ਪਿਛਲੇ ਸਾਲ ਲੰਪੀ ਸਕਿਨ ਦੀ ਬਿਮਾਰੀ ਨੇ ਜੁਲਾਈ ਮਹੀਨੇ ’ਚ ਦਸਤਕ ਦੇ ਕੇ ਪੰਜਾਬ ਦੇ ਪਸ਼ੂ ਪਾਲਕਾਂ ’ਚ ਤਰਥੱਲੀ ਮਚਾ ਦਿੱਤੀ ਸੀ। ਜੁਲਾਈ 2022 ਤੋਂ 15 ਸਤੰਬਰ 2022 ਤੱਕ ਤਕਰੀਬਨ 1 ਲੱਖ 74 ਹਜ਼ਾਰ 52 ਗਾਵਾਂ ਨੂੰ ਪਸ਼ੂਆਂ ਦੀ ਇਸ ਭਿਆਨਕ ਬਿਮਾਰੀ ਨੇ ਆਪਣੀ ਲਪੇਟ ’ਚ ਲੈ ਲਿਆ ਸੀ, ਜਿਨ੍ਹਾਂ ’ਚੋਂ ਕਰੀਬ 17575 ਗਾਵਾਂ ਇਸ ਬਿਮਾਰੀ ਦੀ ਤਾਬ ਨਾ ਝੱਲਣ ਕਰਕੇ ਮਰ ਗਈਆਂ।

ਪਿਛਲੇ ਸਾਲ ਲੰਪੀ ਸਕਿਨ ਦੀ ਬਿਮਾਰੀ ਨੇ ਜੁਲਾਈ ਮਹੀਨੇ ’ਚ ਦਸਤਕ ਦੇ ਕੇ ਪੰਜਾਬ ਦੇ ਪਸ਼ੂ ਪਾਲਕਾਂ ’ਚ ਤਰਥੱਲੀ ਮਚਾ ਦਿੱਤੀ ਸੀ। ਜੁਲਾਈ 2022 ਤੋਂ 15 ਸਤੰਬਰ 2022 ਤੱਕ ਤਕਰੀਬਨ 1 ਲੱਖ 74 ਹਜ਼ਾਰ 52 ਗਾਵਾਂ ਨੂੰ ਪਸ਼ੂਆਂ ਦੀ ਇਸ ਭਿਆਨਕ ਬਿਮਾਰੀ ਨੇ ਆਪਣੀ ਲਪੇਟ ’ਚ ਲੈ ਲਿਆ ਸੀ, ਜਿਨ੍ਹਾਂ ’ਚੋਂ ਕਰੀਬ 17575 ਗਾਵਾਂ ਇਸ ਬਿਮਾਰੀ ਦੀ ਤਾਬ ਨਾ ਝੱਲਣ ਕਰਕੇ ਮਰ ਗਈਆਂ। ਹਾਲਾਂਕਿ ਪੰਜਾਬ ਸਰਕਾਰ ਨੇ ਬੜੀ ਹੀ ਮੁਸਤੈਦੀ ਨਾਲ ਸਮੁੱਚੇ ਪਸ਼ੂ ਪਾਲਣ ਵਿਭਾਗ ਰਾਹੀਂ ਕਰੀਬ 2 ਮਹੀਨਿਆਂ ’ਚ ਹੀ ਇਸ ਭਿਆਨਕ ਬਿਮਾਰੀ ’ਤੇ ਕਾਬੂ ਪਾ ਲਿਆ। ਸਮੂਹ ਵੈਟਰਨਰੀ ਸਟਾਫ ਨੇ 24 ਘੰਟੇ ਡਿਊਟੀ ਦੇ ਕੇ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ। ਪਸ਼ੂ ਪਾਲਕਾਂ ਨੇ ਵੀ ਆਪੋ-ਆਪਣੇ ਦੇਸੀ ਨੁਸਖਿਆਂ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰਾਂ ਦੇ ਨਿਰਦੇਸ਼ਾਂ ਅਨੁਸਾਰ ਇਲਾਜ ਕਰਵਾਇਆ ਤੇ ਗਾਵਾਂ ਦੀ ਇਸ ਭਿਆਨਕ ਬਿਮਾਰੀ ਤੋਂ ਨਿਜਾਤ ਪਾਉਣ ’ਚ ਸਫਲਤਾ ਹਾਸਿਲ ਕੀਤੀ।
2022 ਦੌਰਾਨ ਇਸ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ’ਤੇ ਪੰਜਾਬ ਸਰਕਾਰ ਵੱਲੋਂ 1.37 ਕਰੋੜ ਦੇ ਕਰੀਬ ਖ਼ਰਚ ਕੀਤਾ ਗਿਆ ਤੇ ਕਰੀਬ 9 ਲੱਖ 26 ਹਜ਼ਾਰ 592 ਖ਼ੁਰਾਕਾਂ ਨਾਲ ਪੰਜਾਬ ਦੇ ਗਊ ਧਨ ਦਾ ਟੀਕਾਕਰਨ ਕੀਤਾ ਗਿਆ। ਇਸ ਸਾਲ ਇਸ ਭਿਆਨਕ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਨੇ 15 ਫਰਵਰੀ ਤੋਂ ਅਪ੍ਰੈਲ, 2023 ਤੱਕ ਸਮੁੱਚੇ ਪੰਜਾਬ ਦੇ ਗਊ ਧਨ ਦਾ ਮੁਫ਼ਤ ਟੀਕਾਕਰਨ ਦਾ ਟੀਚਾ ਮਿਥਿਆ ਹੈ। ਪੂਰੇ ਪੰਜਾਬ ਦੇ ਗਊ ਧਨ ਨੂੰ ਸੁਰੱਖਿਅਤ ਰੱਖਣ ਲਈ ਲਗਭਗ 25 ਲੱਖ ਵੈਕਸੀਨ ਖ਼ੁਰਾਕਾਂ ਦਾ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪ੍ਰਬੰਧ ਕੀਤਾ ਗਿਆ ਹੈ। ਹਰ ਜ਼ਿਲ੍ਹੇ ’ਚ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਜੰਗੀ ਪੱਧਰ ’ਤੇ ਤਾਇਨਾਤ ਕਰ ਦਿੱਤੀਆਂ ਹਨ। ਟੀਕਾਕਰਨ ਮੁਹਿੰਮ ਤਹਿਤ ਸਮੁੱਚੀ ਪ੍ਰਕਿਰਿਆ ’ਤੇ ਨਜ਼ਰਸਾਨੀ ਤਹਿਤ ਚੈਕਿੰਗ ਟੀਮਾਂ ਲਗਾਤਾਰ ਇਸ ਮੁਹਿੰਮ ਨੂੰ ਕਾਰਗਰ ਬਣਾਉਣ ਲਈ ਚੌਕਸ ਕਰ ਦਿੱਤੀਆਂ ਗਈਆਂ ਹਨ। ਐਮਰਜੈਂਸੀ ਤੋਂ ਬਿਨਾਂ ਸਮੁੱਚੇ ਸਟਾਫ ਨੂੰ ਹਾਜ਼ਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਸ਼ੂ ਪਾਲਕਾਂ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੀ ਇਸ ਬਿਮਾਰੀ ਰੋਕੂ ਮੁਹਿੰਮ ਦਾ ਜ਼ਿੰਮੇਵਾਰੀ ਨਾਲ ਸਾਥ ਦੇ ਕੇ ਪੰਜਾਬ ਦੇ ਪਸ਼ੂ ਧਨ ਨੂੰ ਲੰਪੀ ਸਕਿਨ ਦੇ ਭਵਿੱਖੀ ਹਮਲੇ ਤੋਂ ਬਚਾਇਆ ਜਾਵੇ। ਲੋਕਾਂ ਦੇ ਸਹਿਯੋਗ ਤੋਂ ਬਿਨਾਂ ਲੋਕ ਹਿੱਤ ’ਚ ਸ਼ੁਰੂ ਕੀਤੀ ਕਿਸੇ ਵੀ ਸਰਕਾਰੀ ਮੁਹਿੰਮ ਦੀ ਸਫਲਤਾ ਅਸੰਭਵ ਹੈ।
ਪਸ਼ੂ ਪਾਲਕਾਂ ਦਾ ਸਾਥ ਜ਼ਰੂਰੀ
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਭਾਗ ਦੇ ਨਿਰਦੇਸ਼ਕ ਰਾਹੀਂ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ’ਚ ਰਹਿਣਗੇ ਪਰ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਪਸ਼ੂ ਪਾਲਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਅਕਸਰ ਹੀ ਦੇਖਣ-ਸੁਣਨ ’ਚ ਆਉਂਦਾ ਹੈ ਕਿ ਜਦੋਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਟੀਕਾਕਰਨ ਲਈ ਜਾਂਦੀਆਂ ਹਨ ਤਾਂ ਪਸ਼ੂ ਪਾਲਕਾਂ ਵੱਲੋਂ ਆਨੇ-ਬਹਾਨੇ ਆਪਣੇ ਪਸ਼ੂ ਧਨ ਦਾ ਮੁਫ਼ਤ ਟੀਕਾਕਰਨ ਕਰਵਾਉਣ ਤੋਂ ਵੀ ਇਨਕਾਰ ਕੀਤਾ ਜਾਂਦਾ ਹੈ। ਇਸ ਨਾਲ ਜ਼ਿੱਦੀ ਕਿਸਮ ਦੇ ਇਨਕਾਰੀ ਪਸ਼ੂ ਪਾਲਕਾਂ ਦੀ ਗ਼ਲਤੀ ਕਰਕੇ ਸਮੁੱਚੇ ਸੂਬੇ ’ਚ ਟੀਕਾਕਰਨ ਮੁਹਿੰਮ ਮੁਕੰਮਲ ਨਹੀਂ ਹੁੰਦੀ।
- ਅਵਤਾਰ ਸਿੰਘ