Economic Survey 2026 ਨੇ ਇਸ ਨੂੰ ਸਿੱਧੇ ਸ਼ਬਦਾਂ 'ਚ ਚਿਤਾਵਨੀ ਦੱਸਿਆ ਹੈ- ਜੇਕਰ ਮੋਟਾਪੇ 'ਤੇ ਹੁਣੇ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਅਸਰ ਸਿਰਫ਼ ਹਸਪਤਾਲਾਂ ਤਕ ਸੀਮਤ ਨਹੀਂ ਰਹੇਗਾ, ਸਗੋਂ ਦੇਸ਼ ਦੀ ਉਤਪਾਦਕਤਾ, ਲੇਬਰ ਫੋਰਸ ਤੇ ਅਰਥਵਿਵਸਥਾ 'ਤੇ ਪਵੇਗਾ।

ਗੁਰਪ੍ਰੀਤ ਚੀਮਾ, ਨਵੀਂ ਦਿੱਲੀ : ਸਵੇਰ ਦੀ ਚਾਹ ਨਾਲ ਬਿਸਕੁਟ, ਦਫ਼ਤਰ 'ਚ ਘੰਟਿਆਂਬੱਧੀ ਕੁਰਸੀ 'ਤੇ ਬੈਠਣਾ, ਰਾਤ ਨੂੰ ਮੋਬਾਈਲ ਸਕ੍ਰੋਲ ਕਰਦੇ ਹੋਏ ਡਿਨਰ... ਇਹ ਸਭ ਹੁਣ ਸਾਡੀਆਂ ਰੋਜ਼ਾਨਾ ਦੀਆਂ ਆਦਤਾਂ ਹਨ। ਪਰ ਇਨ੍ਹਾਂ ਆਦਤਾਂ ਦਾ ਨਤੀਜਾ ਹੈ ਕਿ ਭਾਰਤ ਅੱਜ ਇਕ ‘ਸਾਈਲੈਂਟ ਹੈਲਥ ਐਮਰਜੈਂਸੀ’ ਵੱਲ ਵਧ ਰਿਹਾ ਹੈ।
ਜਿਹੜੀ ਬਿਮਾਰੀ ਕਦੇ ਅਮੀਰ ਦੇਸ਼ਾਂ ਦੀ ਮੰਨੀ ਜਾਂਦੀ ਸੀ, ਅੱਜ ਉਹ ਭਾਰਤ ਦੇ ਹਰ ਵਰਗ, ਹਰ ਉਮਰ ਤੇ ਹਰ ਰਾਜ ਵਿਚ ਤੇਜ਼ੀ ਨਾਲ ਫੈਲ ਰਹੀ ਹੈ। Economic Survey 2026 ਨੇ ਇਸ ਨੂੰ ਸਿੱਧੇ ਸ਼ਬਦਾਂ 'ਚ ਚਿਤਾਵਨੀ ਦੱਸਿਆ ਹੈ- ਜੇਕਰ ਮੋਟਾਪੇ 'ਤੇ ਹੁਣੇ ਧਿਆਨ ਨਾ ਦਿੱਤਾ ਗਿਆ ਤਾਂ ਇਸ ਦਾ ਅਸਰ ਸਿਰਫ਼ ਹਸਪਤਾਲਾਂ ਤਕ ਸੀਮਤ ਨਹੀਂ ਰਹੇਗਾ, ਸਗੋਂ ਦੇਸ਼ ਦੀ ਉਤਪਾਦਕਤਾ, ਲੇਬਰ ਫੋਰਸ ਤੇ ਅਰਥਵਿਵਸਥਾ 'ਤੇ ਪਵੇਗਾ।
WHO ਅਤੇ UNICEF ਦੇ ਅੰਕੜੇ ਦੱਸਦੇ ਹਨ ਕਿ ਸਾਲ 2000 ਤੋਂ ਬਾਅਦ ਭਾਰਤ 'ਚ ਮੋਟਾਪੇ ਦਾ ਗ੍ਰਾਫ ਲਗਾਤਾਰ ਉੱਪਰ ਗਿਆ ਹੈ। ਸਾਲ 2000 'ਚ ਓਵਰਵੇਟ ਅਤੇ ਮੋਟਾਪੇ ਨਾਲ ਗ੍ਰਸਤ ਬਾਲਗਾਂ ਦੀ ਹਿੱਸੇਦਾਰੀ ਕਰੀਬ 10–12 ਪ੍ਰਤੀਸ਼ਤ ਸੀ। ਸਾਲ 2015 'ਚ ਇਹ ਅੰਕੜਾ ਵੱਧ ਕੇ ਲਗਪਗ 20 ਪ੍ਰਤੀਸ਼ਤ ਤੱਕ ਪਹੁੰਚ ਗਿਆ। ਸਾਲ 2023–24 'ਚ ਸ਼ਹਿਰੀ ਭਾਰਤ 'ਚ ਹਰ ਤੀਜਾ ਬਾਲਗ ਓਵਰਵੇਟ ਜਾਂ ਮੋਟਾਪੇ ਦਾ ਸ਼ਿਕਾਰ ਪਾਇਆ ਗਿਆ ਹੈ। ਇਹ ਬਦਲਾਅ ਬਹੁਤ ਤੇਜ਼ ਅਤੇ ਵਿਆਪਕ ਹੈ।
