ਡੋਨਾਲਡ ਟਰੰਪ ਸਿਰਫ਼ ਗ੍ਰੀਨਲੈਂਡ ’ਤੇ ਹੀ ਕਬਜ਼ਾ ਕਰਨ ਲਈ ਉਤਾਵਲੇ ਨਹੀਂ ਦਿਸ ਰਹੇ ਹਨ। ਉਹ ਈਰਾਨ ਵਿਚ ਵੀ ਫ਼ੌਜੀ ਦਖ਼ਲਅੰਦਾਜ਼ੀ ਕਰਨ ਦੇ ਸੰਕੇਤ ਦੇ ਰਹੇ ਹਨ।

ਅੰਤਰਰਾਸ਼ਟਰੀ ਕਾਇਦੇ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਵੈਨੇਜ਼ੁਏਲਾ ’ਤੇ ਅਮਰੀਕਾ ਦੇ ਹਮਲੇ ਅਤੇ ਉੱਥੋਂ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰ ਕੇ ਅਮਰੀਕਾ ਲਿਆਉਣ ਦੀ ਚਰਚਾ ਹਾਲੇ ਖ਼ਤਮ ਵੀ ਨਹੀਂ ਹੋਈ ਸੀ ਕਿ ਡੋਨਾਲਡ ਟਰੰਪ ਨੇ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਗ੍ਰੀਨਲੈਂਡ ਨੂੰ ਹਾਸਲ ਕਰਨ ਦੀਆਂ ਗੱਲਾਂ ਉਨ੍ਹਾਂ ਨੇ ਪਹਿਲਾਂ ਵੀ ਕੀਤੀਆਂ ਸਨ ਪਰ ਉਦੋਂ ਅੰਤਰਰਾਸ਼ਟਰੀ ਭਾਈਚਾਰੇ ਅਤੇ ਖ਼ਾਸ ਤੌਰ ’ਤੇ ਯੂਰਪ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਹਲਕੇ ਵਿਚ ਲਿਆ ਸੀ ਪਰ ਹੁਣ ਉਨ੍ਹਾਂ ਦੀ ਚਿੰਤਾ ਵਧ ਰਹੀ ਹੈ ਕਿਉਂਕਿ ਟਰੰਪ ਡੈਨਮਾਰਕ ਦੇ ਇਸ ਖ਼ੁਦਮੁਖਤਾਰ ਖੇਤਰ ’ਤੇ ਹਰ ਹਾਲਤ ਵਿਚ ਕਬਜ਼ੇ ਦੇ ਇਰਾਦੇ ਜ਼ਾਹਰ ਕਰ ਰਹੇ ਹਨ।
ਇਸ ਕਾਰਨ ਫ਼ੌਜੀ ਸੰਗਠਨ ਨਾਟੋ ਵਿਚ ਸ਼ਾਮਲ ਕੁਝ ਯੂਰਪੀ ਦੇਸ਼ ਆਪਣੇ ਸੈਨਿਕਾਂ ਨੂੰ ਗ੍ਰੀਨਲੈਂਡ ਭੇਜ ਰਹੇ ਹਨ। ਗ੍ਰੀਨਲੈਂਡ ਦੇ ਨਾਲ-ਨਾਲ ਡੈਨਮਾਰਕ ਦੇ ਨੇਤਾਵਾਂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਟਰੰਪ ਦੇ ਇਰਾਦੇ ਪੂਰੇ ਨਹੀਂ ਹੋਣ ਦੇਣਗੇ ਪਰ ਅਮਰੀਕੀ ਰਾਸ਼ਟਰਪਤੀ ਕਿਸੇ ਦੀ ਨਹੀਂ ਸੁਣ ਰਹੇ ਹਨ। ਉਹ ਨਾਟੋ ਦਾ ਅੰਤ ਹੋਣ ਦੀ ਡੈਨਮਾਰਕ ਦੀ ਚੇਤਾਵਨੀ ਦਾ ਮਜ਼ਾਕ ਉਡਾ ਕੇ ਕਹਿ ਰਹੇ ਹਨ ਕਿ ਜੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਡੈਨਮਾਰਕ ਦੀ ਕੋਈ ਕਿਸ਼ਤੀ ਗ੍ਰੀਨਲੈਂਡ ਪੁੱਜੀ ਸੀ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਉਸ ਦਾ ਹੋ ਗਿਆ। ਗ੍ਰੀਨਲੈਂਡ ਦਾ ਖੇਤਰਫਲ ਭਾਰਤ ਦੇ ਖੇਤਰਫਲ ਦਾ ਲਗਪਗ 70 ਪ੍ਰਤੀਸ਼ਤ ਹੈ। ਇਹ ਵਿਸ਼ਵ ਦਾ ਸਭ ਤੋਂ ਵੱਡਾ ਟਾਪੂ ਹੈ।
ਇੱਥੇ ਤੇਲ, ਗੈਸ ਅਤੇ ਦੁਰਲਭ ਖਣਿਜਾਂ ਦੇ ਭੰਡਾਰ ਹਨ। ਇੱਥੋਂ ਦੀ ਬਰਫ਼ ਪਿਘਲਣ ਕਾਰਨ ਇਨ੍ਹਾਂ ਸੋਮਿਆਂ ਦੇ ਦੋਹਨ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਜ਼ਾਹਰ ਹੈ ਕਿ ਇਨ੍ਹਾਂ ’ਤੇ ਟਰੰਪ ਦੀ ਵੀ ਨਜ਼ਰ ਹੈ। ਇਸ ਤੋਂ ਇਲਾਵਾ ਇਸ ਟਾਪੂ ਦੀ ਰੱਖਿਆ ਦੇ ਨੁਕਤੇ-ਨਜ਼ਰ ਨਾਲ ਵੀ ਬਹੁਤ ਅਹਿਮੀਅਤ ਹੈ। ਕਿਉਂਕਿ ਗ੍ਰੀਨਲੈਂਡ ਦੇ ਨਾਲ ਹੀ ਉਸ ਦੇ ਆਸਪਾਸ ਦੀ ਵੀ ਬਰਫ਼ ਪਿਘਲ ਰਹੀ ਹੈ, ਇਸ ਲਈ ਸਮੁੰਦਰੀ ਰਸਤਿਆਂ ਰਾਹੀਂ ਉੱਥੋਂ ਤੱਕ ਰੂਸ ਅਤੇ ਚੀਨ ਦੀ ਪਹੁੰਚ ਆਸਾਨ ਹੋ ਰਹੀ ਹੈ।
ਇਸੇ ਕਾਰਨ ਟਰੰਪ ਕਹਿ ਰਹੇ ਹਨ ਕਿ ਗ੍ਰੀਨਲੈਂਡ ’ਤੇ ਰੂਸ ਤੇ ਚੀਨ ਦੀ ਨਜ਼ਰ ਹੈ। ਹਾਲਾਂਕਿ ਅਤੀਤ ਵਿਚ ਵੀ ਅਮਰੀਕਾ ਦੇ ਰਾਸ਼ਟਰਪਤੀਆਂ ਨੇ ਗ੍ਰੀਨਲੈਂਡ ਨੂੰ ਆਪਣਾ ਹਿੱਸਾ ਬਣਾਉਣ ਦੀਆਂ ਗੱਲਾਂ ਕੀਤੀਆਂ ਸਨ ਪਰ ਉਹ ਕਦੇ ਇਸ ਦਿਸ਼ਾ ਵਿਚ ਅੱਗੇ ਨਹੀਂ ਸਨ ਵਧੇ। ਹਾਂ, ਇਕ ਸਮਝੌਤੇ ਤਹਿਤ 1951 ਵਿਚ ਅਮਰੀਕਾ ਨੇ ਗ੍ਰੀਨਲੈਂਡ ਵਿਚ ਆਪਣਾ ਫ਼ੌਜੀ ਅੱਡਾ ਕਾਇਮ ਕਰ ਲਿਆ ਸੀ। ਇਹ ਹਾਲੇ ਵੀ ਹੈ। ਟਰੰਪ ਦਾ ਤਰਕ ਹੈ ਕਿ ਰੂਸ ਅਤੇ ਚੀਨ ਦੀ ਗ੍ਰੀਨਲੈਂਡ ’ਤੇ ਚੜ੍ਹਤ ਹੋ ਜਾਵੇ, ਇਸ ਤੋਂ ਪਹਿਲਾਂ ਅਮਰੀਕਾ ਨੂੰ ਉਸ ਨੂੰ ਆਪਣਾ ਹਿੱਸਾ ਬਣਾ ਲੈਣਾ ਚਾਹੀਦਾ ਹੈ।
ਰੂਸ ਦਾ ਕਹਿਣਾ ਹੈ ਕਿ ਡੋਨਾਲਡ ਟਰੰਪ ਬੇਵਜ੍ਹਾ ਹੀ ਇਹ ਕਹਿ ਰਹੇ ਹਨ ਕਿ ਉਹ ਗ੍ਰੀਨਲੈਂਡ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਜੋ ਵੀ ਹੋਵੇ, ਅੱਜ ਇਹ ਨਹੀਂ ਕਿਹਾ ਜਾ ਸਕਦਾ ਕਿ ਰੂਸ ਜਾਂ ਫਿਰ ਚੀਨ ਅਮਰੀਕਾ ਨੂੰ ਗ੍ਰੀਨਲੈਂਡ’ਤੇ ਕਬਜ਼ਾ ਕਰਨ ਤੋਂ ਰੋਕ ਸਕਣਗੇ। ਇਸ ਦਾ ਕਾਰਨ ਇਹ ਹੈ ਕਿ ਯੂਰਪੀ ਦੇਸ਼ ਰੂਸ ਦੀ ਮਦਦ ਲੈਣ ਨੂੰ ਤਾਂ ਬਿਲਕੁਲ ਵੀ ਤਿਆਰ ਨਹੀਂ ਹੋਣਗੇ ਕਿਉਂਕਿ ਉਹ ਪਹਿਲਾਂ ਤੋਂ ਹੀ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰਾ ਬਣਿਆ ਹੋਇਆ ਹੈ।
ਯੂਕਰੇਨ ਖ਼ਿਲਾਫ਼ ਰੂਸ ਦੀ ਜੰਗ ਨੇ ਯੂਰਪੀ ਦੇਸ਼ਾਂ ਨੂੰ ਚੱਕਰਾਂ ਵਿਚ ਪਾਇਆ ਹੋਇਆ ਹੈ। ਅਜਿਹੇ ਵਿਚ ਜੇ ਟਰੰਪ ਗ੍ਰੀਨਲੈਂਡ ’ਤੇ ਸੱਚਮੁੱਚ ਕਬਜ਼ਾ ਕਰਨ ਦੀ ਦਿਸ਼ਾ ਵਿਚ ਅੱਗੇ ਵਧੇ ਤਾਂ ਹੈਰਾਨੀ ਨਹੀਂ ਹੋਵੇਗੀ। ਡੈਨਮਾਰਕ ਅਤੇ ਯੂਰਪੀ ਦੇਸ਼ਾਂ ਦੇ ਵਿਰੋਧ ਦੇ ਬਾਵਜੂਦ ਇਕ ਚਿੰਤਾਜਨਕ ਤੱਥ ਇਹ ਹੈ ਕਿ ਅਮਰੀਕਾ ਵਿਚ ਕਈ ਸੰਸਦ ਮੈਂਬਰ ਟਰੰਪ ਦੇ ਇਸ ਵਿਚਾਰ ਨਾਲ ਸਹਿਮਤ ਹਨ ਕਿ ਗ੍ਰੀਨਲੈਂਡ ਨੂੰ ਉਸੇ ਤਰ੍ਹਾਂ ਹੀ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਜਿਵੇਂ ਅਲਾਸਕਾ ਨੂੰ ਬਣਾਇਆ ਗਿਆ ਸੀ। ਕਹਿਣਾ ਮੁਸ਼ਕਲ ਹੈ ਕਿ ਅੱਗੇ ਕੀ ਹਾਲਾਤ ਬਣਨਗੇ ਪਰ ਇਸ ਵਿਚ ਸ਼ੱਕ ਨਹੀਂ ਕਿ ਗ੍ਰੀਨਲੈਂਡ ਨੂੰ ਲੈ ਕੇ ਟਰੰਪ ਦੇ ਵਤੀਰੇ ਨੂੰ ਲੈ ਕੇ ਯੂਰਪ ਦੇ ਨਾਲ-ਨਾਲ ਬਾਕੀ ਵਿਸ਼ਵ ਵੀ ਫ਼ਿਕਰਮੰਦ ਹੈ।
