ਪਹਿਲੇ ਮੈਚ ’ਚ ਧਮਾਕੇਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਿੱਤ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਸ਼ਨਿਚਰਵਾਰ ਨੂੰ ਹੋਣ ਵਾਲੇ ਮੈਚ ’ਚ ਦਮਦਾਰ ਵਾਪਸੀ ਕਰਨ ਲਈ ਬੇਤਾਬ ਹੋਵੇਗੀ।
ਹੈਦਰਾਬਾਦ (ਪੀਟੀਆਈ) : ਪਹਿਲੇ ਮੈਚ ’ਚ ਧਮਾਕੇਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਜਿੱਤ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਸ਼ਨਿਚਰਵਾਰ ਨੂੰ ਹੋਣ ਵਾਲੇ ਮੈਚ ’ਚ ਦਮਦਾਰ ਵਾਪਸੀ ਕਰਨ ਲਈ ਬੇਤਾਬ ਹੋਵੇਗੀ। ਪਿਛਲੇ ਸਾਲ ਦੇ ਉਪ ਜੇਤੂ ਸਨਰਾਈਜ਼ਰਜ਼ ਨੇ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਆਪਣੇ ਪਹਿਲੇ ਮੈਚ ’ਚ 286 ਦੌੜਾਂ ਬਣਾ ਕੇ 44 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤਾ ਸੀ ਪਰ ਇਸ ਤੋਂ ਬਾਅਦ ਉਸਦੇ ਬੱਲੇਬਾਜ਼ ਸੁਸਤ ਪੈ ਗਏ, ਜਿਸਦਾ ਅਸਰ ਨਤੀਜੇ ’ਤੇ ਵੀ ਨਾਲ ਹੀ ਦੇਖਣ ਨੂੰ ਮਿਲ ਰਿਹਾ ਹੈ। ਹਮਲਾਵਰ ਅੰਦਾਜ਼ ’ਚ ਬੱਲੇਬਾਜ਼ੀ ਕਰਨ ਲਈ ਮਸ਼ਹੂਰ ਸਨਰਾਈਜ਼ਰਜ਼ ਦੀ ਟੀਮ ਪਿਛਲੇ ਤਿੰਨ ਮੈਚਾਂ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਉਸਨੇ ਇਨ੍ਹਾਂ ਮੈਚਾਂ ’ਚ 163, 120 ਤੇ 152 ਦੌੜਾਂ ਹੀ ਬਣਾਈਆਂ। ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਉਸਨੂੰ ਇਨ੍ਹਾਂ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਸਦੀ ਰਨ ਰੇਟ ਵੀ ਖ਼ਰਾਬ ਹੋ ਗਈ।
ਧਮਾਕੇਦਾਰ ਬੱਲੇਬਾਜ਼ਾਂ ਦਾ ਨਹੀਂ ਚੱਲ ਰਿਹਾ ਬੱਲਾ
ਹੈਦਰਾਬਾਦ ਕੋਲ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਇਸ਼ਾਨ ਕਿਸ਼ਨ ਤੇ ਹੈਨਰਿਕ ਕਲਾਸੇਨ ਵਰਗੇ ਧਮਾਕੇਦਾਰ ਬੱਲੇਬਾਜ਼ ਹਨ ਪਰ ਪਿਛਲੇ ਕੁਝ ਮੈਚਾਂ ’ਚ ਅਤਿ ਹਮਲਾਵਰਤਾ ਕਾਰਨ ਉਨ੍ਹਾਂ ਨੂੰ ਆਪਣੀਆਂ ਵਿਕਟਾਂ ਗੁਆਉਣੀਆਂ ਪਈਆਂ। ਪਿਛਲੇ ਸਾਲ ਹੈਦਰਾਬਾਦ ਦੀ ਸਫਲਤਾ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹੈੱਡ ਤੇ ਅਭਿਸ਼ੇਕ ਇਸ ਵਾਰ ਹਾਲੇ ਤੱਕ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ ਹਨ। ਮੌਜੂਦਾ ਸੈਸ਼ਨ ’ਚ ਇਨ੍ਹਾਂ ਦੋਵਾਂ ਵਿਚਾਲੇ ਪਹਿਲੀ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ 15 ਦੌੜਾਂ ਦੀ ਹੈ।• ਹੈੱਡ ਦੇ ਪ੍ਰਦਰਸ਼ਨ ’ਚ ਹੈਰਾਨੀਜਨਕ ਰੂਪ ਨਾਲ ਗਿਰਾਵਟ ਆਈ ਹੈ। ਉਹ ਹਾਲੇ ਤੱਕ ਪੰਜ ਪਾਰੀਆਂ ’ਚ 67, 47, 22 ਤੇ 08 ਦੌੜਾਂ ਹੀ ਬਣਾ ਸਕਿਆ ਹੈ। ਅਭਿਸ਼ੇਕ ਦੀ ਬੱਲੇਬਾਜ਼ੀ ’ਚ ਵੀ ਲਗਾਤਾਰਤਾ ਦੀ ਕਮੀ ਹੈ। ਮੌਜੂਦਾ ਸੈਸ਼ਨ ’ਚ ਉਸਦਾ ਸਰਬੋਤਮ ਸਕੋਰ 24 ਦੌੜਾਂ ਹੈ।
ਇਸ਼ਾਨ ਨੇ ਪਹਿਲੇ ਮੈਚ ’ਚ ਲਾਇਆ ਸੀ ਸੈਂਕੜਾ
ਇਸ਼ਾਨ ਕਿਸ਼ਨ ਨੇ ਪਹਿਲੇ ਮੈਚ ’ਚ ਅਜੇਤੂ ਸੈਂਕੜਾ ਲਗਾਇਆ ਸੀ ਪਰ ਇਸ ਤੋਂ ਬਾਅਦ ਉਹ ਆਪਣੇ ਇਸ ਪ੍ਰਦਰਸ਼ਨ ਨੂੰ ਜਾਰੀ ਨਹੀਂ ਰੱਖ ਸਕਿਆ। ਸਨਰਾਈਜ਼ਰਜ਼ ਮੱਧਕ੍ਰਮ ਦਾ ਮੁੱਖ ਬੱਲੇਬਾਜ਼ ਕਲਾਸੇਨ ਵੀ ਹਾਲੇ ਤੱਕ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ ਹੈ। ਸਨਰਾਈਜ਼ਰਜ਼ ਦੇ ਮੁੱਖ ਕੋਚ ਡੈਨੀਅਰ ਵਿਟੋਰੀ ਨੇ ਕਿਹਾ ਕਿ ਉਸਦੀ ਟੀਮ ਆਪਣੇ ਹਮਲਾਵਰ ਅੰਦਾਜ਼ ਨੂੰ ਨਹੀਂ ਛੱਡੇਗੀ। ਉਸਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਆਪਣੀ ਇਸ ਕਿਸਮ ਦੇ ਜ਼ੋਰ ’ਤੇ ਜਿੱਤ ਹਾਸਲ ਕੀਤੀ ਹੈ ਪਰ ਸਾਨੂੰ ਹਾਲਾਤ ਦਾ ਸਨਮਾਨ ਕਰਨਾ ਹੋਵੇਗਾ। ਸਾਨੂੰ ਹਾਲਾਤ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਨਾ ਹੋਵੇਗਾ।
ਗੇਂਦਬਾਜ਼ੀ ਵੀ ਚਿੰਤਾ ਦਾ ਵਿਸ਼ਾ
ਸਨਰਾਈਜ਼ਰਜ਼ ਲਈ ਬੱਲੇਬਾਜ਼ੀ ਹੀ ਨਹੀਂ, ਗੇਂਦਬਾਜ਼ੀ ਵੀ ਚਿੰਤਾ ਦਾ ਵਿਸ਼ਾ ਹੈ। ਉਸਦੇ ਗੇਂਦਬਾਜ਼ਾਂ ਨੇ ਹਾਲੇ ਤੱਕ ਕਾਫੀ ਦੌੜਾਂ ਦਿੱਤੀਆਂ ਹਨ। ਕਪਤਾਨ ਪੈਟ ਕਮਿੰਸ, ਮੁਹੰਮਦ ਸ਼ਮੀ ਤੇ ਹਰਸ਼ਲ ਪਟੇਲ ਵਰਗੇ ਗੇਂਦਬਾਜ਼ ਹਾਲੇ ਤੱਕ ਆਪਣਾ ਪ੍ਰਭਾਵ ਨਹੀਂ ਛੱਡ ਸਕੇ ਹਨ। ਉਸਦੇ ਸਪਿਨ ਗੇਂਦਬਾਜ਼ਾਂ ਨੂੰ ਵਿਚ ਦੇ ਓਵਰਾਂ ’ਚ ਸੰਘਰਸ਼ ਕਰਨਾ ਪੈ ਰਿਹਾ ਹੈ।
ਪੰਜਾਬ ਦਾ ਕਿੰਗ ਵਾਲਾ ਪ੍ਰਦਰਸ਼ਨ ਜਾਰੀ
ਪੰਜਾਬ ਕਿੰਗਜ਼ ਨੇ ਨਵੇਂ ਕਪਤਾਨ ਸ਼੍ਰੇਅਸ ਕਪਤਾਨ ਦੀ ਅਗਵਾਈ ’ਚ ਹਾਲੇ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਭਾਰਤੀ ਬੱਲੇਬਾਜ਼ੀ ਅੱਗੇ ਵੱਧ ਕੇ ਅਗਵਾਈ ਕਰ ਰਿਹਾ ਹੈ। ਉਸ ਨੂੰ ਪ੍ਰਿਆਂਸ਼ ਆਰਿਆ ਦੇ ਤੌਰ ’ਤੇ ਧਮਾਕੇਦਾਰ ਸਲਾਮੀ ਬੱਲੇਬਾਜ਼ ਮਿਲਿਆ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਪਿਛਲੇ ਮੈਚ ’ਚ ਸੈਂਕੜਾ ਲਗਾਇਆ ਸੀ। ਪੰਜਾਬ ਦੇ ਗੇਂਦਬਾਜ਼ੀ ਵਿਭਾਗ ’ਚ ਅਰਸ਼ਦੀਪ ਸਿੰਘ, ਲੌਕੀ ਫਰਗਿਊਸਨ, ਯੁਜਵੇਂਦਰ ਸਿੰਘ ਚਹਿਲ ਤੇ ਮਾਰਕੋ ਜੌਨਸਨ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਟੀਮਾਂ
ਸਨਰਾਈਜ਼ਰਜ਼ ਹੈਦਰਾਬਾਦ : ਪੈਨ ਕਮਿੰਸ (ਕਪਤਾਨ), ਇਸ਼ਾਨ ਕਿਸ਼ਨ, ਅਥਰਵ ਤਾਇਦੇ, ਅਭਿਨਵ ਮਨੋਹਰ, ਅਨਿਕੇਤ ਵਰਮਾ, ਸਚਿਨ ਬੇਬੀ, ਹੈਨਰਿਕ ਕਲਾਸੇਨ, ਟ੍ਰੈਵਿਸ ਹੈੱਡ, ਹਰਸ਼•ਲ ਪਟੇਲ, ਕਾਮਿੰਡੂ ਮੈਂਡਿਸ, ਵਿਆਨ ਮੁਲਡਰ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਮੁਹੰਮਦ ਸ਼ਮੀ, ਰਾਹੁਲ ਚਾਹਰ, ਐਡਮ ਜ਼ਾਂਪਾ, ਸਿਮਰਜੀਤ ਸਿੰਘ, ਜੀਸ਼ਾਨ ਅੰਸਾਰੀ, ਜੈਦੇਵ ਉਨਾਦਕਟ ਤੇ ਇਸ਼ਾਨ ਮਲਿੰਗਾ।
ਪੰਜਾਬ ਕਿੰਗਜ਼ : ਸ਼੍ਰੇਅਸ ਅਈਅਰ (ਕਪਤਾਨ), ਯੁਜਵੇਂਦਰਾ ਚਹਿਲ, ਅਰਸ਼ਦੀਪ ਸਿੰਘ, ਮਾਰਕਸ ਸਟੋਇਨਿਸ, ਨੇਹਲ ਵਢੇਰਾ, ਗਲੇਨ ਮੈਕਸਵੈੱਲ, ਵਿਸ਼ਾਕ ਵਿਜੇਕੁਮਾਰ, ਯਸ਼ ਠਾਕੁਰ, ਹਰਪ੍ਰੀਤ ਬਰਾੜ, ਵਿਸ਼ਨੂੰ ਵਿਨੋਦ, ਮਾਰਕੋ ਜੌਨਸਰ, ਲੌਕ ਫਰਗਿਊਸਨ, ਜੋਸ਼ ਇੰਗਲਿਸ, ਜ਼ੇਵੀਅਰ ਬਾਰਟਲੈਟ, ਕੁਲਦੀਪ ਸੇਨ, ਪਾਇਲਾ ਅਵਿਨਾਸ਼, ਸੂਰਿਆਂਸ਼ ਸ਼ੇਡਗੇ, ਮੁਸ਼ੀਰ ਖ਼ਾਨ, ਹਰਨੂਰ ਪੰਨੂ, ਆਰੋਨ ਹਾਰਡੀ, ਪ੍ਰਿਆਂਸ਼ ਆਰਿਆ, ਅਜ਼ਮਤੁੱਲਾ ਉਮਰਜ਼ਈ।