ਕਈ ਵਾਰ UPI ਰਾਹੀਂ ਕੀਤੀ ਗਈ ਪੇਮੈਂਟ ਫੇਲ੍ਹ ਹੋ ਜਾਂਦੀ ਹੈ ਅਤੇ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕੱਟ ਲਏ ਜਾਂਦੇ ਹਨ। ਖਾਤੇ ਵਿੱਚੋਂ ਪੈਸੇ ਕੱਟਦੇ ਹੀ ਲੋਕ ਪਰੇਸ਼ਾਨ ਹੋ ਜਾਂਦੇ ਹਨ। ਪਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਆਸਾਨੀ ਨਾਲ ਆਪਣੇ ਪੈਸਿਆਂ ਦੀ ਰਿਕਵਰੀ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ?

ਨਵੀਂ ਦਿੱਲੀ : ਅੱਜ ਦੇ ਸਮੇਂ ਹਰ ਕੋਈ ਆਨਲਾਈਨ ਪੇਮੈਂਟ ਕਰਦਾ ਹੈ। ਜੋ ਵੀ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ, ਉਸ ਦੇ ਫੋਨ ਵਿਚ ਤੁਹਾਨੂੰ ਕੋਈ ਨਾ ਕੋਈ UPI ਆਧਾਰਿਤ ਐਪ ਜ਼ਰੂਰ ਦੇਖਣ ਨੂੰ ਮਿਲੇਗੀ। UPI ਦੇ ਆਉਣ ਤੋਂ ਬਾਅਦ ਕੈਸ਼ ਦਾ ਰੁਝਾਣ ਘੱਟ ਗਿਆ। ਚਾਹ ਦੀ ਦੁਕਾਨ 'ਤੇ ਪੈਸੇ ਦੇਣ ਤੋਂ ਲੈ ਕੇ ਟ੍ਰੇਨ ਦੇ ਕਿਰਾਏ ਅਤੇ ਰਾਸ਼ਨ ਦੇ ਸਾਮਾਨ ਤਕ, ਹਰ ਜਗ੍ਹਾ UPI ਰਾਹੀਂ ਪੇਮੈਂਟ ਹੋ ਰਹੀ ਹੈ।
ਕਈ ਵਾਰ UPI ਰਾਹੀਂ ਕੀਤੀ ਗਈ ਪੇਮੈਂਟ ਫੇਲ੍ਹ ਹੋ ਜਾਂਦੀ ਹੈ ਅਤੇ ਤੁਹਾਡੇ ਬੈਂਕ ਖਾਤੇ 'ਚੋਂ ਪੈਸੇ ਕੱਟ ਲਏ ਜਾਂਦੇ ਹਨ। ਖਾਤੇ ਵਿੱਚੋਂ ਪੈਸੇ ਕੱਟਦੇ ਹੀ ਲੋਕ ਪਰੇਸ਼ਾਨ ਹੋ ਜਾਂਦੇ ਹਨ। ਪਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਆਸਾਨੀ ਨਾਲ ਆਪਣੇ ਪੈਸਿਆਂ ਦੀ ਰਿਕਵਰੀ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਵੇਂ?
ਜੇਕਰ UPI ਪੇਮੈਂਟ ਕਰਦੇ ਸਮੇਂ ਤੁਹਾਡੇ ਬੈਂਕ ਖਾਤੇ 'ਚੋਂ ਪੈਸੇ ਕੱਟ ਗਏ ਹਨ ਤਾਂ RBI ਅਤੇ NPCI ਦੀਆਂ ਹਦਾਇਤਾਂ ਤਹਿਤ ਪੈਸਿਆਂ ਦੀ ਰਿਕਵਰੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਹੇਠਾਂ ਦਿੱਤੇ 5 ਤਰੀਕਿਆਂ ਨਾਲ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਹੋ:
ਆਟੋਮੈਟਿਕ ਰਿਫੰਡ ਦਾ ਇੰਤਜ਼ਾਰ ਕਰੋ: ਜ਼ਿਆਦਾਤਰ ਫੇਲ੍ਹ ਹੋਏ UPI ਲੈਣ-ਦੇਣ ਆਪਣੇ ਆਪ ਵਾਪਸ ਹੋ ਜਾਂਦੇ ਹਨ। RBI ਅਨੁਸਾਰ ਜੇਕਰ ਕੋਈ ਟ੍ਰਾਂਜੈਕਸ਼ਨ ਫੇਲ੍ਹ ਹੋ ਜਾਂਦੀ ਹੈ ਪਰ ਪੈਸੇ ਕੱਟ ਗਏ ਹਨ ਤਾਂ ਉਹ 48 ਘੰਟਿਆਂ ਦੇ ਅੰਦਰ ਤੁਹਾਡੇ ਖਾਤੇ 'ਚ ਵਾਪਸ ਆ ਜਾਣੇ ਚਾਹੀਦੇ ਹਨ।
UPI ਐਪ 'ਤੇ ਸ਼ਿਕਾਇਤ ਕਰੋ: ਜਿਸ ਐਪ ਰਾਹੀਂ ਤੁਸੀਂ ਪੇਮੈਂਟ ਕੀਤੀ ਹੈ, ਉਸ ਵਿਚ ਸ਼ਿਕਾਇਤ ਦਰਜ ਕਰੋ। ਹਰ ਐਪ ਵਿਚ 'Help' ਜਾਂ 'Raise Dispute' ਦਾ ਵਿਕਲਪ ਹੁੰਦਾ ਹੈ। ਜੇ ਪੈਸੇ ਸਮੇਂ ਸਿਰ ਵਾਪਸ ਨਹੀਂ ਆਉਂਦੇ ਤਾਂ ਐਪ ਪ੍ਰੋਵਾਈਡਰ ਨੂੰ ਇਹ ਮਾਮਲਾ ਬੈਂਕ ਅਤੇ NPCI ਤੱਕ ਪਹੁੰਚਾਉਣਾ ਹੋਵੇਗਾ।
ਆਪਣੇ ਬੈਂਕ ਨਾਲ ਸੰਪਰਕ ਕਰੋ: ਜੇਕਰ ਐਪ ਰਾਹੀਂ ਸ਼ਿਕਾਇਤ ਕਰਨ ਤੋਂ ਬਾਅਦ ਵੀ ਪੈਸੇ ਵਾਪਸ ਨਹੀਂ ਆਉਂਦੇ ਤਾਂ ਫੇਲ੍ਹ ਹੋਏ ਟ੍ਰਾਂਜੈਕਸ਼ਨ ਦੀ ਡਿਟੇਲ (Transaction ID) ਲੈ ਕੇ ਆਪਣੇ ਬੈਂਕ ਨਾਲ ਸੰਪਰਕ ਕਰੋ। ਬੈਂਕਾਂ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਤੈਅ ਸਮੇਂ ਦੇ ਅੰਦਰ ਪੈਸੇ ਵਾਪਸ ਕੀਤੇ ਜਾਣ।
NPCI 'ਚ ਸਿੱਧੀ ਸ਼ਿਕਾਇਤ ਕਰੋ: ਜੇਕਰ ਬੈਂਕ ਜਾਂ ਐਪ ਪ੍ਰੋਵਾਈਡਰ ਤੁਹਾਡੀ ਸ਼ਿਕਾਇਤ ਦਾ ਹੱਲ ਨਹੀਂ ਕਰ ਪਾਉਂਦੇ ਤਾਂ ਤੁਰੰਤ NPCI ਦੇ ਟੋਲ-ਫ੍ਰੀ ਨੰਬਰ 1800-120-1740 'ਤੇ ਕਾਲ ਕਰੋ ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਸ਼ਿਕਾਇਤ ਦਰਜ ਕਰੋ।
RBI ਲੋਕਪਾਲ (Ombudsman) ਨਾਲ ਸੰਪਰਕ ਕਰੋ: ਜੇਕਰ ਬੈਂਕ ਇਕ ਮਹੀਨੇ ਦੇ ਅੰਦਰ ਸ਼ਿਕਾਇਤ ਦਾ ਹੱਲ ਨਹੀਂ ਕਰਦਾ ਤਾਂ ਤੁਸੀਂ ਇੰਟੀਗ੍ਰੇਟਿਡ ਓਮਬਡਸਮੈਨ ਸਕੀਮ, 2021 ਦੇ ਤਹਿਤ ਮਾਮਲੇ ਨੂੰ ਅੱਗੇ ਵਧਾ ਸਕਦੇ ਹੋ। ਬੈਂਕਿੰਗ ਲੋਕਪਾਲ RBI ਦੁਆਰਾ ਨਿਯੰਤ੍ਰਿਤ ਸੰਸਥਾਵਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇੱਕ ਮੁਫ਼ਤ ਸੇਵਾ ਪ੍ਰਦਾਨ ਕਰਦਾ ਹੈ।