ਪੁਰਾਣੇ ਵੇਲੇ ਘਰੇਲੂ ਪੱਧਰ ਤੇ ਬਹੁਤੀ ਮਾਰਕੀਟਿੰਗ ਪਿੰਡਾਂ ’ਚ ਹੀ ਹੋ ਜਾਂਦੀ ਸੀ। ਪਿੰਡਾਂ ਦੇ ਨੇੜੇ ਪੈਂਦੇ ਸ਼ਹਿਰਾਂ ਅਤੇ ਕਸਬਿਆਂ ਦੇ ਵਪਾਰੀ ਆਪਣੀਆਂ ਹੀ ਖਾਲੀ ਬੋਰੀਆਂ ਲਿਆ ਕੇ ਪਿੰਡਾਂ ਵਿੱਚੋਂ ਹੀ ਕਣਕ, ਮੱਕੀ, ਗੁੜ, ਸ਼ੱਕਰ ਤੇ ਹੋਰ ਜਿਣਸਾਂ ਤੋਲ ਕੇ ਲੈ ਜਾਂਦੇ ਸਨ। ਪਿੰਡਾਂ ਦੇ ਦੁਕਾਨਦਾਰ ਵੀ ਕਿਸਾਨਾਂ ਦੀਆਂ ਜਿਣਸਾਂ ਦੇ ਗਾਹਕ ਹੁੰਦੇ ਸਨ।
ਅੱਜ ਜਦ ਮੈਂ ਇਹ ਵੇਖਦਾ ਅਤੇ ਸੁਣਦਾ ਹਾਂ ਕਿ ਪੰਜਾਬ ਦੀ ਅਜੋਕੀ ਖੇਤੀ ਸਖ਼ਤ ਘਾਟੇ ’ਚ ਜਾ ਰਹੀ ਹੈ ਤੇ ਕਿਸਾਨ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ। ਅੱਜ ਮੈਨੂੰ ਉਹ ਦਿਨ ਵੀ ਯਾਦ ਆ ਰਹੇ ਹਨ, ਜਦ ਸਨ 1945 ’ਚ ਛੋਟੀ ਉਮਰ ਵਿਚ ਖੇਤਾਂ ’ਚ ਮੈਨੂੰ ਮੇਰੇ ਬਜ਼ੁਰਗਾਂ ਨੇ ਲੱਕੜੀ ਦੇ ਹਲ ਦੀ ਕੀਲੀ (ਮੁੰਨੀ) ਫੜਾ ਕੇ ਮੇਰੇ ਅੰਦਰੋਂ ਖੇਤੀ ਦਾ ਸ਼ੌਕ ਜਗਾਇਆ ਸੀ, ਉਸ ਵੇਲੇ ਦੀ ਖੇਤੀ ਚਾਰ ਮਜ਼ਬੂਤ ਥੰਮ੍ਹਾਂ ’ਤੇ ਖੜ੍ਹੀ ਸੀ, ਇਹ ਥੰਮ੍ਹ ਸਨ ਸੰਯਮ, ਸਾਦਗੀ, ਕੰਮ ਨਾਲ ਪਿਆਰ ਤੇ ਮਜ਼ਬੂਤ ਸਾਂਝੇ ਪਰਿਵਾਰ ਅਤੇ ਮਜ਼ਬੂਤ ਭਾਈਚਾਰਾ। ਟਿਊਬਵੈਲ ਤਾਂ ਸੁਫਨੇ ਵਿਚ ਵੀ ਨਹੀਂ ਸਨ ਹੁੰਦੇ, ਸਵੇਰੇ ਤੋਂ ਸ਼ਾਮ ਤਕ ਚੜਸ਼ਾਂ ਨਾਲ ਖੂਹਾਂ ਵਿੱਚੋਂ ਪਾਣੀ ਕੱਢ ਕੇ ਮਸੀਂ ਦੋ ਢਾਈ ਕਨਾਲ ਥਾਂ ਦੀ ਸਿੰਚਾਈ ਹੁੰਦੀ ਸੀ, ਉਦੋਂ ਨਦੀਨ ਨਾਸ਼ਕ ਨਹੀਂ ਸਨ ਹੁੰਦੇ। ਲਗਪਗ ਸਾਰਾ ਸਾਲ ਹੀ ਲਗਾਤਾਰ ਕਣਕ, ਮੱਕੀ, ਕਪਾਹ, ਦਾਲਾਂ, ਤੇਲ ਬੀਜਾਂ, ਸਬਜ਼ੀਆਂ ਤੇ ਕਮਾਦ ਦੀਆਂ ਗੁੰਡਾਈਆਂ ਚਲਦੀਆਂ ਰਹਿੰਦੀਆਂ ਸਨ, ਸਭ ਤੋਂ ਵੱਧ ਸਖ਼ਤ ਕੰਮ ਮੱਕੀ ਦੀ ਗੁਡਾਈ ਦਾ ਹੁੰਦਾ ਸੀ, ਜਿਸ ਵਾਸਤੇ ਪੰਦਰਾਂ-ਪੰਦਰਾਂ, ਵੀਹ-ਵੀਹ ਮਜ਼ਦੂਰ ਵੀ ਲਾਉਣੇ ਪੈਂਦੇ ਸਨ। ਕਿਸਾਨ ਮਜ਼ਦੂਰਾਂ ਦੇ ਨਾਲ ਬਹਿ ਕੇ ਗੁਡਾਈ ਕਰਦੇ ਸਨ ਤੇ ਅੱਗੇ-ਪਿੱਛੇ ਸਰੀਏ ਵਰਗੇ ਬਾਜਰੇ ਤੇ ਚਰ੍ਹੀ ਦੇ ਪੱਠੇ ਕੁਤਰ ਕੇ ਪਸ਼ੂਆਂ ਨੂੰ ਪਾਉਦੇ ਸਨ। ਕਿਸਾਨ ਬੀਬੀਆਂ ਤੜਕੇ ਭੱਠੀ ਅੱਗੇ ਬੈਠ ਕੇ ਇੰਨ੍ਹਾਂ ਮਜ਼ਦੂਰਾਂ ਦੀਆਂ ਰੋਟੀਆਂ ਪਕਾਉਦੀਆਂ ਤੇ ਫੇਰ ਮਜ਼ਦੂਰਾਂ ਦੇ ਦੁਪਹਿਰ ਦੇ ਖਾਣੇ ਲਈ ਭੜੋਲੀ ਵਿਚ ਦਾਲ ਧਰ ਆਉਂਦੀਆਂ। ਸਵੇਰ ਦੀ ਰੋਟੀ, ਦਹੀਂ ਤੇ ਲੱਸੀ ਦੀ ਚਾਟੀ ਇਕ ਟੋਕਰੇ ਵਿਚ ਰੱਖ ਕੇ ਮਜ਼ਦੂਰਾਂ ਲਈ ਖੇਤਾਂ ਵਿਚ ਲੈ ਕੇ ਆਉਦੀਆਂ। ਦੁਪਹਿਰ ਦਾ ਤੇ ਰਾਤ ਦਾ ਖਾਣਾ ਮਜ਼ਦੂਰ ਆਪਣੇ ਘਰਾਂ ਨੂੰ ਲੈ ਜਾਂਦੇ ਸਨ।
ਖੇਤੀਬਾੜੀ ਦੇ ਸੰਦ ਅਤੇ ਤਕਨੀਕਾਂ
ਉਦੋਂ ਬੀਜ ਡਰਿਲਾਂ ਵੀ ਹੀਂ ਸਨ ਹੁੰਦੀਆਂ। ਹਰ ਫਸਲ ਦੀ ਬਿਜਾਈ ਪੱਤਲੀ ਪੱਥੀ ਵਾਲੇ ਲੱਕੜ ਦੇ ਹੱਲ ਨਾਲ ਕੀਤੀ ਜਾਂਦੀ ਸੀ। ਇਉਂ ਸਾਰੇ ਦਿਨ ਵਿਚ ਲਗਪਗ ਚਾਰ ਕੁ ਕਨਾਲ ਬਿਜਾਈ ਹੁੰਦੀ ਸੀ। ਕਣਕ ਦੀ ਹੱਥੀਂ ਕਟਾਈ ਤੇ ਫਲ੍ਹਿਆਂ ਨਾਲ ਗਹਾਈ ਦਾ ਕੰਮ ਲਗਪਗ ਮਹੀਨਾ-ਮਹੀਨਾ ਚਲਦਾ ਰਹਿੰਦਾ ਸੀ। ਇਸੇ ਦੌਰਾਨ ਤੇਜ਼ ਹਨੇਰੀਆਂ ਤੇ ਮੀਂਹ ਵੀ ਆ ਜਾਂਦੇ ਸਨ। ਮੌਸਮ ਦਾ ਹਾਲ ਜਾਨਣ ਲਈ ਕੋਈ ਸਰੋਤ ਅਤੇ ਸੁਵਿਧਾ ਨਹੀਂ ਸੀ ਹੁੰਦੀ। ਸਾਦਗੀ ਇਥੋਂ ਤਕ ਹੁੰਦੀ ਸੀ ਕਿ ਆਪਣੇ ਖੇਤਾਂ ਵਿੱਚੋਂ ਹੀ ਪੈਦਾ ਕੀਤੀ ਕਪਾਹ ਤੋਂ ਰੂੰਅ ਅਤੇ ਸੂਤ ਤਿਆਰ ਕਰਕੇ ਕਿਸਾਨ ਖੱਦਰ ਦੇ ਕੱਪੜੇ ਵਰਤਦੇ ਸਨ। ਜੋ ਗਰਮੀਆਂ ਵਿਚ ਠੰਢੇ ਤੇ ਸਰਦੀਆਂ ਵਿਚ ਗਰਮ ਰਹਿੰਦੇ ਸਨ ਅਤੇ ਇਹ ਕੱਪੜੇ ਪਹਿਨਣ ਨਾਲ ਸਰੀਰਾਂ ਨੂੰ ਚਮੜੀ ਦੇ ਰੋਗ ਵੀ ਨਹੀਂ ਸਨ ਲੱਗਦੇ।
ਕਿਸਾਨਾਂ ਦਾ ਮਜ਼ਬੂਤ ਭਾਈਚਾਰਾ
ਪੁਰਾਣੇ ਵੇਲੇ ਘਰੇਲੂ ਪੱਧਰ ਤੇ ਬਹੁਤੀ ਮਾਰਕੀਟਿੰਗ ਪਿੰਡਾਂ ’ਚ ਹੀ ਹੋ ਜਾਂਦੀ ਸੀ। ਪਿੰਡਾਂ ਦੇ ਨੇੜੇ ਪੈਂਦੇ ਸ਼ਹਿਰਾਂ ਅਤੇ ਕਸਬਿਆਂ ਦੇ ਵਪਾਰੀ ਆਪਣੀਆਂ ਹੀ ਖਾਲੀ ਬੋਰੀਆਂ ਲਿਆ ਕੇ ਪਿੰਡਾਂ ਵਿੱਚੋਂ ਹੀ ਕਣਕ, ਮੱਕੀ, ਗੁੜ, ਸ਼ੱਕਰ ਤੇ ਹੋਰ ਜਿਣਸਾਂ ਤੋਲ ਕੇ ਲੈ ਜਾਂਦੇ ਸਨ। ਪਿੰਡਾਂ ਦੇ ਦੁਕਾਨਦਾਰ ਵੀ ਕਿਸਾਨਾਂ ਦੀਆਂ ਜਿਣਸਾਂ ਦੇ ਗਾਹਕ ਹੁੰਦੇ ਸਨ। ਸੰਨ 1950 ਦੇ ਅੱਗੇ-ਪਿੱਛੇ ਕਿਸਾਨਾਂ ਦੇ ਮਜ਼ਬੂਤ ਸਾਂਝੇ ਪਰਿਵਾਰ ਹੁੰਦੇ ਸਨ ਜੋ ਰਲ ਕੇ ਖੇਤੀ ਦੀਆਂ ਸਮੱਸਿਆਵਾਂ ਤੇ ਕੁਦਰਤੀ ਆਫਤਾਂ ਦਾ ਟਾਕਰਾ ਕਰਦੇ ਸਨ ਅਤੇ ਇਕ ਦੂਜੇ ਨਾਲ ਦੁੱਖ-ਸੁੱਖ ’ਚ ਭਾਈਵਾਲੀ ਨੂੰ ਕਾਇਮ ਰੱਖਦੇ ਸਨ। ਇਸ ਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਦਾ ਇਕ ਮਜ਼ਬੂਤ ਤੇ ਭਰੋਸੇਯੋਗ ਭਾਈਚਾਰਾ ਹੁੰਦਾ ਸੀ। ਜਿਹੜਾ ਕਿਸੇ ਵੀ ਆਫ਼ਤ ਨਾਲ ਝੰਬੇ ਕਿਸਾਨ ਨੂੰ ਉਠਾਲ ਕੇ ਖੜਾ ਕਰਦਾ ਅਤੇ ਹੌਂਸਲਾ ਦਿੰਦਾ ਸੀ। ਜਦੋਂ ਕਿਸੇ ਕਾਰਨ ਕਰਕੇ ਕਿਸਾਨ ਦੀ ਕਣਕ ਦੀ ਕਟਾਈ ਦਾ ਕੰਮ ਅੜ ਜਾਂਦਾ ਸੀ ਤਾਂ ਭਾਈਚਾਰਾ ਰਲ ਕੇ ਉਹ ਦੀ ਕਣਕ ਕੱਟ ਕੇ ਖਲਵਾੜੇ ਲਾ ਦਿੰਦਾ ਸੀ। ਇਸ ਨੂੰ ਆਭਤ ਲਾਉਣ ਕਿਹਾ ਜਾਂਦਾ ਸੀ। ਫੇਰ ਜਦ ਕਿਸੇ ਕਿਸਾਨ ਨੇ ਫਲ੍ਹੇ ਨਾਲ ਸਾਰੀ ਕਣਕ ਇਕੱਠੀ ਕਰਕੇ ਧੜ ਲਾਈ ਹੁੰਦੀ ਤੇ ਅਚਾਨਕ ਲੋਟਸਿਰ ਹਵਾ ਚੱਲ ਪੈਣੀ ਤਾਂ ਆਲੇ-ਦੁਆਲੇ ਤੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਨੇ ਆਪਣੇ ਖੇਤੀ ਦੇ ਸੰਦ ਰੱਖ ਕੇ ਬਿਨਾਂ ਸੱਦੇ ਆਪਣੀਆਂ ਹੀ ਤੰਗਲੀਆਂ ਲੈ ਕੇ ਤੂੜੀ ਉਡਾ ਕੇ ਉਹਦੇ ਵਿੱਚੋਂ ਦਾਣੇ ਕੱਢਣ ਲਈ ਧੜ ਉੱਪਰ ਚੜ ਜਾਣਾ।
ਸੰਜਮ ਭਰਿਆ ਜੀਵਨ
ਉਸ ਵੇਲੇ ਦਾ ਸੰਜਮ ਵੀ ਬੇਮਿਸਾਲ ਸੀ। ਇਸ ਦੀ ਪੁਸ਼ਟੀ ਲਈ ਇਕ ਛੋਟੀ ਜਿਹੀ ਮਿਸਾਲ ਹੀ ਕਾਫੀ ਹੈ। ਗਲੀ-ਮੁਹੱਲੇ ਵਿਚ ਸਵੇਰੇ ਜਿਸ ਬੀਬੀ ਨੇ ਪਹਿਲਾਂ ਚੁੱਲ੍ਹਾ ਭਖਾ ਲੈਣਾ, ਉਸ ਦੇ ਘਰੋਂ ਧੂੰਆਂ ਨਿਕਲਦਾ ਵੇਖ ਕੇ ਗੁਆਂਢਣਾਂ ਨੇ ਪਾਥੀਆਂ ਦੇ ਟੁੱਕੜੇ ਬਣਾ ਕੇ ਉਸ ਦੇ ਚੁੱਲੇ ਵਿਚ ਰੱਖ ਦੇਣੇ ਤੇ ਫੇਰ ਇੰਨ੍ਹਾਂ ਗੋਹਟਿਆਂ ਨਾਲ ਲੱਗੀ ਅੱਗ ਲਿਜਾ ਕੇ ਆਪਣੇ ਚੁੱਲ੍ਹੇ ਭਖਾ ਲੈਣੇ ਭਾਵ ਮਾਚਿਸ ਦੀ ਇਕ ਡ੍ਹੀਲ ਦਾ ਵੀ ਸਰਫਾ ਕੀਤਾ ਜਾਂਦਾ ਸੀ। ਸੰਯਮੀ ਔਰਤਾਂ ਦੇ ਪਹਿਰਾਵੇ ਵੀ ਸਾਦੇ ਹੁੰਦੇ ਸਨ। ਉਹ ਲਵੇਰਿਆਂ ਦਾ ਖਿਆਲ ਰੱਖਣ ਦੇ ਨਾਲ ਲਵੇਰਿਆਂ ਦੇ ਦੁੱਧ ਨੂੰ ਚੋਂਦੀਆਂ ਤੇ ਦੁੱਧ ਨੂੰ ਧੂੰਣੇ ਵਿਚ ਕਾੜ੍ਹਦੀਆਂ ਤੇ ਸਵੇਰੇ ਨੂੰ ਹੱਥਾਂ ਨਾਲ ਚੱਲਣ ਵਾਲੀਆਂ ਮਧਾਣੀਆਂ ਨਾਲ ਰਿੜਕ ਕੇ ਮੱਖਣ ਤੇ ਲੱਸੀ ਨੂੰ ਵੱਖ-ਵੱਖ ਕਰਦੀਆਂ। ਘਰਾਂ ਵਿਚ ਸਾਫ਼-ਸੁਥਰੇ ਦੁੱਧ ਦੀਆਂ ਜਿਵੇਂ ਨਦੀਆਂ ਵਗਦੀਆਂ ਰਹਿੰਦੀਆਂ ਤੇ ਦੇਸੀ ਘਿਉ ਨਾਲ ਹਮੇਸ਼ਾਂ ਚਾਟੀਆਂ ਭਰੀਆਂ ਰਹਿੰਦੀਆਂ ਸਨ। ਉਸ ਵੇਲੇ ਸਾਹਾਂ ਤੋਂ ਲਏ ਕਰਜ਼ੇ ਇਕ ਸੌ ਫੀਸਦੀ ਵਿਆਜ ਵਾਲੇ ਹੁੰਦੇ ਸਨ ਜੋ ਅਕਸਰ ਸਾਲ ਵਿਚ ਦੁੱਗਣੇ ਹੋ ਜਾਦੇ ਸਨ। ਇੰਨ੍ਹਾਂ ਕਰਜ਼ਿਆਂ ਦੇ ਵਿਆਜ ਦੇ ਰੂਪ ਵਿਚ ਹਰ ਹਾੜੀ ਸਾਉਣੀ ਵੇਲੇ ਸ਼ਾਹ ਲੋਕ ਸਸਤੇ ਭਾਅ ਕਣਕ, ਮੱਕੀ ਤੇ ਗੁੜ ਸ਼ੱਕਰ ਕਿਸਾਨਾਂ ਤੋਂ ਵਿਆਜ ਦੇ ਰੂਪ ਵਿਚ ਲੈ ਜਾਂਦੇ ਸਨ। ਪੰਜਾਬ ਦੀ ਵੰਡ ਤੋਂ ਪਹਿਲਾਂ ਕਾਰਾਂ, ਮੋਟਰ-ਸਾਈਕਲ ਤਾਂ ਦੂਰ ਪਿੰਡ ਵਿਚ ਜੇ ਕੋਈ ਇਕ ਕਿਸਾਨ ਸਾਈਕਲ ਲੈ ਆਉਂਦਾ ਸੀ ਤਾਂ ਬਾਕੀ ਕਿਸਾਨ ਉਸ ਦੇ ਸਾਈਕਲ ਤੇ ਝੂਟਾ ਲੈਣ ਦੀ ਇੱਛਾ ਮਨ ’ਚ ਲਈ ਫਿਰਦੇ ਸਨ ਤੇ ਜੇ ਕਦੇ ਕੋਈ ਮੋਟਰ-ਸਾਈਕਲ ਪਿੰਡ ਵਿਚ ਆ ਜਾਵੇ ਤਾਂ ਸਾਰੇ ਪਿੰਡ ਦੇ ਲੋਕ ਮੋਟਰ-ਸਾਈਕਲ ਵੇਖਣ ਲਈ ਇਕੱਠੇ ਹੋ ਜਾਂਦੇ ਸਨ। ਕੰਪਿਊਟਰ ਤਾਂ ਦੂਰ, ਪਿੰਡਾਂ ਵਿਚ ਟੈਲੀਫੋਨ ਦਾ ਵੀ ਕਿਤੇ ਨਾਮੋ-ਨਿਸ਼ਾਨ ਨਹੀਂ ਸੀ ਹੁੰਦਾ। ਦੂਰ-ਦੁਰਾਡੇ ਵਸਦੇ ਲੋਕਾਂ ਨਾਲ ਚਿੱਠੀ ਰਾਹੀਂ ਤੇ ਜਲਦੀ ਸੰਪਰਕ ਲਈ ਪੈਦਲ ਤੁਰ ਕੇ ਹੀ ਜਾਣਾ ਪੈਂਦਾ ਸੀ। ਅਜਿਹੇ ਹਾਲਾਤ ਵਿਚ ਤਾਂ ਖੇਤੀ ਦੇ ਘਾਟੇ ਵਿਚ ਜਾਣ ਦੀ ਕਲਪਨਾ ਕੀਤੀ ਜਾ ਸਕਦੀ ਸੀ ਤੇ ਕਿਸਾਨ ਖੁਦਕਸ਼ੀ ਬਾਰੇ ਸੋਚ ਸਕਦੇ ਸਨ। ਪਰ ਉਦੋਂ ਅਜਿਹਾ ਕੁਝ ਨਹੀਂ ਸੀ ਹੁੰਦਾ। ਕਿਸਾਨ ਚਾਅ ਨਾਲ ਖੇਤੀ ਕਰਦੇ ਤੇ ਇਸ ਕਿੱਤੇ ’ਤੇ ਮਾਣ ਕਰਦੇ ਸਨ ਅਤੇ ਸੰਤੁਸ਼ਟ ਸਨ।
ਨਵੀਆਂ ਖੇਤੀ ਤਕਨੀਕਾਂ ਤੇ ਪ੍ਰਗਤੀਸ਼ੀਲ ਕਿਸਾਨਾਂ ਤੋਂ ਸੇਧ ਲੈਣ ਆਮ ਕਿਸਾਨ
