- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2026 ਵਿੱਚ ਦੇਸ਼ ਕਾਊਂਟਰ-ਡਰੋਨ ਸਿਸਟਮ ਅਤੇ ਡਾਇਰੈਕਟਡ ਐਨਰਜੀ ਵੈਪਨਜ਼ 'ਤੇ ਜ਼ੋਰ ਦੇ ਰਹੇ ਹਨ। ਅਮਰੀਕਾ ਦਾ 'ਗੋਲਡਨ ਡੋਮ' ਅਤੇ ਯੂਰਪ ਦਾ 'ਸਕਾਈ ਸ਼ੀਲਡ' ਵਰਗੇ ਪ੍ਰੋਜੈਕਟ ਇਸੇ ਦਿਸ਼ਾ ਵਿੱਚ ਹਨ, ਜੋ ਹਾਈਪਰਸੋਨਿਕ ਅਤੇ ਕਰੂਜ਼ ਮਿਜ਼ਾਈਲਾਂ ਤੋਂ ਵੀ ਬਚਾਅ ਕਰਨਗੇ।

ਡਿਜੀਟਲ ਡੈਸਕ, ਨਵੀਂ ਦਿੱਲੀ : ਸਾਲ 2026 ਸ਼ੁਰੂ ਹੋਏ ਅਜੇ ਚਾਰ ਦਿਨ ਹੀ ਹੋਏ ਹਨ, ਪਰ ਦੁਨੀਆ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਜਗ੍ਹਾ ਬਣ ਚੁੱਕੀ ਹੈ। ਵੈਨੇਜ਼ੁਏਲਾ ਵਿੱਚ ਅਮਰੀਕਾ ਨਾਲ ਸਿੱਧਾ ਫੌਜੀ ਟਕਰਾਅ ਸ਼ੁਰੂ ਹੋ ਚੁੱਕਾ ਹੈ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਸ਼ੁਰੂਆਤ ਹੈ।
ਬ੍ਰਸੱਲਜ਼ ਸਥਿਤ 'ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ' ਅਤੇ ਨਿਊਯਾਰਕ ਦੀ 'ਕੌਂਸਲ ਆਨ ਫੌਰਨ ਰਿਲੇਸ਼ਨਜ਼' ਨੇ 2026 ਲਈ 10 ਸਭ ਤੋਂ ਖ਼ਤਰਨਾਕ ਸੰਭਾਵੀ ਟਕਰਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਤਾਂ ਪਹਿਲਾਂ ਹੀ ਭੜਕ ਚੁੱਕਾ ਹੈ। ਬਾਕੀ ਨੌਂ ਥਾਵਾਂ 'ਤੇ ਇਕ ਛੋਟੀ ਜਿਹੀ ਚੰਗਿਆੜੀ ਵੀ ਵਿਸ਼ਵਵਿਆਪੀ ਅੱਗ ਲਗਾ ਸਕਦੀ ਹੈ। ਇਹ ਸਿਰਫ਼ ਖੇਤਰੀ ਝਗੜੇ ਨਹੀਂ ਹਨ, ਸਗੋਂ ਵੱਡੇ ਦੇਸ਼ਾਂ ਨੂੰ ਖਿੱਚ ਕੇ ਤੀਜੀ ਵਿਸ਼ਵ ਜੰਗ ਵਰਗਾ ਮਾਹੌਲ ਬਣਾਉਣ ਦੀ ਸਮਰੱਥਾ ਰੱਖਦੇ ਹਨ।
2025 ਦੀਆਂ ਜੰਗਾਂ ਨੇ ਸਾਫ਼ ਕਰ ਦਿੱਤਾ ਕਿ ਹੁਣ ਯੁੱਧ ਪੁਰਾਣੇ ਤਰੀਕਿਆਂ ਨਾਲ ਨਹੀਂ ਲੜੇ ਜਾਣਗੇ। ਭਾਵ ਹੁਣ ਨਵੇਂ ਤੌਰ-ਤਰੀਕਿਆਂ ਨਾਲ ਜੰਗ ਲੜੀ ਜਾ ਰਹੀ ਹੈ। ਮਿਸਾਲ ਵਜੋਂ ਡਰੋਨਾਂ ਦੇ ਝੁੰਡ, ਸਾਈਬਰ ਹਮਲੇ ਅਤੇ ਇਲੈਕਟ੍ਰਾਨਿਕ ਵਾਰਫੇਅਰ ਨੇ ਇਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਅਸੀਂ ਇੱਕ ਹੋਰ ਖ਼ੂਨੀ ਸਾਲ ਵੱਲ ਵਧ ਰਹੇ ਹਾਂ?
ਮਿਡਲ ਈਸਟ ਅਜੇ ਵੀ ਬਾਰੂਦ ਦੇ ਢੇਰ 'ਤੇ ਬੈਠਾ ਹੈ। ਇਜ਼ਰਾਈਲ-ਈਰਾਨ-ਲੇਬਨਾਨ ਦਾ ਤਿਕੋਣ ਸਭ ਤੋਂ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਹਿਜ਼ਬੁੱਲਾ ਨਾਲ ਕੋਈ ਵੀ ਗਲਤ ਕਦਮ ਸਿੱਧੀ ਜੰਗ ਛੇੜ ਸਕਦਾ ਹੈ। ਦੂਜੇ ਪਾਸੇ ਇਜ਼ਰਾਈਲ-ਫਲਸਤੀਨ ਵਿਵਾਦ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਦਕਿ ਸੀਰੀਆ ਵਿੱਚ ਫਿਰ ਤੋਂ ਘਰੇਲੂ ਜੰਗ (Civil War) ਭੜਕਣ ਦੇ ਪੂਰੇ ਆਸਾਰ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਤੁਰਕੀ ਦੀ ਦਖ਼ਲਅੰਦਾਜ਼ੀ ਇਸ ਇਲਾਕੇ ਦੀ ਸਥਿਤੀ ਨੂੰ ਹੋਰ ਵਿਸਫੋਟਕ ਬਣਾ ਸਕਦੀ ਹੈ।
ਉੱਥੇ ਹੀ ਅਫਰੀਕਾ 'ਚ ਸੂਡਾਨ ਦੀ ਘਰੇਲੂ ਜੰਗ ਸਭ ਤੋਂ ਵੱਧ ਫੈਲਣ ਦੀ ਸੰਭਾਵਨਾ ਵਾਲੀ ਹੈ। ਮਿਡਲ ਈਸਟ ਦੇ ਕਈ ਦੇਸ਼ ਅਤੇ ਤੁਰਕੀ ਇਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਨਾਲ ਇਹ ਖੇਤਰੀ ਯੁੱਧ ਦਾ ਰੂਪ ਲੈ ਸਕਦੀ ਹੈ। ਇਥੋਪੀਆ ਅਤੇ ਇਰੀਟ੍ਰੀਆ ਵਿਚਕਾਰ ਪੁਰਾਣਾ ਸਰਹੱਦੀ ਵਿਵਾਦ ਫਿਰ ਸਿਰ ਚੁੱਕ ਸਕਦਾ ਹੈ, ਜਦਕਿ ਮਾਲੀ ਅਤੇ ਬੁਰਕੀਨਾ ਫਾਸੋ ਵਿੱਚ ਚੱਲ ਰਿਹਾ ਸੰਘਰਸ਼ ਵੀ ਸਥਾਨਕ ਗੁੱਟਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।
ਰੂਸ-ਯੂਕਰੇਨ ਜੰਗ 2026 ਵਿੱਚ ਵੀ ਜਾਰੀ ਰਹਿਣ ਦੀ ਪੂਰੀ ਸੰਭਾਵਨਾ ਹੈ। ਦੋਵਾਂ ਪਾਸੇ ਦਬਾਅ ਵੱਧ ਰਿਹਾ ਹੈ, ਪਰ ਜੰਗਬੰਦੀ (Ceasefire) ਦੀ ਕੋਈ ਉਮੀਦ ਦੂਰ ਤੱਕ ਨਜ਼ਰ ਨਹੀਂ ਆਉਂਦੀ। ਉੱਥੇ ਹੀ ਉੱਤਰੀ ਕੋਰੀਆ ਦਾ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਵੀ ਚਿੰਤਾ ਵਧਾ ਰਿਹਾ ਹੈ। ਇਹ ਕਦੇ ਵੀ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਨੂੰ ਜੰਗ ਵਿੱਚ ਖਿੱਚ ਸਕਦਾ ਹੈ।
