ਦੱਖਣੀ ਅਫ਼ਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ ਅੰਦਾਜ਼ ਵਿੱਚ ਵਾਪਸੀ ਕੀਤੀ ਅਤੇ ਆਪਣਾ 52ਵਾਂ ਵਨਡੇ ਸੈਂਕੜਾ ਜੜ੍ਹ ਕੇ ਭਾਰਤ ਨੂੰ ਰੋਮਾਂਚਕ ਜਿੱਤ ਦਿਵਾਈ। ਕੈਫ਼ ਨੇ ਕਿਹਾ ਕਿ ਰਾਂਚੀ ਵਿੱਚ ਕੋਹਲੀ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਸ ਤੋਂ ਪਤਾ ਚੱਲਦਾ ਹੈ ਕਿ ਉਹ ਆਪਣੀ ਇੱਛਾ ਅਨੁਸਾਰ ਬੱਲੇਬਾਜ਼ੀ ਕਰ ਰਹੇ ਸਨ ਅਤੇ ਉਸ ਦਿਨ ਦੋਹਰਾ ਸੈਂਕੜਾ ਵੀ ਲਗਾ ਸਕਦੇ ਸਨ।

ਸਪੋਰਟਸ ਡੈਸਕ, ਨਵੀਂ ਦਿੱਲੀ। ਮੁਹੰਮਦ ਕੈਫ਼ ਨੇ ਬੁੱਧਵਾਰ 3 ਦਸੰਬਰ ਨੂੰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ ਰਾਏਪੁਰ ਟੈਸਟ ਤੋਂ ਪਹਿਲਾਂ ਦਾਅਵਾ ਕੀਤਾ ਹੈ ਕਿ ਵਿਰਾਟ ਕੋਹਲੀ ਕਦੇ ਵੀ ਟੈਸਟ ਕ੍ਰਿਕਟ ਤੋਂ ਸੰਨਿਆਸ ਦੇ ਫੈਸਲੇ ਨੂੰ ਵਾਪਸ ਨਹੀਂ ਲੈਣਗੇ। ਕੋਹਲੀ ਨੇ ਆਪਣੇ ਸ਼ਾਨਦਾਰ ਕਰੀਅਰ ਤੋਂ ਬਾਅਦ ਇੰਗਲੈਂਡ ਦੌਰੇ ਤੋਂ ਪਹਿਲਾਂ ਖੇਡ ਦੇ ਸਭ ਤੋਂ ਲੰਬੇ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਅਜਿਹੀਆਂ ਅਟਕਲਾਂ ਸਨ ਕਿ ਬੀਸੀਸੀਆਈ (BCCI) ਦੱਖਣੀ ਅਫ਼ਰੀਕਾ ਖ਼ਿਲਾਫ਼ ਭਾਰਤ ਦੀ 0-2 ਨਾਲ ਹਾਰ ਤੋਂ ਬਾਅਦ ਕੋਹਲੀ ਨੂੰ ਟੈਸਟ ਟੀਮ ਵਿੱਚ ਵਾਪਸ ਬੁਲਾਉਣ ਬਾਰੇ ਵਿਚਾਰ ਕਰ ਰਿਹਾ ਹੈ।
ਹਾਲਾਂਕਿ ਬੀਸੀਸੀਆਈ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ ਅਤੇ ਕੋਹਲੀ ਨੇ ਖੁਦ ਰਾਂਚੀ ਵਨਡੇ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦਾ ਧਿਆਨ ਸਿਰਫ ਇੱਕ ਹੀ ਫਾਰਮੈਟ 'ਤੇ ਹੈ। ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦੇ ਹੋਏ ਕੈਫ਼ ਨੇ ਕਿਹਾ ਕਿ ਭਾਰਤੀ ਬੱਲੇਬਾਜ਼ ਨੂੰ ਆਪਣੇ ਫੈਸਲੇ 'ਤੇ ਅੜੇ ਰਹਿਣ ਦੀ ਆਦਤ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕਪਤਾਨੀ ਛੱਡਣ ਤੋਂ ਬਾਅਦ ਉਹ ਕਦੇ ਆਰਸੀਬੀ (RCB) ਦੀ ਕਪਤਾਨੀ ਵਿੱਚ ਵਾਪਸ ਨਹੀਂ ਪਰਤੇ।