ਟਰੰਪ ਸਿਰਫ਼ ਗ੍ਰੀਨਲੈਂਡ ’ਤੇ ਹੀ ਕਬਜ਼ਾ ਕਰਨ ਲਈ ਉਤਾਵਲੇ ਨਹੀਂ ਦਿਸ ਰਹੇ ਹਨ। ਉਹ ਈਰਾਨ ਵਿਚ ਵੀ ਫ਼ੌਜੀ ਦਖ਼ਲਅੰਦਾਜ਼ੀ ਕਰਨ ਦੇ ਸੰਕੇਤ ਦੇ ਰਹੇ ਹਨ। ਹਾਲਾਂਕਿ ਬੀਤੇ ਦਿਨੀਂ ਉਨ੍ਹਾਂ ਨੇ ਇਹ ਕਿਹਾ ਕਿ ਫ਼ਿਲਹਾਲ ਈਰਾਨ ਵਿਚ ਦਖ਼ਲ ਦੇਣ ਦੀ ਜ਼ਰੂਰਤ ਨਹੀਂ ਪਰ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਕਿ ਈਰਾਨ ਦੀ ਕੱਟੜਪੰਥੀ ਇਸਲਾਮੀ ਸੱਤਾ ਉਨ੍ਹਾਂ ਨੂੰ ਸਵੀਕਾਰ ਨਹੀਂ।
ਦਰਅਸਲ, ਅਮਰੀਕਾ ਨੂੰ ਉਹ ਕੋਈ ਵੀ ਦੇਸ਼ ਰਾਸ ਨਹੀਂ ਆਉਂਦਾ ਜੋ ਉਸ ਦੇ ਇਸ਼ਾਰਿਆਂ ’ਤੇ ਨਾ ਨੱਚੇ। ਅਮਰੀਕਾ ਨੇ ਇਸ ਆਧਾਰ ’ਤੇ ਈਰਾਨ ’ਤੇ ਬਹੁਤ ਜ਼ਿਆਦਾ ਪਾਬੰਦੀਆਂ ਲਾਈਆਂ ਹੋਈਆਂ ਹਨ ਕਿ ਉਹ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਪਾਬੰਦੀਆਂ ਕਾਰਨ ਹੀ ਈਰਾਨ ਆਰਥਿਕ ਸੰਕਟ ਨਾਲ ਘਿਰਿਆ ਅਤੇ ਉਸ ਕਾਰਨ ਉੱਥੇ ਲੋਕ ਸੜਕਾਂ ’ਤੇ ਉਤਰ ਆਏ। ਈਰਾਨੀ ਸੱਤਾ ਆਪਣੇ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਸਖ਼ਤੀ ਨਾਲ ਦਬਾ ਰਹੀ ਹੈ। ਇਸ ਕਾਰਨ ਉੱਥੇ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ।