ਖੇਤੀ ਦੇ ਭਲੇ ਲਈ ਕਿਸਾਨ ਸਰਕਾਰਾਂ ਨਾਲ ਲੜਨ ਦੀ ਥਾਂ ਮੰਨ ਵਿਚ ਚਿੰਤਨ ਕਰਨ ਕਿਉਂਕਿ ਖੇਤੀ ਨੂੰ ਸਥਿਰ ਰੱਖਣ ਦਾ ਕੰਮ ਸਰਕਾਰਾਂ ਨੇ ਨਹੀਂ, ਕਿਸਾਨਾਂ ਨੇ ਖੁਦ ਕਰਨਾ ਹੈ। ਹਾਲਾਂਕਿ ਸਰਕਾਰਾਂ ਵੱਲੋਂ ਖੇਤੀ ਲਈ ਬਿਜਲੀ ਦੀ ਭਰੋਸੋਯੋਗ ਸਪਲਾਈ, ਸਮੇਂ ਸਿਰ ਰਸਾਇਣਾਂ ਦਾ ਪ੍ਰਬੰਧ ਮੰਡੀਆਂ ਵਿਚ ਕਿਸਾਨਾਂ ਦਾ ਸੋਸ਼ਣ ਤੇ ਮਿੱਲਾਂ ਨੂੰ ਦਿੱਤੇ ਗਏ ਗੰਨੇ ਦੇ ਪੈਸਿਆਂ ਦੀ ਸਮੇਂ ਸਿਰ ਅਦਾਇਗੀ ਵਰਗੀਆਂ ਹੋਰ ਛੋਟੀਆਂ-ਛੋਟੀਆਂ ਲੋੜਾਂ ਲਈ ਸਰਕਾਰਾਂ ਨਾਲ ਸੰਪਰਕ ਕਰਨ ਦੀ ਲੋੜ ਬਣੀ ਰਹੇਗੀ। ਸਾਢੇ ਤਿੰਨ ਦਹਾਕੇ ਪਹਿਲਾਂ ਦੇ ਮੁਕਾਬਲੇ ਅੱਜ ਤਾਂ ਖੇਤੀ ਲਈ ਹਰ ਸੌਖੀ ਸਹੂਲਤ ਮੌਜੁਦ ਹੈ। ਫਸਲਾਂ ਦੀ ਬਿਜਾਈ ਲਈ ਟਰੈਕਟਰ ਤੇ ਬੀਜ ਡਰਿੱਲਾਂ ਆ ਗਈਆਂ ਹਨ ਤੇ ਫਸਲਾਂ ਦੀ ਕਟਾਈ ਲਈ ਕੰਬਾਇਨਾਂ ਆ ਗਈਆਂ ਹਨ। ਇਹ ਮਸ਼ੀਨਾਂ ਮਹੀਨਿਆਂ ਦੇ ਮੁਕਾਬਲੇ ਕਿਸਾਨਾਂ ਨੂੰ ਕੁਝ ਘੰਟਿਆਂ ਵਿਚ ਹੀ ਵਿਹਲੇ ਕਰ ਦਿੰਦੀਆਂ ਹਨ। ਕਈ ਹਫ਼ਤੇ ਗੁਡਾਈਆਂ ਕਰਨ ਦੇ ਮੁਕਾਬਲੇ ਇਕ ਪੰਪ ਨਾਲ ਤਿੰਨ ਚਾਰ ਘੰਟਿਆਂ ਵਿਚ ਫ਼ਸਲ ਤੇ ਨਦੀਨ ਨਾਸ਼ਕ ਸਪਰੇਅ ਕਰਕੇ ਘਰ ਆ ਜਾਂਦੇ ਹਨ। ਬਹੁਤੇ ਕਿਸਾਨ ਫ਼ਸਲ ਦੀ ਬਿਜਾਈ ਕਟਾਈ ਛੱਡ ਕੇ ਖੇਤਾਂ ਵਿਚ ਜਾ ਕੇ ਪੈਰ ਪਾਉਣ ਲਈ ਤਿਆਰ ਨਹੀਂ ਹੁੰਦੇ। ਅੱਜ ਆਧੁਨਿਕ ਖੇਤੀ ਦੇ ਕੰਮ ਲਈ ਸਰਕਾਰਾਂ ਵੱਲੋਂ ਸਿਖਲਾਈ ਵੀ ਮੁਫ਼ਤ ਸੇਵਾ ਹਾਜ਼ਿਰ ਹੈ। ਬੈਂਕਾਂ ਵਿਚ ਕਰਜ਼ੇ ਦੀ ਲਿਮਟ ਬਣਾ ਕਿ ਕਿਸਾਨ 4 ਫ਼ੀਸਦੀ ਦੇ ਵਿਆਜ ਤੇ 3 ਲੱਖ ਰੁਪਏ ਤਕ ਕਰਜ਼ਾ ਪ੍ਰਾਪਤ ਕਰ ਸਕਦੇ ਹਨ। ਖੇਤੀ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਮੌਸਮ ਦਾ ਹਾਲ ਦੱਸਣ ਵਰਗੇ ਅਤੇ ਖੜ੍ਹੇ ਪੈਰ ਦੂਰ ਦੁਰਾਡੇ ਸੰਪਰਕ ਕਰਨ ਦੇ ਸਾਧਨ ਮੌਜੂਦ ਹਨ। ਕਲਿਆਣਕਾਰੀ ਗਿਆਨ ਵਿਸ਼ਿਆਂ ਕਿਸਾਨਾਂ ਦੀ ਸੇਵਾ ਲਈ ਹਾਜ਼ਰ ਹੈ। ਹੁਣ ਖੇਤੀ ਕਿਵੇਂ ਘਾਟੇ ਵਿਚ ਜਾ ਸਕਦੀ ਹੈ ?
ਘਾਟੇ ਤੇ ਖ਼ੁਦਕੁਸ਼ੀਆਂ ਦੇ ਕਾਰਨ
ਚੜਸ ਤੇ ਹਲਟ ਦੇ ਮੁਕਾਬਲੇ ਟਿਊਬਵੈਲ ਵੇਖਦਿਆਂ-ਵੇਖਦਿਆਂ ਖੇਤਾਂ ਨੂੰ ਪਾਣੀ ਨਾਲ ਭਰ ਦਿੰਦੇ ਹਨ। ਸਾਡੇ ਖੇਤੀ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਰਾਹੀਂ ਕਣਕ ਦਾ ਝਾੜ ਚਾਰ ਤੋਂ ਪੰਜ ਕੁਇੰਟਲ ਦੇ ਮੁਕਾਬਲੇ 22 ਤੋਂ 25 ਕੁਇੰਟਲ ਤਕ ਲੈ ਆਂਦਾ ਹੈ। ਹੁਣ ਖੇਤੀ ਵਿਚ ਘਾਟਾ ਕਿਉ ਹੈ? ਖੁਦਕਸ਼ੀਆਂ ਕਿਉਂ ਹਨ? ਜ਼ਰੂਰ ਕਿਤੇ ਕੋਈ ਗੜਬੜ ਤੇ ਖੇਤੀ ਦੀ ਵਿਉਂਤਬੰਦੀ ਵਿਚ ਕੋਈ ਘਾਟ ਹੈ। ਅਜੋਕੀ ਖੇਤੀ ਵਿਚ ਨਿਘਾਰ ਦੀ ਗੱਲ ਕਰੀਏ ਤਾਂ ਇਹ ਵੀ ਵਿਚਾਰਨਾ ਪਵੇਗਾ ਕਿ ਜਿਹੜੇ ਕਿਸਾਨ ਕੇਵਲ ਕਣਕ ਝੋਨੇ ਦੀ ਖੇਤੀ ਹੀ ਕਰਦੇ ਹਨ, ਇਨ੍ਹਾਂ ਦੋਵਾਂ ਫਸਲਾਂ ਦੀ ਬਿਜਾਈ, ਲਵਾਈ ਤੇ ਕਟਾਈ ਲਈ ਇਕ ਮਹੀਨਾ ਕੰਮ ਕਰਕੇ ਅਜੋਕੇ ਕਿਸਾਨ 11 ਮਹੀਨੇ ਵਿਹਲੇ ਰਹਿੰਦੇ ਹਨ। ਇਸ ਵਿਹਲੇ ਸਮੇਂ ਵਿਚ ਬਹੁਤੇ ਕਿਸਾਨ ਕੇਵਲ ਆਪਣੀ ਅਤੇ ਨੇੜੇ-ਤੇੜੇ ਦੇ ਲੋਕਾਂ ਦੀ ਲੋੜ ਲਈ ਪੰਜ ਸੱਤ ਬੂਟੇ ਫਲਾਂ ਅਤੇ ਪੰਜ ਸੱਤ ਮਰਲੇ ਸਬਜ਼ੀ ਲਾਉਣ ਲਈ ਤਿਆਰ ਨਹੀਂ। ਹਾਲਾਂਕਿ ਸਬਜ਼ੀਆਂ ਤੇ ਫਲ ਹੱਦ ਸਿਰੇ ਤਕ ਮਹਿੰਗੇ ਹਨ। ਖੇਤਾਂ ਵਿਚ ਗੰਨਾ ਬੀਜ ਕੇ ਪਰਵਾਸੀਆਂ ਵੱਲੋਂ ਲਾਏ ਵੇਲਣਿਆਂ ਤੋਂ ਰਸਾਇਣਾਂ ਨਾਲ ਪ੍ਰਦੂਸ਼ਿਤ ਗੁੜ-ਸ਼ੱਕਰ ਮਹਿੰਗੇ ਭਾਅ ਖਰੀਦ ਕੇ ਖਾਂਦੇ ਹਨ। ਖਪਤਕਾਰਾਂ ਨਾਲ ਸਿੱਧੇ ਰਿਸ਼ਤਿਆਂ ਰਾਹੀਂ ਵੰਨ-ਸੁਵੰਨੀਆਂ ਖੇਤੀ ਜਿਣਸਾਂ ਤੇ ਇਹ ਜਿਣਸਾਂ ਪ੍ਰੋਸੈੱਸ ਕਰਕੇ ਵੇਚਣੀਆਂ ਤਾਂ ਅਜੇ ਬਹੁਤੇ ਕਿਸਾਨਾਂ ਲਈ ਸੁਫ਼ਨੇ ਵੇਖਣ ਵਾਲੀ ਗੱਲ ਹੀ ਹੋਵੇਗੀ। ਹਾਲਾਂਕਿ ਅਜਿਹਾ ਸਭ ਕੁਝ ਕਰਨ ਲਈ ਸਰਕਾਰਾਂ ਵੱਲੋਂ ਕਿਸੇ ਪਾਲਸੀ ਦੀ ਕੋਈ ਲੋੜ ਨਹੀਂ ਹੈ। ਕੁਝ ਦਿਨ ਪਹਿਲਾਂ ਮੇਰਾ ਇਕ ਲੇਖ ਪੜ੍ਹ ਕੇ ਇਕ ਨੌਜਵਾਨ ਕਿਸਾਨ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਖੇਤਾਂ ਦੀਆਂ ਜਿਣਸਾਂ ਅਤੇ ਦੂਜੇ ਕਿਸਾਨਾਂ ਤੋਂ ਸਬਜ਼ੀਆਂ ਤੇ ਫਲ ਖਰੀਦ ਕੇ ਵੀ ਇਹ ਖੇਤੀ ਜਿਣਸਾਂ ਪ੍ਰੋਸੈਸ ਕਰਕੇ ਖਪਤਕਾਰਾਂ ਤਕ ਪਹੁੰਚਦੀਆਂ ਕਰਦਾ ਹੈ।
ਨੌਜਵਾਨ ਕਿਸਾਨ ਦੀ ਸਫਲਤਾ ਦੀ ਕਹਾਣੀ
