ਇਹ ਭਾਰਤ ਮਾਤਾ ਦੇ ਕਰੋੜਾਂ ਬੱਚਿਆਂ ਦੀ ਅਟੁੱਟ ਹਿੰਮਤ ਨਾਲ ਪਛਾਣੀ ਜਾਂਦੀ ਹੈ।ਇਕ ਹਜ਼ਾਰ ਸਾਲ ਪਹਿਲਾਂ 1026 ਵਿਚ ਸ਼ੁਰੂ ਹੋਈ ਮੱਧਯੁਗੀ ਬਰਬਰਤਾ ਨੇ ਦੂਜਿਆਂ ਨੂੰ ਸੋਮਨਾਥ 'ਤੇ ਵਾਰ-ਵਾਰ ਹਮਲਾ ਕਰਨ ਲਈ 'ਪ੍ਰੇਰਿਤ' ਕੀਤਾ। ਇਹ ਸਾਡੇ ਲੋਕਾਂ ਅਤੇ ਸੱਭਿਆਚਾਰ ਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਦੀ ਸ਼ੁਰੂਆਤ ਸੀ।

ਸੋਮਨਾਥ... ਇਸ ਸ਼ਬਦ ਨੂੰ ਸੁਣ ਕੇ ਸਾਡੇ ਦਿਲਾਂ ਅਤੇ ਮਨਾਂ ਵਿਚ ਮਾਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਹ ਭਾਰਤ ਦੀ ਆਤਮਾ ਦੀ ਸਦੀਵੀ ਪੁਕਾਰ ਹੈ। ਇਹ ਸ਼ਾਨਦਾਰ ਮੰਦਰ ਭਾਰਤ ਦੇ ਪੱਛਮੀ ਤਟ 'ਤੇ ਗੁਜਰਾਤ ਵਿਚ ਪ੍ਰਭਾਸ ਪਾਟਨ ਨਾਮਕ ਸਥਾਨ 'ਤੇ ਸਥਿਤ ਹੈ। ਦਵਾਦਸ਼ਾ ਜਯੋਤਿਰਲਿੰਗ ਸਤੋਤਰਮ ਵਿਚ ਭਾਰਤ ਭਰ ਵਿਚ 12 ਜਯੋਤਿਰਲਿੰਗਾਂ ਦਾ ਜ਼ਿਕਰ ਹੈ। ਸਤੋਤਰਮ "ਸੌਰਾਸ਼ਟਰੇ ਸੋਮਨਾਥਮ ਚ.." ਨਾਲ ਸ਼ੁਰੂ ਹੁੰਦਾ ਹੈ, ਜੋ ਪਹਿਲੇ ਜਯੋਤਿਰਲਿੰਗ ਵਜੋਂ ਸੋਮਨਾਥ ਦੇ ਸੱਭਿਆਚਾਰਕ ਤੇ ਅਧਿਆਤਮਕ ਮਹੱਤਵ ਦਾ ਪ੍ਰਤੀਕ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਸੋਮਨਾਥ ਸ਼ਿਵਲਿੰਗ ਦੇ ਦਰਸ਼ਨ ਕਰਨ ਨਾਲ ਵਿਅਕਤੀ ਪਾਪਾਂ ਤੋਂ ਮੁਕਤ ਹੁੰਦਾ ਹੈ, ਉਸ ਦੀਆਂ ਸ਼ੁਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਤੇ ਮੌਤ ਤੋਂ ਬਾਅਦ ਸਵਰਗ ਦੀ ਪ੍ਰਾਪਤੀ ਹੁੰਦੀ ਹੈ।
ਦੁੱਖ ਦੀ ਗੱਲ ਹੈ ਕਿ ਇਹੀ ਸੋਮਨਾਥ, ਜੋ ਲੱਖਾਂ ਲੋਕਾਂ ਦੀ ਸ਼ਰਧਾ ਅਤੇ ਪ੍ਰਾਰਥਨਾਵਾਂ ਨਾਲ ਜੁੜਿਆ ਹੈ, ਉਸ 'ਤੇ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕੀਤਾ, ਜਿਨ੍ਹਾਂ ਦਾ ਮਕਸਦ ਸ਼ਰਧਾ ਨਹੀਂ ਸੀ ਸਗੋਂ ਉਸ ਨੂੰ ਤਬਾਹ ਕਰਨਾ ਸੀ। ਸਾਲ 2026 ਸੋਮਨਾਥ ਮੰਦਰ ਲਈ ਮਹੱਤਵਪੂਰਨ ਹੈ। ਇਸ ਮਹਾਨ ਤੀਰਥ ਸਥਾਨ 'ਤੇ ਪਹਿਲੇ ਹਮਲੇ ਨੂੰ 1,000 ਸਾਲ ਹੋ ਗਏ ਹਨ। ਇਹ ਜਨਵਰੀ, 1026 ਵਿਚ ਹੋਇਆ ਸੀ ਜਦੋਂ ਗਜ਼ਨੀ ਦੇ ਮਹਿਮੂਦ ਨੇ ਇਕ ਹਿੰਸਕ ਅਤੇ ਵਹਿਸ਼ੀ ਹਮਲੇ ਰਾਹੀਂ ਵਿਸ਼ਵਾਸ ਅਤੇ ਸੱਭਿਅਤਾ ਦੇ ਇਕ ਮਹਾਨ ਪ੍ਰਤੀਕ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਸ ਮੰਦਰ 'ਤੇ ਹਮਲਾ ਕੀਤਾ ਸੀ।
ਫਿਰ ਵੀ ਇਕ ਹਜ਼ਾਰ ਸਾਲ ਬਾਅਦ ਇਹ ਮੰਦਰ ਪਹਿਲਾਂ ਵਾਂਗ ਹੀ ਸ਼ਾਨਦਾਰ ਰੂਪ ਵਿਚ ਬੁਲੰਦ ਖੜ੍ਹਾ ਹੈ। ਇਕ ਅਜਿਹਾ ਹੀ ਮੀਲ ਪੱਥਰ 2026 ਵਿਚ 75 ਸਾਲ ਪੂਰੇ ਕਰਦਾ ਹੈ। ਮਈ, 11, 1951 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦੀ ਮੌਜੂਦਗੀ ਵਿਚ ਇਕ ਸਮਾਗਮ ਦੌਰਾਨ, ਬਹਾਲ ਕੀਤੇ ਗਏ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਸੋਮਨਾਥ 'ਤੇ ਇਕ ਹਜ਼ਾਰ ਸਾਲ ਪਹਿਲਾਂ 1026 ਵਿਚ ਹੋਏ ਪਹਿਲੇ ਹਮਲੇ ਵਿਚ ਸ਼ਹਿਰ ਦੇ ਲੋਕਾਂ 'ਤੇ ਕੀਤੇ ਗਏ ਜ਼ੁਲਮ ਅਤੇ ਮੰਦਰ ਨੂੰ ਹੋਏ ਨੁਕਸਾਨ ਦਾ ਵਰਣਨ ਵੱਖ-ਵੱਖ ਇਤਿਹਾਸਕ ਕਿਤਾਬਾਂ ’ਚ ਬਹੁਤ ਵਿਸਥਾਰ ਨਾਲ ਕੀਤਾ ਗਿਆ ਹੈ। ਹਰ ਸਤਰ ਦੁੱਖ-ਦਰਦ ਨਾਲ ਭਰੀ ਹੋਈ ਹੈ ਜੋ ਸਮੇਂ ਦੇ ਨਾਲ ਵੀ ਫਿੱਕੀ ਨਹੀਂ ਪੈਂਦੀ।
