GST Rate Cut : ਜੇਕਰ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ ਮਾਪੇ ਅਤੇ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ। ਪੜ੍ਹਾਈ ਨਾਲ ਜੁੜੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਅਤੇ ਮਾਪਿਆਂ ਦੀ ਜੇਬ 'ਤੇ ਘੱਟ ਬੋਝ ਪਵੇਗਾ। ਖਾਸ ਕਰਕੇ ਸਕੂਲ ਖੁੱਲ੍ਹਣ ਸਮੇਂ ਜਦੋਂ ਸਟੇਸ਼ਨਰੀ ਦਾ ਖਰਚ ਵਧ ਜਾਂਦਾ ਹੈ, ਉਦੋਂ ਇਹ ਰਾਹਤ ਜ਼ਿਆਦਾ ਮਹਿਸੂਸ ਹੋਵੇਗੀ।
ਨਵੀਂ ਦਿੱਲੀ : GST Council Meeting : ਸਕੂਲ ਜਾਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਕ ਖੁਸ਼ਖਬਰੀ ਹੈ। ਸਰਕਾਰ ਸਿੱਖਿਆ ਨਾਲ ਜੁੜੀਆਂ ਕਈ ਚੀਜ਼ਾਂ 'ਤੇ ਜੀਐਸਟੀ (GST) ਘਟਾਉਣ ਦੀ ਤਿਆਰੀ ਕਰ ਰਹੀ ਹੈ। ਇਸ ਸਮੇਂ ਕਾਪੀਆਂ, ਨੋਟਬੁੱਕਸ, ਪੈਨਸਿਲ ਸ਼ਾਰਪਨਰ, ਲੈਬ ਨੋਟਬੁੱਕ, ਮੈਪ ਤੇ ਗਲੋਬ ਵਰਗੀਆਂ ਚੀਜ਼ਾਂ 'ਤੇ 12% ਤੋਂ 18% ਤਕ ਜੀਐਸਟੀ ਲੱਗਦਾ ਹੈ। ਹੁਣ ਇਨ੍ਹਾਂ 'ਤੇ ਟੈਕਸ ਨੂੰ ਘਟਾ ਕੇ ਸਿਫ਼ਰ (0%) ਕਰਨ ਦਾ ਪ੍ਰਸਤਾਵ ਹੈ।
ਜੇਕਰ ਇਹ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ ਮਾਪੇ ਅਤੇ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਹੋਵੇਗਾ। ਪੜ੍ਹਾਈ ਨਾਲ ਜੁੜੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਅਤੇ ਮਾਪਿਆਂ ਦੀ ਜੇਬ 'ਤੇ ਘੱਟ ਬੋਝ ਪਵੇਗਾ। ਖਾਸ ਕਰਕੇ ਸਕੂਲ ਖੁੱਲ੍ਹਣ ਸਮੇਂ ਜਦੋਂ ਸਟੇਸ਼ਨਰੀ ਦਾ ਖਰਚ ਵਧ ਜਾਂਦਾ ਹੈ, ਉਦੋਂ ਇਹ ਰਾਹਤ ਜ਼ਿਆਦਾ ਮਹਿਸੂਸ ਹੋਵੇਗੀ।
ਸਟੇਸ਼ਨਰੀ ਦਾ ਸਾਮਾਨ----------------ਮੌਜੂਦਾ ਜੀਐਸਟੀ ਦਰ
ਪੈਨ (ਬਾਲ, ਜੈਲ ਤੇ ਫਾਊਂਟੇਨ ਪੈਨ)-------- 18%
ਪੈਨਸਿਲ-----------------------------------12%
ਨੋਟਬੁੱਕ ਤੇ ਐਕਸਰਸਾਈਜ਼ ਬੁੱਕ-----------12%
ਰਬਰ (Erasers)--------------------------18%
ਕਟਰ (Sharpeners)----------------------18%
ਸਟੈਪਲ ਤੇ ਪੇਪਰ ਕਲਿੱਪ----------------------18%
ਫਾਈਲਾਂ, ਫੋਲਡਰ ਅਤੇ ਰਜਿਸਟਰ-----------12%
ਵ੍ਹਾਈਟ ਬੋਰਡ ਮਾਰਕਰ----------------------18%