ਮੈਂ ਉਸ ਕਰਮਸ਼ੀਲ ਤੇ ਉਤਸ਼ਾਹੀ ਨੌਜਵਾਨ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਵਿਚ ਵੀ ਆਪਣੀ ਸਮੱਗਰੀ ਲੈ ਕੇ ਜਾਇਆ ਕਰੇ, ਜਿੱਥੇ ਪੀ.ਏ.ਯੂ. ਤੋਂ ਹੀ ਸਿਖਲਾਈ ਲੈ ਕੇ ਕਿਸਾਨਾਂ ਵੱਲੋਂ ਪ੍ਰੋਸੈਸ ਕੀਤੀਆਂ ਵਿਲੱਖਣ ਖੇਤੀ ਜਿਣਸਾਂ ਦੇ ਸਾਫ਼-ਸੁਥਰੇ ਬਾਜ਼ਾਰ ਲੱਗਦੇ ਹਨ ਤੇ ਕਿਸਾਨ ਲੱਖਾਂ ਰੁਪਏ ਕਮਾ ਕੇ ਵਾਪਸ ਆਉਦੇ ਹਨ, ਪਰ ਉਸ ਕਿਸਾਨ ਨੇ ਜਵਾਬ ਦਿੱਤਾ ਕਿ ਅੰਕਲ ਜਿਹੜੇ ਖਪਤਕਾਰ ਮੇਰੇ ਨਾਲ ਜੁੜੇ ਹੋਏ ਹਨ। ਕੇਵਲ ਉਨ੍ਹਾਂ ਦੀ ਲੋੜ ਹੀ ਮੇਰੇ ਕੋਲੋਂ ਪੂਰੀ ਨਹੀਂ ਹੁੰਦੀ ਤੇ ਖਪਤਕਾਰਾਂ ਤੋਂ ਆਪਣੀਆਂ ਜਿਣਸਾਂ ਦੇ ਜਿੰਨੇ ਪੈਸੇ ਮੰਗਦਾ ਹਾਂ, ਉਹ ਖਿੜੇ ਮੱਥੇ ਦਿੰਦੇ ਹਨ ਹਾਲਾਂਕਿ ਪੰਜਾਬ ਦੇ ਕਿਸਾਨ ਇਹ ਗਿਲਾ ਕਰਦੇ ਹਨ ਕਿ ਸਾਥੋਂ ਖੇਤਾਂ ਵਿਚ ਪੈਦਾਂ ਤਾਂ ਜੋ ਚਾਹੋ ਕਰਾ ਲਵੋ ਪਰ ਢੁੱਕਵੇਂ ਭਾਅ ਨਾਲ ਖ੍ਰੀਦਣ ਵਾਲਾ ਕੋਈ ਨਹੀਂ।
ਉਤਪਾਦਨਹੀਣ ਖਰਚੇ ਤੋਂ ਬਚ ਕੇ ਖੁਦ ਮੰਡੀਆਂ ਤੇ ਮਾਰਗ ਸਿਰਜਣ ਕਿਸਾਨ
ਕਿਸਾਨ ਫੁੱਲਾਂ, ਫਲਾਂ ਤੇ ਸਬਜੀਆਂ ਖਰੀਦਣ ਲਈ ਸਰਕਾਰਾਂ ਨੂੰ ਗਾਹਕ ਬਣਾਉਣ ਦੀ ਗੱਲ ਵੀ ਅਕਸਰ ਕਰਦੇ ਹਨ ਹਾਲਾਂਕਿ ਇਹ ਚੀਜ਼ਾਂ ਨਾਜ਼ੁਕ ਤੇ ਨਾਸ਼ਵਾਨ ਹਨ। ਬਹੁਤੇ ਫਲਾਂ ਤੇ ਸਬਜ਼ੀਆਂ ਦੀ ਗੁਣਵੱਤਾ ਕੋਲਡ ਚੇਨ ਤੋਂ ਬਗੈਰ ਸੱਤਾਂ ਅੱਠਾਂ ਘੰਟਿਆਂ ਵਿਚ ਦਮ ਤੋੜ ਜਾਂਦੀ ਹੈ ਤੇ ਸਰਕਾਰੀ ਤੰਤਰ ਵਿਚ ਅਕਸਰ ਜ਼ਿੰਮੇਵਾਰੀ ਦੀ ਘਾਟ ਅਤੇ ਭ੍ਰਿਸ਼ਟਾਚਾਰ ਹਾਜ਼ਰ ਹੁੰਦਾ ਹੈ। ਕਿਸਾਨ ਅਨਾਜ, ਦਾਲਾਂ, ਤੇਲਬੀਜਾਂ ਆਦਿ ਦੀਆਂ ਲਾਹੇਵੰਦ ਕੀਮਤਾਂ ਦਾ ਸਰਕਾਰਾਂ ਤੋਂ ਐਲਾਨ ਕਰਵਾ ਕੇ ਬਿਨਾਂ ਇਸ ਸ਼ਰਤ ਦੇ ਕਿ ਸਰਕਾਰ ਹੀ ਇਹ ਜਿਣਸਾਂ ਖਰੀਦੇ, ਸਰਕਾਰੀ ਜਾਂ ਗੈਰ ਸਰਕਾਰੀ ਖੇਤਰ ਵੱਲੋਂ ਖਰੀਦਣ ਦੀ ਮੰਗ ਕਰ ਸਕਦੇ ਹਨ। ਅਜਿਹੀਆਂ ਚੀਜਾਂ ਵਿਚ ਮੱਕੀ ਤੇ ਬਾਸਮਤੀ ਸ਼ਾਮਿਲ ਹੋ ਸਕਦੀ ਹੈ। ਖੇਤੀ ਵਿਚ ਆਮਦਨ ਵਧਾਉਣ ਲਈ ਖੇਤੀ ਦੀਆਂ ਲਾਗਤਾਂ ਘੱਟ ਕਰਨੀਆਂ ਪੈਣਗੀਆਂ। ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਤੋਂ ਵੱਧ ਰਸਾਇਣਾਂ ਦੀ ਖੇਤੀ ਵਿਚ ਵਰਤੋਂ ਕਰਨ ਤੋਂ ਪ੍ਰਹੇਜ਼ ਕੀਤਾ ਜਾਵੇ। ਲੋੜ ਤੋਂ ਵੱਧ ਸਮਰੱਥਾ ਵਾਲੀਆਂ ਮਸ਼ੀਨਾਂ ਖਰੀਦਣ ਦੇ ਥਾਂ ਇਹ ਮਸ਼ੀਨਾਂ ਕਿਰਾਏ ’ਤੇ ਲਈਆਂ ਜਾਣ।
ਖੇਤੀ ’ਚ ਨਿਘਾਰ ਦੇ ਕਾਰਨ
ਬੇਲੋੜੇ ਵਿਖਾਵਿਆਂ ਤੋਂ ਬਚਿਆ ਜਾਵੇ। ਬਾਹਰਲੇ ਦੇਸ਼ਾਂ ਤੋਂ ਆਏ ਤੇ ਦੂਜੇ ਵਰਗਾਂ ਦੇ ਸਮਰੱਥ ਲੋਕਾਂ ਦੀ ਰੀਸੇ ਵੱਡੀਆਂ ਕੋਠੀਆਂ ਉਸਾਰਨ ਤੇ ਉਨ੍ਹਾਂ ਵਿਚ ਕਾਰਾਂ ਖੜ੍ਹੀਆਂ ਕਰਨ ਦਾ ਕੰਮ ਸਮੱਰਥਾ ਵੇਖ ਕੇ ਤੇ ਸੋਚ ਸਮਝ ਕੇ ਕੀਤਾ ਜਾਵੇ। ਅਜਿਹੇ ਗੈਰ-ਉਤਪਾਦਕ ਹੋਰ ਅਨੇਕਾਂ ਖਰਚਾਂ ਵਿਚ ਸ਼ਾਮਿਲ ਹਨ। ਵਿਆਹਾਂ, ਭੋਗਾਂ ਅਤੇ ਘਰੇਲੂ ਰਸਮਾਂ ’ਤੇ ਲੋੜ ਤੋਂ ਵੱਧ ਖਰਚੇ ਵਿਖਾਵੇ ਲਈ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸਰਗਰਮੀਆਂ, ਖੇਡ ਮੇਲਿਆਂ, ਜਿੰਨ੍ਹਾਂ ਵਿਚ ਟਰੈਕਟਰ ਟੋਚਨ ਮੁਕਾਬਲਿਆਂ ਵਰਗੇ ਫ਼ਜ਼ੂਲ ਤੇ ਖਤਰਨਾਕ ਖਰਚੇ ਸ਼ਾਮਿਲ ਹੁੰਦੇ ਹਨ। ਇਸ ਤੋਂ ਬਿਨਾਂ ਪੰਜ-ਪੰਜ, ਦਸ-ਦਸ ਲੱਖ ਰੁਪਏ ਖਰਚ ਕੇ ਵੋਟਾਂ ਰਾਹੀਂ ਪੰਚੀਆਂ, ਸਰਪੰਚੀਆਂ ਖਰੀਦਣ ਵੇਲੇ ਵੀ ਜੇਬਾਂ ਦੀ ਸਮਰੱਥਾ ਵੇਖੀ ਜਾਵੇ। ਖੇਤੀ ਦੀ ਸਫਲਤਾ ਵਿਚ ਸਭ ਤੋਂ ਵੱਡਾ ਹਿੱਸਾ ਮਿਹਨਤ ਅਤੇ ਵਿਉਂਤਬੰਦੀ ਦਾ ਹੁੰਦਾ ਹੈ ਪਰ ਅਜੋਕੇ ਬਹੁਤੇ ਕਿਸਾਨਾਂ ਕੋਲ ਨਾ ਵਿਉਂਤਬੰਦੀ ਦੀ ਜਾਂਚ ਹੈ ਤੇ ਨਾ ਕੰਮ ਨਾਲ ਪਿਆਰ। ਫਸਲਾਂ ਦੀ ਸਿੰਚਾਈ ਲਈ ਚੜਸ ਚਲਾਉਣ ਵਰਗੇ ਜ਼ੋਖ਼ਮ ਭਰੇ ਕੰਮ ਤਾਂ ਦੂਰ ਹੁਣ ਤਾਂ ਟਿਊਬਵੈਲਾਂ ਦੇ ਬਟਨ ਦੱਬਣ ਲਈ ਵੀ ਸ਼ਾਇਦ ਅੱਜ ਦੇ ਬਹੁਤੇ ਕਿਸਾਨਾਂ ਕੋਲ ਸਮਾਂ ਤੇ ਸਮਰੱਥਾ ਨਹੀਂ ਹੈ। ਬਹੁਤੇ ਕਿਸਾਨਾਂ ਨੇ ਏਕੜ-ਏਕੜ ਦੇ ਕਿਆਰੇ ਬਣਾ ਹੋਏ ਹਨ। ਸਿੰਚਾਈ ਵੇਖਣ ਦੀ ਥਾਂ ਉਹ ਤਾਂ ਬੰਬੀ ਤੇ ਬਲਬ ਜਗਦੇ ਵੇਖ ਹੀ ਸੜਕ ਤੋਂ ਵਾਪਿਸ ਮੁੜ ਜਾਂਦੇ ਹਨ। ਲੋੜ ਤੋਂ ਵੱਧ ਖੇਤਾਂ ਵਿਚ ਭਰਿਆ ਪਾਣੀ ਕਈ ਵਾਰ ਟੁੱਟ ਕੇ ਗਵਾਂਢੀਆਂ ਦੀ ਵੱਤ ਖਰਾਬ ਕਰਕੇ ਉਨ੍ਹਾਂ ਦਾ ਨੁਕਸਾਨ ਕਰ ਦਿੰਦਾ ਹੈ ਤੇ ਪਾਣੀ ਦੀ ਵੀ ਰੱਜ ਕੇ ਬਰਬਾਦੀ ਹੁੰਦੀ ਹੈ। ਅੱਜ ਦੀਆਂ ਬਹੁਤੀਆਂ ਕਿਸਾਨ ਬੀਬੀਆਂ ਵੀ ਅਜੋਕੇ ਬਹੁਤੇ ਕਿਸਾਨਾਂ ਤੋਂ ਪਿੱਛੇ ਨਹੀਂ ਹਨ। ਉਨ੍ਹਾਂ ਲਈ ਤਾਂ ਉਹ ਦਿਨ ਅਕਸਰ ਨਹਿਸ਼ ਹੁੰਦਾ ਹੈ ਜਿਸ ਦਿਨ ਦੁੱਧ ਚੁੱਕਣ ਵਾਲੀ ਗੱਡੀ ਨਾ ਆਵੇ ਜਾਂ ਲੰਘ ਜਾਵੇ ਅਤੇ ਦੁੱਧ ਦੀ ਕੈਨੀ ਘਰ ਨੂੰ ਆ ਜਾਵੇ। ਦੁੱਧ ਨੂੰ ਸੰਭਾਲਣ ਤੋਂ ਉਹ ਥਰ-ਥਰ ਕੰਬਦੀਆਂ ਹਨ ਤੇ ਦੁੱਧ ਰਿੜਕਣ ਦੇ ਕੰਮ ਲਈ ਜੇ ਬਿਜਲੀ ਦੋ, ਤਿੰਨ ਦਿਨ ਨਾ ਆਵੇ ਤਾਂ ਦਹੀਂ ਚਾਟੀ ਵਿਚ ਹੀ ਪਿਆ ਰਹਿੰਦਾ ਹੈ। ਸਾਂਝੇ ਪਰਵਾਰਾਂ ਦੇ ਖੇਰੂੰ-ਖੇਰੂੰ ਹੋਣ ਕਰਕੇ ਖੇਤੀ ਦੇ ਕੰਮ ਤੇ ਕਿਸਾਨਾਂ ਦੀ ਪਕੜ ਘੱਟ ਗਈ ਹੈ ਅਤੇ ਉਹ ਮਜ਼ਬੂਤ ਭਾਈਚਾਰਾ ਵੀ ਹੁਣ ਗਾਇਬ ਹੋ ਗਿਆ ਹੈ।
