'ਸਾਡੀ ਬਿਜਲੀ ਫੂਕ ਰਹੇ ਹਨ, ਹੁਣ ਵੱਡਾ ਐਕਸ਼ਨ...', ਭਾਰਤ 'ਚ AI ਦੇ ਇਸਤੇਮਾਲ 'ਤੇ ਭੜਕੇ ਟਰੰਪ ਦੇ ਸਾਥੀ
ਟਰੰਪ ਪ੍ਰਸ਼ਾਸਨ ਨੇ ਰੂਸੀ ਤੇਲ ਦੀ ਲਗਾਤਾਰ ਖਰੀਦ ਅਤੇ ਰੁਕੇ ਹੋਏ ਵਪਾਰਕ ਸਮਝੌਤਿਆਂ ਨੂੰ ਲੈ ਕੇ ਭਾਰਤੀ ਸਾਮਾਨ 'ਤੇ ਸਖ਼ਤ ਟੈਰਿਫ (ਡਿਊਟੀ) ਲਗਾਉਣ ਦਾ ਫੈਸਲਾ ਕੀਤਾ ਹੈ। ਪੀਟਰ ਨਵਾਰੋ ਪਹਿਲਾਂ ਵੀ ਭਾਰਤ ਦੀਆਂ ਵਪਾਰਕ ਨੀਤੀਆਂ ਦੇ ਤਿੱਖੇ ਆਲੋਚਕ ਰਹੇ ਹਨ।
Publish Date: Sun, 18 Jan 2026 03:01 PM (IST)
Updated Date: Sun, 18 Jan 2026 03:06 PM (IST)
ਨਵੀਂ ਦਿੱਲੀ : ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਅਤੇ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਪੀਟਰ ਨਵਾਰੋ ਨੇ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਸਵਾਲ ਉਠਾਇਆ ਹੈ ਕਿ ਆਖਰ ਅਮਰੀਕੀ ਸਰੋਤਾਂ ਤੇ ਬਿਜਲੀ ਦੀ ਵਰਤੋਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸੇਵਾਵਾਂ ਦੇਣ ਲਈ ਕਿਉਂ ਕੀਤੀ ਜਾ ਰਹੀ ਹੈ।
'ਰੀਅਲ ਅਮਰੀਕਾ ਵਾਇਸ' 'ਤੇ ਗੱਲਬਾਤ ਦੌਰਾਨ ਨਵਾਰੋ ਨੇ ਤਰਕ ਦਿੱਤਾ ਕਿ ChatGPT ਵਰਗੇ ਅਮਰੀਕੀ AI ਪਲੇਟਫਾਰਮ ਘਰੇਲੂ (ਅਮਰੀਕੀ) ਬਿਜਲੀ ਦੀ ਖਪਤ ਕਰ ਰਹੇ ਹਨ, ਜਦੋਂਕਿ ਉਨ੍ਹਾਂ ਦਾ ਸਭ ਤੋਂ ਵੱਡਾ ਯੂਜ਼ਰ ਬੇਸ (ਵਰਤੋਂਕਾਰ) ਵਿਦੇਸ਼ਾਂ 'ਚ ਹੈ।
ਉਨ੍ਹਾਂ ਕਿਹਾ, "ਅਮਰੀਕੀ ਲੋਕ ਭਾਰਤ ਵਿੱਚ AI ਲਈ ਭੁਗਤਾਨ ਕਿਉਂ ਕਰ ਰਹੇ ਹਨ? ChatGPT ਅਮਰੀਕੀ ਧਰਤੀ 'ਤੇ ਚੱਲਦਾ ਹੈ ਅਤੇ ਅਮਰੀਕੀ ਬਿਜਲੀ ਦੀ ਵਰਤੋਂ ਕਰਦਾ ਹੈ, ਜਦੋਂਕਿ ਇਹ ਭਾਰਤ ਅਤੇ ਚੀਨ ਵਰਗੀਆਂ ਥਾਵਾਂ 'ਤੇ ਵੱਡੇ ਪੱਧਰ 'ਤੇ ਯੂਜ਼ਰਜ਼ ਨੂੰ ਸੇਵਾਵਾਂ ਦੇ ਰਿਹਾ ਹੈ।"
ਟਰੰਪ ਕਰ ਸਕਦੇ ਹਨ 'ਸਖ਼ਤ ਕਾਰਵਾਈ'
ਨਵਾਰੋ ਨੇ ਚਿਤਾਵਨੀ ਦਿੱਤੀ ਕਿ AI ਡਾਟਾ ਸੈਂਟਰਾਂ ਦੇ ਤੇਜ਼ੀ ਨਾਲ ਵਧਣ ਕਾਰਨ ਅਮਰੀਕਾ 'ਚ ਬਿਜਲੀ ਦੀ ਲਾਗਤ ਵਧ ਰਹੀ ਹੈ ਅਤੇ ਟਰੰਪ ਪ੍ਰਸ਼ਾਸਨ ਇਸ 'ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਰਾਸ਼ਟਰਪਤੀ ਟਰੰਪ ਜਲਦੀ ਹੀ ਇਸ 'ਤੇ "ਸਖ਼ਤ ਕਾਰਵਾਈ" ਕਰ ਸਕਦੇ ਹਨ ਤਾਂ ਜੋ ਅਮਰੀਕੀਆਂ 'ਤੇ ਵਧਦੇ ਬਿਜਲੀ ਦੇ ਬਿੱਲਾਂ ਦਾ ਬੋਝ ਘੱਟ ਕੀਤਾ ਜਾ ਸਕੇ।
ਵਧਦਾ ਵਪਾਰਕ ਤਣਾਅ
ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਦੇ ਵਿਚਕਾਰ ਪਹਿਲਾਂ ਹੀ ਵਪਾਰਕ ਤਣਾਅ ਬਣਿਆ ਹੋਇਆ ਹੈ। ਟਰੰਪ ਪ੍ਰਸ਼ਾਸਨ ਨੇ ਰੂਸੀ ਤੇਲ ਦੀ ਲਗਾਤਾਰ ਖਰੀਦ ਅਤੇ ਰੁਕੇ ਹੋਏ ਵਪਾਰਕ ਸਮਝੌਤਿਆਂ ਨੂੰ ਲੈ ਕੇ ਭਾਰਤੀ ਸਾਮਾਨ 'ਤੇ ਸਖ਼ਤ ਟੈਰਿਫ (ਡਿਊਟੀ) ਲਗਾਉਣ ਦਾ ਫੈਸਲਾ ਕੀਤਾ ਹੈ। ਪੀਟਰ ਨਵਾਰੋ ਪਹਿਲਾਂ ਵੀ ਭਾਰਤ ਦੀਆਂ ਵਪਾਰਕ ਨੀਤੀਆਂ ਦੇ ਤਿੱਖੇ ਆਲੋਚਕ ਰਹੇ ਹਨ।