ਹਮਾਯੂੰ ਕਬੀਰ ਤੋਂ ਬਾਅਦ ਤਹਿਰੀਕ ਮੁਸਲਿਮ ਸ਼ੱਬਨ ਨਾਂ ਦੇ ਸੰਗਠਨ ਨੇ ਗ੍ਰੇਟਰ ਹੈਦਰਾਬਾਦ ਵਿਚ ਬਾਬਰੀ ਮਸਜਿਦ ਮੈਮੋਰੀਅਲ ਅਤੇ ਵੈਲਫੇਅਰ ਇੰਸਟੀਟਿਊਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਪਤਾ ਨਹੀਂ ਅੱਗੇ ਕੌਣ ਕਿੱਥੇ ਬਾਬਰ ਦੇ ਨਾਂ ’ਤੇ ਹੋਰ ਕੁਝ ਨਿਰਮਾਣ ਦਾ ਐਲਾਨ ਕਰ ਦੇਵੇ।

ਤ੍ਰਿਣਮੂਲ ਕਾਂਗਰਸ ਤੋਂ ਮੁਅੱਤਲ ਵਿਧਾਇਕ ਹਮਾਯੂੰ ਕਬੀਰ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬੇਲਡਾਂਗਾ ਇਲਾਕੇ ਵਿਚ ਪ੍ਰਤੀਕਾਤਮਕ ਤੌਰ ’ਤੇ ਫੀਤਾ ਕੱਟ ਕੇ ਬਾਬਰੀ ਮਸਜਿਦ ਦੀ ਨੀਂਹ ਰੱਖ ਦਿੱਤੀ। ਹਮਾਯੂੰ ਕਬੀਰ ਪੱਛਮੀ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਭਰਤਪੁਰ ਤੋਂ ਵਿਧਾਇਕ ਹੈ। ਉਹ ਲੰਬੇ ਸਮੇਂ ਤੋਂ ਜਨਤਕ ਬਿਆਨ ਦੇ ਰਿਹਾ ਸੀ ਕਿ ਛੇ ਦਸੰਬਰ ਨੂੰ ਬਾਬਰੀ ਮਸਜਿਦ ਦੇ ਨਿਰਮਾਣ ਦੀ ਸ਼ੁਰੂਆਤ ਕਰਾਂਗੇ। ਇਸ ਕਾਰਨ ਬੰਗਾਲ ਅਤੇ ਦੇਸ਼ ਵਿਚ ਅਸਹਿਜਤਾ ਦਾ ਮਾਹੌਲ ਬਣ ਰਿਹਾ ਸੀ। ਵੱਖ-ਵੱਖ ਮੰਚਾਂ ਤੋਂ ਇਸਨੂੰ ਰੋਕਣ ਦੀ ਮੰਗ ਕੀਤੀ ਗਈ ਪਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਸਿਰਫ਼ ਹਮਾਯੂੰ ਕਬੀਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਗਿਆ।
ਇਸ ਨੂੰ ਕਾਫ਼ੀ ਨਹੀਂ ਕਿਹਾ ਜਾ ਸਕਦਾ। ਕਾਨੂੰਨ-ਵਿਵਸਥਾ ਪ੍ਰਤੀ ਵਚਨਬੱਧ ਕੋਈ ਵੀ ਰਾਜ ਫ਼ਿਰਕਾਪ੍ਰਸਤੀ ਨੂੰ ਹਵਾ ਦੇਣ ਅਤੇ ਤਣਾਅ ਫੈਲਾਉਣ ਦੀ ਯੋਜਨਾ ਬਣਾਉਣ ਵਾਲੇ ਹਮਾਯੂੰ ਕਬੀਰ ਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਦਾ, ਹਿਰਾਸਤ ਵਿਚ ਲੈਂਦਾ ਜਾਂ ਘੱਟੋ-ਘੱਟ ਉਸ ਨੂੰ ਨਜ਼ਰਬੰਦ ਕਰਦਾ। ਇਸ ਦੇ ਨਾਲ ਹੀ ਅਜਿਹੇ ਪ੍ਰੋਗਰਾਮ ’ਤੇ ਰੋਕ ਵੀ ਲਗਾਉਂਦਾ। ਮੁਰਸ਼ਿਦਾਬਾਦ ਦਾ ਦ੍ਰਿਸ਼ ਇਸ ਦੇ ਉਲਟ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਪੁਲਿਸ ਉਸ ਪ੍ਰੋਗਰਾਮ ਦੀ ਸੁਰੱਖਿਆ ਲਈ ਉੱਥੇ ਤਾਇਨਾਤ ਸੀ। ਕਿਸੇ ਨੂੰ ਵੀ ਕਾਨੂੰਨੀ ਤੌਰ ’ਤੇ ਜਾਇਜ਼ ਜ਼ਮੀਨ ’ਤੇ ਮੰਦਰ ਜਾਂ ਮਸਜਿਦ ਬਣਾਉਣ ਦਾ ਅਧਿਕਾਰ ਹੈ ਪਰ ਬਾਬਰ ਦੇ ਨਾਂ ’ਤੇ ਮਸਜਿਦ ਬਣਾਉਣਾ ਕਰੋੜਾਂ ਹਿੰਦੂਆਂ-ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਇਹ ਹਰ ਨਜ਼ਰੀਏ ਤੋਂ ਅਸਵੀਕਾਰ ਕਰਨ ਦੇ ਯੋਗ ਹੈ। ਸੰਨ 1529 ਵਿਚ ਬਾਬਰ ਦੇ ਸੈਨਾਪਤੀ ਮੀਰ ਬਕੀ ਦੁਆਰਾ ਅਯੁੱਧਿਆ ਵਿਚ ਸ੍ਰੀਰਾਮ ਜਨਮ ਭੂਮੀ ਮੰਦਰ ਤੋੜ ਕੇ ਬਾਬਰੀ ਮਸਜਿਦ ਦੇ ਨਿਰਮਾਣ ਖ਼ਿਲਾਫ਼ ਸਾਲਾਂ ਦਾ ਸੰਘਰਸ਼ ਹੁਣ ਸਾਰਿਆਂ ਨੂੰ ਪਤਾ ਹੈ।
ਹਮਾਯੂੰ ਕਬੀਰ ਤੋਂ ਬਾਅਦ ਤਹਿਰੀਕ ਮੁਸਲਿਮ ਸ਼ੱਬਨ ਨਾਂ ਦੇ ਸੰਗਠਨ ਨੇ ਗ੍ਰੇਟਰ ਹੈਦਰਾਬਾਦ ਵਿਚ ਬਾਬਰੀ ਮਸਜਿਦ ਮੈਮੋਰੀਅਲ ਅਤੇ ਵੈਲਫੇਅਰ ਇੰਸਟੀਟਿਊਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਪਤਾ ਨਹੀਂ ਅੱਗੇ ਕੌਣ ਕਿੱਥੇ ਬਾਬਰ ਦੇ ਨਾਂ ’ਤੇ ਹੋਰ ਕੁਝ ਨਿਰਮਾਣ ਦਾ ਐਲਾਨ ਕਰ ਦੇਵੇ। ਭਾਰਤ ਦੀ ਵੰਡ ਦੇ ਪਿੱਛੇ ਬੰਗਾਲ ਵਿਚਾਰਧਾਰਾ ਅਤੇ ਕਿਰਿਆਤਮਕ ਤੌਰ ’ਤੇ ਕੱਟੜਪੰਥੀਆਂ ਲਈ ਬਹੁਤ ਵੱਡੀ ਤਾਕਤ ਬਣ ਗਿਆ ਸੀ।ਸੌਲਾਂ ਅਗਸਤ 1946 ਨੂੰ ‘ਡਾਇਰੈਕਟ ਐਕਸ਼ਨ ਡੇ’ ਇੱਥੇ ਹੀ ਹੋਇਆ ਸੀ।