ਕਲਪਨਾ ਕਰੋ ਕਿ ਇਸ ਦਾ ਭਾਰਤ ਅਤੇ ਲੋਕਾਂ ਦੇ ਮਨੋਬਲ 'ਤੇ ਕੀ ਅਸਰ ਪਿਆ। ਆਖ਼ਰਕਾਰ, ਸੋਮਨਾਥ ਦਾ ਬਹੁਤ ਅਧਿਆਤਮਕ ਮਹੱਤਵ ਸੀ। ਇਹ ਤਟ 'ਤੇ ਵੀ ਸਥਿਤ ਸੀ, ਜਿਸ ਨਾਲ ਇਕ ਅਜਿਹੇ ਸਮਾਜ ਨੂੰ ਤਾਕਤ ਮਿਲਦੀ ਸੀ ਜਿਸ ਦੀ ਆਰਥਿਕ ਸ਼ਕਤੀ ਬਹੁਤ ਜ਼ਿਆਦਾ ਸੀ ਅਤੇ ਜਿਸ ਦੇ ਸਮੁੰਦਰੀ ਵਪਾਰੀ ਅਤੇ ਮਲਾਹ ਇਸ ਦੀ ਮਹਿਮਾ ਦੀਆਂ ਕਹਾਣੀਆਂ ਦੂਰ-ਦੂਰ ਤੱਕ ਲੈ ਕੇ ਜਾਂਦੇ ਸਨ। ਫਿਰ ਵੀ, ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਪਹਿਲੇ ਹਮਲੇ ਤੋਂ ਇਕ ਹਜ਼ਾਰ ਸਾਲ ਬਾਅਦ ਵੀ ਸੋਮਨਾਥ ਦੀ ਕਹਾਣੀ ਤਬਾਹੀ ਨਾਲ ਪਰਿਭਾਸ਼ਤ ਨਹੀਂ ਹੈ।
ਇਹ ਭਾਰਤ ਮਾਤਾ ਦੇ ਕਰੋੜਾਂ ਬੱਚਿਆਂ ਦੀ ਅਟੁੱਟ ਹਿੰਮਤ ਨਾਲ ਪਛਾਣੀ ਜਾਂਦੀ ਹੈ।ਇਕ ਹਜ਼ਾਰ ਸਾਲ ਪਹਿਲਾਂ 1026 ਵਿਚ ਸ਼ੁਰੂ ਹੋਈ ਮੱਧਯੁਗੀ ਬਰਬਰਤਾ ਨੇ ਦੂਜਿਆਂ ਨੂੰ ਸੋਮਨਾਥ 'ਤੇ ਵਾਰ-ਵਾਰ ਹਮਲਾ ਕਰਨ ਲਈ 'ਪ੍ਰੇਰਿਤ' ਕੀਤਾ। ਇਹ ਸਾਡੇ ਲੋਕਾਂ ਅਤੇ ਸੱਭਿਆਚਾਰ ਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਦੀ ਸ਼ੁਰੂਆਤ ਸੀ।
ਪਰ ਹਰ ਵਾਰ ਜਦੋਂ ਵੀ ਮੰਦਰ 'ਤੇ ਹਮਲਾ ਹੋਇਆ, ਸਾਡੇ ਕੋਲ ਮਹਾਨ ਪੁਰਸ਼ ਅਤੇ ਮਹਿਲਾਵਾਂ ਵੀ ਇਸ ਦੀ ਰਾਖੀ ਲਈ ਆ ਖੜ੍ਹੇ ਹੋਏ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ। ਹਰ ਵਾਰ, ਪੀੜ੍ਹੀ ਦਰ ਪੀੜ੍ਹੀ, ਸਾਡੀ ਮਹਾਨ ਸੱਭਿਅਤਾ ਦੇ ਲੋਕਾਂ ਨੇ ਆਪਣੇ ਆਪ ਨੂੰ ਉੱਪਰ ਚੁੱਕਿਆ, ਮੰਦਰ ਨੂੰ ਮੁੜ ਬਣਾਇਆ ਅਤੇ ਮੁੜ ਸੁਰਜੀਤ ਕੀਤਾ। ਇਹ ਸਾਡਾ ਸੁਭਾਗ ਹੈ ਕਿ ਅਸੀਂ ਉਸੇ ਮਿੱਟੀ ਵਿਚ ਪਲ਼ੇ ਅਤੇ ਵੱਡੇ ਹੋਏ ਹਾਂ, ਜਿਸ ਨੇ ਅਹਿਲਿਆ ਬਾਈ ਹੋਲਕਰ ਵਰਗੇ ਮਹਾਨ ਲੋਕਾਂ ਨੂੰ ਪਾਲਿਆ-ਪੋਸਿਆ ਹੈ, ਜਿਨ੍ਹਾਂ ਨੇ ਇਹ ਯਕੀਨੀ ਬਣਾਉਣ ਲਈ ਉੱਤਮ ਕੋਸ਼ਿਸ਼ ਕੀਤੀ ਸੀ ਕਿ ਸ਼ਰਧਾਲੂ ਸੋਮਨਾਥ ’ਚ ਪ੍ਰਾਰਥਨਾ ਕਰ ਸਕਣ।
