'50% ਨਹੀਂ, ਭਾਰਤ 'ਤੇ ਲੱਗੇਗਾ ਹੁਣ ਸਿਰਫ਼ 18% ਟੈਰਿਫ...', ਟਰੰਪ ਦੇ ਐਲਾਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਕੀ ਕਿਹਾ?
ਹੁਣ ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਇਸ ਵਾਧੂ ਟੈਰਿਫ ਨੂੰ ਵੀ ਹਟਾ ਦੇਵੇਗਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਭਾਰਤੀ ਇੰਪੋਰਟ 'ਤੇ 25% ਵਾਧੂ ਟੈਰਿਫ ਵੀ ਹਟਾ ਦੇਵੇਗਾ, ਕਿਉਂਕਿ ਭਾਰਤ ਨੇ ਰੂਸੀ ਤੇਲ ਦੀ ਖਰੀਦ ਘਟਾ ਦਿੱਤੀ ਹੈ।
Publish Date: Tue, 03 Feb 2026 08:42 AM (IST)
Updated Date: Tue, 03 Feb 2026 08:46 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਭਾਰਤ 'ਤੇ ਟੈਰਿਫ (Tariff) ਘਟਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਸੋਮਵਾਰ ਰਾਤ ਨੂੰ ਇਸ ਦੀ ਜਾਣਕਾਰੀ ਦਿੱਤੀ। ਟਰੰਪ ਨੇ ਦੱਸਿਆ ਕਿ ਭਾਰਤ 'ਤੇ ਲੱਗਣ ਵਾਲੇ 25 ਫੀਸਦੀ ਟੈਰਿਫ ਨੂੰ ਘਟਾ ਕੇ 18% ਕਰ ਦਿੱਤਾ ਜਾਵੇਗਾ। ਪਰ ਉਦੋਂ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਸੀ ਕਿ ਭਾਰਤ 'ਤੇ ਲੱਗਣ ਵਾਲੇ ਵਾਧੂ 25 ਫੀਸਦੀ ਟੈਰਿਫ ਬਾਰੇ ਕੀ ਫੈਸਲਾ ਹੋਇਆ ਹੈ।
ਹੁਣ ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਅਮਰੀਕਾ ਇਸ ਵਾਧੂ ਟੈਰਿਫ ਨੂੰ ਵੀ ਹਟਾ ਦੇਵੇਗਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਭਾਰਤੀ ਇੰਪੋਰਟ 'ਤੇ 25% ਵਾਧੂ ਟੈਰਿਫ ਵੀ ਹਟਾ ਦੇਵੇਗਾ, ਕਿਉਂਕਿ ਭਾਰਤ ਨੇ ਰੂਸੀ ਤੇਲ ਦੀ ਖਰੀਦ ਘਟਾ ਦਿੱਤੀ ਹੈ।
ਰੂਸੀ ਤੇਲ ਦੀ ਖਰੀਦ ਪੂਰੀ ਤਰ੍ਹਾਂ ਹੋਵੇਗੀ ਬੰਦ
ਅਧਿਕਾਰੀ ਨੇ ਇਹ ਵੀ ਕਿਹਾ ਕਿ ਸਮਝੌਤੇ ਤਹਿਤ ਭਾਰਤ ਰੂਸੀ ਤੇਲ ਦੀ ਖਰੀਦ ਨੂੰ ਸਿਰਫ ਘਟਾਏਗਾ ਨਹੀਂ, ਸਗੋਂ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਦੱਸ ਦੇਈਏ ਕਿ ਟਰੰਪ ਨੇ 'ਟਰੂਥ ਸੋਸ਼ਲ' (Truth Social) 'ਤੇ ਭਾਰਤ ਤੋਂ ਟੈਰਿਫ ਹਟਾਉਣ ਅਤੇ ਕਥਿਤ ਵਪਾਰਕ ਸਮਝੌਤੇ (Trade Deal) ਦੀ ਜਾਣਕਾਰੀ ਦਿੱਤੀ ਸੀ।
ਟਰੰਪ ਨੇ ਲਿਖਿਆ: "ਅੱਜ ਸਵੇਰੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ। ਉਹ ਮੇਰੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਇੱਕ ਹਨ ਤੇ ਆਪਣੇ ਦੇਸ਼ ਦੇ ਇੱਕ ਸ਼ਕਤੀਸ਼ਾਲੀ ਅਤੇ ਸਤਿਕਾਰਤ ਨੇਤਾ ਹਨ। ਅਸੀਂ ਕਈ ਮੁੱਦਿਆਂ 'ਤੇ ਗੱਲ ਕੀਤੀ, ਜਿਸ ਵਿਚ ਵਪਾਰ ਅਤੇ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨਾ ਸ਼ਾਮਲ ਹੈ। ਉਹ ਰੂਸੀ ਤੇਲ ਖਰੀਦਣਾ ਬੰਦ ਕਰਨ ਅਤੇ ਯੂਨਾਈਟਿਡ ਸਟੇਟਸ ਤੇ ਵੈਨੇਜ਼ੁਏਲਾ ਤੋਂ ਵੱਧ ਤੇਲ ਖਰੀਦਣ 'ਤੇ ਸਹਿਮਤ ਹੋਏ ਹਨ।"
ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਧੰਨਵਾਦ
ਟਰੰਪ ਦੇ ਐਲਾਨ ਤੋਂ ਬਾਅਦ ਪੀਐਮ ਮੋਦੀ ਨੇ ਵੀ ਪੋਸਟ ਕਰਕੇ ਟੈਰਿਫ ਘੱਟ ਹੋਣ ਦੀ ਜਾਣਕਾਰੀ ਦਿੱਤੀ। ਪੀਐਮ ਨੇ ਲਿਖਿਆ: "ਅੱਜ ਆਪਣੇ ਪਿਆਰੇ ਦੋਸਤ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ। ਖੁਸ਼ੀ ਹੈ ਕਿ ਹੁਣ 'ਮੇਡ ਇਨ ਇੰਡੀਆ' ਉਤਪਾਦਾਂ 'ਤੇ ਟੈਰਿਫ 18% ਘੱਟ ਹੋ ਜਾਵੇਗਾ। ਇਸ ਸ਼ਾਨਦਾਰ ਐਲਾਨ ਲਈ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਬਹੁਤ-ਬਹੁਤ ਧੰਨਵਾਦ।"