Dubai 'ਚ ਸੋਨੇ ਨਾਲ ਬਣਨ ਵਾਲੀ ਇਹ ਸੜਕ ਦੁਨੀਆ ਵਿੱਚ ਆਪਣੀ ਕਿਸਮ ਦੀ ਪਹਿਲੀ ਹੋਵੇਗੀ। ਇਸ ਦਾ ਮਕਸਦ ਦੁਬਈ ਨੂੰ ਸੋਨੇ ਅਤੇ ਗਹਿਣਿਆਂ ਦੇ ਕਾਰੋਬਾਰ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕੇਂਦਰ ਬਣਾਉਣਾ ਹੈ। ਇਸ ਗੋਲਡ ਸਟ੍ਰੀਟ ਦਾ ਐਲਾਨ ਪ੍ਰਾਪਰਟੀ ਡਿਵੈਲਪਰ 'ਇਥਰਾ ਦੁਬਈ' ਵੱਲੋਂ 'ਦੁਬਈ ਗੋਲਡ ਡਿਸਟ੍ਰਿਕਟ' ਦੇ ਅਧਿਕਾਰਤ ਲਾਂਚ ਦੇ ਹਿੱਸੇ ਵਜੋਂ ਕੀਤਾ ਗਿਆ।

ਨਵੀਂ ਦਿੱਲੀ : ਇਕ ਪਾਸੇ ਜਿੱਥੇ ਸੋਨੇ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ, ਉੱਥੇ ਹੀ ਦੁਬਈ ਨੇ ਆਪਣੇ ਨਵੇਂ ਸ਼ਾਨਦਾਰ ਆਕਰਸ਼ਣ ਵਜੋਂ ਦੁਨੀਆ ਦੀ ਪਹਿਲੀ ਸੋਨੇ ਦੀ ਬਣੀ ਸੜਕ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਵੱਡਾ ਪਲਾਨ ਅਮੀਰਾਤ ਦੀ ਜਵੈਲਰੀ ਇੰਡਸਟਰੀ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਇਕ ਡਿਵੈਲਪਮੈਂਟ ਦਾ ਹਿੱਸਾ ਹੈ ਜਿਸ ਨੂੰ 'ਦ ਗੋਲਡ ਡਿਸਟ੍ਰਿਕਟ' (The Gold District) ਕਿਹਾ ਜਾਂਦਾ ਹੈ। ਸੈਲਾਨੀਆਂ, ਖਰੀਦਦਾਰਾਂ ਅਤੇ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਲਈ ਡਿਜ਼ਾਈਨ ਕੀਤੀ ਗਈ ਇਹ ਗਲੈਮਰਸ ਜਗ੍ਹਾ ਇਕ ਮੁੱਖ ਖਿੱਚ ਦਾ ਕੇਂਦਰ ਬਣੇਗੀ, ਕਿਉਂਕਿ ਇੱਥੇ ਸੋਨੇ ਦੀ ਸੜਕ ਤਿਆਰ ਕੀਤੀ ਜਾਵੇਗੀ।
ਮੀਡੀਆ ਰਿਪੋਰਟਾਂ ਅਨੁਸਾਰ, ਦੁਬਈ 'ਚ ਸੋਨੇ ਨਾਲ ਬਣਨ ਵਾਲੀ ਇਹ ਸੜਕ ਦੁਨੀਆ ਵਿਚ ਆਪਣੀ ਕਿਸਮ ਦੀ ਪਹਿਲੀ ਹੋਵੇਗੀ। ਇਸ ਦਾ ਮਕਸਦ ਦੁਬਈ ਨੂੰ ਸੋਨੇ ਅਤੇ ਗਹਿਣਿਆਂ ਦੇ ਕਾਰੋਬਾਰ ਵਿਚ ਦੁਨੀਆ ਦਾ ਸਭ ਤੋਂ ਵੱਡਾ ਕੇਂਦਰ ਬਣਾਉਣਾ ਹੈ। ਇਸ ਗੋਲਡ ਸਟ੍ਰੀਟ ਦਾ ਐਲਾਨ ਪ੍ਰਾਪਰਟੀ ਡਿਵੈਲਪਰ 'ਇਥਰਾ ਦੁਬਈ' ਵੱਲੋਂ 'ਦੁਬਈ ਗੋਲਡ ਡਿਸਟ੍ਰਿਕਟ' ਦੇ ਅਧਿਕਾਰਤ ਲਾਂਚ ਦੇ ਹਿੱਸੇ ਵਜੋਂ ਕੀਤਾ ਗਿਆ।