1890 ਦੇ ਦਹਾਕੇ ਵਿਚ ਸਵਾਮੀ ਵਿਵੇਕਾਨੰਦ ਸੋਮਨਾਥ ਆਏ ਸਨ ਅਤੇ ਇਸ ਅਹਿਸਾਸ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ 1897 ਵਿਚ ਚੇਨਈ ਵਿਚ ਇਕ ਭਾਸ਼ਣ ਦੌਰਾਨ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ, ਜਦੋਂ ਉਨ੍ਹਾਂ ਨੇ ਕਿਹਾ, "ਦੱਖਣੀ ਭਾਰਤ ਦੇ ਕੁਝ ਪ੍ਰਾਚੀਨ ਮੰਦਰ ਅਤੇ ਗੁਜਰਾਤ ਦੇ ਸੋਮਨਾਥ ਵਰਗੇ ਮੰਦਰ ਤੁਹਾਨੂੰ ਬਹੁਤ ਸਾਰੀ ਸਿਆਣਪ ਸਿਖਾਉਣਗੇ ਅਤੇ ਤੁਹਾਨੂੰ ਇਸ ਨਸਲ ਦੇ ਇਤਿਹਾਸ ਦੀ ਕਿਸੇ ਵੀ ਕਿਤਾਬ ਨਾਲੋਂ ਡੂੰਘੀ ਸਮਝ ਪ੍ਰਦਾਨ ਕਰਨਗੇ।
ਦੇਖੋ ਕਿਵੇਂ ਇਸ ਮੰਦਰ 'ਤੇ ਸੌ ਹਮਲਿਆਂ ਅਤੇ ਸੌ ਵਾਰੀ ਮੁੜ ਉਸਾਰੀ ਦੇ ਨਿਸ਼ਾਨ ਉੱਕਰੇ ਹੋਏ ਹਨ, ਜੋ ਲਗਾਤਾਰ ਤਬਾਹ ਹੁੰਦੇ ਰਹੇ ਹਨ ਅਤੇ ਲਗਾਤਾਰ ਖੰਡਰਾਂ ਵਿੱਚੋਂ ਉੱਭਰਦੇ ਰਹੇ ਹਨ, ਪਹਿਲਾਂ ਵਾਂਗ ਹੀ ਨਵੇਂ ਅਤੇ ਮਜ਼ਬੂਤ! ਇਹੀ ਰਾਸ਼ਟਰੀ ਮਨ ਹੈ, ਇਹੀ ਰਾਸ਼ਟਰੀ ਜੀਵਨ-ਧਾਰਾ ਹੈ। ਇਹੀ ਰਾਸ਼ਟਰੀ ਸੋਚ ਹੈ, ਇਹੀ ਰਾਸ਼ਟਰੀ ਜੀਵਨ ਜਾਚ ਹੈ। "ਆਜ਼ਾਦੀ ਤੋਂ ਬਾਅਦ ਸੋਮਨਾਥ ਮੰਦਰ ਨੂੰ ਮੁੜ ਉਸਾਰਨ ਦਾ ਕਾਰਜ ਸਰਦਾਰ ਵੱਲਭਭਾਈ ਪਟੇਲ ਦੇ ਹੱਥਾਂ ਵਿਚ ਆਇਆ।
1947 ਵਿਚ ਦੀਵਾਲੀ ਦੇ ਸਮੇਂ ਇਕ ਫੇਰੀ ਨੇ ਉਨ੍ਹਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਐਲਾਨ ਕੀਤਾ ਕਿ ਮੰਦਰ ਉੱਥੇ ਮੁੜ ਬਣਾਇਆ ਜਾਵੇਗਾ। ਅੰਤ ਵਿਚ, 11 ਮਈ 1951 ਨੂੰ ਸੋਮਨਾਥ ਇਕ ਵਿਸ਼ਾਲ ਮੰਦਰ ਦੇ ਸ਼ਰਧਾਲੂਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਤੇ ਉਸ ਵੇਲੇ ਡਾ. ਰਾਜੇਂਦਰ ਪ੍ਰਸਾਦ ਉੱਥੇ ਮੌਜੂਦ ਸਨ। ਮਹਾਨ ਸਰਦਾਰ ਸਾਹਿਬ ਇਸ ਇਤਿਹਾਸਕ ਦਿਨ ਨੂੰ ਦੇਖਣ ਲਈ ਜ਼ਿੰਦਾ ਨਹੀਂ ਰਹੇ, ਪਰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਦੇਸ਼ ਦੇ ਸਾਹਮਣੇ ਬੁਲੰਦ ਖੜ੍ਹੀ ਸੀ।
ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਇਸ ਤੋਂ ਬਹੁਤੇ ਖ਼ੁਸ਼ ਨਹੀਂ ਸਨ। ਉਹ ਨਹੀਂ ਚਾਹੁੰਦੇ ਸਨ ਕਿ ਮਾਣਯੋਗ ਰਾਸ਼ਟਰਪਤੀ ਅਤੇ ਮੰਤਰੀ ਇਸ ਵਿਸ਼ੇਸ਼ ਸਮਾਗਮ ਵਿਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਭਾਰਤ ਦੇ ਅਕਸ ਨੂੰ ਢਾਹ ਲਾਈ। ਪਰ ਡਾ. ਰਾਜੇਂਦਰ ਪ੍ਰਸਾਦ ਆਪਣੀ ਗੱਲ 'ਤੇ ਅੜੇ ਰਹੇ ਅਤੇ ਬਾਕੀ ਸਭ ਇਤਿਹਾਸ ਵਿਚ ਹੈ। ਸੋਮਨਾਥ ਦਾ ਕੋਈ ਵੀ ਜ਼ਿਕਰ ਕੇ.ਐੱਮ. ਮੁਨਸ਼ੀ ਦੇ ਯਤਨਾਂ ਨੂੰ ਯਾਦ ਕੀਤੇ ਬਿਨਾਂ ਅਧੂਰਾ ਹੈ, ਜਿਨ੍ਹਾਂ ਨੇ ਸਰਦਾਰ ਪਟੇਲ ਦਾ ਭਰਪੂਰ ਸਾਥ ਦਿੱਤਾ। ਸੋਮਨਾਥ 'ਤੇ ਉਨ੍ਹਾਂ ਦੀਆਂ ਰਚਨਾਵਾਂ, ਜਿਸ ਵਿਚ "ਸੋਮਨਾਥ: ਦ ਸ਼ਰਾਈਨ ਐਟਰਨਲ" ਕਿਤਾਬ ਵੀ ਸ਼ਾਮਲ ਹੈ, ਬਹੁਤ ਜਾਣਕਾਰੀ ਅਤੇ ਗਿਆਨ ਭਰਪੂਰ ਹੈ।ਦਰਅਸਲ, ਜਿਵੇਂ ਕਿ ਮੁਨਸ਼ੀ ਜੀ ਦੀ ਕਿਤਾਬ ਦਾ ਸਿਰਲੇਖ ਦੱਸਦਾ ਹੈ, ਅਸੀਂ ਇਕ ਅਜਿਹੀ ਸੱਭਿਅਤਾ ਹਾਂ ਜੋ ਆਤਮਾ ਅਤੇ ਵਿਚਾਰਾਂ ਦੀ ਸਦੀਵਤਾ ਬਾਰੇ ਦ੍ਰਿੜ੍ਹਤਾ ਦੀ ਭਾਵਨਾ ਰੱਖਦੀ ਹੈ।
ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਜੋ ਸਦੀਵੀ ਹੈ ਉਹ ਅਵਿਨਾਸ਼ੀ ਹੈ। ਸਾਡੀ ਸੱਭਿਅਤਾ ਦੀ ਅਜੇਤੂ ਭਾਵਨਾ ਦੀ ਸੋਮਨਾਥ ਤੋਂ ਵਧੀਆ ਹੋਰ ਕੋਈ ਮਿਸਾਲ ਨਹੀਂ ਹੋ ਸਕਦੀ, ਜੋ ਔਕੜਾਂ ਅਤੇ ਸੰਘਰਸ਼ਾਂ ਨੂੰ ਪਾਰ ਕਰਦੀ ਹੋਈ ਸ਼ਾਨਦਾਰ ਢੰਗ ਨਾਲ ਬੁਲੰਦ ਖੜ੍ਹੀ ਹੈ।ਇਹੀ ਭਾਵਨਾ ਸਾਡੇ ਦੇਸ਼ ਵਿਚ ਵੀ ਸਪੱਸ਼ਟ ਦਿਖਾਈ ਦਿੰਦੀ ਹੈ, ਜੋ ਸਦੀਆਂ ਦੇ ਹਮਲਿਆਂ ਅਤੇ ਬਸਤੀਵਾਦੀ ਲੁੱਟ ਤੋਂ ਉੱਭਰ ਕੇ ਆਲਮੀ ਵਿਕਾਸ ਵਿਚ ਸਭ ਤੋਂ ਵਧੀਆ ਦੇਸ਼ਾਂ ਵਿੱਚੋਂ ਇਕ ਬਣ ਗਿਆ ਹੈ।
ਸਾਡੀਆਂ ਕਦਰਾਂ-ਕੀਮਤਾਂ ਅਤੇ ਸਾਡੇ ਲੋਕਾਂ ਦੀ ਦ੍ਰਿੜ੍ਹਤਾ ਨੇ ਅੱਜ ਭਾਰਤ ਨੂੰ ਦੁਨੀਆ ਦੀ ਖਿੱਚ ਦਾ ਕੇਂਦਰ ਬਣਾਇਆ ਹੈ। ਦੁਨੀਆ ਭਾਰਤ ਨੂੰ ਉਮੀਦ ਅਤੇ ਆਸ ਦੀਆਂ ਨਜ਼ਰਾਂ ਨਾਲ ਦੇਖ ਰਹੀ ਹੈ। ਉਹ ਸਾਡੇ ਨਵੀਨਤਾਕਾਰੀ ਨੌਜਵਾਨਾਂ ਵਿਚ ਨਿਵੇਸ਼ ਕਰਨਾ ਚਾਹੁੰਦੀ ਹੈ। ਸਾਡੀ ਕਲਾ, ਸੱਭਿਆਚਾਰ, ਸੰਗੀਤ ਅਤੇ ਕਈ ਤਿਉਹਾਰ ਆਲਮੀ ਬਣ ਰਹੇ ਹਨ। ਯੋਗ ਅਤੇ ਆਯੁਰਵੇਦ ਆਲਮੀ ਪੱਧਰ 'ਤੇ ਅਸਰ ਛੱਡ ਰਹੇ ਹਨ, ਜੋ ਸਿਹਤਮੰਦ ਜੀਵਨ ਨੂੰ ਵਧਾ ਰਹੇ ਹਨ। ਕੁਝ ਆਲਮੀ ਚੁਣੌਤੀਆਂ ਦੇ ਹੱਲ ਭਾਰਤ ਤੋਂ ਮਿਲ ਰਹੇ ਹਨ।
ਅਨਾਦਿ ਕਾਲ ਤੋਂ, ਸੋਮਨਾਥ ਨੇ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਇਕੱਠਾ ਕੀਤਾ ਹੈ। 1026 ਵਿਚ ਹੋਏ ਪਹਿਲੇ ਹਮਲੇ ਤੋਂ ਇਕ ਹਜ਼ਾਰ ਸਾਲ ਬਾਅਦ ਵੀ, ਸੋਮਨਾਥ ਦਾ ਸਮੁੰਦਰ ਅਜੇ ਵੀ ਓਨੀ ਹੀ ਜ਼ੋਰਦਾਰ ਢੰਗ ਨਾਲ ਗੱਜਦਾ ਹੈ, ਜਿੰਨਾ ਉਸ ਸਮੇਂ ਸੀ। ਸੋਮਨਾਥ ਦੇ ਕਿਨਾਰਿਆਂ ਨਾਲ ਟਕਰਾਉਣ ਵਾਲੀਆਂ ਲਹਿਰਾਂ ਇਕ ਕਹਾਣੀ ਸੁਣਾਉਂਦੀਆਂ ਹਨ। ਭਾਵੇਂ ਕੁਝ ਵੀ ਹੋਵੇ, ਉਹ ਲਹਿਰਾਂ ਵਾਂਗ ਵਾਰ-ਵਾਰ ਉੱਠਦੀਆਂ ਰਹਿੰਦੀਆਂ ਹਨ।