ਟਰੰਪ ਈਰਾਨ ਦੀ ਉਥਲ-ਪੁਥਲ ਦਾ ਲਾਹਾ ਚੁੱਕਣ ਦੀ ਕੋਸ਼ਿਸ਼ ਵਿਚ ਦਿਖਾਈ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਈਰਾਨ ਦੇ ਲੋਕ ਆਪਣਾ ਵਿਰੋਧ ਜਾਰੀ ਰੱਖਣ। ਈਰਾਨ ਪ੍ਰਤੀ ਟਰੰਪ ਦੇ ਹਮਲਾਵਰ ਰੌਂਅ ’ਤੇ ਰੂਸ ਅਤੇ ਚੀਨ ਤਾਂ ਇਤਰਾਜ਼ ਜ਼ਾਹਰ ਕਰ ਰਹੇ ਹਨ ਪਰ ਯੂਰਪੀ ਦੇਸ਼ ਢਿੱਲਾ-ਮੱਠਾ ਰਵੱਈਆ ਅਪਣਾਈ ਬੈਠੇ ਹਨ। ਟਰੰਪ ਦੀ ਈਰਾਨ ਦੇ ਤੇਲ ਭੰਡਾਰਾਂ ’ਤੇ ਵੀ ਨਜ਼ਰ ਹੈ ਅਤੇ ਉਹ ਇਹ ਨਹੀਂ ਚਾਹੁੰਦੇ ਕਿ ਉਹ ਆਪਣਾ ਤੇਲ ਵਪਾਰ ਡਾਲਰ ਤੋਂ ਇਲਾਵਾ ਹੋਰ ਕਰੰਸੀਆਂ ਵਿਚ ਕਰੇ ਅਤੇ ਇਸ ਤਰ੍ਹਾਂ ਡਾਲਰ ਦੀ ਚੜ੍ਹਤ ਨੂੰ ਚੁਣੌਤੀ ਦੇਵੇ।
ਇਸ ਕਾਰਨ ਖ਼ਦਸ਼ਾ ਇਹੀ ਹੈ ਕਿ ਟਰੰਪ ਮੌਕਾ ਦੇ•ਖ ਕੇ ਈਰਾਨ ਵਿਚ ਲੋਕਤੰਤਰ ਦੀ ਬਹਾਲੀ ਦੀ ਆੜ ਵਿਚ ਉੱਥੇ ਤਖ਼ਤਾਪਲਟ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਵਿਚ ਈਰਾਨ ਦੇ ਆਖ਼ਰੀ ਸ਼ਾਹ ਦੇ ਬੇਟੇ ਰਜਾ ਪਹਿਲਵੀ ਮਦਦਗਾਰ ਹੋ ਸਕਦੇ ਹਨ ਜੋ ਜਲਾਵਤਨ ਹੋ ਕੇ ਅਮਰੀਕਾ ਵਿਚ ਰਹਿ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਈਰਾਨ ਪਰਤਣਗੇ। ਜੇ ਟਰੰਪ ਨੇ ਈਰਾਨ ਵਿਚ ਦਖ਼ਲਅੰਦਾਜ਼ੀ ਕੀਤੀ ਤਾਂ ਇਹ ਦੇਸ਼ ਉਸੇ ਤਰ੍ਹਾਂ ਦੀ ਅਰਾਜਕਤਾ ਵਿਚ ਘਿਰ ਸਕਦਾ ਹੈ, ਜਿਵੇਂ ਇਰਾਕ ਘਿਰ ਗਿਆ ਸੀ। ਧਿਆਨ ਰਹੇ ਕਿ ਇਰਾਕ ਨੂੰ ਵੀ ਅਮਰੀਕਾ ਨੇ ਮੂਲ ਰੂਪ ਵਿਚ ਉਸ ਦੇ ਤੇਲ ਭੰਡਾਰਾਂ ਕਾਰਨ ਹੀ ਨਿਸ਼ਾਨਾ ਬਣਾਇਆ ਸੀ।
ਅਮਰੀਕੀ ਰਾਸ਼ਟਰਪਤੀ ਈਰਾਨ ਦੇ ਨਾਲ-ਨਾਲ ਉਸ ਦੇ ਸਹਿਯੋਗੀਆਂ ਦਾ ਵੀ ਸੰਕਟ ਹੀ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਦੇਸ਼ ਉਸ ਨਾਲ ਵਪਾਰ ਕਰਨਗੇ, ਉਨ੍ਹਾਂ ’ਤੇ 