ਮਾਦੁਰੋ ਦੀ ਗ੍ਰਿਫ਼ਤਾਰੀ ਮਗਰੋਂ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਸੰਭਾਲਣਗੇ ਵੈਨਜ਼ੁਏਲਾ ਦੀ ਕਮਾਨ, ਸੁਪਰੀਮ ਕੋਰਟ ਨੇ ਦਿੱਤਾ ਹੁਕਮ
ਸਿਖਰਲੀ ਅਦਾਲਤ ਨੇ ਉਪ-ਰਾਸ਼ਟਰਪਤੀ ਨੂੰ ਅੰਤਰਿਮ ਰਾਸ਼ਟਰਪਤੀ ਬਣਾਉਣ ਦਾ ਹੁਕਮ ਦਿੱਤਾ ਹੈ। ਦੇਸ਼ ਵਿੱਚ ਹਾਲਾਤ ਆਮ ਹੋਣ ਤੱਕ ਵੈਨਜ਼ੁਏਲਾ ਦੀ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਸੱਤਾ ਸੰਭਾਲ ਸਕਦੇ ਹਨ।
Publish Date: Sun, 04 Jan 2026 08:54 AM (IST)
Updated Date: Sun, 04 Jan 2026 10:59 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਵੈਨਜ਼ੁਏਲਾ 'ਤੇ ਅਮਰੀਕੀ ਹਮਲੇ ਤੋਂ ਬਾਅਦ ਦੇਸ਼ ਵਿੱਚ ਸਿਆਸੀ ਤੂਫ਼ਾਨ ਸ਼ੁਰੂ ਹੋ ਗਿਆ ਹੈ। ਅਮਰੀਕੀ ਫੌਜ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਕਾਰਾਕਸ ਤੋਂ ਨਿਊਯਾਰਕ ਲੈ ਗਈ ਹੈ, ਜਿਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਵੈਨਜ਼ੁਏਲਾ ਦੀ ਕਮਾਨ ਹੁਣ ਕੌਣ ਸੰਭਾਲੇਗਾ? ਵੈਨਜ਼ੁਏਲਾ ਦੀ ਸੁਪਰੀਮ ਕੋਰਟ ਨੇ ਇਸ ਦਾ ਹੱਲ ਕੱਢ ਲਿਆ ਹੈ।
ਸਿਖਰਲੀ ਅਦਾਲਤ ਨੇ ਉਪ-ਰਾਸ਼ਟਰਪਤੀ ਨੂੰ ਅੰਤਰਿਮ ਰਾਸ਼ਟਰਪਤੀ ਬਣਾਉਣ ਦਾ ਹੁਕਮ ਦਿੱਤਾ ਹੈ। ਦੇਸ਼ ਵਿੱਚ ਹਾਲਾਤ ਆਮ ਹੋਣ ਤੱਕ ਵੈਨਜ਼ੁਏਲਾ ਦੀ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਸੱਤਾ ਸੰਭਾਲ ਸਕਦੇ ਹਨ।
ਅਦਾਲਤ ਨੇ ਕੀ ਕਿਹਾ?
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ, "ਦੇਸ਼ ਵਿੱਚ ਪ੍ਰਬੰਧਕੀ ਨਿਰੰਤਰਤਾ ਅਤੇ ਰਾਸ਼ਟਰ ਦੀ ਵਿਆਪਕ ਰੱਖਿਆ ਨੂੰ ਯਕੀਨੀ ਬਣਾਉਣ ਲਈ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਵੈਨਜ਼ੁਏਲਾ ਦੇ ਬੋਲੀਵੇਰੀਅਨ ਗਣਰਾਜ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ।"
2018 ਤੋਂ ਵੈਨਜ਼ੁਏਲਾ ਦੀ ਉਪ-ਰਾਸ਼ਟਰਪਤੀ
ਵੈਨਜ਼ੁਏਲਾ ਦੇ ਰਾਸ਼ਟਰਪਤੀ ਅਹੁਦੇ ਲਈ ਡੇਲਸੀ ਰੌਡਰਿਗਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੀ ਪਹਿਲੀ ਪਸੰਦ ਹਨ। ਡੇਲਸੀ 2018 ਤੋਂ ਵੈਨਜ਼ੁਏਲਾ ਦੀ ਉਪ-ਰਾਸ਼ਟਰਪਤੀ ਹੈ। ਵੈਨਜ਼ੁਏਲਾ ਦੀ ਆਰਥਿਕਤਾ ਸਮੇਤ ਖੁਫੀਆ ਸੇਵਾਵਾਂ ਡੇਲਸੀ ਦੀ ਦੇਖ-ਰੇਖ ਹੇਠ ਹੀ ਕੰਮ ਕਰਦੀਆਂ ਹਨ।
ਸੱਤਾ ਪਰਿਵਰਤਨ 'ਤੇ ਕੀ ਬੋਲੀ ਡੇਲਸੀ?
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਫੋਨ 'ਤੇ ਕਾਫ਼ੀ ਦੇਰ ਗੱਲਬਾਤ ਕਰਨ ਤੋਂ ਬਾਅਦ ਡੇਲਸੀ ਨੇ ਰਾਸ਼ਟਰਪਤੀ ਅਹੁਦਾ ਸੰਭਾਲਣ ਲਈ ਹਾਮੀ ਭਰ ਦਿੱਤੀ ਹੈ। ਹਾਲਾਂਕਿ, ਡੇਲਸੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਬਾਅਦ ਵੀ ਨਿਕੋਲਸ ਮਾਦੁਰੋ ਹੀ ਵੈਨਜ਼ੁਏਲਾ ਦੇ ਅਸਲ ਰਾਸ਼ਟਰਪਤੀ ਰਹਿਣਗੇ।