ਭਾਰਤੀ ਟੀਮ ਚੌਥੇ ਟੀ-20 ਮੈਚ ਵਿਚ ਆਪਣੇ ਸਲਾਮੀ ਬੱਲੇਬਾਜ਼ਾਂ ਤੋਂ ਉਮੀਦ ਕਰੇਗੀ ਕਿ ਉਹ ਚੰਗਾ ਪ੍ਰਦਰਸ਼ਨ ਕਰਦੇ ਹੋਏ ਸ਼ਨਿਚਰਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਇਕ ਹੋਰ ਜਿੱਤ ਨਾਲ ਪੰਜ ਮੈਚਾਂ ਦੀ ਸੀਰੀਜ਼ ਬਰਾਬਰ ਕਰਨ ਵਿਚ ਯੋਗਦਾਨ ਦੇਣ।

ਲਾਡਰਹਿਲ (ਅਮਰੀਕਾ), ਪੀਟੀਆਈ : ਭਾਰਤੀ ਟੀਮ ਚੌਥੇ ਟੀ-20 ਮੈਚ ਵਿਚ ਆਪਣੇ ਸਲਾਮੀ ਬੱਲੇਬਾਜ਼ਾਂ ਤੋਂ ਉਮੀਦ ਕਰੇਗੀ ਕਿ ਉਹ ਚੰਗਾ ਪ੍ਰਦਰਸ਼ਨ ਕਰਦੇ ਹੋਏ ਸ਼ਨਿਚਰਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਇਕ ਹੋਰ ਜਿੱਤ ਨਾਲ ਪੰਜ ਮੈਚਾਂ ਦੀ ਸੀਰੀਜ਼ ਬਰਾਬਰ ਕਰਨ ਵਿਚ ਯੋਗਦਾਨ ਦੇਣ।
ਸੂਰਿਆ ਕੁਮਾਰ ਯਾਦਵ ਨੂੰ ਪਿਛਲੇ ਮੈਚ ਵਿਚ ਆਪਣੇ ਹਮਲਾਵਰ ਰਵੱਈਏ ਵਿਚ ਬੱਲੇਬਾਜ਼ੀ ਕਰਦੇ ਹੋਏ ਦੇਖਣਾ ਕਾਫੀ ਚੰਗਾ ਸੀ। ਤਿਲਕ ਵਰਮਾ ਨੇ ਵੀ ਕੁਝ ਮਹੱਤਵਪੂਰਨ ਦੌੜਾਂ ਨਾਲ ਯੋਗਦਾਨ ਦਿੱਤਾ ਸੀ ਪਰ ਭਾਰਤ ਦੀ ਸਲਾਮੀ ਜੋੜੀ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ। ਭਾਰਤ ਨੇ ਇਸ਼ਾਨ ਕਿਸ਼ਨ ਨੂੰ ਆਰਾਮ ਦੇ ਕੇ ਯਸ਼ਸਵੀ ਜਾਇਸਵਾਲ ਦੀ ਟੀ-20 ਵਿਚ ਸ਼ੁਰੂਆਤ ਕਰਵਾਈ ਪਰ ਲਗਾਤਾਰ ਤੀਜੇ ਮੈਚ ਵਿਚ ਸ਼ੁਰੂਆਤੀ ਜੋੜੀ ਪ੍ਰਭਾਵਿਤ ਨਹੀਂ ਕਰ ਸਕੀ ਤੇ ਸਿਰਫ਼ ਛੇ ਦੌੜਾਂ ਹੀ ਬਣਾ ਸਕੀ।
ਪਿਛਲੇ ਦੋ ਮੈਚਾਂ ਵਿਚ ਕਿਸ਼ਨ ਤੇ ਸ਼ੁਭਮਨ ਗਿੱਲ ਨੇ ਪਹਿਲੀ ਵਿਕਟ ਲਈ ਸਿਰਫ਼ ਪੰਜ ਤੇ ਫਿਰ 16 ਦੌੜਾਂ ਬਣਾਈਆਂ ਜਿਸ ਨਾਲ ਮੱਧਕ੍ਰਮ 'ਤੇ ਦਬਾਅ ਬਣ ਗਿਆ। ਭਾਰਤ ਇਸ ਮੈਚ ਵਿਚ ਕਿਸ਼ਨ ਦੀ ਵਾਪਸੀ ਕਰਵਾਏਗਾ ਜਾਂ ਨਹੀਂ ਇਹ ਦੇਖਣਾ ਪਵੇਗਾ ਪਰ ਟੀਮ ਮੈਨੇਜਮੈਂਟ ਉਮੀਦ ਕਰੇਗੀ ਕਿ ਇਸ 'ਕਰੋ ਜਾਂ ਮਰੋ' ਦੇ ਮੈਚ ਵਿਚ ਸਲਾਮੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰਨ। ਭਾਰਤ ਦੇ ਹੇਠਲੇ ਬੱਲੇਬਾਜ਼ ਇੰਨੇ ਸਮਰੱਥ ਨਹੀਂ ਹਨ ਤੇ ਇਸ ਲਈ ਸਿਖਰ 'ਤੇ ਖੇਡ ਰਹੇ ਬੱਲੇਬਾਜ਼ਾਂ ਲਈ ਦੌੜਾਂ ਬਣਾਉਣਾ ਬਹੁਤ ਜ਼ਰੂਰੀ ਹੈ। ਭਾਰਤ ਨੇ ਅਕਸ਼ਰ ਪਟੇਲ ਨੂੰ ਸੱਤਵੇਂ ਨੰਬਰ 'ਤੇ ਰੱਖਿਆ ਹੈ ਤਾਂਕਿ ਸੰਤੁਲਨ ਬਣਿਆ ਰਹੇ ਤੇ ਉਹ ਪੰਜ ਗੇਂਦਬਾਜ਼ਾਂ ਦੀ ਨੀਤੀ ਅਪਣਾਉਣਾ ਜਾਰੀ ਰੱਖ ਸਕਦੇ ਹਨ। ਨੌਜਵਾਨ ਤਿਲਕ ਨੇ ਜਿਸ ਤਰ੍ਹਾਂ ਆਪਣੇ ਮੋਿਢਆਂ 'ਤੇ ਜ਼ਿੰਮੇਵਾਰੀ ਚੁੱਕੀ ਹੈ, ਇਹ ਦੇਖਣਾ ਸ਼ਾਨਦਾਰ ਰਿਹਾ। ਉਹ 69.50 ਦੀ ਅੌਸਤ ਨਾਲ 139 ਦੌੜਾਂ ਬਣਾ ਕੇ ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਕੁਲਦੀਪ ਯਾਦਵ ਨੇ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਲਈ ਟੀਮ ਵਿਚ ਵਾਪਸੀ ਕੀਤੀ ਸੀ ਤੇ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਯਕੀਨੀ ਤੌਰ 'ਤੇ ਭਾਰਤ ਦੇ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਉਹ ਅੰਗੂਠੇ ਵਿਚ ਸੋਜ ਕਾਰਨ ਦੂਜੇ ਟੀ-20 ਅੰਤਰਰਾਸ਼ਟਰੀ ਵਿਚ ਨਹੀਂ ਖੇਡ ਸਕੇ ਸਨ। ਪਿਛਲੇ ਮੈਚ ਵਿਚ ਤਿੰਨਾਂ ਸਪਿੰਨਰਾਂ ਕੁਲਦੀਪ, ਅਕਸ਼ਰ, ਯੁਜਵਿੰਦਰ ਸਿੰਘ ਚਹਿਲ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਭਾਰਤ ਨੂੰ ਸੈਂਟਰਲ ਬਰੋਵਾਰਡ ਸਟੇਡੀਅਮ ਵਿਚ ਉਨ੍ਹਾਂ ਤੋਂ ਅਜਿਹੇ ਹੀ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਮੈਚ ਦੇ ਸ਼ੁਰੂ ਵਿਚ ਇੱਥੇ ਦੀ ਪਿੱਚ ਬੱਲੇਬਾਜ਼ਾਂ ਦੀ ਮਦਦ ਕਰਦੀ ਹੈ ਪਰ ਜਿਵੇਂ ਜਿਵੇਂ ਮੈਚ ਅੱਗੇ ਵਧਦਾ ਹੈ, ਇਹ ਹੌਲੀ ਹੋ ਜਾਂਦੀ ਹੈ ਜਿਸ ਦੀ ਪੁਸ਼ਟੀ ਇਸ ਨਾਲ ਹੁੰਦੀ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 13 ਵਿਚੋਂ 11 ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ। ਜਿੱਥੇ ਤੱਕ ਵੈਸਟਇੰਡੀਜ਼ ਦੀ ਗੱਲ ਹੈ ਤਾਂ ਉਹ 2016 ਤੋਂ ਬਾਅਦ ਭਾਰਤ 'ਤੇ ਪਹਿਲੀ ਸੀਰੀਜ਼ ਜਿੱਤਣ ਦਾ ਮੌਕਾ ਖੁੰਝਣਾ ਨਹੀਂ ਚਾਹੁਣਗੇ ਤੇ ਬਿਹਤਰ ਇਕਜੁਟ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ।