ਬਲਜੀਤ ਸਿੰਘ ਬਣੇ ਇਟਲੀ ਦੀ ਕਿ੍ਕਟ ਟੀਮ ਦੇ ਕਪਤਾਨ, ਸਪੇਨ ਵਿਖੇ ਹੋਣ ਜਾ ਰਹੀ ਯੂਰਪੀਅਨ ਚੈਂਪੀਅਨਸ਼ਿਪ 'ਚ ਕਰਨਗੇ ਅਗਵਾਈ
ਫੈਡਰੇਸ਼ਨ ਕਿ੍ਕਟ ਇਤਾਲੀਆ ਨੇ ਬਲਜੀਤ ਸਿੰਘ ਨੂੰ ਯੂਰਪੀਅਨ ਕਿ੍ਕਟ ਚੈਂਪੀਅਨਸ਼ਿਪ ਲਈ ਇਟਲੀ ਦੀ ਕਿ੍ਕਟ ਟੀਮ ਦਾ ਕੈਪਟਨ ਚੁਣਿਆ ਹੈ ਜੋ ਅਗਲੇ ਮਹੀਨੇ ਯੂਰਪੀਅਨ ਦੇਸ਼ ਸਪੇਨ ਵਿਚ ਹੋਣ ਜਾ ਰਹੀ ਕਿ੍ਕਟ ਚੈਂਪੀਅਨਸ਼ਿਪ ਲਈ ਆਪਣੀ ਟੀਮ ਦੀ ਅਗਵਾਈ ਕਰਨਗੇ।
Publish Date: Fri, 09 Sep 2022 06:04 PM (IST)
Updated Date: Fri, 09 Sep 2022 06:08 PM (IST)
ਦਲਜੀਤ ਮੱਕੜ, ਮਿਲਾਨ (ਇਟਲੀ) : ਫੈਡਰੇਸ਼ਨ ਕਿ੍ਕਟ ਇਤਾਲੀਆ ਨੇ ਬਲਜੀਤ ਸਿੰਘ ਨੂੰ ਯੂਰਪੀਅਨ ਕਿ੍ਕਟ ਚੈਂਪੀਅਨਸ਼ਿਪ ਲਈ ਇਟਲੀ ਦੀ ਕਿ੍ਕਟ ਟੀਮ ਦਾ ਕੈਪਟਨ ਚੁਣਿਆ ਹੈ ਜੋ ਅਗਲੇ ਮਹੀਨੇ ਯੂਰਪੀਅਨ ਦੇਸ਼ ਸਪੇਨ ਵਿਚ ਹੋਣ ਜਾ ਰਹੀ ਕਿ੍ਕਟ ਚੈਂਪੀਅਨਸ਼ਿਪ ਲਈ ਆਪਣੀ ਟੀਮ ਦੀ ਅਗਵਾਈ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਲਾਲੀ ਨੇ ਦੱਸਿਆ ਹੈ ਕਿ ਕਿ੍ਕਟ ਖੇਡਣ ਦਾ ਸ਼ੌਕ ਛੋਟੇ ਹੁੰਦੇ ਤੋਂ ਸੀ ਪਰ 2007 ਵਿਚ ਉਹ ਇਟਲੀ ਆ ਗਿਆ ਅਤੇ ਆਪਣੇ ਸ਼ੌਕ ਨੂੰ ਬਰਕਰਾਰ ਰੱਖਦੇ ਹੋਏ ਇਟਲੀ ਦੇ ਕਈ ਕਿ੍ਕਟ ਕਲੱਬਾਂ ਵਿਚ ਖੇਡ ਕੇ ਇਟਲੀ ਦੀ ਨੈਸ਼ਨਲ ਟੀਮ ਵਿਚ ਬਤੌਰ ਖਿਡਾਰੀ ਭਰਤੀ ਹੋਇਆ ਅਤੇ ਪਿਛਲੇ ਲੰਮੇ ਸਮੇਂ ਤੋਂ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਕੇ ਉਸ ਨੂੰ ਫੈਡਰੇਸ਼ਨ ਕਿ੍ਕਟ ਇਤਾਲੀਆ ਵੱਲੋਂ ਇਟਲੀ ਦੀ ਕਿ੍ਕਟ ਟੀਮ ਦਾ ਕਪਤਾਨ ਚੁਣਿਆ ਗਿਆ ਹੈ।
ਹੁਣ ਉਹ ਅਕਤੂਬਰ ਮਹੀਨੇ ਸਪੇਨ 'ਚ ਹੋਣ ਜਾ ਰਹੀ ਯੂਰਪੀਅਨ ਕਿ੍ਕਟ ਚੈਂਪੀਅਨਸ਼ਿਪ ਟੀ-10 ਲਈ ਕਪਤਾਨ ਚੁਣੇ ਗਏ ਹਨ। ਬਲਜੀਤ ਸਿੰਘ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਰਾਏਪੁਰ ਪੀਰ ਬਖ਼ਸ਼ ਦਾ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਜਸਬੀਰ ਸਿੰਘ ਹੈ। ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ 'ਚ ਬਹੁਤ ਖ਼ੁਸ਼ੀ ਹੈ ਕਿ ਬਲਜੀਤ ਸਿੰਘ ਨੂੰ ਇਟਲੀ ਦੀ ਨੈਸ਼ਨਲ ਕਿ੍ਕਟ ਟੀਮ ਦਾ ਕੈਪਟਨ ਨਿਯੁਕਤ ਕੀਤਾ ਗਿਆ ਹੈ।