ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਵਧਦੀ ਮੰਗ ਕਾਰਨ ਸਪਲਾਈ ਪੱਖ ਵਿੱਚ ਗੰਭੀਰ ਰੁਕਾਵਟਾਂ ਪੈਦਾ ਹੋਣ ਦਾ ਖ਼ਤਰਾ ਵਧ ਗਿਆ ਹੈ। ਐੱਮ.ਐੱਮ.ਟੀ.ਸੀ.-ਪੀ.ਏ.ਐੱਮ.ਪੀ. ਦੇ ਐੱਮ.ਡੀ. ਅਤੇ ਸੀ.ਈ.ਓ. ਸਮਿਤ ਗੁਹਾ ਨੇ ਕਿਹਾ ਕਿ ਕੰਪਨੀ ਚਾਂਦੀ ਦੀ ਰੀਸਾਈਕਲਿੰਗ ਵਿੱਚ ਇਸ ਲਈ ਉਤਰ ਰਹੀ ਹੈ ਕਿਉਂਕਿ ਹੁਣ ਇਸ ਦਾ ਅਰਥਸ਼ਾਸਤਰ ਜ਼ਿਆਦਾ ਅਨੁਕੂਲ ਹੈ, ਜਦਕਿ ਵਧਦੀ ਮੰਗ ਦੇ ਬਾਵਜੂਦ ਵਿਸ਼ਵ ਪੱਧਰ 'ਤੇ ਖਾਣਾਂ ਦੀ ਉਤਪਾਦਨ ਸਮਰੱਥਾ ਵਿੱਚ ਵਾਧੇ ਦੇ ਕੋਈ ਸੰਕੇਤ ਨਹੀਂ ਦਿਖ ਰਹੇ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਕੀਮਤੀ ਧਾਤਾਂ ਦੀ ਰਿਫਾਈਨਿੰਗ ਕਰਨ ਵਾਲੀ ਕੰਪਨੀ ਐੱਮ.ਐੱਮ.ਟੀ.ਸੀ.-ਪੀ.ਏ.ਐੱਮ.ਪੀ. (MMTC-PAMP) ਨੇ ਆਪਣੇ ਮੌਜੂਦਾ ਸਟੋਰਾਂ 'ਤੇ 3 ਮਹੀਨਿਆਂ ਦੇ ਅੰਦਰ ਪਾਇਲਟ ਆਧਾਰ 'ਤੇ ਚਾਂਦੀ ਦੀ ਰੀਸਾਈਕਲਿੰਗ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਵਧਦੀ ਮੰਗ ਕਾਰਨ ਸਪਲਾਈ ਪੱਖ ਵਿੱਚ ਗੰਭੀਰ ਰੁਕਾਵਟਾਂ ਪੈਦਾ ਹੋਣ ਦਾ ਖ਼ਤਰਾ ਵਧ ਗਿਆ ਹੈ। ਐੱਮ.ਐੱਮ.ਟੀ.ਸੀ.-ਪੀ.ਏ.ਐੱਮ.ਪੀ. ਦੇ ਐੱਮ.ਡੀ. ਅਤੇ ਸੀ.ਈ.ਓ. ਸਮਿਤ ਗੁਹਾ ਨੇ ਕਿਹਾ ਕਿ ਕੰਪਨੀ ਚਾਂਦੀ ਦੀ ਰੀਸਾਈਕਲਿੰਗ ਵਿੱਚ ਇਸ ਲਈ ਉਤਰ ਰਹੀ ਹੈ ਕਿਉਂਕਿ ਹੁਣ ਇਸ ਦਾ ਅਰਥਸ਼ਾਸਤਰ ਜ਼ਿਆਦਾ ਅਨੁਕੂਲ ਹੈ, ਜਦਕਿ ਵਧਦੀ ਮੰਗ ਦੇ ਬਾਵਜੂਦ ਵਿਸ਼ਵ ਪੱਧਰ 'ਤੇ ਖਾਣਾਂ ਦੀ ਉਤਪਾਦਨ ਸਮਰੱਥਾ ਵਿੱਚ ਵਾਧੇ ਦੇ ਕੋਈ ਸੰਕੇਤ ਨਹੀਂ ਦਿਖ ਰਹੇ।
ਕਿਉਂ ਹੈ ਰੀਸਾਈਕਲਿੰਗ ਦੀ ਤਿਆਰੀ?