ਇਸ ਵਿਸ਼ੇਸ਼ ਜ਼ਿਲ੍ਹੇ ਵਿਚ ਸੋਨਾ, ਜਵੈਲਰੀ, ਪਰਫਿਊਮਰੀ, ਕਾਸਮੈਟਿਕਸ ਤੇ ਲਾਈਫਸਟਾਈਲ ਸ਼੍ਰੇਣੀਆਂ ਦੀਆਂ 1,000 ਤੋਂ ਵੱਧ ਰਿਟੇਲ ਦੁਕਾਨਾਂ ਸ਼ਾਮਲ ਹੋਣਗੀਆਂ।
ਇਨ੍ਹਾਂ ਰਿਟੇਲਰਾਂ 'ਚ ਜਵਾਹਰਾ ਜਵੈਲਰੀ, ਮਾਲਾਬਾਰ ਗੋਲਡ ਐਂਡ ਡਾਇਮੰਡਸ, ਅਲ ਰੋਮਾਈਜ਼ਨ ਤੇ ਤਨਿਸ਼ਕ ਜਵੈਲਰੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਜੋਇਲੁਕਾਸ ਨੇ 24,000 ਵਰਗ ਫੁੱਟ ਦੇ ਆਪਣੇ ਸਭ ਤੋਂ ਵੱਡੇ ਫਲੈਗਸ਼ਿਪ ਸਟੋਰ ਦੀ ਯੋਜਨਾ ਦਾ ਐਲਾਨ ਕੀਤਾ ਹੈ ਜੋ ਮਿਡਲ ਈਸਟ 'ਚ ਉਸਦਾ ਸਭ ਤੋਂ ਵੱਡਾ ਸਟੋਰ ਹੋਵੇਗਾ। ਇੱਥੇ ਛੇ ਹੋਟਲਾਂ 'ਚ 1,000 ਤੋਂ ਵੱਧ ਗੈਸਟ ਰੂਮ ਵੀ ਬਣਾਏ ਜਾਣਗੇ ਜਿਸ ਨਾਲ ਅੰਤਰਰਾਸ਼ਟਰੀ ਮਹਿਮਾਨਾਂ ਤੇ ਵਪਾਰਕ ਭਾਈਵਾਲਾਂ ਨੂੰ ਰਹਿਣ ਦੀ ਸਹੂਲਤ ਮਿਲੇਗੀ।
ਸੋਨੇ ਨਾਲ ਤਿਆਰ ਹੋਣ ਵਾਲੀ ਇਹ ਸੜਕ ਦੁਬਈ ਦੇ ਡੇਰਾ (Deira) ਇਲਾਕੇ 'ਚ ਹੋਵੇਗੀ। ਦੁਬਈ ਫੈਸਟੀਵਲਜ਼ ਐਂਡ ਰਿਟੇਲ ਐਸਟੈਬਲਿਸ਼ਮੈਂਟ (DFRE) ਦੇ CEO ਅਹਿਮਦ ਅਲ ਖਾਜਾ ਦੇ ਮੁਤਾਬਕ, "ਸੋਨਾ ਦੁਬਈ ਦੀ ਸੱਭਿਆਚਾਰਕ ਅਤੇ ਵਪਾਰਕ ਪਛਾਣ ਦਾ ਇਕ ਅਹਿਮ ਹਿੱਸਾ ਹੈ ਜੋ ਸਾਡੀ ਵਿਰਾਸਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ।" ਉਨ੍ਹਾਂ ਕਿਹਾ ਕਿ ਇਸ ਖਾਸ ਜਗ੍ਹਾ ਰਾਹੀਂ ਅਸੀਂ ਨਾ ਸਿਰਫ਼ ਆਪਣੀ ਵਿਰਾਸਤ ਦਾ ਜਸ਼ਨ ਮਨਾਵਾਂਗੇ, ਸਗੋਂ ਰਚਨਾਤਮਕਤਾ ਅਤੇ ਸਸਟੇਨੇਬਿਲਟੀ (Sustainability) ਨਾਲ ਇਸ ਨੂੰ ਇਕ ਨਵਾਂ ਰੂਪ ਵੀ ਦਿਆਂਗੇ।