ਸਭ ਤੋਂ ਵੱਡਾ ਅਲਾਰਮ ਬੱਚਿਆਂ ਨੂੰ ਲੈ ਕੇ ਹੈ। ਯੂਨੀਸੈਫ (UNICEF) ਮੁਤਾਬਕ, ਭਾਰਤ 'ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਮੋਟਾਪਾ ਵਧ ਰਿਹਾ ਹੈ ਜਦੋਂਕਿ ਕਿਸ਼ੋਰਾਂ ਵਿਚ ਇਹ ਰਫ਼ਤਾਰ ਹੋਰ ਵੀ ਤੇਜ਼ ਹੈ। ਵਿਸ਼ਵ ਪੱਧਰ 'ਤੇ ਦੇਖੀਏ ਤਾਂ ਅੱਜ ਕਰੀਬ 18.8 ਕਰੋੜ ਬੱਚੇ ਅਤੇ ਕਿਸ਼ੋਰ ਮੋਟਾਪੇ ਦੇ ਨਾਲ ਜੀਅ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬਚਪਨ ਵਿਚ ਮੋਟਾਪਾ ਸ਼ੁਰੂ ਹੋ ਜਾਵੇ ਤਾਂ ਇਹ ਅੱਗੇ ਚੱਲ ਕੇ ਕਈ ਗੰਭੀਰ ਬਿਮਾਰੀਆਂ ਦੀ ਨੀਂਹ ਬਣਦਾ ਹੈ।
ਮੋਟਾਪੇ ਦੇ ਵਧਦੇ ਅੰਕੜਿਆਂ ਵਿਚਕਾਰ ਭਾਰਤ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਦੇਸ਼ ਅਜੇ ਵੀ ਕੁਪੋਸ਼ਣ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲਿਆ ਹੈ। NFHS ਤੇ WHO ਦੇ ਅੰਕੜੇ ਦੱਸਦੇ ਹਨ ਕਿ ਵੱਡੀ ਗਿਣਤੀ 'ਚ ਬੱਚੇ ਅੱਜ ਵੀ ਸਟੰਟਿੰਗ (ਕੱਦ ਦਾ ਨਾ ਵਧਣਾ) ਤੇ ਅੰਡਰਵੇਟ (ਘੱਟ ਭਾਰ) ਦੀ ਸਮੱਸਿਆ ਨਾਲ ਜੂਝ ਰਹੇ ਹਨ। ਯਾਨੀ ਭਾਰਤ ਅੱਜ ਇੱਕੋ ਸਮੇਂ ਦੋ ਉਲਟ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ—ਕੁਪੋਸ਼ਣ ਅਤੇ ਮੋਟਾਪਾ।