ਏਸ਼ੀਆ 'ਚ ਮਿਆਂਮਾਰ ਦੀ ਘਰੇਲੂ ਜੰਗ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਡੂਰੰਡ ਲਾਈਨ ਨੂੰ ਲੈ ਕੇ ਤਣਾਅ ਸਿਖਰ 'ਤੇ ਹੈ। ਭਾਰਤ-ਪਾਕਿਸਤਾਨ ਵਿਚਕਾਰ ਵੀ ਰਿਸ਼ਤੇ ਆਮ ਨਾ ਹੋਣ ਦਾ ਅਨੁਮਾਨ ਹੈ, ਜਦਕਿ ਤਾਈਵਾਨ ਸਟ੍ਰੇਟ ਅਤੇ ਸਾਊਥ ਚਾਈਨਾ ਸੀਅ ਵਿੱਚ ਚੀਨ ਦਾ ਦਬਾਅ ਲਗਾਤਾਰ ਬਣਿਆ ਹੋਇਆ ਹੈ।
ਅਮਰੀਕਾ ਲਈ ਸਭ ਤੋਂ ਵੱਡਾ ਸਿਰਦਰਦ ਸਾਈਬਰ ਹਮਲੇ ਦਾ ਹੈ। ਬਿਜਲੀ, ਬੈਂਕਿੰਗ ਜਾਂ ਸੰਚਾਰ ਪ੍ਰਣਾਲੀ 'ਤੇ ਕੋਈ ਵੱਡਾ ਹਮਲਾ ਪੂਰੇ ਦੇਸ਼ ਨੂੰ ਠੱਪ ਕਰ ਸਕਦਾ ਹੈ। ਵੈਨੇਜ਼ੁਏਲਾ ਤੋਂ ਇਲਾਵਾ ਹੈਤੀ ਅਤੇ ਮੈਕਸੀਕੋ 'ਚ ਵਧ ਰਹੀ ਅਰਾਜਕਤਾ ਕਾਰਨ ਪਰਵਾਸ ਅਤੇ ਅਪਰਾਧ ਦੀ ਲਹਿਰ ਅਮਰੀਕਾ ਤੱਕ ਪਹੁੰਚ ਸਕਦੀ ਹੈ। ਇੱਥੋਂ ਤੱਕ ਕਿ ਅਮਰੀਕਾ ਦੇ ਅੰਦਰ ਸਿਆਸੀ ਹਿੰਸਾ ਅਤੇ ਅਸ਼ਾਂਤੀ ਦੇ ਖ਼ਤਰੇ ਨੂੰ ਵੀ ਘੱਟ ਨਹੀਂ ਮੰਨਿਆ ਜਾ ਰਿਹਾ।
ਨਵੇਂ ਉਭਰ ਰਹੇ ਖ਼ਤਰੇ ਵੀ ਘੱਟ ਨਹੀਂ ਹਨ। ਆਰਕਟਿਕ ਵਿੱਚ ਰੂਸ ਅਤੇ ਚੀਨ ਦੀਆਂ ਫੌਜੀ ਗਤੀਵਿਧੀਆਂ ਨਾਟੋ (NATO) ਨੂੰ ਚੁਣੌਤੀ ਦੇ ਰਹੀਆਂ ਹਨ, ਜਦਕਿ ਕੰਬੋਡੀਆ-ਥਾਈਲੈਂਡ ਸਰਹੱਦ 'ਤੇ ਪੁਰਾਣੇ ਵਿਵਾਦ ਫਿਰ ਭੜਕ ਸਕਦੇ ਹਨ।
2025 ਨੇ ਸਭ ਤੋਂ ਵੱਡਾ ਸਬਕ ਦਿੱਤਾ ਹੈ ਕਿ ਹੁਣ ਡਰੋਨ ਅਤੇ ਅਨਮੈਨਡ ਸਿਸਟਮ ਯੁੱਧ ਦਾ ਚਿਹਰਾ ਬਦਲ ਰਹੇ ਹਨ। ਯੂਕਰੇਨ ਤੇ ਮਿਡਲ ਈਸਟ ਦੀਆਂ ਜੰਗਾਂ ਵਿੱਚ ਡਰੋਨਾਂ ਦੇ ਝੁੰਡ ਨੇ ਰਵਾਇਤੀ ਹਵਾਈ ਰੱਖਿਆ (Air Defense) ਨੂੰ ਬੇਕਾਰ ਸਾਬਤ ਕਰ ਦਿੱਤਾ। ਹੁਣ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ 'ਤੇ ਕੰਟਰੋਲ ਹੀ ਜਿੱਤ ਤੈਅ ਕਰਦਾ ਹੈ। ਜੈਮਿੰਗ, ਸਪੂਫਿੰਗ ਅਤੇ ਸੁਰੱਖਿਅਤ ਸੰਚਾਰ ਹੁਣ ਸਭ ਤੋਂ ਅਹਿਮ ਹੋ ਗਏ ਹਨ।
ਇਸ ਲਈ 2026 ਵਿੱਚ ਦੇਸ਼ ਕਾਊਂਟਰ-ਡਰੋਨ ਸਿਸਟਮ ਅਤੇ ਡਾਇਰੈਕਟਡ ਐਨਰਜੀ ਵੈਪਨਜ਼ 'ਤੇ ਜ਼ੋਰ ਦੇ ਰਹੇ ਹਨ। ਅਮਰੀਕਾ ਦਾ 'ਗੋਲਡਨ ਡੋਮ' ਅਤੇ ਯੂਰਪ ਦਾ 'ਸਕਾਈ ਸ਼ੀਲਡ' ਵਰਗੇ ਪ੍ਰੋਜੈਕਟ ਇਸੇ ਦਿਸ਼ਾ ਵਿੱਚ ਹਨ, ਜੋ ਹਾਈਪਰਸੋਨਿਕ ਅਤੇ ਕਰੂਜ਼ ਮਿਜ਼ਾਈਲਾਂ ਤੋਂ ਵੀ ਬਚਾਅ ਕਰਨਗੇ।