25 ਫ਼ੀਸਦੀ ਟੈਰਿਫ ਲਗਾਇਆ ਜਾਵੇਗਾ। ਈਰਾਨ ਨਾਲ ਵਪਾਰ ਕਰਨ ਵਾਲੇ ਪ੍ਰਮੁੱਖ ਦੇਸ਼ਾਂ ਵਿਚ ਚੀਨ, ਰੂਸ, ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਹਨ। ਸਾਫ਼ ਹੈ ਕਿ ਟਰੰਪ ਦੇ ਵਤੀਰੇ ਕਾਰਨ ਭਾਰਤ ਦੀ ਸਮੱਸਿਆ ਵੀ ਵਧਣ ਵਾਲੀ ਹੈ।
ਕਿਉਂਕਿ ਈਰਾਨ ਵਿਚ ਸਮਾਜਿਕ ਅਸੰਤੁਸ਼ਟੀ ਕਾਰਨ ਅਸਥਿਰਤਾ ਦਾ ਬੋਲਬਾਲਾ ਹੈ, ਇਸ ਲਈ ਟਰੰਪ ਸਿੱਧਾ ਨਾ ਸਹੀ, ਅਸਿੱਧਾ ਦਖ਼ਲ ਦੇ ਸਕਦੇ ਹਨ-ਠੀਕ ਉਸੇ ਤਰ੍ਹਾਂ ਜਿਵੇ ਬੰਗਲਾਦੇਸ਼ ਵਿਚ ਸ਼ੇਖ਼ ਹਸੀਨਾ ਵਿਰੁੱਧ ਜੋ ਅੰਦੋਲਨ ਚੱਲਿਆ ਸੀ, ਉਸ ਦੇ ਪਿੱਛੇ ਪੱਛਮੀ ਤਾਕਤਾਂ ਦਾ ਹੱਥ ਸੀ। ਈਰਾਨ ਦੇ ਮਾਮਲੇ ਵਿਚ ਤਾਂ ਇਹ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ ਕਿ ਅਮਰੀਕਾ ਉੱਥੇ ਬਦਅਮਨੀ ਫੈਲਾਈ ਜਾ ਰਿਹਾ ਹੈ।
ਪਤਾ ਨਹੀਂ ਟਰੰਪ ਦੇ ਮਨ ਵਿਚ ਕੀ ਹੈ, ਪਰ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਅਮਰੀਕਾ ਨੇ ਜਿਨ੍ਹਾਂ ਵੀ ਦੇਸ਼ਾਂ ਵਿਚ ਛਲ-ਕਪਟ ਅਤੇ ਤਾਕਤ ਨਾਲ ਸੱਤਾ ਪਰਿਵਰਤਨ ਕਰਵਾਇਆ, ਉਹ ਅਸਥਿਰਤਾ ਤੋਂ ਗ੍ਰਸਤ ਹੋਏ। ਡੋਨਾਲਡ ਟਰੰਪ ਦੀ ਮਨਮਾਨੀ ਇਸ ਲਈ ਵੀ ਵਧਦੀ ਹੀ ਜਾ ਰਹੀ ਹੈ ਕਿਉਂਕਿ ਵਿਸ਼ਵ ਦੇ ਪ੍ਰਮੁੱਖ ਦੇਸ਼ ਅਮਰੀਕਾ ਨੂੰ ਸਿੱਧੀ ਚੁਣੌਤੀ ਦੇ ਸਕਣ ਵਿਚ ਸਮਰੱਥ ਨਹੀਂ ਹਨ ਅਤੇ ਸੰਯੁਕਤ ਰਾਸ਼ਟਰ ਬਿਲਕੁਲ ਲਾਚਾਰ ਹੈ। ਅਜਿਹੇ ਵਿਚ ਆਉਣ ਵਾਲੇ ਸਮੇਂ ਵਿਚ ਟਰੰਪ ਕਾਰਨ ਵਿਸ਼ਵ ਵਿਚ ਅਸਥਿਰਤਾ ਫੈਲ ਜਾਵੇ ਤਾਂ ਹੈਰਾਨੀ ਨਹੀਂ ਹੋਵੇਗੀ।
-ਸੰਜੇ ਗੁਪਤ