ਗੁਹਾ ਨੇ ਕਿਹਾ, "ਜੇਕਰ ਚਾਂਦੀ ਦੀ ਮੰਗ ਇਸੇ ਤਰ੍ਹਾਂ ਬਣੀ ਰਹੀ, ਤਾਂ ਸਾਨੂੰ ਸਪਲਾਈ ਪੱਖ ਵਿੱਚ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਰੀਸਾਈਕਲ ਕੀਤੀ ਗਈ ਚਾਂਦੀ ਨੂੰ ਇਸ ਕਮੀ ਨੂੰ ਪੂਰਾ ਕਰਨ ਲਈ ਵੱਡੀ ਭੂਮਿਕਾ ਨਿਭਾਉਣੀ ਪਵੇਗੀ।" ਉਨ੍ਹਾਂ ਨੇ ਸਰਕਾਰ ਨੂੰ ਚਾਂਦੀ ਦੀ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਪਰਿਵਾਰਾਂ ਕੋਲ ਅੰਦਾਜ਼ਨ 25,000 ਟਨ ਸੋਨਾ ਅਤੇ ਉਸ ਤੋਂ ਦਸ ਗੁਣਾ ਮਾਤਰਾ ਵਿੱਚ ਚਾਂਦੀ ਹੈ।
ਕਿੰਨੇ ਸਟੋਰ ਚਲਾਉਂਦੀ ਹੈ ਐੱਮ.ਐੱਮ.ਟੀ.ਸੀ.-ਪੀ.ਐੱਮ.ਏ.ਪੀ.?
ਐੱਮ.ਐੱਮ.ਟੀ.ਸੀ.-ਪੀ.ਏ.ਐੱਮ.ਪੀ. ਸੋਨਾ ਰੀਸਾਈਕਲਿੰਗ ਲਈ 20 ਸਟੋਰ ਆਪਰੇਟ ਕਰਦੀ ਹੈ, ਜਿਨ੍ਹਾਂ ਨੂੰ ਚਾਂਦੀ ਦੀ ਸੰਭਾਲ ਲਈ ਵੀ ਤਿਆਰ ਕੀਤਾ ਜਾ ਸਕਦਾ ਹੈ। ਕੰਪਨੀ ਅਗਲੇ ਪੰਜ ਸਾਲਾਂ ਵਿੱਚ ਆਪਣੇ ਸਟੋਰਾਂ ਦੀ ਗਿਣਤੀ ਦੁੱਗਣੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਕਿੱਥੋਂ ਹੋਵੇਗੀ ਸ਼ੁਰੂਆਤ?
ਗੁਹਾ ਨੇ ਦੱਸਿਆ, "ਸਾਨੂੰ ਸਟੋਰਾਂ 'ਤੇ ਆਪਣੇ ਕੁਝ ਉਪਕਰਨਾਂ ਨੂੰ ਅਪਗ੍ਰੇਡ ਕਰਨ ਅਤੇ ਚਾਂਦੀ ਨੂੰ ਧਾਤ ਦੇ ਰੂਪ ਵਿੱਚ ਸੰਭਾਲਣ ਲਈ ਉਨ੍ਹਾਂ ਨੂੰ ਮੁੜ ਵਿਵਸਥਿਤ (Reorganized) ਕਰਨ ਦੀ ਲੋੜ ਹੈ। ਸਾਨੂੰ ਕੁਝ ਟ੍ਰੇਨਿੰਗ ਦੇਣ ਦੀ ਵੀ ਲੋੜ ਹੈ। ਅਸੀਂ ਆਪਣੇ ਕੁਝ ਸਟੋਰਾਂ ਵਿੱਚ ਇੱਕ ਪ੍ਰਯੋਗਿਕ ਪ੍ਰੋਜੈਕਟ (Pilot Project) ਸ਼ੁਰੂ ਕਰਾਂਗੇ ਅਤੇ ਫਿਰ ਇਸ ਨੂੰ ਅੱਗੇ ਵਧਾਵਾਂਗੇ।" ਉਨ੍ਹਾਂ ਕਿਹਾ ਕਿ ਇਹ ਪ੍ਰਯੋਗਿਕ ਪ੍ਰੋਜੈਕਟ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਦਿੱਲੀ ਵਿੱਚ ਸ਼ੁਰੂ ਕੀਤਾ ਜਾਵੇਗਾ।