ਹੁਮਾਯੂੰ ਕਬੀਰ ਦੀ ਕਾਰਵਾਈ ਨੂੰ ਕੁਝ ਲੋਕ ਪੱਛਮੀ ਬੰਗਾਲ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਸਕਦੇ ਹਨ। ਜੇ ਉਸ ਨੂੰ ਬਾਬਰ ਦੇ ਨਾਂ ’ਤੇ ਵੋਟ ਮਿਲਣ ਦੀ ਉਮੀਦ ਹੈ ਤਾਂ ਇਸ ਤੋਂ ਖ਼ਤਰਨਾਕ ਸਥਿਤੀ ਕੁਝ ਨਹੀਂ ਹੋ ਸਕਦੀ। ਮਈ 2024 ਵਿਚ ਲੋਕ ਸਭਾ ਚੋਣਾਂ ਦੌਰਾਨ ਉਸ ਨੇ ਭੜਕਾਊ ਬਿਆਨ ਦਿੱਤੇ ਸਨ।
ਇਸ ਸਾਲ ਅਪ੍ਰੈਲ ਵਿਚ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਵਕਫ਼ ਕਾਨੂੰਨ ਦੇ ਬਹਾਨੇ ਹੋਈ ਹਿੰਸਾ ਨੂੰ ਯਾਦ ਕਰੋ। ਕਲਕੱਤਾ ਹਾਈ ਕੋਰਟ ਦੁਆਰਾ ਗਠਿਤ ਤੱਥ ਖੋਜ ਕਮੇਟੀ ਨੇ ਆਪਣੀ ਰਿਪੋਰਟ ਵਿਚ ਇੱਥੇ ਦੀ ਹਿੰਸਾ ਬਾਰੇ ਦਿਲ ਦਹਲਾਉਣ ਵਾਲੀਆਂ ਗੱਲਾਂ ਕਹੀਆਂ ਸਨ। ਇਸ ਵਿਚ ਕਿਹਾ ਗਿਆ ਸੀ ਕਿ ਹਿੰਸਾ ਸਿਰਫ਼ ਹਿੰਦੂਆਂ ਖ਼ਿਲਾਫ਼ ਸੀ ਅਤੇ ਪਹਿਲਾਂ ਤੋਂ ਹੀ ਨਿਯੋਜਿਤ ਸੀ। ਬੰਗਾਲ ਵਿਚ ਬਾਬਰੀ ਮਸਜਿਦ ਦਾ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਦੇਸ਼ ਨੂੰ ਮਜ਼ਹਬੀ ਕੱਟੜਵਾਦ ਦੇ ਕਠੋਰ ਯਥਾਰਥ ਨੂੰ ਸਮਝਣਾ ਚਾਹੀਦਾ ਹੈ ਅਤੇ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਸ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ? ਮੁਸਲਿਮ ਸਮੁਦਾਇ ਦੇ ਅੰਦਰ ਵੀ ਅਜਿਹੇ ਲੋਕ ਹਨ ਜੋ ਇਸ ਤਰ੍ਹਾਂ ਦੇ ਵਿਵਹਾਰ ਨੂੰ ਜ਼ਰੂਰੀ ਨਹੀਂ ਮੰਨਦੇ। ਉਨ੍ਹਾਂ ਨੂੰ ਵੀ ਅੱਗੇ ਆ ਕੇ ਵਿਰੋਧ ਕਰਨਾ ਪਵੇਗਾ।
-ਅਵਧੇਸ਼ ਕੁਮਾਰ
-(ਲੇਖਕ ਸੀਨੀਅਰ ਪੱਤਰਕਾਰ ਅਤੇ ਰਾਜਨੀਤਿਕ ਵਿਸ਼ਲੇਸ਼ਕ ਹਨ)।