ਫੈਸਲੇ 'ਤੇ ਅੜੇ ਰਹਿਣ ਦੀ ਆਦਤ
ਕੈਫ਼ ਨੇ ਕਿਹਾ "ਕੋਹਲੀ ਨੂੰ ਆਪਣੇ ਫੈਸਲੇ 'ਤੇ ਅੜੇ ਰਹਿਣ ਦੀ ਆਦਤ ਹੈ। ਕਈ ਖਿਡਾਰੀ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਸੰਨਿਆਸ ਦੇ ਫੈਸਲੇ ਨੂੰ ਪਲਟ ਦਿੱਤਾ ਹੈ ਪਰ ਕੋਹਲੀ ਉਨ੍ਹਾਂ ਵਿੱਚੋਂ ਨਹੀਂ ਹਨ। ਪਿਛਲੀ ਵਾਰ ਜਦੋਂ ਉਨ੍ਹਾਂ ਨੇ ਆਈਪੀਐਲ ਵਿੱਚ ਕਪਤਾਨੀ ਛੱਡੀ ਸੀ, ਉਦੋਂ ਵੀ ਲੋਕਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਪਤਾਨ ਵਜੋਂ ਵਾਪਸ ਆਉਣਾ ਚਾਹੀਦਾ ਹੈ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਨੇ ਫੈਸਲਾ ਲਿਆ ਅਤੇ ਇੱਕ ਜੂਨੀਅਰ ਖਿਡਾਰੀ ਨੂੰ ਚੁਣਿਆ ਤੇ ਰਜਤ ਪਾਟੀਦਾਰ ਕਪਤਾਨ ਬਣੇ।"
ਕੈਫ਼ ਨੇ ਅੱਗੇ ਕਿਹਾ "ਉਨ੍ਹਾਂ ਵਿੱਚ ਇੰਨੀ ਹਿੰਮਤ ਹੈ ਕਿ ਇੱਕ ਵਾਰ ਉਨ੍ਹਾਂ ਨੇ ਫੈਸਲਾ ਲੈ ਲਿਆ, ਭਾਵੇਂ ਵਜ੍ਹਾ ਕੁਝ ਵੀ ਹੋਵੇ। ਉਨ੍ਹਾਂ ਨੇ ਬਹੁਤ ਸੋਚ-ਵਿਚਾਰ ਤੋਂ ਬਾਅਦ ਫੈਸਲਾ ਲਿਆ ਹੈ। ਹੁਣ ਉਹ ਵਾਪਸ ਨਹੀਂ ਆਉਣਗੇ। ਲੋਕ ਉਨ੍ਹਾਂ ਨੂੰ ਚਾਹੁੰਦੇ ਹਨ, ਪਰ ਇੱਕ ਵਾਰ ਜਦੋਂ ਇਹ ਫੈਸਲੇ ਹੋ ਜਾਂਦੇ ਹਨ ਉਹ ਆਪਣੀ ਗੱਲ ਦੇ ਪੱਕੇ ਹਨ ਉਹ ਵਾਪਸ ਨਹੀਂ ਆਉਣਗੇ।"
ਦੱਖਣੀ ਅਫ਼ਰੀਕਾ ਖ਼ਿਲਾਫ਼ ਦਮਦਾਰ ਵਾਪਸੀ
ਦੱਖਣੀ ਅਫ਼ਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ਵਿਰਾਟ ਕੋਹਲੀ ਨੇ ਸ਼ਾਨਦਾਰ ਅੰਦਾਜ਼ ਵਿੱਚ ਵਾਪਸੀ ਕੀਤੀ ਅਤੇ ਆਪਣਾ 52ਵਾਂ ਵਨਡੇ ਸੈਂਕੜਾ ਜੜ੍ਹ ਕੇ ਭਾਰਤ ਨੂੰ ਰੋਮਾਂਚਕ ਜਿੱਤ ਦਿਵਾਈ। ਕੈਫ਼ ਨੇ ਕਿਹਾ ਕਿ ਰਾਂਚੀ ਵਿੱਚ ਕੋਹਲੀ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ, ਉਸ ਤੋਂ ਪਤਾ ਚੱਲਦਾ ਹੈ ਕਿ ਉਹ ਆਪਣੀ ਇੱਛਾ ਅਨੁਸਾਰ ਬੱਲੇਬਾਜ਼ੀ ਕਰ ਰਹੇ ਸਨ ਅਤੇ ਉਸ ਦਿਨ ਦੋਹਰਾ ਸੈਂਕੜਾ ਵੀ ਲਗਾ ਸਕਦੇ ਸਨ।