WHO ਇਸ ਨੂੰ ‘ਡਬਲ ਬਰਡਨ ਆਫ ਮਾਲਨਿਊਟ੍ਰੀਸ਼ਨ’ (ਕੁਪੋਸ਼ਣ ਦਾ ਦੋਹਰਾ ਬੋਝ) ਕਹਿੰਦਾ ਹੈ। ਕਈ ਪਰਿਵਾਰਾਂ ਵਿੱਚ ਇਹ ਵਿਰੋਧਾਭਾਸ ਇੱਕੋ ਛੱਤ ਹੇਠ ਦਿਖਾਈ ਦਿੰਦਾ ਹੈ, ਜਿੱਥੇ ਬੱਚਾ ਜਾਂ ਮਹਿਲਾ ਕੁਪੋਸ਼ਿਤ ਹੈ, ਉੱਥੇ ਹੀ ਕਿਸ਼ੋਰ ਜਾਂ ਬਾਲਗ ਮੋਟਾਪੇ ਦਾ ਸ਼ਿਕਾਰ ਹੈ। ਘੱਟ ਪੋਸ਼ਣ ਵਾਲਾ ਸਸਤਾ ਖਾਣਾ ਪੇਟ ਤਾਂ ਭਰ ਦਿੰਦਾ ਹੈ, ਪਰ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਦਿੰਦਾ। ਇਹੋ ਸਥਿਤੀ ਕੁਪੋਸ਼ਣ ਅਤੇ ਮੋਟਾਪਾ, ਦੋਵਾਂ ਨੂੰ ਜਨਮ ਦਿੰਦੀ ਹੈ।
Economic Survey 2026 ਨੇ ਮੋਟਾਪੇ ਨੂੰ ਸਿਰਫ਼ ਸਿਹਤ ਸਮੱਸਿਆ ਨਹੀਂ, ਸਗੋਂ ਇਕ ਆਰਥਿਕ ਜੋਖ਼ਮ ਵਜੋਂ ਚਿੰਨ੍ਹਿਤ ਕੀਤਾ ਹੈ। ਸਰਵੇਖਣ ਅਨੁਸਾਰ ਅਲਟਰਾ-ਪ੍ਰੋਸੈਸਡ ਫੂਡ—ਜਿਵੇਂ ਪੈਕੇਜਡ ਸਨੈਕਸ, ਮਿੱਠੇ ਡਰਿੰਕਸ ਤੇ ਇੰਸਟੈਂਟ ਫੂਡ, ਭਾਰਤ 'ਚ ਮੋਟਾਪੇ ਦੇ ਵਧਦੇ ਮਾਮਲਿਆਂ ਦੀ ਵੱਡੀ ਵਜ੍ਹਾ ਬਣ ਰਹੇ ਹਨ। ਇਨ੍ਹਾਂ ਵਿਚ ਬਹੁਤ ਜ਼ਿਆਦਾ ਚੀਨੀ, ਨਮਕ ਅਤੇ ਟ੍ਰਾਂਸ ਫੈਟ ਹੁੰਦਾ ਹੈ ਜੋ ਸ਼ੂਗਰ (Diabetes), ਦਿਲ ਦੇ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਵਧਾਵਾ ਦਿੰਦਾ ਹੈ।
ਇਸ ਦੇ ਨਾਲ ਹੀ ਸ਼ਹਿਰੀ ਜੀਵਨਸ਼ੈਲੀ 'ਚ ਸਰੀਰਕ ਗਤੀਵਿਧੀ ਦੀ ਕਮੀ ਨੇ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਦਫ਼ਤਰਾਂ ਦੇ ਲੰਬੇ ਘੰਟੇ, ਸਕ੍ਰੀਨ-ਅਧਾਰਿਤ ਕੰਮ ਅਤੇ ਖੁੱਲ੍ਹੀਆਂ ਥਾਵਾਂ ਦੀ ਘਾਟ ਨੇ ਚੱਲਣਾ-ਫਿਰਨਾ ਲਗਪਗ ਖ਼ਤਮ ਕਰ ਦਿੱਤਾ ਹੈ। ਨਤੀਜਾ ਇਹ ਹੈ ਕਿ ਕੰਮਕਾਜੀ ਉਮਰ ਦੀ ਆਬਾਦੀ ਦੀ ਸਿਹਤ ਅਤੇ ਉਤਪਾਦਕਤਾ ਦੋਵੇਂ ਪ੍ਰਭਾਵਿਤ ਹੋ ਰਹੀਆਂ ਹਨ।
