'ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਸਾਡੇ ਕਬਜ਼ੇ 'ਚ...', ਟਰੰਪ ਦਾ ਦਾਅਵਾ; 10 ਮੁੱਖ ਗੱਲਾਂ
US President ਟਰੰਪ ਨੇ ਇਹ ਵੀ ਪੁਸ਼ਟੀ ਕੀਤੀ ਕਿ ਅਮਰੀਕਾ ਨੇ ਵੈਨੇਜ਼ੁਏਲਾ ਵਿਰੁੱਧ ਸਫਲਤਾਪੂਰਵਕ ਵੱਡੇ ਪੱਧਰ 'ਤੇ ਹਮਲਾ ਕੀਤਾ ਹੈ। ਆਓ ਜਾਣਦੇ ਹਾਂ ਵੈਨੇਜ਼ੁਏਲਾ ਵਿੱਚ ਹੋਏ ਧਮਾਕਿਆਂ ਨਾਲ ਜੁੜੇ 10 ਮਹੱਤਵਪੂਰਨ ਬਿੰਦੂ:
Publish Date: Sat, 03 Jan 2026 04:47 PM (IST)
Updated Date: Sun, 04 Jan 2026 10:57 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ 'ਚ ਸ਼ਨਿਚਰਵਾਰ ਰਾਤ ਨੂੰ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਨੂੰ ਫੜ ਲਿਆ ਗਿਆ ਹੈ ਤੇ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਵੀ ਪੁਸ਼ਟੀ ਕੀਤੀ ਕਿ ਅਮਰੀਕਾ ਨੇ ਵੈਨੇਜ਼ੁਏਲਾ ਵਿਰੁੱਧ ਸਫਲਤਾਪੂਰਵਕ ਵੱਡੇ ਪੱਧਰ 'ਤੇ ਹਮਲਾ ਕੀਤਾ ਹੈ। ਆਓ ਜਾਣਦੇ ਹਾਂ ਵੈਨੇਜ਼ੁਏਲਾ 'ਚ ਹੋਏ ਧਮਾਕਿਆਂ ਨਾਲ ਜੁੜੇ 10 ਮਹੱਤਵਪੂਰਨ ਬਿੰਦੂ:
ਟਰੰਪ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ, ਸਿਲਿਆ ਫਲੋਰੇਸ ਨੂੰ ਫੜ ਲਿਆ ਗਿਆ ਹੈ ਤੇ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ। ਅਮਰੀਕਾ ਨੇ 1989 ਵਿੱਚ ਪਨਾਮਾ 'ਤੇ ਕੀਤੇ ਹਮਲੇ ਤੋਂ ਬਾਅਦ ਕਿਸੇ ਵੀ ਲਾਤੀਨੀ ਅਮਰੀਕੀ ਦੇਸ਼ ਵਿੱਚ ਅਜਿਹੀ ਸਿੱਧੀ ਦਖ਼ਲਅੰਦਾਜ਼ੀ ਨਹੀਂ ਕੀਤੀ ਸੀ।
ਟਰੰਪ ਦੇ ਅਧਿਕਾਰਤ ਐਲਾਨ ਤੋਂ ਕੁਝ ਘੰਟੇ ਪਹਿਲਾਂ ਕਾਰਾਕਸ ਦੇ ਆਲੇ-ਦੁਆਲੇ ਜ਼ੋਰਦਾਰ ਧਮਾਕੇ ਸੁਣੇ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਵਿੱਚ ਸ਼ਹਿਰ ਦੀਆਂ ਕਈ ਇਮਾਰਤਾਂ ਸੜਦੀਆਂ ਦਿਖਾਈ ਦਿੱਤੀਆਂ।
'ਐਸੋਸੀਏਟਡ ਪ੍ਰੈਸ' ਮੁਤਾਬਕ ਸ਼ਨਿਚਰਵਾਰ ਨੂੰ ਘੱਟੋ-ਘੱਟ ਸੱਤ ਧਮਾਕੇ ਹੋਏ ਅਤੇ ਕਈ ਫਾਈਟਰ ਜੈੱਟ ਉਡਾਣ ਭਰਦੇ ਦੇਖੇ ਗਏ, ਜਿਸ ਕਾਰਨ ਲੋਕ ਘਬਰਾ ਕੇ ਸੜਕਾਂ 'ਤੇ ਨਿਕਲ ਆਏ।
ਮਾਦੁਰੋ ਸਰਕਾਰ ਨੇ ਕਿਹਾ ਕਿ ਵੈਨੇਜ਼ੁਏਲਾ ