ਵਾਸ਼ਿੰਗਟਨ ਦੇ ਹਿਲਟਨ ਹੋਟਲ ਵਿੱਚ 'ਕੌਰਸਪੌਂਡੈਂਟਸ ਡਿਨਰ' ਦੌਰਾਨ ਹੋਈ ਗੋਲੀਬਾਰੀ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਸ਼ਾਨਦਾਰ ਸਮਾਗਮ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਫਸਟ ਲੇਡੀ ਮੇਲਾਨੀਆ ਟਰੰਪ, ਉਪ-ਰਾਸ਼ਟਰਪਤੀ ਜੇਡੀ ਵੈਂਸ, ਰੱਖਿਆ ਸਕੱਤਰ ਪੀਟ ਹੇਗਸੇਥ ਅਤੇ ਵਿਦੇਸ਼ ਸਕੱਤਰ ਮਾਰਕੋ ਰੂਬੀਓ ਤੋਂ ਇਲਾਵਾ ਕਈ ਹੋਰ ਨੇਤਾ ਅਤੇ ਮਹਿਮਾਨ ਮੌਜੂਦ ਸਨ। ਖ਼ੁਸ਼ਕਿਸਮਤੀ ਰਹੀ ਕਿ ਸਾਰੇ ਮਹਿਮਾਨ ਸੁਰੱਖਿਅਤ ਹਨ।

ਵਾਸ਼ਿੰਗਟਨ ਹਿਲਟਨ ਦੀ ਲਾਬੀ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ, ਅਮਰੀਕੀ ਸੀਕ੍ਰੇਟ ਸਰਵਿਸ ਦੇ ਮੈਂਬਰਾਂ ਨੇ ਰਾਸ਼ਟਰਪਤੀ, ਫਸਟ ਲੇਡੀ ਅਤੇ ਕੈਬਨਿਟ ਅਧਿਕਾਰੀਆਂ ਨੂੰ ਮੰਚ ਤੋਂ ਹਟਾ ਦਿੱਤਾ। ਬਾਅਦ ਵਿੱਚ ਟਰੰਪ ਨੇ ਕਿਹਾ ਕਿ ਉਹ ਅਤੇ ਉੱਥੇ ਮੌਜੂਦ ਹੋਰ ਸਾਰੇ ਲੋਕ ਸੁਰੱਖਿਅਤ ਹਨ ਅਤੇ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਅਗਲੇ 30 ਦਿਨਾਂ ਦੇ ਅੰਦਰ ਦੁਬਾਰਾ ਆਯੋਜਿਤ ਕੀਤਾ ਜਾਵੇਗਾ।
'ਕੌਰਸਪੌਂਡੈਂਟਸ ਡਿਨਰ' ਪ੍ਰੋਗਰਾਮ ਵਿੱਚ ਗੋਲੀਬਾਰੀ ਦੀ ਘਟਨਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿੰਦਾ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਇਹ ਜਾਣ ਕੇ ਰਾਹਤ ਮਿਲੀ ਕਿ ਵਾਸ਼ਿੰਗਟਨ ਡੀ.ਸੀ. ਦੇ ਇੱਕ ਹੋਟਲ ਵਿੱਚ ਸੁਰੱਖਿਆ ਘਟਨਾ ਤੋਂ ਬਾਅਦ ਰਾਸ਼ਟਰਪਤੀ ਟਰੰਪ, ਫਸਟ ਲੇਡੀ ਅਤੇ ਉਪ-ਰਾਸ਼ਟਰਪਤੀ ਸੁਰੱਖਿਅਤ ਅਤੇ ਸਹੀ-ਸਲਾਮਤ ਹਨ।
ਪੀਐਮ ਮੋਦੀ ਨੇ ਕਿਹਾ, "ਮੈਂ ਉਨ੍ਹਾਂ ਦੀ ਨਿਰੰਤਰ ਸੁਰੱਖਿਆ ਅਤੇ ਤੰਦਰੁਸਤੀ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦੀ ਸਪੱਸ਼ਟ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ।"
ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ 'X' (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ ਕਿਹਾ, "ਇਹ ਬਹੁਤ ਚੰਗੀ ਗੱਲ ਹੈ ਕਿ ਹਾਲੀਆ ਘਟਨਾਵਾਂ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਅਸੀਂ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰਦੇ ਹਾਂ। ਹਿੰਸਾ ਕਦੇ ਵੀ ਕੋਈ ਰਸਤਾ ਨਹੀਂ ਹੋ ਸਕਦੀ।"
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਅਮਰੀਕਾ ਵਿਚਕਾਰ ਵਧਦੇ ਤਣਾਅ ਨੂੰ ਨੇੜਿਓਂ ਦੇਖਿਆ ਹੈ, ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਰਾਹਤ ਹੈ ਕਿ ਟਰੰਪ ਅਤੇ ਡਿਨਰ ਵਿੱਚ ਮੌਜੂਦ ਹੋਰ ਸਾਰੇ ਲੋਕ ਸੁਰੱਖਿਅਤ ਹਨ।
ਉਨ੍ਹਾਂ ਨੇ 'X' 'ਤੇ ਕਿਹਾ, "ਕਿਸੇ ਵੀ ਲੋਕਤੰਤਰ ਵਿੱਚ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ, ਅਤੇ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਨ ਜੋ ਇਸ ਪ੍ਰੇਸ਼ਾਨ ਕਰਨ ਵਾਲੀ ਘਟਨਾ ਨਾਲ ਹਿੱਲ ਗਏ ਹਨ।"
ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ, "ਸਿਆਸੀ ਹਿੰਸਾ ਬਿਲਕੁਲ ਵੀ ਪ੍ਰਵਾਨ ਨਹੀਂ ਹੈ।" ਉੱਥੇ ਹੀ ਸੀਨੇਟਰ ਮਾਰਕ ਕੈਲੀ ਨੇ 'X' 'ਤੇ ਲਿਖਿਆ ਕਿ ਉਹ "ਇਸ ਗੱਲ ਲਈ ਸ਼ੁਕਰਗੁਜ਼ਾਰ ਹਨ ਕਿ ਰਾਸ਼ਟਰਪਤੀ ਅਤੇ ਕੌਰਸਪੌਂਡੈਂਟਸ ਡਿਨਰ ਵਿੱਚ ਮੌਜੂਦ ਹੋਰ ਲੋਕ ਸੁਰੱਖਿਅਤ ਹਨ, ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਤੁਰੰਤ ਕਾਰਵਾਈ ਕੀਤੀ।"
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਇੱਕ ਬਿਆਨ ਵਿੱਚ ਕਿਹਾ, "ਸ਼ੁਰੂਆਤੀ ਰਿਪੋਰਟਾਂ ਦੇ ਆਧਾਰ 'ਤੇ, ਮੈਨੂੰ ਰਾਹਤ ਹੈ ਕਿ ਅੱਜ ਰਾਤ ਵ੍ਹਾਈਟ ਹਾਊਸ ਕੌਰਸਪੌਂਡੈਂਟਸ ਡਿਨਰ ਵਿੱਚ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ। ਇੱਕ ਸੁਤੰਤਰ ਪ੍ਰੈੱਸ ਸਾਡੇ ਦੇਸ਼ ਦੀ ਬੁਨਿਆਦ ਹੈ। ਹਿੰਸਾ ਕਦੇ ਵੀ ਸਵੀਕਾਰਯੋਗ ਨਹੀਂ ਹੋ ਸਕਦੀ।"