ਇਹ ਮੁਕੱਦਮਾ ਅਮਰੀਕਾ ਵਿਚ ਇੰਟਰਨੈੱਟ ਮੀਡੀਆ ਕੰਪਨੀਆਂ ਖ਼ਿਲਾਫ਼ ਚੱਲ ਰਹੀਆਂ ਵਿਆਪਕ ਕਾਨੂੰਨੀ ਕਾਰਵਾਈਆਂ ਦਾ ਹਿੱਸਾ ਹੈ। ਗੂਗਲ, ਸਨੈਪ ਤੇ ਟਿਕਟਾਕ ਵਰਗੀਆਂ ਕੰਪਨੀਆਂ ਵੀ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਹਨ। ਲਾਸ ਏਂਜਲਸ ਦੀ ਜੂਰੀ ਜੇਕਰ ਮੇਟਾ ਖ਼ਿਲਾਫ਼ ਫੈਸਲਾ ਦਿੰਦੀ ਹੈ ਤਾਂ ਕੰਪਨੀ ਨੂੰ ਹਰਜਾਨਾ ਚੁਕਾਉਣਾ ਪੈ ਸਕਦਾ ਹੈ ਅਤੇ ਇਸ ਨਾਲ ਹੋਰ ਮੁਕੱਦਮਿਆਂ ’ਤੇ ਵੀ ਅਸਰ ਪੈ ਸਕਦਾ ਹੈ।

ਲਾਸ ਏਂਜਲਸ (ਏਜੰਸੀ) : ਇੰਟਰਨੈੱਟ ਮੀਡੀਆ ਪਲੇਟਫਾਰਮ ਕਾਰਨ ਬੱਚਿਆਂ ਦੀ ਵਿਗੜਦੀ ਮਾਨਸਿਕ ਸਿਹਤ ਨਾਲ ਜੁੜੇ ਇਕ ਅਹਿਮ ਮੁਕੱਦਮੇ ਦੀ ਸੁਣਵਾਈ ਵਿਚ ਮੇਟਾ ਪਲੇਟਫਾਰਮ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਕੰਪਨੀ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਪਲੇਟਫਾਰਮ ’ਤੇ ਆਗਿਆ ਨਹੀਂ ਦਿੰਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕ੍ਰੀਨ ਟਾਈਮ ਵਧਾਉਣ ਲਈ ਮੇਟਾ ਨੇ ਕੋਈ ਐਪ ਡਿਜ਼ਾਈਨ ਨਹੀਂ ਕੀਤੀ। ਹਾਲਾਂਕਿ ਇਸਤਗਾਸਾ ਧਿਰ ਦੇ ਵਕੀਲ ਨੇ ਸਬੂਤਾਂ ਨਾਲ ਉਨ੍ਹਾਂ ਦੇ ਦਾਅਵੇ ਦੀ ਹਵਾ ਕੱਢ ਦਿੱਤੀ ਜਿਸ ’ਤੇ ਜ਼ੁਕਰਬਰਗ ਕੋਲ ਕਹਿਣ ਲਈ ਕੁਝ ਨਹੀਂ ਬਚਿਆ। ਇਹ ਮੁਕੱਦਮਾ ਇਕ ਔਰਤ ਵੱਲੋਂ ਦਰਜ ਕੀਤਾ ਗਿਆ ਹੈ ਜਿਸ ਨੇ ਦਾਅਵਾ ਕੀਤਾ ਹੈ ਕਿ ਬਚਪਨ ਵਿਚ ਇੰਸਟਾਗ੍ਰਾਮ ਤੇ ਯੂਟਿਊਬ ਦੀ ਵਰਤੋਂ ਨਾਲ ਉਸ ਦੀ ਮਾਨਸਿਕ ਸਿਹਤ ’ਤੇ ਨਾਂਹ-ਪੱਖੀ ਅਸਰ ਪਿਆ।
ਇਸਤਗਾਸਾ ਧਿਰ ਦੇ ਵਕੀਲ ਮਾਰਕ ਲੈਨੀਅਰ ਨੇ ਜ਼ੁਕਰਬਰਗ ਤੋਂ 2024 ਵਿਚ ਕਾਂਗਰਸ ਸਾਹਮਣੇ ਦਿੱਤੇ ਗਏ ਉਨ੍ਹਾਂ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਜ਼ਿਰਹ ਕੀਤੀ ਅਤੇ ਕੰਪਨੀ ਦੇ ਕੁਝ ਅੰਦਰੂਨੀ ਦਸਤਾਵੇਜ਼ ਪੇਸ਼ ਕੀਤੇ। ਇਨ੍ਹਾਂ ਵਿਚ 2018 ਦੀ ਇਕ ਪੇਸ਼ਕਾਰੀ ਦਾ ਜ਼ਿਕਰ ਸੀ ਜਿਸ ਵਿਚ ‘ਟਵੀਨ’ (ਕਿਸ਼ੋਰ ਅਵਸਥਾ ਤੋਂ ਪਹਿਲਾਂ ਦੀ ਉਮਰ) ਵਰਗ ਨੂੰ ਜੋੜਨ ਦੀ ਰਣਨੀਤੀ ’ਤੇ ਚਰਚਾ ਦਿਖਾਈ ਗਈ ਸੀ। ਜ਼ਿਕਰਯੋਗ ਹੈ ਕਿ 2018 ਵਿਚ ਅੰਦਰੂਨੀ ਇੰਸਟਾਗ੍ਰਾਮ ਦੀ ਪੇਸ਼ਕਾਰੀ ਵਿਚ ਕਿਹਾ ਗਿਆ ਸੀ ਕਿ ਜੇਕਰ ਸਾਨੂੰ ਵੱਡੀ ਗਿਣਤੀ ਵਿਚ ਅੱਲੜ੍ਹਾਂ ਨੂੰ ਸ਼ਾਮਲ ਕਰਨਾ ਹੈ ਤਾਂ ਉਨ੍ਹਾਂ ਨੂੰ ਟਵੀਨ ਵਜੋਂ ਆਪਣੇ ਨਾਲ ਲਿਆਉਣਾ ਹੋਵੇਗਾ।