ਅਤੀਤ ਦੇ ਹਮਲਾਵਰ ਹੁਣ ਹਵਾ ਵਿਚ ਧੂੜ ਬਣ ਗਏ ਹਨ, ਉਨ੍ਹਾਂ ਦੇ ਨਾਮ ਵਿਨਾਸ਼ ਦੇ ਸਮਾਨਾਰਥੀ ਹਨ। ਉਹ ਇਤਿਹਾਸ ਦੇ ਪੰਨਿਆਂ ਵਿਚ ਸਿਰਫ਼ ਹੇਠਲੀਆਂ ਟਿੱਪਣੀਆਂ ਦੀ ਤਰ੍ਹਾਂ ਹਨ, ਜਦਕਿ ਸੋਮਨਾਥ ਚਮਕ ਰਿਹਾ ਹੈ, ਆਪਣੀ ਰੋਸ਼ਨੀ ਦੂਰ-ਦੂਰ ਤੱਕ ਫੈਲਾਅ ਰਿਹਾ ਹੈ, ਜੋ ਸਾਨੂੰ ਉਸ ਅਮਰ ਆਤਮਾ ਦੀ ਯਾਦ ਦਿਵਾਉਂਦਾ ਹੈ, ਜੋ 1026 ਦੇ ਹਮਲੇ ਨਾਲ ਵੀ ਘੱਟ ਨਹੀਂ ਹੋਈ। ਸੋਮਨਾਥ ਉਮੀਦ ਦਾ ਇਕ ਗੀਤ ਹੈ, ਜੋ ਸਾਨੂੰ ਦੱਸਦਾ ਹੈ ਕਿ ਜਿੱਥੇ ਨਫ਼ਰਤ ਅਤੇ ਕੱਟੜਤਾ ਵਿਚ ਇਕ ਪਲ ਲਈ ਤਬਾਹ ਕਰਨ ਦੀ ਸ਼ਕਤੀ ਹੋ ਸਕਦੀ ਹੈ, ਉੱਥੇ ਚੰਗਿਆਈ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਕਤੀ ਵਿਚ ਵਿਸ਼ਵਾਸ ਹਮੇਸ਼ਾ ਲਈ ਉਸਾਰਨ ਦੀ ਸ਼ਕਤੀ ਰੱਖਦਾ ਹੈ।
ਜੇਕਰ ਸੋਮਨਾਥ ਮੰਦਰ, ਜਿਸ 'ਤੇ ਹਜ਼ਾਰ ਸਾਲ ਪਹਿਲਾਂ ਹਮਲਾ ਹੋਇਆ ਸੀ ਤੇ ਵਾਰ-ਵਾਰ ਹਮਲਾ ਹੁੰਦਾ ਰਿਹਾ, ਉਹ ਮੁੜ ਖੜ੍ਹਾ ਹੋ ਸਕਦਾ ਹੈ, ਤਾਂ ਅਸੀਂ ਵੀ ਹਮਲਿਆਂ ਤੋਂ ਹਜ਼ਾਰ ਸਾਲ ਪਹਿਲਾਂ ਦੀ ਆਪਣੇ ਮਹਾਨ ਦੇਸ਼ ਦੀ ਸ਼ਾਨ ਨੂੰ ਬਹਾਲ ਕਰ ਸਕਦੇ ਹਾਂ। ਸ਼੍ਰੀ ਸੋਮਨਾਥ ਮਹਾਦੇਵ ਦੇ ਅਸ਼ੀਰਵਾਦ ਨਾਲ, ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਨਾਲ ਅੱਗੇ ਵਧ ਰਹੇ ਹਾਂ, ਜਿੱਥੇ ਸਾਡੀ ਸੱਭਿਅਤਾ ਦਾ ਗਿਆਨ ਦੁਨੀਆ ਦੇ ਭਲੇ ਲਈ ਸਾਡਾ ਰਾਹ ਦਸੇਰਾ ਬਣੇਗਾ। ਜੈ ਸੋਮਨਾਥ!
ਨਰਿੰਦਰ ਮੋਦੀ
(ਲੇਖਕ ਭਾਰਤ ਦੇ ਪ੍ਰਧਾਨ ਮੰਤਰੀ ਹਨ ਤੇ ਸ਼੍ਰੀ ਸੋਮਨਾਥ ਟਰੱਸਟ ਦੇ ਚੇਅਰਮੈਨ ਵੀ ਹਨ)।