ਕੋਵਿਡ-19 ਦੇ ਨਵੇਂ ਮਾਮਲਿਆਂ ’ਚ ਅਚਾਨਕ ਤੇਜ਼ੀ ਨਾਲ ਵਾਧਾ ਹੋਣ ਲੱਗ ਪਿਆ ਹੈ। ਜੂਨ ਮਹੀਨੇ ਦੇ ਪਹਿਲੇ 16 ਦਿਨਾਂ ਦੌਰਾਨ ਇਸ ਮਹਾਮਾਰੀ ਦੇ ਨਵੇਂ ਕੇਸਾਂ ’ਚ ਛੇ-ਗੁਣਾ ਵਾਧਾ ਦਰਜ ਕੀਤਾ ਗਿਆ ਜੋ ਆਪਣੇ-ਆਪ ’ਚ ਹੀ ਖ਼ਤਰੇ ਦੀ ਇਕ ਵੱਡੀ ਘੰਟੀ ਹੈ। ਵੈਕਸੀਨ ਲੱਗੀ ਹੋਣ ਦੇ ਬਾਵਜੂਦ ਸਾਨੂੰ ਮਾਸਕ ਪਹਿਨਣ, ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣ ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਹੱਥ ਧੋਂਦੇ ਰਹਿਣ ਜਿਹੀਆਂ ਓਨੀਆਂ ਹੀ ਸਾਵਧਾਨੀਆਂ ਰੱਖਣ ਦੀ ਲੋੜ ਹੈ,
ਕੋਵਿਡ-19 ਦੇ ਨਵੇਂ ਮਾਮਲਿਆਂ ’ਚ ਅਚਾਨਕ ਤੇਜ਼ੀ ਨਾਲ ਵਾਧਾ ਹੋਣ ਲੱਗ ਪਿਆ ਹੈ। ਜੂਨ ਮਹੀਨੇ ਦੇ ਪਹਿਲੇ 16 ਦਿਨਾਂ ਦੌਰਾਨ ਇਸ ਮਹਾਮਾਰੀ ਦੇ ਨਵੇਂ ਕੇਸਾਂ ’ਚ ਛੇ-ਗੁਣਾ ਵਾਧਾ ਦਰਜ ਕੀਤਾ ਗਿਆ ਜੋ ਆਪਣੇ-ਆਪ ’ਚ ਹੀ ਖ਼ਤਰੇ ਦੀ ਇਕ ਵੱਡੀ ਘੰਟੀ ਹੈ। ਵੈਕਸੀਨ ਲੱਗੀ ਹੋਣ ਦੇ ਬਾਵਜੂਦ ਸਾਨੂੰ ਮਾਸਕ ਪਹਿਨਣ, ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣ ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਹੱਥ ਧੋਂਦੇ ਰਹਿਣ ਜਿਹੀਆਂ ਓਨੀਆਂ ਹੀ ਸਾਵਧਾਨੀਆਂ ਰੱਖਣ ਦੀ ਲੋੜ ਹੈ, ਜਿੰਨੀਆਂ ਇਸ ਵਾਇਰਸ ਦੀਆਂ ਪਹਿਲੀਆਂ ਲਹਿਰਾਂ ਦੌਰਾਨ ਰੱਖੀਆਂ ਗਈਆਂ ਸਨ। ਇਕੱਲੇ ਦਿੱਲੀ ’ਚ ਹੀ ਪਿਛਲੇ 10 ਦਿਨਾਂ ਦੌਰਾਨ ਸੱਤ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਗਏ ਹਨ। ਸਮੁੱਚੇ ਦੇਸ਼ ’ਚ 24 ਘੰਟਿਆਂ ਬਾਅਦ ਨਵੇਂ ਮਾਮਲਿਆਂ ਦੀ ਗਿਣਤੀ 12,000 ਤੋਂ ਵੀ ਜ਼ਿਆਦਾ ਹੋ ਗਈ ਹੈ ਜੋ ਪਿਛਲੇ ਦਿਨ ਦੇ ਮੁਕਾਬਲੇ 40 ਫ਼ੀਸਦੀ ਵੱਧ ਹੈ।
ਇਸ ਮਾਮਲੇ ਦਾ ਇਕ ਹਾਂ-ਪੱਖੀ ਪੱਖ ਇਹ ਵੀ ਹੈ ਕਿ ਭਾਰਤ ’ਚ 98.65 ਫ਼ੀਸਦੀ ਮਰੀਜ਼ ਠੀਕ ਹੋਏ ਹਨ। ਅਜੇ 24 ਘੰਟਿਆਂ ’ਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 11 ਹੈ ਪਰ ਜੇ ਪੀੜਤਾਂ ਦੀ ਗਿਣਤੀ ਇੰਜ ਹੀ ਵਧਦੀ ਰਹੀ ਤਾਂ ਹੋਰ ਵਧੇਰੇ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਹੜੇ ਮਰੀਜ਼ ਪਹਿਲਾਂ ਹੀ ਕਿਸੇ ਹੋਰ ਬਿਮਾਰੀਆਂ ਨਾਲ ਜੂਝ ਰਹੇ ਹਨ, ਉਹ ਹਰ ਸੰਭਵ ਹੱਦ ਤਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਅਜਿਹਾ ਪਰਹੇਜ਼ ਗਰਭਵਤੀਆਂ ਤੇ ਨਿੱਕੇ ਬੱਚਿਆਂ ਲਈ ਵੀ ਰੱਖਣ ਦੀ ਜ਼ਰੂਰਤ ਹੈ। ਓਧਰ ਸਰਕਾਰੀ ਰਿਪੋਰਟਾਂ ਅਨੁਸਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਕੋਵਿਡ-19 ਦੀ ਵੈਕਸੀਨ ਦੀਆਂ 13.28 ਕਰੋੜ ਖ਼ੁਰਾਕਾਂ ਅਣ-ਵਰਤੀਆਂ ਪਈਆਂ ਹਨ। ਇਹ ਹੋਰ ਵੀ ਵੱਡੀ ਚਿੰਤਾ ਵਾਲੀ ਗੱਲ ਹੈ। ਜਿਹੜੇ ਵਿਅਕਤੀਆਂ ਦੇ ਹਾਲੇ ਤਕ ਵੈਕਸੀਨ ਨਹੀਂ ਲੱਗੀ, ਉਹ ਨਾ ਸਿਰਫ਼ ਖ਼ੁਦ ਖ਼ਤਰੇ ’ਚ ਹਨ, ਸਗੋਂ ਹੋਰਨਾਂ ਲਈ ਵੀ ਜਾਨ ਦਾ ਖੌਅ ਬਣ ਸਕਦੇ ਹਨ। ਸਬੰਧਤ ਸਰਕਾਰਾਂ ਨੂੰ ਉਨ੍ਹਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦਾ ਤੁਰੰਤ ਟੀਕਾਕਰਨ ਕਰਨਾ ਚਾਹੀਦਾ ਹੈ। ਹੁਣ ਤਾਂ ਅਮਰੀਕਾ ਦੇ ‘ਖ਼ੁਰਾਕ ਤੇ ਦਵਾ ਪ੍ਰਸ਼ਾਸਨ’ ਨੇ ਵੀ ਸਰਬਸੰਮਤੀ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਵੀ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਹੈ।
ਕੋਵਿਡ-19 ਵਾਇਰਸ ਨੂੰ ਪਰਹੇਜ਼ ਤੇ ਟੀਕਾਕਰਨ ਰਾਹੀਂ ਹੀ ਨੱਪਿਆ ਜਾ ਸਕਦਾ ਹੈ। ਅਜਿਹਾ ਕਰਨਾ ਅਤਿ ਜ਼ਰੂਰੀ ਹੈ ਕਿਉਂਕਿ ਭੀੜ-ਭੜੱਕਿਆਂ ਨਾਲ ਭਰਪੂਰ ਇਸ ਆਧੁਨਿਕ ਯੁੱਗ ਵਿਚ ਇਕ ਹੋਰ ਮਹਾਮਾਰੀ ਨੇ ਦਸਤਕ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਕਿ ਇਹ ਨਵਾਂ ਰੋਗ ਸਾਨੂੰ ਆ ਕੇ ਘੇਰ ਲਵੇ, ਉਸ ਤੋਂ ਪਹਿਲਾਂ ਪੁਰਾਣੇ ਦਾ ਖ਼ਾਤਮਾ ਕਰਨਾ ਹੋਵੇਗਾ। ਗੰਭੀਰ ਕਿਸਮ ਦਾ ਨਵਾਂ ਰੋਗ ਮਨੁੱਖੀ ਪੇਟ ਦੀਆਂ ਅੰਤੜੀਆਂ ’ਤੇ ਹਮਲਾ ਕਰਦਾ ਹੈ ਤੇ ਇਹ ਅਜੇ ਉੱਤਰੀ ਕੋਰੀਆ ’ਚ ਵੇਖਿਆ ਗਿਆ ਹੈ। ਇਹ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਉਸ ਦੇਸ਼ ’ਚ ਵੀਰਵਾਰ ਨੂੰ 26,010 ਲੋਕ ਅੰਤੜੀਆਂ ਦੀ ਸੋਜ਼ਿਸ਼ ਤੇ ਬੁਖ਼ਾਰ ਜਿਹੇ ਲੱਛਣਾਂ ਨਾਲ ਜੂਝ ਰਹੇ ਸਨ। ਉੱਥੇ ਹੁਣ ਤਕ ਇਸ ਰੋਗ ਤੋਂ 45 ਲੱਖ ਤੋਂ ਵੱਧ ਵਿਅਕਤੀ ਪੀੜਤ ਹੋ ਚੁੱਕੇ ਹਨ ਤੇ ਉਨ੍ਹਾਂ ’ਚੋਂ 73 ਦੀ ਮੌਤ ਹੋ ਚੁੱਕੀ ਹੈ। ਇਹ ਮਹਾਮਾਰੀਆਂ ਦਰਅਸਲ ਤੇਜ਼ੀ ਨਾਲ ਵਧਦੇ ਜਾ ਰਹੇ ਸ਼ਹਿਰੀਕਰਨ ਦਾ ਨਤੀਜਾ ਹਨ। ਇੱਕੋ ਥਾਂ ਉੱਤੇ ਜਦੋਂ ਲੋਕਾਂ ਦੀ ਭੀੜ ਵਧਦੀ ਜਾਂਦੀ ਹੈ ਤਾਂ ਉੱਥੇ ਸਫ਼ਾਈ ਦੀ ਘਾਟ ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਲੱਗਦੀ ਹੈ। ਕੰਕਰੀਟ ਦੇ ਇਮਾਰਤੀ ਜੰਗਲ ਉਸਾਰਨ ਲਈ ਮਨੁੱਖ ਵਣਾਂ ਨੂੰ ਵੱਢਦਾ ਜਾ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਬਿਮਾਰੀਆਂ ਦਾ ਵਧਣਾ ਸੁਭਾਵਿਕ ਹੈ।