ਖੇਤੀ ਜਿਣਸਾਂ ਦੀ ਮਾਰਕੀਟਿੰਗ ਤੇ ਇਕਰਾਰਨਾਮੇ ਦੀ ਖੇਤੀ
ਖੇਤੀ ਵਿੱਚੋਂ ਨਵੀਆਂ ਸੰਭਾਵਨਾਵਾਂ ਜਗਾਉਣ ਲਈ ਪੰਜਾਬ ਦੇ ਕਿਸਾਨ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਤੋਂ ਸੇਧ ਲੈ ਸਕਦੇ ਹਨ। ਜਿੱਥੇ ਪਹਾੜਾਂ ਨਾਲ ਲਟਕਦੀਆਂ ਪੌੜੀਆਂ ’ਤੇ ਖੇਤੀ ਕੀਤੀ ਜਾਂਦੀ ਹੈ ਤੇ ਇੱਥੇ ਫਸਲ ਦੀ ਬਿਜਾਈ, ਗੁਡਾਈ ਤੇ ਕਟਾਈ ਲਈ ਕੋਈ ਮਸ਼ੀਨਰੀ ਨਹੀਂ ਚੱਲ ਸਕਦੀ। ਪਾਣੀ ਦੀਆਂ ਪਹਾੜਾਂ ਤੋਂ ਉਤਰਦੀਆਂ ਸੀਰਾਂ ਦਾ ਜਲ ਇਕ ਚੁਬੱਚੇ ਵਿਚ ਇਕੱਠਾ ਕਰਕੇ ਫਸਲਾਂ ਦੀ ਲੋੜ ਪੂਰੀ ਕੀਤੀ ਜਾਂਦੀ ਹੈ। ਹਿਮਾਚਲ ਦੇ ਕਿਸਾਨਾਂ ਨੇ ਫਲਾਂ, ਫੁੱਲਾਂ ਤੇ ਸਬਜ਼ੀਆਂ ਦੀ ਕਾਸ਼ਤ ਵਿਚ ਨਵੇਂ ਕੀਰਤੀਮਾਨ ਕਾਇਮ ਕੀਤੇ ਹਨ। ਦਿੱਲੀ ਵਿਚ ਹੋਈਆਂ ਪਿਛਲੀਆਂ ਕੌਮਨਵੈਲਥ ਖੇਡਾਂ ਸਮੇਂ ਹਿਮਾਚਲ ਵਿੱਚੋਂ 70 ਕਰੋੜ ਰੁਪਏ ਦੇ ਫੁੱਲ ਗਏ ਸਨ। ਜ਼ਿਲ੍ਹਾ ਸੋਲਨ ਦੇ ਪਿੰਡ ਮਾਹੋਗ ਜਿਸ ਨੂੰ ਫਲਾਵਰ ਵਿਲੇਜ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਦੇ ਇਕ ਕਿਸਾਨ ਨੇ ਦੱਸਿਆ ਕਿ ‘ਬਾਗਵਾਨੀ ਜਿਣਸਾਂ ਦੀ ਮਾਰਕੀਟਿੰਗ ਲਈ ਅਸੀਂ ਇਕ ਅਨੁਭਵੀ ਬੰਦਾ ਦਿੱਲੀ ਬਿਠਾਇਆ ਹੋਇਆ, ਜੋ ਸਾਡਾ ਸਾਰਾ ਮਾਲ ਮੰਡੀ ਵਿਚ ਸੰਭਾਲਦਾ ਹੈ। ਅਸੀਂ ਤਾਂ ਇੱਥੋਂ ਭਰੋਸੇਯੋਗ ਦਰਜਾਬੰਦੀ ਕਰਕੇ ਤੇ ਪੇਟੀਆਂ ’ਚ ਬੰਦ ਕਰਕੇ ਸੜਕ ਤੇ ਰੱਖ ਦਿੰਦੇ ਹਾਂ।’ ਸਾਡੇ ਪੁੱਛਣ ਤੇ ਇੱਥੋਂ ਦੇ ਇਕ ਹੋਰ ਕਿਸਾਨ ਨੇ ਦੱਸਿਆ ਕਿ ਕਰਜ਼ੇ ਅਸੀਂ ਬਹੁਤ ਘੱਟ ਲੈਂਦੇ ਆਂ। ਜਿਹੜੇ ਲੈਂਦੇ ਹਨ ਉਹ ਸਮੇਂ ਸਿਰ ਵਾਪਿਸ ਕਰਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਹਿਮਾਚਲ ਦੇ ਕਿਸਾਨਾਂ ਦੇ ਪਹਾੜਾਂ ਦੇ ਕੁੱਛੜ ਚੜ੍ਹੇ ਖੂਬਸੂਰਤ ਘਰ ਹਨ ਤੇ ਉਨ੍ਹਾਂ ਦੇ ਚਿਹਰਿਆਂ ਤੇ ਉਤਸ਼ਾਹ ਤੇ ਸੰਤੁਸ਼ਟੀ ਦਾ ਨੂਰ ਝਲਕਦਾ ਹੈ।
ਲਾਹੇਵੰਦ ਬਣਾਉਣ ਲਈ ਬਦਲਵੇਂ ਰਾਹ
ਪੰਜਾਬ ਦੀ ਅਜੋਕੀ ਖੇਤੀ ਨੂੰ ਘਾਟੇ ’ਚੋਂ ਕੱਢਣ ਲਈ ਕੁਝ ਕਿਸਾਨ ਝੋਨੇ ਦੀ ਰਵਾਇਤੀ ਖੇਤੀ ਦੀ ਥਾਂ ਬਦਲਵੀਆਂ ਫਸਲਾਂ ਦੀ ਕਾਸ਼ਤ ਲਈ ਸਮਰੱਥ ਕੰਪਨੀਆਂ ਨਾਲ ਇਕਰਾਰਨਾਮੇ ਦੀ ਖੇਤੀ ਕਰ ਸਕਦੇ ਹਨ। ਅਜਿਹਾ ਕਰਨ ਨਾਲ ਇਸ ਧਾਰਨਾ ਦਾ ਸੱਚ ਵੀ ਸਾਹਮਣੇ ਆ ਜਾਵੇਗਾ ਕਿ ਇਕਰਾਰਨਾਮੇ ਦਾ ਲਾਲਚ ਦੇ ਕੇ ਕੰਪਨੀਆਂ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕਰ ਲੈਣਗੀਆਂ। ਹਾਲਾਂਕਿ ਮਾਲ ਵਿਭਾਗ ਦੇ ਰਿਕਾਰਡ ਵਿਚ ਕਿਸਾਨਾਂ ਦੇ ਨਾਂਅ ਚੜ੍ਹੀਆਂ ਜ਼ਮੀਨਾਂ ’ਤੇ ਕੋਈ ਕਬਜ਼ਾ ਨਹੀਂ ਕਰ ਸਕਦਾ। ਕਿਸਾਨ ਕਿਸੇ ਵੀ ਕੰਪਨੀ ਨੂੰ ਸਵੈ-ਇੱਛਾ ਨਾਲ ਜ਼ਮੀਨ ਵੇਚਦੇ ਹਨ ਤਾਂ ਉਨ੍ਹਾਂ ਨੂੰ ਕੌਣ ਸਮਝਾਏਗਾ? ਸਾਰੀਆਂ ਕੰਪਨੀਆਂ ਵਾਲੇ ਨੌਸਰਬਾਜ਼ ਮਾੜੇ ਨਹੀਂ ਹੁੰਦੇ ਜਿਹੜੇ ਕਿਸਾਨ ਦੋ-ਢਾਈ ਦਹਾਕੇ ਪਹਿਲਾਂ ਆਲੂ ਲਈ ਇਕਰਾਰਨਾਮੇ ਦੀ ਖੇਤੀ ਕਰਨ ਲਈ ਚੰਬਲ ਫਰਟੇਲਾਈਜ਼ਰ ਨਾਲ ਜੁੜੇ ਸਨ ਅਤੇ ਜਿਨਾਂ ਨੇ ਏਅਰਟੈਲ ਦੀ ਭਾਈਵਾਲੀ ਨਾਲ ਬੋਈਕੌਰਨ ਮੱਕੀ ਦੀ ਖੇਤੀ ਸ਼ੁਰੂ ਕੀਤੀ ਸੀ। ਉਹ ਅੱਜ ਵੀ ਇੰਨ੍ਹਾਂ ਕੰਪਨੀਆਂ ਨਾਲ ਜੁੜੇ ਹੋਏ ਹਨ ਅਤੇ ਸੰਤੁਸ਼ਟ ਹਨ। ਇਉਂ ਉਨ੍ਹਾਂ ਦੀ ਮੰਡੀ ਵੀ ਸੁਰੱਖਿਅਤ ਹੋ ਗਈ ਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਵੀ ਲੋੜ ਪੂਰੀ ਹੋ ਗਈ। ਕੁਝ ਕਾਸ਼ਤਕਾਰ ਇਕਰਾਰਨਾਮੇ ਦੁਆਰਾ ਬੇਈਕੌਰਨ ਦੀ ਕਾਸ਼ਤ ਨਾਲ ਭਾਰੀ ਮੁਨਾਫ਼ਾ ਕਮਾ ਸਕਦੇ ਹਨ। ਬੇਈਕੌਰਨ ਦੀਆਂ ਸਾਲ ਵਿਚ ਘੱਟੋ ਘੱਟ ਚਾਰ ਫਸਲਾਂ ਲੈ ਸਕਦੇ ਹਨ।
ਬੇਈਕੌਰਨ ਮੱਕੀ ਦੀ ਖੇਤੀ ਦੇ ਫਾਇਦੇ
