀ ਇਸ ਨਾਲ ਉਨ੍ਹਾਂ ਦੇ ਨਾਲ ਮਜ਼ਬੂਤ ਰਿਸ਼ਤਿਆਂ 'ਤੇ ਕੋਈ ਅਸਰ ਪਿਆ। ਹਾਲਾਂਕਿ ਅਦਾਲਤ ਵਿਚ ਉਨ੍ਹਾਂ ਦੀਆਂ ਇਹ ਦਲੀਲਾਂ ਕਿਤੇ ਵੀ ਟਿਕ ਨਹੀਂ ਸਕੀਆਂ। ਇਸ ਵਿਚ ਕੋਈ ਸੰਦੇਹ ਨਹੀਂ ਕਿ ਕਮਲੇਸਨ ਦਾ ਨਜ਼ਰੀਆ ਰੈਜੀਮੈਂਟ ਦੇ ਮਾਹੌਲ ਨੂੰ ਖ਼ਰਾਬ ਕਰਨ ਵਾਲਾ ਸੀ। ਇਸ ਨਾਲ ਯੂਨਿਟ ਦੀ ਏਕਤਾ ਅਤੇ ਸੈਨਿਕਾਂ ਦੇ ਮਨੋਬਲ 'ਤੇ ਵੀ ਅਸਰ ਪੈ ਸਕਦਾ ਸੀ। ਇਸ ਲਈ, ਉਨ੍ਹਾਂ ਦੀ ਬਰਖ਼ਾਸਤਗੀ ਬਿਲਕੁਲ ਤਰਕਸੰਗਤ ਹੈ। ਸੁਪਰੀਮ ਕੋਰਟ ਨੇ ਵੀ ਕਮਲੇਸਨ ਨੂੰ ਲੰਮੇ ਹੱਥੀਂ ਲਿਆ ਕਿ, "ਉਹ ਕਿਸ ਤਰ੍ਹਾਂ ਦਾ ਸੁਨੇਹਾ ਭੇਜ ਰਹੇ ਹਨ? ਇਕ ਫ਼ੌਜੀ ਅਧਿਕਾਰੀ ਦੁਆਰਾ ਗੰਭੀਰ ਅਨੁਸ਼ਾਸਨਹੀਣਤਾ। ਉਹ ਇਕ ਸ਼ਾਨਦਾਰ ਅਧਿਕਾਰੀ ਹੋ ਸਕਦੇ ਹਨ ਪਰ ਭਾਰਤੀ ਫ਼ੌਜ ਲਈ ਅਯੋਗ ਹਨ।" ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤੀ ਫ਼ੌਜ ਆਪਣੀਆਂ ਕਦਰਾਂ-ਕੀਮਤਾਂ, ਨੈਤਿਕਤਾ ਅਤੇ ਪਰੰਪਰਾਵਾਂ ਦੁਆਰਾ ਪਰਿਭਾਸ਼ਤ ਹੁੰਦੀ ਹੈ। ਫ਼ੌਜ ਭਾਵੇਂ ਹੀ ਵੰਨ-ਸੁਵੰਨਤਾ ਨਾਲ ਭਰਪੂਰ ਇਕ ਵੱਡਾ ਸੰਗਠਨ ਹੋਵੇ ਪਰ ਯੂਨਿਟਾਂ ਹੀ ਉਸ ਦਾ ਉਹ ਮੂਲ ਆਧਾਰ ਹਨ ਜਿਨ੍ਹਾਂ ਨੂੰ ਉਸ ਦੀ ਆਤਮਾ ਕਿਹਾ ਜਾਂਦਾ ਹੈ। ਕੁਝ ਯੂਨਿਟਾਂ ਕਿਸੇ ਵਰਗ ਜਾਂ ਭਾਈਚਾਰੇ ’ਤੇ ਆਧਾਰਤ ਹੁੰਦੀਆਂ ਹਨ ਜਿਵੇਂ ਕਿ ਸਿੱਖ, ਜਾਟ, ਰਾਜਪੂਤ, ਡੋਗਰਾ ਅਤੇ ਗੋਰਖਾ ਰੈਜੀਮੈਂਟ। ਇਹ ਆਪਣੇ ਸੈਨਿਕਾਂ ਦੇ ਪੂਜਾ ਅਸਥਾਨਾਂ ਦੇ ਨਾਲ ਹੀ ਉਨ੍ਹਾਂ ਦੀਆਂ ਮਾਨਤਾਵਾਂ ਦਾ ਵੀ ਧਿਆਨ ਰੱਖਦੀਆਂ ਹਨ।
ਅੱਜ ਆਰਮਰਡ ਕੋਰ ਵਿਚ ਨਿਸ਼ਚਤ ਵਰਗ ਸੰਰਚਨਾ ਵਾਲੀਆਂ ਰੈਜੀਮੈਂਟਾਂ ਅਤੇ ਮਿਲੀ-ਜੁਲੀ ਵਰਗ ਸੰਰਚਨਾ ਵਾਲੀਆਂ ਰੈਜੀਮੈਂਟਾਂ ਦਾ ਇਕ ਸੰਤੁਲਿਤ ਮਿਸ਼ਰਨ ਵੀ ਦੇਖਣ ਨੂੰ ਮਿਲਦਾ ਹੈ। ਇਸ ਰਾਹੀਂ ਇਕ-ਦੂਜੇ ਤੋਂ ਸਿੱਖਣ ਦਾ ਜੋ ਲਾਭ ਮਿਲਦਾ ਹੈ, ਉਹ ਕਾਰਜ ਸੰਚਾਲਨ ਵਿਚ ਵੀ ਉਪਯੋਗੀ ਸਾਬਿਤ ਹੁੰਦਾ ਹੈ।
ਹਥਿਆਰਬੰਦ ਬਲਾਂ ਵਿਚ ਧਰਮ ਨਾਲ ਜੁੜਨਾ ਇਕ ਕੜੀ ਦੇ ਤੌਰ ’ਤੇ ਹੁੰਦਾ ਹੈ। ਵੇਖਿਆ ਜਾਵੇ ਤਾਂ ਸਾਰੀਆਂ ਫ਼ੌਜੀ ਯੂਨਿਟਾਂ ਦਾ ਮੁੱਖ ਕੰਮ ਰੱਖਿਆ ਤਿਆਰੀ ਅਤੇ ਸ਼ਾਂਤੀਕਾਲ ਵਿਚ ਉਸ ਲਈ ਤਿਆਰੀ ਅਤੇ ਸਿਖਲਾਈ ਹੈ। ਯੁੱਧ ਦੌਰਾਨ ਸਥਿਤੀਆਂ ਤਣਾਅਪੂਰਨ ਹੁੰਦੀਆਂ ਹਨ। ਅਜਿਹੇ ਵਿਚ ਸੈਨਿਕਾਂ ਦੀ ਧਾਰਮਿਕ ਆਸਥਾ ਅਤੇ ਵਿਸ਼ਵਾਸ ਉਨ੍ਹਾਂ ਨੂੰ ਉਲਟ ਹਾਲਾਤ ਵਿਚ ਦਬਾਅ ਤੋਂ ਉੱਭਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਯੂਨਿਟ ਦੇ ਯੁੱਧ-ਘੋਸ਼ (ਵਾਰ ਕ੍ਰਾਈ) ਵਿਚ ਵੀ ਇਹ ਭਾਵਨਾਵਾਂ ਪ੍ਰਗਟ ਹੁੰਦੀਆਂ ਹਨ। ਅਜਿਹਾ ਵਿਸ਼ਵਾਸ ਭਾਈਚਾਰੇ ਦੀ ਭਾਵਨਾ ਨੂੰ ਵੀ ਵਧਾਉਂਦਾ ਹੈ। ਸੇਵਾ ਚੋਣ ਬੋਰਡ ਯਾਨੀ ਐੱਸਐੱਸਬੀ ਕਿਸੇ ਵਿਅਕਤੀ ਨੂੰ ਬਹੁਤ ਜਾਂਚਣ-ਪਰਖਣ ਤੋਂ ਬਾਅਦ ਫ਼ੌਜੀ ਅਧਿਕਾਰੀ ਦੇ ਤੌਰ 'ਤੇ ਸਿਖਲਾਈ ਦੇਣ ਦੇ ਯੋਗ ਮੰਨਦਾ ਹੈ ਪਰ ਅਜਿਹਾ ਲੱਗਦਾ ਹੈ ਕਿ ਕਮਲੇਸਨ ਦੇ ਮਾਮਲੇ ਵਿਚ ਉਨ੍ਹਾਂ ਦੀ ਧਾਰਮਿਕ ਮੰਦਭਾਵਨਾ ਅਣਡਿੱਠ ਹੀ ਰਹਿ ਗਈ। ਵੈਸੇ ਤਾਂ ਫ਼ੌਜ ਵਿਚ ਸਾਰੇ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਆਪਣੀ ਆਸਥਾ ਅਤੇ ਧਰਮ ਦੇ ਪਾਲਣ ਦੀ ਆਜ਼ਾਦੀ ਹੈ ਪਰ ਜਨਤਕ ਤੌਰ 'ਤੇ ਉਹ ਉਨ੍ਹਾਂ ਦੇ ਧਰਮ ਨੂੰ ਅਪਣਾਉਂਦੇ ਹਨ ਜਿਨ੍ਹਾਂ ਦੀ ਕਮਾਨ ਉਨ੍ਹਾਂ ਦੇ ਹੱਥਾਂ ਵਿਚ ਹੁੰਦੀ ਹੈ। ਇਹੀ ਪਰੰਪਰਾਵਾਂ ਅਧਿਕਾਰੀਆਂ ਨੂੰ ਨਿੱਜੀ ਆਸਥਾ ਤੋਂ ਹਟ ਕੇ ਸੈਨਿਕਾਂ ਦੇ ਵੱਖ-ਵੱਖ ਧਾਰਮਿਕ ਅਨੁਸ਼ਠਾਨਾਂ ਵਿਚ ਹੱਸਾ ਲੈਣ ਅਤੇ ਉਨ੍ਹਾਂ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੀਆਂ ਹਨ। ਮੇਰੀ ਆਪਣੀ ਰੈਜੀਮੈਂਟ ਵਿਚ ਜਾਟਾਂ, ਮੁਸਲਮਾਨਾਂ ਅਤੇ ਰਾਜਪੂਤਾਂ ਦੀ ਵਰਗ ਸੰਰਚਨਾ ਸੀ ਅਤੇ ਸਾਰੇ ਅਧਿਕਾਰੀ ਅਤੇ ਜੇਸੀਓ ਸਾਰੇ ਧਾਰਮਿਕ ਸਮਾਰੋਹਾਂ ਵਿਚ ਹਿੱਸਾ ਲੈਂਦੇ ਸਨ। ਉਹ ਮੰਦਰ ਅਤੇ ਮਸਜਿਦ, ਦੋਹਾਂ ਨਾਲ ਜੁੜੇ ਆਯੋਜਨਾਂ ਵਿਚ ਹਾਜ਼ਰ ਰਹਿੰਦੇ ਸਨ। ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰ ਨੂੰ ਅਜਿਹੀਆਂ ਸਥਿਤੀਆਂ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਵਿਅਕਤੀ ਦੇ ਧਾਰਮਿਕ ਅਧਿਕਾਰ ਦੀ ਵਿਆਖਿਆ ਦੀ ਇੱਥੇ ਉਲੰਘਣਾ ਨਹੀਂ ਹੁੰਦੀ। ਦਰਅਸਲ, ਫ਼ੌਜ ਵਿਚ ਧਰਮ ਨੂੰ ਇਕਜੁੱਟ ਕਰਨ ਵਾਲੇ ਇਕ ਕਾਰਕ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਭਾਈਚਾਰਿਆਂ ਨੂੰ ਪਾਟੋਧਾੜ ਨਹੀਂ ਕਰ ਸਕਦਾ। ਰੈਜੀਮੈਂਟ ਦੇ ਪੂਜਾ ਸਥਾਨ ਇਕ ਭਾਵਨਾ ਦਾ ਪੋਸ਼ਣ ਕਰਦੇ ਹਨ ਅਤੇ ਪਛਾਣ, ਪਰੰਪਰਾਵਾਂ, ਮਨੋਬਲ ਅਤੇ ਸਾਂਝੇ ਉਦੇਸ਼ ਦੇ ਪ੍ਰਤੀਕ ਹੁੰਦੇ ਹਨ। ਉਹ ਸਿਰਫ਼ ਪੂਜਾ ਦੇ ਹੀ ਮਾਧਿਅਮ ਨਹੀਂ, ਸਗੋਂ ਏਕਤਾ ਦੀ ਭਾਵਨਾ ਦੇ ਪੋਸ਼ਕ ਵੀ ਹੁੰਦੇ ਹਨ। ਲੈਫਟੀਨੈਂਟ ਜਨਰਲ ਅਤਾ ਹਸਨੈਨ ਦੇ ਸ਼ਬਦਾਂ ਵਿਚ ਕਹੀਏ ਤਾਂ "ਵਰਦੀ ਵਿਚ ਨਿੱਜੀ ਵਿਸ਼ਵਾਸ ਨੂੰ ਸੰਸਥਾਗਤ ਕਰਤੱਵ ਉੱਤੇ ਭਾਰੂ ਨਹੀਂ ਪੈਣ ਦਿੱਤਾ ਜਾ ਸਕਦਾ।"
ਭਾਰਤੀ ਫ਼ੌਜ ਦੀ ਬਣਤਰ ਅਤੇ ਕਾਰਜ ਸੰਚਾਲਨ ਪੂਰੀ ਤਰ੍ਹਾਂ ਧਰਮ-ਨਿਰਪੱਖ ਹੈ। ਕਿਸੇ ਅਧਿਕਾਰੀ ਦੀ ਆਪਣੀ ਚਾਹੇ ਜੋ ਵੀ ਆਸਥਾ ਹੋਵੇ ਪਰ ਉਹ ਆਪਣੇ ਸਾਥੀ ਸੈਨਿਕਾਂ ਦੇ ਧਰਮ, ਸੰਸਕ੍ਰਿਤੀ ਅਤੇ ਪਰੰਪਰਾਵਾਂ ਦਾ ਸਨਮਾਨ ਕਰਦਾ ਹੀ ਹੈ। ਜੋ ਅਧਿਕਾਰੀ ਆਪਣੇ ਅਧੀਨ ਕਰਮਚਾਰੀਆਂ ਦੀ ਆਸਥਾ, ਵਿਸ਼ਵਾਸ ਅਤੇ ਅਨੁਸ਼ਠਾਨਾਂ ਦਾ ਅਪਮਾਨ ਕਰੇ, ਉਹ ਨਾ ਤਾਂ ਆਪਣੇ ਅਹੁਦੇ ’ਤੇ ਬਣੇ ਰਹਿਣ ਦੇ ਯੋਗ ਹੈ ਅਤੇ ਨਾ ਹੀ ਉਸ ਯੂਨਿਟ ਵਿਚ ਸੇਵਾਵਾਂ ਦੇਣ ਦੇ ਕਾਬਲ ਹੈ। ਕਿਸੇ ਅਧਿਕਾਰੀ ਦਾ ਆਪਣੇ ਸੈਨਿਕਾਂ ਦੇ ਧਾਰਮਿਕ ਆਯੋਜਨਾਂ ਤੋਂ ਦੂਰ ਰਹਿਣਾ ਨਾ ਸਿਰਫ਼ ਉਨ੍ਹਾਂ ਦੇ ਮਨੋਬਲ ਨੂੰ ਤੋੜਦਾ ਹੈ ਸਗੋਂ ਸਮੂਹਿਕਤਾ ਦੀ ਉਸ ਭਾਵਨਾ ਦਾ ਵਿਰੋਧ ਵੀ ਕਰਦਾ ਹੈ ਜੋ ਫ਼ੌਜ ਦੀ ਆਤਮਾ ਦਾ ਆਧਾਰ ਹੈ। ਇਹ ਕੁਝ ਹੋਰ ਨਹੀਂ ਸਗੋਂ ਫ਼ਰਜ਼ਾਂ ਤੋਂ ਮੂੰਹ ਮੋੜਨਾ ਹੀ ਹੈ, ਜਿਸ ਨਾਲ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ। ਜਸਟਿਸ ਸੂਰੀਆਕਾਂਤ ਅਤੇ ਜਸਟਿਸ ਬਾਗਚੀ ਨੇ ਵੀ ਆਪਣੇ ਫ਼ੈਸਲੇ ਅਤੇ ਨਜ਼ਰੀਏ ਵਿਚ ਇਨ੍ਹਾਂ ਪਹਿਲੂਆਂ ਨੂੰ ਪ੍ਰਮੁੱਖਤਾ ਦਿੱਤੀ ਹੈ। ਇਕ ਅਧਿਕਾਰੀ ਲਈ ਸੈਨਿਕਾਂ ਦਾ ਧਰਮ ਸਭ ਤੋਂ ਉੱਚਾ ਹੁੰਦਾ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਫ਼ੌਜ ਦਾ ਆਪਣਾ ਧਰਮ ਹੁੰਦਾ ਹੈ ਅਤੇ ਅਧਿਕਾਰੀ ਯੂਨਿਟ ਦੀ ਪਛਾਣ ਵਿਚ ਢਲ ਜਾਂਦਾ ਹੈ। ਇਸ ਨਜ਼ਰੀਏ ਤੋਂ ਕਮਲੇਸਨ ਨਾਲ ਜੁੜਿਆ ਫ਼ੈਸਲਾ ਇਕ ਉਦਾਹਰਨ ਦਾ ਕੰਮ ਕਰੇਗਾ ਅਤੇ ਹੋਰ ਫ਼ੌਜੀ ਅਫ਼ਸਰਾਂ ਨੂੰ ਕਮਲੇਸਨ ਜਿਹਾ ਵਿਵਹਾਰ ਕਰਨ ਤੋਂ ਰੋਕੇਗਾ। ਅਜਿਹਾ ਹੋਣਾ ਜ਼ਰੂਰੀ ਵੀ ਹੈ ਕਿਉਂਕਿ ਭਾਰਤੀ ਫ਼ੌਜ ਬੇਹੱਦ ਅਨੁਸ਼ਾਸਿਤ ਸੰਗਠਨ ਹੈ। ਉਸ ਵਿਚ ਕਮਲੇਸਨ ਵਰਗੀ ਅਨੁਸ਼ਾਸਨਹੀਣਤਾ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਅਜਿਹਾ ਇਸ ਲਈ ਕਿਉਂਕਿ ਅਫ਼ਸਰਾਂ ਦਾ ਵਤੀਰਾ ਅਧੀਨ ਕਰਮਚਾਰੀਆਂ ਲਈ ਮਿਸਾਲ ਬਣਨਾ ਚਾਹੀਦਾ ਹੈ।
-(ਲੇਖਕ ਸੇਵਾ ਮੁਕਤ ਮੇਜਰ ਜਨਰਲ ਹੈ)।
-response@jagran.com