ਅਮਰੀਕਾ ਨੇ ਪੇਟੈਂਟ ਵਾਲੀਆਂ ਦਵਾਈਆਂ ’ਤੇ ਲਗਾਇਆ 100% ਟੈਰਿਫ , ਭਾਰਤ ’ਤੇ ਮਿਲਿਆ ਜੁਲਿਆ ਪ੍ਰਭਾਵ ਹੋਣ ਦਾ ਖਦਸ਼ਾ
ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਏਐੱਨਆਈ ਨੂੰ ਦੱਸਿਆ ਕਿ ਜੈਨਰਿਕ ਦਵਾਈਆਂ ਫਿਲਹਾਲ ਟੈਰਿਫ ਤੋਂ ਮੁਕਤ ਹਨ। ਹਾਲਾਂਕਿ ਵਣਜ ਵਿਭਾਗ ਜੈਨਰਿਕ ਦਵਾਈਆਂ ਦੀ ਸਤਿਥੀ ਦਾ ਮੁਲਾਂਕਣ ਕਰੇਗਾ ਤੇ ਉਸ ਮੁਤਾਬਕ ਟੈਰਿਫ ’ਤੇ ਮੁੜ ਵਿਚਾਰ ਕਰੇਗਾ।
Publish Date: Sat, 04 Apr 2026 09:32 AM (IST)
Updated Date: Sat, 04 Apr 2026 09:34 AM (IST)
ਨਵੀਂ ਦਿੱਲੀ (ਏਐੱਨਆਈ) : ਰਾਸ਼ਟਰੀ ਸੁਰੱਖਿਆ ਤੇ ਸਪਲਾਈ ਲੜੀ ਨੂੰ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੇਟੈਂਟ ਵਾਲੀਆਂ ਦਵਾਈਆਂ ਦੀ ਦਰਾਮਦ ’ਤੇ 100 ਫ਼ੀਸਦੀ ਟੈਰਿਫ ਲਗਾ ਦਿੱਤਾ ਹੈ। ਅਮਰੀਕਾ ਦੇ ਇਸ ਫ਼ੈਸਲੇ ਨਾਲ ਭਾਰਤ ’ਤੇ ਮਿਲਿਆ-ਜੁਲਿਆ ਪ੍ਰਭਾਵ ਪੈਣ ਦਾ ਖ਼ਦਸ਼ਾ ਹੈ। ਭਾਰਤ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਜੈਨਰਿਕ ਦਵਾਈਆਂ ਫਿਲਹਾਲ ਛੋਟ ਦੇ ਘੇਰੇ ’ਚ ਨਹੀਂ ਹਨ ਤੇ ਇਨ੍ਹਾਂ ’ਤੇ ਟੈਰਿਫ ਲਾਗੂ ਨਹੀਂ ਹੋਵੇਗਾ।
ਜੈਨਰਿਕ ਦਵਾਈਆਂ ਦੇ ਖੇਤਰ ’ਚ ਭਾਰਤੀ ਕੰਪਨੀਆਂ ਵਿਸ਼ਵ ਪੱਧਰ ’ਤੇ ਸਿਖਰ ’ਤੇ ਹਨ। ਨੇੜਲੇ ਭਵਿੱਖ ’ਚ ਜੈਨਰਿਕ ਦਵਾਈਆਂ ਨੂੰ ਛੋਟ ਮਿਲਣ ਨਾਲ ਇਕ ਸੁਰੱਖਿਆ ਕਵਚ ਮਿਲੇਗਾ, ਜਿਸ ਨਾਲ ਘੱਟ ਲਾਗਤ ਵਾਲੀਆਂ ਦਵਾਈਆਂ ਦੀ ਬਰਾਮਦ ’ਚ ਨਿਰੰਤਰਤਾ ਯਕੀਨੀ ਬਣੇਗੀ। ਸਸਤੀਆਂ ਜੈਨਰਿਕ ਦਵਾਈਆਂ ਅਮਰੀਕਾ ਨਾਲ ਭਾਰਤ ਦੇ ਦਵਾਈ ਵਪਾਰ ਦੀ ਰੀੜ੍ਹ ਹਨ। ਅਮਰੀਕੀ ਜੈਨਰਿਕ ਬਾਜ਼ਾਰ ’ਚ ਮਹੱਤਵਪੂਰਨ ਹਿੱਸੇਦਾਰੀ ਰੱਖਣ ਵਾਲੇ ਭਾਰਤੀ ਦਵਾਈ ਨਿਰਮਾਤਾਵਾਂ ਨੂੰ ਤੁਰੰਤ ਕਿਸੇ ਰੁਕਾਵਟ ਦਾ ਸਾਹਮਣਾ ਕਰਨ ਦੀ ਸੰਭਾਵਨਾ ਨਹੀਂ ਹੈ।
ਵ੍ਹਾਈਟ ਹਾਊਸ ਦੇ ਇਕ ਸੀਨੀਅਰ ਅਧਿਕਾਰੀ ਨੇ ਏਐੱਨਆਈ ਨੂੰ ਦੱਸਿਆ ਕਿ ਜੈਨਰਿਕ ਦਵਾਈਆਂ ਫਿਲਹਾਲ ਟੈਰਿਫ ਤੋਂ ਮੁਕਤ ਹਨ। ਹਾਲਾਂਕਿ ਵਣਜ ਵਿਭਾਗ ਜੈਨਰਿਕ ਦਵਾਈਆਂ ਦੀ ਸਤਿਥੀ ਦਾ ਮੁਲਾਂਕਣ ਕਰੇਗਾ ਤੇ ਉਸ ਮੁਤਾਬਕ ਟੈਰਿਫ ’ਤੇ ਮੁੜ ਵਿਚਾਰ ਕਰੇਗਾ। ਇਸਦੇ ਬਾਵਜੂਦ ਲੰਬੇ ਸਮੇਂ ਦੇ ਪ੍ਰਭਾਵ ਜ਼ਿਆਦਾ ਔਖੇ ਰਹਿਣਗੇ। ਪੇਟੈਂਟ ਵਾਲੀਆਂ ਦਵਾਈਆਂ ਤੇ ਸਰਗਰਮ ਫਾਰਮਾਸਿਊਟੀਕਲ ਹਿੱਸਿਆਂ ’ਤੇ ਲਗਾਏ ਗਏ ਭਾਰੀ ਟੈਰਿਫ ਦਾ ਅਸਰ ਵਿਸ਼ਵ ਸਪਲਾਈ ਲੜੀਆਂ ’ਤੇ ਪੈ ਸਕਦਾ ਹੈ, ਜਿਨ੍ਹਾਂ ’ਚ ਭਾਰਤੀ ਕੰਪਨੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।