ਸਰਦੀਆਂ ’ਚ ਇਸ ਦੇ ਵੱਢ ਵਿਚ ਮਸਰ, ਛੋਲੇ, ਸਰੋਂ ਤੇ ਕਣਕ ਦੀ ਕਾਸ਼ਤ ਕਰ ਸਕਦੇ ਹਨ। ਬੇਈਕੌਰਨ ਮੱਕੀ ’ਤੇ ਕੁਦਰਤੀ ਆਫ਼ਤਾਂ ਦਾ ਵੀ ਕੋਈ ਅਸਰ ਨਹੀਂ ਹੁੰਦਾ। ਕਿਉਂਕਿ ਇਸ ਦੀ ਛੱਲੀ ਤੇ ਦਾਣੇ ਤੁਰਦੇ ਸਾਰ ਇਸ ਦੀ ਤੁੜਾਈ ਹੋ ਜਾਂਦੀ ਹੈ। ਨਾ ਇਸ ਫ਼ਸਲ ਨੂੰ ਸੂਰਾਂ ਤੇ ਤੋਤਿਆ ਤੋਂ ਖਤਰਾ ਹੈ ਤੇ ਨਾ ਹਨ੍ਹੇਰੀ ਨਾਲ ਡਿਗਣ ਦਾ ਡਰ ਸੰਘਣੀ ਬਿਜਾਈ ਕਰਕੇ ਇਸ ਦਾ ਚਾਰਾ ਵੀ ਤਿੰਨ ਗੁਣਾ ਹੁੰਦਾ ਹੈ। ਪਿੱਛੋਂ ਚਾਰੇ ਵਿਚ ਰਹਿ ਗਈਆਂ ਗੰਢਾਂ ਕਰਕੇ ਲਵੇਰਿਆਂ ਲਈ ਕੋਈ ਬੋਰੀ ਬੰਦ ਖੁਰਾਕ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ ਪਰ ਇਸ ਦੀ ਤੁੜਾਈ ਕਰਨ ਲਈ ਪੱਕੇ ਭਰੋਸੇਮੰਦ ਮਜ਼ਦੂਰਾਂ ਦੀ ਤੇ ਇਕ ਦਿਨ ਦੀ ਸਿਖਲਾਈ ਦੀ ਸਖ਼ਤ ਲੋੜ ਹੁੰਦੀ ਹੈ। ਅਜੋਕੀ ਖੇਤੀ ਇਸ ਕਰਕੇ ਵੀ ਘਾਟੇ ਵਿਚ ਹੈ ਕਿਉਂਕਿ ਕਿਸਾਨਾਂ ਦੇ ਸਥਾਨਕ ਅਤੇ ਆਲੇ-ਦੁਆਲੇ ਦੇ ਖ਼ਪਤਕਾਰਾਂ ਨਾਲ ਕੋਈ ਰਿਸ਼ਤੇ ਨਹੀਂ ਹਨ। ਹਾਲਾਂਕਿ ਇਕ ਪਿੰਡ ਦੇ ਕਿਸਾਨ ਲੋੜੀਂਦੀ ਸਿਖਲਾਈ ਲੈ ਕੇ ਪਿੰਡ ਵਿਚ ਦੋ ਜਾਂ ਤਿੰਨ ਕਿਸਾਨ ਵਿੱਕਰੀ ਕੇਂਦਰ ਚਾਲੂ ਕਰ ਸਕਦੇ ਹਨ ਅਤੇ ਪਿੰਡ ਦੇ ਖ਼ਪਤਕਾਰਾਂ ਨੂੰ ਤਾਜ਼ੀਆਂ ਤੇ ਸਸਤੀਆਂ, ਖੇਤੀ ਜਿਣਸਾਂ ਦੇ ਸਕਦੇ ਹਨ ਤੇ ਆਪ ਵੀ ਵੱਧ ਮੁਨਾਫਾ ਕਮਾ ਸਕਦੇ ਹਨ। ਅਜਿਹੀਆਂ ਕਿਸਾਨ ਹੱਟੀਆਂ ਕਿਸਾਨਾਂ ਅਤੇ ਖਪਤਕਾਰਾਂ ਦੋਹਾਂ ਤੋਂ ਹਿੱਸਾ ਵਸੂਲਣ ਵਾਲੇ ਵਪਾਰੀਆਂ ਤੋਂ ਵੱਧ ਸਫਲ ਹੋ ਸਕਦੀਆਂ ਹਨ। ਨਾਲੇ ਵਪਾਰੀਆਂ ਤੋਂ ਖਰੀਦੀਆਂ ਜਿਣਸਾਂ ਵਿਕਣ ਤਕ ਖਰਾਬ ਹੋ ਸਕਦੀਆਂ ਹਨ ਪਰ ਕਿਸਾਨ ਨੇੜੇ ਦੇ ਖਪਤਕਾਰਾਂ ਦੇ ਮੰਗਣ ਤੇ ਤੁਰੰਤ ਖੇਤਾਂ ਵਿੱਚੋਂ ਤੋੜ ਕੇ ਦੇ ਸਕਦੇ ਹਨ।
ਨਵੀਆਂ ਫ਼ਸਲਾਂ ਦੀ ਸਫਲ ਕਾਸ਼ਤ ਤੇ ਮੰਡੀਆਂ ਲਈ ਨਵੇਂ ਰਾਹ ’ਤੇ ਪੈਰ ਧਰਨ ਦੀ ਲੋੜ
ਅਜੋਕੀ ਖੇਤੀ ਵਿਚ ਮੁਨਾਫ਼ੇ ਲਈ ਨਵੇਂ ਰਾਹਾਂ ’ਤੇ ਪੈਰ ਧਰਨ ਲਈ ਪੰਜਾਬ ਦੇ ਬਹੁਤੇ ਕਿਸਾਨ ਉਤਸ਼ਾਹ ਨਹੀਂ ਵਿਖਾਉਦੇ। ਮੈਨੂੰ ਯਾਦ ਹੈ ਅੱਜ ਤੋਂ ਦੋ ਢਾਈ ਦਹਾਕੇ ਪਹਿਲਾਂ ਪੰਜਾਬ ਮੰਡੀ ਬੋਰਡ ਨੇ ਕਿਸਾਨਾਂ ਦੇ ਫਲਾਂ, ਫੁੱਲਾਂ ਤੇ ਸਬਜ਼ੀਆਂ ਨੂੰ ਕੁਝ ਸਮੇਂ ਲਈ ਤਾਜ਼ੀ ਅਵਸਥਾ ਵਿਚ ਰੱਖਣ ਲਈ ਲੁਧਿਆਣਾ ਸਬਜ਼ੀ ਮੰਡੀ ਵਿਚ ਇਕ ਕੋਲਡ ਚੈਂਬਰ ਬਣਾਇਆ ਸੀ ਤਾਂ ਕਿ ਮੰਡੀ ਵਿਚ ਕਿਸਾਨ ਆਪਣੀਆਂ ਇਹ ਜਿਣਸਾਂ ਕੋਲਡ ਚੈਂਬਰ ਵਿਚ ਰੱਖ ਕੇ ਭਾਅ ਚੜ੍ਹਣ ’ਤੇ ਵੇਚ ਸਕਣ ਪਰ ਕਿਸਾਨਾਂ ਨੇ ਇੱਥੇ ਮਾਲ ਲਿਆਉਣ ਲਈ ਕੋਈ ਉਤਸ਼ਾਹ ਨਾ ਵਿਖਾਇਆ ਤਾਂ ਰੇੜ੍ਹੀਆਂ ਫੜ੍ਹੀਆਂ ਵਾਲਿਆਂ ਨੇ ਇੱਥੇ ਆਪਣਾ ਸਮਾਨ ਰੱਖ ਕੇ ਲਾਭ ਉਠਾਇਆ। ਹਾਲਾਂਕਿ ਕਿਸਾਨ ਤੋਂ ਮੰਡੀ ਬੋਰਡ ਨੇ ਕੇਵਲ ਬਿਜਲੀ ਦੇ ਖਰਚੇ ਤੋਂ ਬਿਨਾਂ ਕੋਈ ਫੀਸ ਕਿਰਾਇਆ ਨਹੀਂ ਸੀ ਲੈਣਾ। ਇਸੇ ਤਰ੍ਹਾਂ ਪੰਜਾਬ ਮੰਡੀ ਬੋਰਡ ਨੇ ਪੰਜਾਬ ਦੇ ਕਿਸਾਨਾਂ ਅਤੇ ਖਪਤਕਾਰਾਂ ਦੇ ਸਿੱਧੇ ਰਿਸ਼ਤੇ ਕਾਇਮ ਕਰਨ ਲਈ ਆਪਣੀ ਮੰਡੀ ਸਕੀਮ ਰਾਹੀਂ ਇਕ ਕਲਿਆਣਕਾਰੀ ਮੰਚ ਮੁਹੱਈਆ ਕੀਤਾ ਸੀ ਪਰ ਕਿਸਾਨਾਂ ਨੇ ਆਮ ਸ਼ਹਿਰਾਂ ਵਿਚ ਇਸ ਸਕੀਮ ਵਿਚ ਵੀ ਕੋਈ ਉਤਸ਼ਾਹ ਨਾ ਵਿਖਾਇਆ। ਅਸਲ ਵਿਚ ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਜਦੋਂ ਸਾਲ 1970 ਵਿਚ ਦੇਸ਼ ਅਨਾਜ ਵਿਚ ਸਵੈ-ਨਿਰਭਰ ਹੋ ਗਿਆ ਸੀ ਤਾਂ ਅਨਾਜ ਦੀ ਵਿਸ਼ੇਸ਼ ਕਰਕੇ ਝੋਨੇ ਦੀ ਐਮਐੱਸਪੀ ਦਾ ਐਲਾਨ ਤੇ ਸਰਕਾਰੀ ਖਰੀਦ ਬੰਦ ਕਰ ਦੇਣੀ ਚਾਹੀਦੀ ਸੀ। ਅਜਿਹੀ ਸਹੂਲਤ ਜਾਰੀ ਰੱਖਣ ਨਾਲ ਜਿੱਥੇ ਨਵੀਆਂ ਤੇ ਬਦਲਵੀਆਂ ਫਸਲਾਂ ਰਾਹੀਂ ਝੋਨੇ ਨਾਲੋਂ ਵੱਧ ਮੁਨਾਫ਼ਾ ਪ੍ਰਾਪਤ ਕਰਨ ਦੇ ਕਿਸਾਨਾਂ ਲਈ ਬੂਹੇ ਬੰਦ ਹੋ ਗਏ। ਉੱਥੇ ਕਿਸਾਨਾਂ ਦੀਆਂ ਨਵਿਆਂ ਰਾਹਾਂ ਤੇ ਤੁਰਨ ਦੀਆਂ ਸੰਭਾਵਨਾਵਾਂ ਵੀ ਦਮ ਤੋੜ ਗਈਆਂ।
ਆਤਮ-ਨਿਰਭਰ ਬਣਨ ਦੀ ਲੋੜ