WHO ਦੀ ਫੈਕਟ ਸ਼ੀਟ ਮੁਤਾਬਕ 2022 'ਚ ਦੁਨੀਆ ਭਰ ਵਿਚ ਇਕ ਅਰਬ ਤੋਂ ਵੱਧ ਲੋਕ ਮੋਟਾਪੇ ਤੋਂ ਪੀੜਤ ਸਨ। ਇਨ੍ਹਾਂ ਵਿਚ ਕਰੋੜਾਂ ਬੱਚੇ ਅਤੇ ਕਿਸ਼ੋਰ ਸ਼ਾਮਲ ਹਨ। ਅਮਰੀਕਾ, ਮੈਕਸੀਕੋ ਤੇ ਮਿਸਰ ਵਰਗੇ ਦੇਸ਼ਾਂ 'ਚ ਮੋਟਾਪਾ ਪਹਿਲਾਂ ਹੀ ਜਨਤਕ ਸਿਹਤ ਸੰਕਟ ਬਣ ਚੁੱਕਾ ਹੈ। WHO ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹੋ ਰਫ਼ਤਾਰ ਬਣੀ ਰਹੀ ਤਾਂ 2035 ਤਕ ਦੁਨੀਆ ਦੀ ਅੱਧੀ ਆਬਾਦੀ ਓਵਰਵੇਟ ਹੋ ਸਕਦੀ ਹੈ।
ਇਕ ਹੋਰ ਵੱਡਾ ਸਵਾਲ ਸਾਡੇ ਬਦਲਦੇ ਖਾਣ-ਪੀਣ ਨੂੰ ਲੈ ਕੇ ਹੈ। ਕੀ ਭਾਰਤ ਸੱਚਮੁੱਚ ਸਿਹਤਮੰਦ ਖਾਣਾ ਛੱਡ ਰਿਹਾ ਹੈ ਜਾਂ ਸਿਹਤਮੰਦ ਖਾਣਾ ਉਸ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ? ਦਾਲ, ਸਬਜ਼ੀ ਅਤੇ ਮੋਟੇ ਅਨਾਜ ਦੀ ਜਗ੍ਹਾ ਪੈਕੇਟ ਵਾਲੇ ਖਾਣੇ (Packaged Food) ਨੇ ਇਸ ਲਈ ਨਹੀਂ ਲਈ ਕਿ ਲੋਕ ਅਣਜਾਣ ਹਨ, ਸਗੋਂ ਇਸ ਲਈ ਲਈ ਹੈ ਕਿਉਂਕਿ ਉਹ ਸਸਤਾ, ਸੁਵਿਧਾਜਨਕ ਅਤੇ ਹਰ ਸਮੇਂ ਉਪਲਬਧ ਹੈ।
ਤਾਂ ਕੀ ਮੋਟਾਪੇ ਦੀ ਅਸਲ ਲੜਾਈ ਸਿਰਫ਼ ਸਵਾਦ ਨਾਲ ਨਹੀਂ, ਸਗੋਂ ਸਮੇਂ, ਕੀਮਤ ਅਤੇ ਸਹੂਲਤ ਨਾਲ ਜੁੜੀ ਹੋਈ ਹੈ? ਜੇਕਰ ਜੰਕ ਫੂਡ ਸਸਤਾ ਤੇ ਸਿਹਤਮੰਦ ਖਾਣਾ ਮਹਿੰਗਾ ਰਹੇਗਾ ਤਾਂ ਬਦਲਾਅ ਦੀ ਉਮੀਦ ਕਿਸ ਤੋਂ ਕੀਤੀ ਜਾਵੇ?
ਬੱਚਿਆਂ ਦੇ ਮੋਟਾਪੇ 'ਤੇ ਚਿੰਤਾ ਜਤਾਈ ਜਾ ਰਹੀ ਹੈ ਪਰ ਸਵਾਲ ਇਹ ਵੀ ਹੈ ਕਿ ਉਨ੍ਹਾਂ ਦੀ ਥਾਲੀ ਕੌਣ ਤੈਅ ਕਰ ਰਿਹਾ ਹੈ। ਸਕੂਲ ਕੰਟੀਨ, ਆਨਲਾਈਨ ਫੂਡ ਡਿਲੀਵਰੀ ਤੇ ਇਸ਼ਤਿਹਾਰ—ਤਿੰਨੇ ਮਿਲ ਕੇ ਬੱਚਿਆਂ ਦੀ ਖਾਣੇ ਦੀ ਪਸੰਦ ਨੂੰ ਪ੍ਰਭਾਵਿਤ ਕਰ ਰਹੇ ਹਨ। ਜੇਕਰ ਸਕੂਲਾਂ ਦੇ ਆਲੇ-ਦੁਆਲੇ ਜੰਕ ਫੂਡ ਆਸਾਨੀ ਨਾਲ ਮਿਲਦਾ ਰਹੇਗਾ ਤੇ ਸਿਹਤਮੰਦ ਵਿਕਲਪ ਸਿਰਫ਼ ਕਿਤਾਬਾਂ 'ਚ ਰਹਿਣਗੇ ਤਾਂ ਮੋਟਾਪੇ 'ਤੇ ਕਾਬੂ ਕਿਵੇਂ ਪਾਇਆ ਜਾਵੇਗਾ?
ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਬਚਪਨ 'ਚ ਮੋਟਾਪਾ ਸਿਰਫ਼ ਵਜ਼ਨ ਵਧਣ ਦੀ ਸਮੱਸਿਆ ਨਹੀਂ ਹੈ। ਇਸ ਨਾਲ ਘੱਟ ਉਮਰ 'ਚ ਹੀ ਟਾਈਪ-2 ਸ਼ੂਗਰ (Diabetes), ਹਾਈ ਬਲੱਡ ਪ੍ਰੈਸ਼ਰ, ਫੈਟੀ ਲਿਵਰ ਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਮੋਟਾਪਾ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ—ਆਤਮ-ਵਿਸ਼ਵਾਸ 'ਚ ਕਮੀ, ਸਮਾਜਿਕ ਦੂਰੀ ਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗੀਆਂ ਹਨ। ਇਸ ਦਾ ਸਿੱਧਾ ਅਸਰ ਪੜ੍ਹਾਈ, ਖੇਡਾਂ ਅਤੇ ਭਵਿੱਖ 'ਚ ਕੰਮ ਕਰਨ ਦੀ ਸਮਰੱਥਾ 'ਤੇ ਪੈਂਦਾ ਹੈ।
'ਦੈਨਿਕ ਜਾਗਰਣ ਡਿਜੀਟਲ' ਨੇ ਇਸ ਵਿਸ਼ੇ ਨੂੰ ਡੂੰਘਾਈ ਨਾਲ ਸਮਝਣ ਲਈ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼), ਨਵੀਂ ਦਿੱਲੀ ਦੀ ਐਡੀਸ਼ਨਲ ਪ੍ਰੋਫੈਸਰ ਡਾ. ਮੰਜੂਨਾਥ ਨਾਲ ਗੱਲਬਾਤ ਕੀਤੀ।
ਡਾ. ਮੰਜੂਨਾਥ ਅਨੁਸਾਰ, “ਮੋਟਾਪਾ ਅੱਜ ਭਾਰਤ ਲਈ ਗੰਭੀਰ ਤੇ ਤੇਜ਼ੀ ਨਾਲ ਵਧ ਰਿਹਾ ਸਿਹਤ ਸੰਕਟ ਬਣ ਚੁੱਕਾ ਹੈ। ਇਹ ਨਾ ਸਿਰਫ਼ ਦਿਲ, ਫੇਫੜਿਆਂ ਅਤੇ ਜੋੜਾਂ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਪੂਰੇ ਮੈਟਾਬੋਲਿਕ ਸਿਸਟਮ 'ਤੇ ਵੀ ਡੂੰਘਾ ਅਸਰ ਪਾਉਂਦਾ ਹੈ। ਬੇਕਾਬੂ ਮੋਟਾਪਾ ਜੀਵਨ ਦੀ ਗੁਣਵੱਤਾ ਨੂੰ ਘਟਾਉਂਦਾ ਹੈ ਅਤੇ ਸਮੇਂ ਤੋਂ ਪਹਿਲਾਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵਧਾ ਦਿੰਦਾ ਹੈ। ਇਸ ਨਾਲ ਨਜਿੱਠਣ ਲਈ ਜੀਵਨਸ਼ੈਲੀ 'ਚ ਬਦਲਾਅ ਦੇ ਨਾਲ-ਨਾਲ ਸਮੇਂ ਸਿਰ ਡਾਕਟਰੀ ਸਹਾਇਤਾ ਬਹੁਤ ਜ਼ਰੂਰੀ ਹੈ।”