ਹਾਈਲਾਈਟਰ---------------------------------18%
ਟੇਪ (ਸਟੇਸ਼ਨਰੀ ਵਰਤੋਂ ਲਈ)-------------------18%
ਕੈਂਚੀ (Scissors)----------------------------18%
ਕੈਲਕੂਲੇਟਰ (Calculator)------------------18%
ਅੱਜ 3 ਸਤੰਬਰ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਹੋ ਰਹੀ ਹੈ ਜੋ 4 ਸਤੰਬਰ ਤਕ ਚੱਲੇਗੀ। ਇਸ ਵਿਚ ਇਸ ਮਾਮਲੇ 'ਤੇ ਚਰਚਾ ਹੋਣੀ ਹੈ। ਜਾਣਕਾਰੀ ਅਨੁਸਾਰ, ਕੌਂਸਲ ਬੱਚਿਆਂ ਦੀ ਪੜ੍ਹਾਈ ਨਾਲ ਜੁੜੀਆਂ ਚੀਜ਼ਾਂ ਨੂੰ ਟੈਕਸ ਫ੍ਰੀ ਕਰਨ 'ਤੇ ਸਹਿਮਤ ਹੋ ਸਕਦੀ ਹੈ। ਇਸ ਦਾ ਸਿੱਧਾ ਅਸਰ ਹਰ ਘਰ 'ਤੇ ਪਵੇਗਾ ਕਿਉਂਕਿ ਹਰ ਪਰਿਵਾਰ 'ਚ ਬੱਚਿਆਂ ਦੀ ਪੜ੍ਹਾਈ ਦਾ ਖਰਚ ਲਗਾਤਾਰ ਵਧ ਰਿਹਾ ਹੈ।
ਸਕੂਲ ਐਸੋਸੀਏਸ਼ਨ ਤੇ ਸਟੇਸ਼ਨਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਟੇਸ਼ਨਰੀ 'ਤੇ ਟੈਕਸ (GST Rate Cut Update) ਪੂਰੀ ਤਰ੍ਹਾਂ ਹਟਾ ਦਿੱਤਾ ਜਾਂਦਾ ਹੈ ਤਾਂ ਕਾਪੀਆਂ ਅਤੇ ਨੋਟਬੁੱਕਸ ਵਰਗੀਆਂ ਚੀਜ਼ਾਂ ਦੀ ਕੀਮਤ ਤੁਰੰਤ ਘਟ ਜਾਵੇਗੀ। ਪੈਨਸਿਲ ਸ਼ਾਰਪਨਰ, ਨਕਸ਼ੇ ਅਤੇ ਗਲੋਬ ਵਰਗੀਆਂ ਜ਼ਰੂਰੀ ਚੀਜ਼ਾਂ ਵੀ ਸਸਤੀ ਮਿਲਣਗੀਆਂ।
ਸਰਕਾਰ ਦਾ ਮਕਸਦ ਸਿੱਖਿਆ ਨੂੰ ਸਭ ਲਈ ਕਿਫਾਇਤੀ ਅਤੇ ਆਸਾਨ ਬਣਾਉਣਾ ਹੈ। ਅਜਿਹੇ ਫੈਸਲਿਆਂ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਸਭ ਤੋਂ ਵੱਧ ਰਾਹਤ ਮਿਲੇਗੀ, ਕਿਉਂਕਿ ਇਨ੍ਹਾਂ ਪਰਿਵਾਰਾਂ ਦਾ ਕਮਾਈ ਦਾ ਵੱਡਾ ਹਿੱਸਾ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਹੁੰਦਾ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਿਤਾਬਾਂ 'ਤੇ ਪਹਿਲਾਂ ਹੀ ਜੀਐਸਟੀ ਨਹੀਂ ਲੱਗਦਾ। ਹੁਣ ਜੇਕਰ ਕਾਪੀਆਂ, ਨੋਟਬੁੱਕਸ ਤੇ ਹੋਰ ਸਟੇਸ਼ਨਰੀ ਵੀ ਟੈਕਸ ਫ੍ਰੀ ਹੋ ਜਾਂਦੀ ਹੈ ਤਾਂ ਸਿੱਖਿਆ ਦਾ ਖਰਚ ਹੋਰ ਵੀ ਘਟ ਜਾਵੇਗਾ।
ਕੁੱਲ ਮਿਲਾ ਕੇ ਇਹ ਕਦਮ ਵਿਦਿਆਰਥੀਆਂ ਅਤੇ ਮਾਪਿਆਂ ਦੋਹਾਂ ਲਈ ਵੱਡੀ ਰਾਹਤ ਸਾਬਿਤ ਹੋ ਸਕਦਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਜੀਐਸਟੀ ਕੌਂਸਲ ਦੀ ਮੀਟਿੰਗ 'ਤੇ ਹਨ, ਜਿੱਥੇ ਇਹ ਫੈਸਲਾ ਪੱਕਾ ਹੋ ਸਕਦਾ ਹੈ।