ਇਸ ’ਤੇ ਜ਼ੁਕਰਬਰਗ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਨੇ ਸਮੇਂ-ਸਮੇਂ ’ਤੇ ਬੱਚਿਆਂ ਲਈ ਸੁਰੱਖਿਅਤ ਸੇਵਾਵਾਂ ਦੇ ਬਦਲਾਂ ’ਤੇ ਵਿਚਾਰ ਕੀਤਾ ਪਰ 13 ਸਾਲ ਤੋਂ ਘੱਟ ਉਮਰ ਲਈ ਵੱਖਰਾ ਇੰਸਟਾਗ੍ਰਾਮ ਵਰਜ਼ਨ ਲਾਂਚ ਨਹੀਂ ਕੀਤਾ।
ਮੁਕੱਦਮੇ ਵਿਚ ਇਹ ਵੀ ਦਲੀਲ ਦਿੱਤੀ ਗਈ ਕਿ ਕੰਪਨੀਆਂ ਬੱਚਿਆਂ ਨੂੰ ਆਪਣੇ ਪਲੇਟਫਾਰਮ ’ਤੇ ਵੱਧ ਸਮਾਂ ਬਿਤਾਉਣ ਲਈ ਉਤਸ਼ਾਹਤ ਕਰਦੀਆਂ ਰਹੀਆਂ। ਪੁੱਛਗਿੱਛ ਦੌਰਾਨ 2014-15 ਦੇ ਈਮੇਲ ਦਿਖਾਏ ਗਏ ਜਿਨ੍ਹਾਂ ਵਿਚ ਯੂਜ਼ਰਾਂ ਦੇ ਸਕ੍ਰੀਨ ਟਾਈਮ ਵਧਾਉਣ ਦੇ ਟੀਚਾ ਦਾ ਜ਼ਿਕਰ ਸੀ। ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਦਾ ਨਜ਼ਰੀਆ ਸਮੇਂ ਦੇ ਨਾਲ ਬਦਲਿਆ ਹੈ ਅਤੇ ਹੁਣ ਸੁਰੱਖਿਆ ਉਪਾਆਂ ’ਤੇ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ।
ਇਹ ਮੁਕੱਦਮਾ ਅਮਰੀਕਾ ਵਿਚ ਇੰਟਰਨੈੱਟ ਮੀਡੀਆ ਕੰਪਨੀਆਂ ਖ਼ਿਲਾਫ਼ ਚੱਲ ਰਹੀਆਂ ਵਿਆਪਕ ਕਾਨੂੰਨੀ ਕਾਰਵਾਈਆਂ ਦਾ ਹਿੱਸਾ ਹੈ। ਗੂਗਲ, ਸਨੈਪ ਤੇ ਟਿਕਟਾਕ ਵਰਗੀਆਂ ਕੰਪਨੀਆਂ ਵੀ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਹਨ। ਲਾਸ ਏਂਜਲਸ ਦੀ ਜੂਰੀ ਜੇਕਰ ਮੇਟਾ ਖ਼ਿਲਾਫ਼ ਫੈਸਲਾ ਦਿੰਦੀ ਹੈ ਤਾਂ ਕੰਪਨੀ ਨੂੰ ਹਰਜਾਨਾ ਚੁਕਾਉਣਾ ਪੈ ਸਕਦਾ ਹੈ ਅਤੇ ਇਸ ਨਾਲ ਹੋਰ ਮੁਕੱਦਮਿਆਂ ’ਤੇ ਵੀ ਅਸਰ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਮੇਟਾ ਦੇ ਅੰਦਰੂਨੀ ਦਸਤਾਵੇਜ਼ਾਂ ਦੀ ਛਾਣਬੀਣ ਵਿਚ ਪਤਾ ਲੱਗਾ ਹੈ ਕਿ ਕੰਪਨੀ ਆਪਣੇ ਪਲੇਟਫਾਰਮਾਂ ਕਾਰਨ ਹੋਣ ਵਾਲੇ ਖਤਰਨਾਕ ਨੁਕਸਾਨ ਤੋਂ ਚੰਗੀ ਤਰ੍ਹਾਂ ਵਾਕਫ ਸੀ। ਮੇਟਾ ਦੇ ਖੋਜੀਆਂ ਨੇ ਦੇਖਿਆ ਸੀ ਕਿ ਇੰਸਟਾਗ੍ਰਾਮ ਦੀ ਲਗਾਤਾਰ ਵਰਤੋਂ ਕਰਨ ਵਾਲੇ ਕੁਝ ਅੱਲੜ੍ਹ ਆਪਣੇ ਸਰੀਰ ਨੂੰ ਲੈ ਕੇ ਖ਼ਰਾਬ ਮਹਿਸੂਸ ਕਰਨ ਲੱਗਦੇ ਹਨ। ਇਸ ਨਾਲ ਉਨ੍ਹਾਂ ਵਿਚ ਵੱਧ ਖਾਣ ਦੀ ਲਲਕ ਵਧਣ ਲੱਗਦੀ ਹੈ।