ਝੋਨੇ ਦੀ ਐਮਐੱਸਪੀ ਤੇ ਸਰਕਾਰੀ ਖਰੀਦ ਦੀਆਂ ਬਸਾਖੀਆਂ ਦੇ ਆਸਰੇ ਸੌਖੇ ਰਹਿ ਕੇ ਤੁਰਨ ਦੀ ਕਿਸਾਨਾਂ ਦੀ ਆਦਤ ਬਣ ਗਈ ਅਤੇ ਉਨ੍ਹਾਂ ਦੇ ਦਿਮਾਗਾਂ ਵਿਚ ਵਪਾਰ ਵਾਲੀ ਸੋਚ ਵੀ ਵਿਕਸਤ ਨਾ ਹੋ ਸਕੀ। ਇਸ ਦੇ ਨਾਲ-ਨਾਲ ਇਸ ਰਵਾਇਤੀ ਖੇਤੀ ਨਾਲ ਕੁਦਰਤੀ ਸੋਮਿਆਂ ਦਾ ਵੀ ਬੇਹੱਦ ਨੁਕਸਾਨ ਹੋਇਆ। ਜਿਹੜੇ ਕਿਸਾਨ ਸਰਕਾਰਾਂ ਤੋਂ ਆਪਣੀ ਖੇਤੀ ਲਈ ਮੰਗਾਂ ਮਨਵਾਉਣ ਵਾਸਤੇ ਪੰਜਾਬ ਜਾਂ ਦਿੱਲੀ ਦੇ ਮਾਰਗ ਤੇ ਬੈਠੇ ਸਨ। ਸਾਰੇ ਦੇਸ਼ ਨੂੰ ਉਨ੍ਹਾਂ ਨਾਲ ਹਮਦਰਦੀ ਹੈ, ਸਮੇਤ ਉਦਯੋਗਪਤੀਆਂ, ਵਪਾਰੀਆਂ ਅਤੇ ਰਾਹਗੀਰਾਂ ਦੇ ਜੋ ਮਾਰਗ ਰੋਕਣ ਵਾਲੀਆਂ ਸਰਕਾਰਾਂ ਤੇ ਕਿਸਾਨਾਂ ਦੇ ਅੰਦੋਲਨਾਂ ਤੋਂ ਪੀੜਤ ਹਨ। ਅਜਿਹੀ ਅਵਸਥਾ ਵਿਚ ਅਸੀਂ ਕਿਸਾਨਾਂ ਤੋਂ ਆਸ ਰੱਖਦੇ ਹਾਂ ਕਿ ਉਹ ਆਪਣਾ ਕੀਮਤੀ ਸਮਾਂ ਗਵਾ ਕੇ ਆਪਣੇ ਖੇਤਾਂ ਵਿਚ ਆਉਣ ਤੇ ਮਿਹਨਤ, ਲਗਨ ਅਤੇ ਠੀਕ ਵਿਉਤਬੰਦੀ ਵਾਲੀ ਖੇਤੀ ਰਾਹੀਂ ਆਪਣੇ ਖੇਤਾਂ ਵਿਚ ਦੱਬੇ ਖੇਤੀ ਦੇ ਵਿਕਾਸ, ਖੁਸ਼ਹਾਲੀ ਅਤੇ ਖੂਬਸੂਰਤ ਤੇ ਕਲਿਆਣਕਾਰੀ ਸੰਭਾਵਨਾਵਾਂ ਬੰਦ ਮੂੰਹ ਖੋਲ੍ਹਣ ਦੀ ਹਿੰਮਤ ਵਿਖਾਉਣ ਅਤੇ ਇਹ ਸਮਝਣ ਕਿ ਖੇਤੀ ਨੂੰ ਲਾਹੇਵੰਦ ਤੇ ਸਥਿਰ ਸਰਕਾਰਾਂ ਨੇ ਨਹੀਂ, ਖੁਦ ਕਿਸਾਨਾਂ ਨੇ ਬਣਾਉਣਾ ਹੈ। ਜੇ ਅਜਿਹੀਆਂ ਦਲੀਲਾਂ ਕਾਗਜ਼ੀ ਤੇ ਫੋਕੀਆਂ ਲੱਗਣ ਤਾਂ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੋ ਐਡੀਸ਼ਨਾਂ ਵਿਚ ਛਪੀ ਪੁਸਤਕ 'ਸਫਲ ਕਿਸਾਨ ਪੰਜਾਬ ਦੇ' ਪੜ੍ਹਣ ਦੀ ਖੇਚਲ ਕਰਨ, ਜਿਸ ਵਿਚ ਉਨ੍ਹਾਂ ਨੌਜਵਾਨ ਕਿਸਾਨ ਦੀਆਂ ਕਹਾਣੀਆਂ ਹਨ, ਜਿੰਨ੍ਹਾਂ ਨੇ ਔਖੇ ਹਾਲਤਾਂ ਵਿਚ ਮਿਹਨਤ, ਲਗਨ, ਹਿੰਮਤ, ਜਾਂਚ ਅਤੇ ਵਿਗਿਆਨਕ ਸੋਚ ਨਾਲ ਆਪਣੀ ਖੇਤੀ ਨੂੰ ਸਿਫ਼ਰ ਤੋਂ ਸ਼ੁਰੂ ਕਰਕੇ ਅਰਸ਼ਾਂ ਤਕ ਪਹੁੰਚਾਇਆ। ਇਨ੍ਹਾਂ ਵਿਚੋਂ ਕਈਆਂ ਨੇ ਕਰਜ਼ੇ ਵੀ ਨਹੀਂ ਲਏ ਪਰ ਜਿਨ੍ਹਾਂ ਨੇ ਕਰਜ਼ੇ ਲਏ, ਉਨ੍ਹਾਂ ਨੇ ਸਮੇਂ ਸਿਰ ਕਰਜ਼ੇ ਵਾਪਿਸ ਕਰਕੇ ਸਮਕਾਲੀ ਕਿਸਾਨਾਂ ਨੂੰ ਖੇਤੀ ਦੇ ਵਿਕਾਸ ਅਤੇ ਸਫਲਤਾ ਲਈ ਨਵੇਂ ਮਾਰਗ ਵਿਖਾਏ ਹਨ।
ਖੇਤੀ ’ਚ ਸਫਲਤਾ ਦੇ ਜ਼ਿੰਦਰੇ ਖੋਲ੍ਹਣ ਲਈ ਸਹੀ ਵਿਉਂਤਬੰਦੀ ਦੀ ਚਾਬੀ
ਹਕੀਕਤ ਇਹ ਹੈ ਕਿ ਜਿਹੜੇ ਅਜੋਕੇ ਕਿਸਾਨ ਬਦਲਵੀਆਂ ਨਵੀਆਂ ਤੇ ਵਿਲੱਖਣ ਫਸਲਾਂ ਦੀ ਕਾਸ਼ਤ ਕਰਕੇ ਅਤੇ ਆਪਣੀਆਂ ਖੇਤੀ ਜਿਣਸਾਂ ਨੂੰ ਪ੍ਰੋਸੈਸ ਕਰਕੇ ਖਪਤਕਾਰਾਂ ਨਾਲ ਸਿੱਧੇ ਰਿਸ਼ਤੇ ਸਥਾਪਿਤ ਕਰਨ ਵਿਚ ਸਫਲ ਹੋਣਗੇ। ਉਨ੍ਹਾਂ ਦੇ ਕਾਫ਼ਲੇ ਮੰਜ਼ਿਲ ਤਕ ਪਹੁੰਚ ਲਈ ਅੱਗੇ ਲੰਘ ਜਾਣਗੇ ਤੇ ਬਾਕੀ ਕਿਸਾਨ ਜੀਵਨ ਦੇ ਮਾਰਗ ’ਤੇ ਗੋਡਿਆ ਵਿਚ ਸਿਰ ਦੇ ਕੇ ਕੁਦਰਤ ’ਤੇ ਅਤੇ ਸਰਕਾਰਾਂ ’ਤੇ ਗਿੱਲਾ ਕਰਨ ਜੋਗੇ ਰਹਿ ਜਾਣਗੇ। ਜਦੋਂ ਕਦੇ ਆਮ ਕਿਸਾਨਾਂ ਨਾਲ ਖੇਤੀ ਦੀ ਵਿਉਂਤਬੰਦੀ ਬਾਰੇ ਸੰਵਾਦ ਰਚਾਉਣ ਦਾ ਮੌਕਾ ਮਿਲਦਾ ਹੈ ਤਾਂ ਕਈ ਕਿਸਾਨ ਅਕਸਰ ਪੁੱਛਦੇ ਹਨ ਕਿ ਖੇਤੀ ਵਿਚ ਵਿਉਂਤਬੰਦੀ ਕਿਵੇਂ ਕੀਤੀ ਜਾਂਦੀ ਹੈ? ਇਸ ਸਵਾਲ ਦਾ ਜਵਾਬ ਮੈਂ ਸੀਮਤ ਪੱਧਰ ’ਤੇ ਆਪਣੀ ਖੇਤੀ ਵਿਚ ਕੀਤੀ ਗਈ ਵਿਉਤਬੰਦੀ ਦੇ ਹਵਾਲੇ ਨਾਲ ਦਿੰਦਾ ਹਾਂ। ਸਾਢੇ ਪੰਜ ਦਹਾਕੇ ਪਹਿਲਾਂ ਜਦ ਮੈਂ ਤੇ ਮੇਰੀ ਜੀਵਨ ਸਾਥਣ ਮਹਿੰਦਰ ਕੌਰ ਦੋਸਾਂਝ ਨੇ ਝਾੜ-ਝੰਗਾੜ ਨਾਲ ਭਰੇ ਰੇਤੇ ਦੇ ਬੰਜ਼ਰ ਟਿੱਬਿਆਂ ਦਾ ਸੁਧਾਰ ਕਰਕੇ ਖੇਤੀ ਦੀ ਯਾਤਰਾ ਸ਼ੁਰੂ ਕੀਤੀ ਸੀ ਤਾਂ ਮੇਰੀ ਜੀਵਨ ਸਾਥਣ ਨੇ ਕਿਹਾ ਸੀ ‘ਸਰਦਾਰ ਜੀ ਆਪਾਂ ਨਵੀਆਂ ਫਸਲਾਂ ਦੀ ਕਾਸ਼ਤ ਤੇ ਆਪਣੀਆਂ ਖੇਤੀ ਜਿਣਸਾਂ ਨੂੰ ਵੇਚਣ ਲਈ ਵਿਉਂਤਬੰਦੀ ਜ਼ਰੂਰ ਕਰੀਏ। ਇਸ ਲਈ ਮੈਨੂੰ ਤਾਂ ਕੇਵਲ ਡੇਢ ਕਨਾਲ ਜ਼ਮੀਨ ਦਿਉ ਤੇ ਮੇਰੀਆਂ ਲੋੜਾਂ ਵਾਸਤੇ ਚਾਰ ਕਨਾਲ ਥਾਂ ਵਿਚ ਫਲਾਂ ਤੇ ਦਵਾਈਆਂ ਵਾਲੇ ਬੂਟੇ ਤੇ ਵੰਨ-ਸੁਵੰਨੀਆਂ ਸਬਜ਼ੀਆਂ ਦੀ ਬਿਜਾਈ ਕਰੋ। ਜਦੋਂ ਅਜਿਹੀ ਸਾਰੀ ਵਿਵਸਥਾ ਹੋ ਗਈ ਤਾਂ ਮਹਿੰਦਰ ਕੌਰ ਨੇ ਅਪ੍ਰੈਲ ਤੋਂ ਲੈ ਕੇ ਸਤੰਬਰ ਤਕ ਜਦੋਂ ਅਕਸਰ ਇਕ ਰੁਪਏ ਵਿਚ ਇਕ ਮੂਲੀ ਵਿਕਣੀ ਵੱਡੀ ਗੱਲ ਹੁੰਦੀ ਸੀ, ਰੋਜ਼ਾਨਾ ਇਕ ਮਰਲੇ ਵਿਚ ਮੂਲੀਆਂ ਬੀਜਣ ਦਾ ਸਿਲਸਿਲਾ ਸ਼ੁਰੂ ਕਰ ਲਿਆ। ਜਦੋਂ 45 ਦਿਨ ਬਾਅਦ ਪਹਿਲਾਂ ਬੀਜੇ ਮਰਲੇ ਵਿਚ ਮੂਲੀਆਂ ਪੁੱਟਣ ਲਈ ਤਿਆਰ ਹੋ ਗਈਆਂ ਤਾਂ ਸ਼ੁਰੂ ਵੱਲੋਂ ਚੱਲ ਕੇ ਰੋਜ਼ਾਨਾ ਇਕ ਮਰਲੇ ਵਿੱਚੋਂ ਮੂਲੀਆਂ ਪੁੱਟਣ ਤੇ ਇਕ ਮਰਲੇ ’ਚ ਬੀਜਣੀਆਂ ਸ਼ੁਰੂ ਕਰ ਦਿੱਤੀਆਂ। ਨੇੜੇ ਸ਼ਹਿਰ ਬੰਗੇ ਦੇ ਦੁਕਾਨਦਾਰਾਂ ਨਾਲ ਮੂਲੀਆਂ ਵੇਚਣ ਦੀ ਗੱਲ ਕਰ ਲਈ ਤੇ ਇਕ ਬੇਰੁਜ਼ਗਾਰ ਬੰਦਾ ਰੋਜ਼ਾਨਾ ਸਾਈਕਲ ਤੇ ਇਹ ਮੂਲੀਆਂ ਬੰਗੇ ਲੈ ਜਾਂਦਾ। ਪੰਜਾਂ ਮੂਲੀਆਂ ਦਾ ਇਕ ਗੱਛਾ ਪੰਜ ਰੁਪਏ ਵਿਚ ਵਿਕਦਾ ਸੀ। ਜਿਵੇਂ-ਜਿਵੇਂ ਪਤਾ ਲੱਗਦਾ ਗਿਆ, ਸਥਾਨਕ ਖਪਤਕਾਰ ਵੀ ਇਸੇ ਕੀਮਤ ਤੇ ਸਾਡੇ ਫਾਰਮ ਤੋਂ ਮੂਲੀਆਂ ਲਿਜਾਣ ਲੱਗ ਪਏ। ਸਰਦੀ ਦੇ ਮੌਸਮ ਵਿਚ ਇਸ ਡੇਢ ਕਨਾਲ ਥਾਂ ਵਿਚ ਮਹਿੰਦਰ ਕੌਰ ਨੇ ਲਸਣ ਤੇ ਪਿਆਜ਼ ਬੀਜਣਾ ਸ਼ੁਰੂ ਕਰ ਦਿੱਤਾ। ਲਸਣ ਅਤੇ ਪਿਆਜ ਤਾਂ ਪਿੰਡ ਅਤੇ ਇਲਾਕੇ ਦੇ ਸਥਾਨਕ ਲੋਕ ਖਰੀਦ ਲੈਂਦੇ ਸਨ।
ਸਵੈ-ਨਿਰਭਰਤਾ ਦੀ ਮਿਸਾਲ
ਮਹਿੰਦਰ ਕੌਰ ਨੇ ਫਲਾਂ ਤੇ ਸਬਜ਼ੀਆਂ ਤੋਂ ਅਚਾਰ, ਚਟਨੀਆਂ, ਜੈਮ, ਮੁਰੱਬੇ ਤੇ ਜੂਸ ਅਤੇ ਹਰਬਲ ਜਿਣਸਾਂ ਨੂੰ ਪ੍ਰੋਸੈਸ ਕਰਕੇ ਡੱਬੇ ਬੰਦ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਖੇਤਾਂ ਵਿਚ ਪੈਦਾ ਕੀਤੀ ਹਲਦੀ ਮਿਰਚਾਂ ਦਾ ਪਾਊਡਰ, ਇੱਥੋਂ ਤਕ ਕਿ ਸਾਡੇ ਗੁੜ, ਸ਼ੱਕਰ, ਬਾਸਮਤੀ ਅਤੇ ਮੱਕੀ ਦੇ ਆਟੇ ਵਾਸਤੇ ਵੀ ਆਪਣੇ ਇਲਾਕੇ ਤੋਂ ਅੱਗੇ ਜਾ ਕੇ ਪੰਜਾਬ, ਹਿਮਾਚਲ ਦੇ ਸ਼ਹਿਰਾਂ ਦੇ ਕਈ ਲੋਕ ਵੀ ਸਾਡੀ ਸਮੱਗਰੀ ਦੇ ਗਾਹਕ ਬਣ ਗਏ। ਮਹਿੰਦਰ ਕੌਰ ਨੇ ਆਪਣੇ ਪਿੰਡ ਅਤੇ ਇਲਾਕੇ ਵਿਚ ਇਸਤ੍ਰੀ ਸਭਾਵਾਂ ਸਥਾਪਿਤ ਕਰਕੇ ਅਨੇਕਾਂ ਔਰਤਾਂ ਨੂੰ ਵੀ ਅਜਿਹੀ ਮੁਹਿੰਮ ਵਿਚ ਸ਼ਾਮਲ ਕਰ ਲਿਆ ਅਤੇ ਆਪਣੀ ਇਸ ਮੁਹਿੰਮ ਵਿਚ ਖੇਤੀ ਦੀ ਰਹਿੰਦ-ਖੂੰਹਦ ਦੇ ਸਦ-ਉਪਯੋਗ ਲਈ ਵੀ ਖੋਜਾਂ ਸ਼ੁਰੂ ਕੀਤੀਆਂ। ਫਲਾਂ ਦੇ ਭਾਰ ਨਾਲ ਟੁੱਟੇ ਕੱਚੇ ਆੜੂਆਂ ਤੋਂ ਸਵਾਦਲੇ ਅਚਾਰ ਤੇ ਕੱਚੀਆਂ ਨਾਖਾਂ ਤੋਂ ਜੈਮ ਬਣਾ ਕੇ ਖ਼ਪਤਕਾਰਾਂ ਨੂੰ ਸਹੀ ਕੀਮਤ ਤੇ ਦੇਣ ਦੀ ਮੁਹਿੰਮ ਵਿਚ ਵੀ ਸਫਲਤਾ ਪ੍ਰਾਪਤ ਕੀਤੀ। ਅਜਿਹੇ ਵਿਉਤਬੰਦੀ ਦੇ ਆਸਰੇ ਹੀ ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਆਪਣੀ ਖੇਤੀ ਲਈ ਬੋਨਸ, ਸਬਸਿਡੀਆਂ, ਕਰਜ਼ੇ ਤੇ ਫਸਲਾਂ ਦੇ ਖਰਾਬੇ ਲਈ ਮੁਆਵਜ਼ੇ ਲੈਣ ਲਈ ਸਰਕਾਰਾਂ ਵੱਲ ਨਹੀਂ ਝਾਕਾਂਗੇ। ਖੇਤੀ ਦੇ ਘਾਟੇ ਵਿੱਚੋਂ ਉਭਰਨ ਦਾ ਕੰਮ ਮਿਹਨਤ, ਲਗਨ, ਸੰਯਮ, ਠਰੰਮੇ ਅਤੇ ਆਪਣੇ ਪੈਰਾਂ ਤੇ ਚੱਲਣ ਦੇ ਬਲ ਨਾਲ ਪੂਰਾ ਕਰਨ ਵਿਚ ਸਫਲ ਹੋਏ।
ਖ਼ਰਚ ਆਦਤਾਂ ਅਤੇ ਸਿਹਤ ਪ੍ਰਤੀ ਅਵੇਸਲਾਪਣ
ਇਕ ਸਰਵੇ ਵਿਚ ਸਾਹਮਣੇ ਆਇਆ ਕਿ ਸਾਡੇ ਬਹੁਤੇ ਕਿਸਾਨ ਗੈਰ-ਉਤਪਾਦਕ ਕੰਮ ਲੋਕਾਂ ਅਤੇ ਫੋਕੇ ਵਿਖਾਵਿਆਂ ’ਤੇ ਖਰਚੇ ਠੋਕ ਕੇ ਕਰ ਲੈਂਦੇ ਹਨ ਪਰ ਪਰਿਵਾਰ ਦੀ ਸਿਹਤ ਅਤੇ ਬੱਚਿਆਂ ਦੀ ਸਿੱਖਿਆ ਲਈ ਹੱਥ ਘੁੱਟ ਕੇ ਖਰਚੇ ਕਰਦੇ ਹਨ। ਮੈਡੀਕਲ ਲੇਸੈਂਟ ਜਨਰਲ ਦੀ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਕਿ ਇਕ ਪੰਜ ਮੈਂਬਰਾਂ ਦੇ ਪਰਿਵਾਰ ਨੂੰ ਆਪਣੀ ਲੰਮੀ ਉਮਰ ਅਤੇ ਮਜ਼ਬੂਤ ਸਿਹਤ ਲਈ ਮਹੀਨੇ ਵਿਚ ਸਾਢੇ ਤੇਤੀ ਹਜ਼ਾਰ ਰੁਪਏ ਖਰਚਣੇ ਪੈਣਗੇ। ਜਦਕਿ ਅਜਿਹੀ ਲੋੜ ਖਰਚਣ ਵਾਲੀਆਂ ਚੀਜ਼ਾਂ ਕਿਸਾਨ ਆਪਣੇ ਖੇਤਾਂ ਵਿਚ ਹੀ ਪੈਦਾ ਕਰਕੇ ਲਾਭ ਉਠਾ ਸਕਦੇ ਹਨ। ਪਰਿਵਾਰ ਦੇ ਦਸ ਮੈਂਬਰਾਂ ਵਾਲੇ ਇਕ ਖਪਤਕਾਰ ਨੇ ਮੈਨੂੰ ਦੱਸਿਆ ਕਿ ਸਾਨੂੰ ਆਪਣੇ ਪਰਿਵਾਰ ਲਈ ਸਾਲ ਵਿਚ 120 ਲੀਟਰ ਸਰ੍ਹੋਂ ਦੇ ਦੇਸੀ ਤੇਲ ਦੀ ਲੋੜ ਪੈਂਦੀ ਹੈ ਤੇ ਇਹ ਲੋੜ ਪੂਰੀ ਕਰਨ ਲਈ ਸਰ੍ਹੋਂ ਦਾ ਵੱਧ ਭਾਅ ਲੈ ਕੇ ਵੀ ਕੋਈ ਕਿਸਾਨ ਸਾਡੇ ਲਈ ਕੇਵਲ ਚਾਰ ਕਨਾਲ ਵਿਚ ਸਰ੍ਹੋਂ ਬੀਜਣ ਲਈ ਤਿਆਰ ਨਹੀਂ ਹੁੰਦਾ। ਇਸ ਦੇ ਨਾਲ-ਨਾਲ ਜੇ ਕਿਸਾਨ ਆਪਣੀਆਂ ਜਿਣਸਾਂ ਵਿਚ ਕੁਆਲਿਟੀ ਦੇ ਮਾਪਦੰਡਾਂ ਅਨੁਸਾਰ ਗੁਣਵੱਤਾ ਕਾਇਮ ਕਰਨ ਛੋਟੇ ਦੁਕਾਨਦਾਰ ਤੇ ਆਮ ਖਪਤਕਾਰ ਕਿਸਾਨਾਂ ਦੇ ਹੱਸ ਕੇ ਗਾਹਕ ਬਣ ਸਕਦੇ ਹਨ ਤਾਂ ਕੁਝ ਸਾਲਾਂ ਤੋਂ ਪਿਆਜ, ਲਸਣ ਤੇ ਆਲੂ ਦੀਆਂ ਕੀਮਤਾਂ ਲਗਪਗ ਸਥਿਤ ਰਹੀਆਂ ਹਨ। ਪਿਛਲੇ ਸਾਲ ਤਾਂ ਭਰ ਮੌਸਮ ਵਿਚ 2 ਤੋਂ 3 ਰੁਪਏ ਵਿਕਣ ਵਾਲੇ ਖੀਰੇ ਤੇ ਘੀਏ 40-50 ਰੁਪਏ ਕਿਲੋ ਤੋਂ ਹੇਠ ਨਹੀਂ ਆਏ ਤਾਂ ਟਮਾਟਰ ਦਾ ਵੀ ਅਜਿਹਾ ਹੀ ਹਾਲ ਰਿਹਾ ਸੀ।
ਮਹਿੰਦਰ ਸਿੰਘ ਦੋਸਾਂਝ