ਇਸੇ ਸੰਕਟ ਦੌਰਾਨ ਸਰਕਾਰ ਮੋਟੇ ਅਨਾਜ—ਜਿਵੇਂ ਬਾਜਰਾ, ਜਵਾਰ ਤੇ ਰਾਗੀ ਨੂੰ ਹੱਲ ਵਜੋਂ ਅੱਗੇ ਵਧਾ ਰਹੀ ਹੈ। ਇਹ ਅਨਾਜ ਫਾਈਬਰ ਤੇ ਮਾਈਕ੍ਰੋ-ਨਿਊਟ੍ਰੀਐਂਟਸ ਨਾਲ ਭਰਪੂਰ ਹੁੰਦੇ ਹਨ, ਇਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ ਅਤੇ ਇਹ ਮੋਟਾਪੇ ਤੇ ਕੁਪੋਸ਼ਣ ਦੋਵਾਂ ਨਾਲ ਲੜਨ 'ਚ ਮਦਦਗਾਰ ਮੰਨੇ ਜਾਂਦੇ ਹਨ। Global Millets Conference ਵਰਗੇ ਮੰਚਾਂ 'ਤੇ ਭਾਰਤ ਇਨ੍ਹਾਂ ਨੂੰ ‘ਸਮਾਰਟ ਫੂਡ’ ਵਜੋਂ ਪੇਸ਼ ਕਰ ਰਿਹਾ ਹੈ।
ਪਰ ਸਵਾਲ ਇਹ ਹੈ ਕਿ ਕੀ ਸਿਰਫ਼ ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਨਾਲ ਸਮੱਸਿਆ ਹੱਲ ਹੋ ਜਾਵੇਗੀ? ਸ਼ਹਿਰਾਂ 'ਚ ਮੋਟਾ ਅਨਾਜ ਅਕਸਰ ‘ਹੈਲਥ ਫੂਡ’ ਦੇ ਨਾਮ 'ਤੇ ਮਹਿੰਗੇ ਭਾਅ ਵਿਕ ਰਿਹਾ ਹੈ, ਜਦੋਂਕਿ ਜਿਨ੍ਹਾਂ ਤਬਕਿਆਂ 'ਚ ਕੁਪੋਸ਼ਣ ਅਤੇ ਮੋਟਾਪਾ ਦੋਵੇਂ ਸਮੱਸਿਆਵਾਂ ਸਭ ਤੋਂ ਵੱਧ ਹਨ, ਉੱਥੇ ਇਸ ਦੀ ਪਹੁੰਚ ਸੀਮਤ ਹੈ। ਜੇਕਰ ਮੋਟਾ ਅਨਾਜ ਹੱਲ ਹੈ ਤਾਂ ਇਸ ਨੂੰ ਨਾਅਰਿਆਂ ਵਿੱਚੋਂ ਕੱਢ ਕੇ ਆਮ ਆਦਮੀ ਦੀ ਥਾਲੀ ਤੱਕ ਪਹੁੰਚਾਉਣਾ ਹੋਵੇਗਾ।
ਮੋਟਾਪਾ ਸਿਰਫ਼ ਨਿੱਜੀ ਪਸੰਦ ਦਾ ਨਤੀਜਾ ਨਹੀਂ। ਇਹ ਉਸ ਬਾਜ਼ਾਰ ਵਿਵਸਥਾ ਦਾ ਵੀ ਸਿੱਟਾ ਹੈ, ਜਿੱਥੇ ਸਸਤਾ ਤੇ ਨੁਕਸਾਨਦੇਹ ਖਾਣਾ ਹਰ ਜਗ੍ਹਾ ਉਪਲਬਧ ਹੈ, ਜਦੋਂਕਿ ਸਿਹਤਮੰਦ ਵਿਕਲਪ ਮਹਿੰਗੇ ਜਾਂ ਮੁਸ਼ਕਲ ਹਨ। ਸਕੂਲ ਕੰਟੀਨਾਂ, ਫੂਡ ਡਿਲੀਵਰੀ ਐਪਸ ਤੇ ਹਮਲਾਵਰ ਇਸ਼ਤਿਹਾਰ ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ਤੈਅ ਕਰ ਰਹੇ ਹਨ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਕੀ ਸਿਰਫ਼ ਜਾਗਰੂਕਤਾ ਨਾਲ ਮੋਟਾਪੇ ਦੀ ਲੜਾਈ ਜਿੱਤੀ ਜਾ ਸਕਦੀ ਹੈ ਜਾਂ ਇਸ ਲਈ ਸਖ਼ਤ ਨੀਤੀਗਤ ਦਖ਼ਲਅੰਦਾਜ਼ੀ ਦੀ ਲੋੜ ਹੋਵੇਗੀ?
ਸਰੋਤ:
UNICEF ਦੀ ਅਧਿਕਾਰਤ ਵੈੱਬਸਾਈਟ
ਡਿਜੀਟਲ ਸੰਸਦ ਦੀ ਵੈੱਬਸਾਈਟ