ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ, ਭਾਰਤ 2024 ਟੀ-20 ਵਿਸ਼ਵ ਕੱਪ ਦੇ ਖ਼ਿਤਾਬ ਦਾ ਵੱਡਾ ਦਾਅਵੇਦਾਰ
ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਖ਼ਿਤਾਬ ਲਈ ਭਾਰਤ ਨੂੰ ਵੱਡਾ ਦਾਅਵੇਦਾਰ ਕਰਾਰ ਦਿੱਤਾ ਹੈ ਪਰ ਨਾਲ ਹੀ ਕਿਹਾ ਕਿ ਚੈਂਪੀਅਨ ਬਣਨ ਲਈ ਇਸ ਟੀਮ ਨੂੰ ਆਖ਼ਰੀ ਦੋ ਨਾਕਆਊਟ ਮੈਚਾਂ 'ਚ ਜੇਤੂ ਬਣਨਾ ਪਵੇਗਾ।
Publish Date: Mon, 27 Nov 2023 06:24 PM (IST)
Updated Date: Mon, 27 Nov 2023 11:31 PM (IST)
ਮੁੰਬਈ (ਪੀਟੀਆਈ) : ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਖ਼ਿਤਾਬ ਲਈ ਭਾਰਤ ਨੂੰ ਵੱਡਾ ਦਾਅਵੇਦਾਰ ਕਰਾਰ ਦਿੱਤਾ ਹੈ ਪਰ ਨਾਲ ਹੀ ਕਿਹਾ ਕਿ ਚੈਂਪੀਅਨ ਬਣਨ ਲਈ ਇਸ ਟੀਮ ਨੂੰ ਆਖ਼ਰੀ ਦੋ ਨਾਕਆਊਟ ਮੈਚਾਂ 'ਚ ਜੇਤੂ ਬਣਨਾ ਪਵੇਗਾ।
ਭਾਰਤੀ ਟੀਮ ਨੂੰ ਵਨ ਡੇ ਵਿਸ਼ਵ ਕੱਪ 'ਚ ਸ਼ਾਨਦਾਰ ਮੁਹਿੰਮ ਤੋਂ ਬਾਅਦ ਫਾਈਨਲ 'ਚ ਆਸਟ੍ਰੇਲੀਆ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਾਸਤਰੀ ਨੇ ਕਿਹਾ ਕਿ ਕੁਝ ਵੀ ਆਸਾਨੀ ਨਾਲ ਨਹੀਂ ਮਿਲਦਾ। ਇੱਥੇ ਤੱਕ ਕਿ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਵੀ ਵਿਸ਼ਵ ਕੱਪ ਜਿੱਤਣ ਲਈ ਛੇ ਵਿਸ਼ਵ ਕੱਪ ਦੀ ਉਡੀਕ ਕਰਨੀ ਪਈ। ਤੁਸੀਂ ਵਿਸ਼ਵ ਕੱਪ ਆਸਾਨੀ ਨਾਲ ਨਹੀਂ ਜਿੱਤਦੇ, ਇਕ ਵਿਸ਼ਵ ਕੱਪ ਜਿੱਤਣ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਉਸ ਵੱਡੇ ਦਿਨ (ਫਾਈਨਲ) ਚੰਗਾ ਪ੍ਰਦਰਸ਼ਨ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਫਾਈਨਲ 'ਚ ਪੁੱਜਣ ਤੋਂ ਬਾਅਦ ਇਹ ਮਾਅਨੇ ਨਹੀਂ ਰੱਖਦਾ ਕਿ ਤੁਸੀਂ ਟੂਰਨਾਮੈਂਟ 'ਚ ਪਹਿਲਾਂ ਕੀ ਕੀਤਾ ਹੈ। ਜਦ ਤੁਸੀਂ ਸ਼ੁਰੂਆਤੀ ਅੜਿੱਕੇ ਨੂੰ ਪਾਰ ਕਰ ਲੈਂਦੇ ਹੋ ਤਾਂ ਸਿਰਫ਼ ਚੋਟੀ ਦੀਆਂ ਚਾਰ ਟੀਮਾਂ ਹੀ ਹੁੰਦੀਆਂ ਹਨ ਤੇ ਤੁਹਾਨੂੰ ਆਖ਼ਰੀ ਦੋ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨਾ ਪੈਂਦਾ ਹੈ। ਉਨ੍ਹਾਂ ਦੋ ਮੈਚਾਂ ਵਿਚ ਜੇ ਤੁਹਾਡਾ ਪ੍ਰਦਰਸ਼ਨ ਚੰਗਾ ਰਿਹਾ ਤਾਂ ਤੁਸੀਂ ਚੈਂਪੀਅਨ ਬਣਦੇ ਹੋ। ਆਸਟ੍ਰੇਲੀਆ ਨੇ ਅਜਿਹਾ ਹੀ ਕੀਤਾ, ਉਹ ਆਪਣੇ ਸ਼ੁਰੂਆਤੀ ਦੋ ਮੈਚ ਹਾਰ ਗਏ ਸਨ ਪਰ ਉਨ੍ਹਾਂ ਨੇ ਜਦ ਚੰਗੇ ਪ੍ਰਦਰਸ਼ਨ ਦੀ ਲੋੜ ਸੀ, ਤਦ ਚੰਗਾ ਪ੍ਰਦਰਸ਼ਨ ਕੀਤਾ। ਸ਼ਾਸਤਰੀ ਨੇ ਕਿਹਾ ਕਿ ਵਨ ਡੇ ਫਾਰਮੈਟ ਵਿਚ ਸ਼ਾਇਦ ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਤੁਹਾਨੂੰ ਮੁੜ ਟੀਮ ਬਣਾਉਣੀ ਪਵੇਗੀ ਪਰ ਟੀ-20 ਵਿਸ਼ਵ ਕੱਪ ਵਿਚ ਭਾਰਤ ਗੰਭੀਰ ਚੁਣੌਤੀ ਪੇਸ਼ ਕਰੇਗਾ। ਟੀਮ ਦੇ ਮੁੱਖ ਖਿਡਾਰੀਆਂ ਦੀ ਪਛਾਣ ਹੋ ਗਈ ਹੈ ਤੇ ਹੁਣ ਤੁਹਾਡਾ ਧਿਆਨ ਖੇਡ ਦੇ ਛੋਟੇ ਫਾਰਮੈਟ 'ਤੇ ਹੋਣਾ ਚਾਹੀਦਾ ਹੈ।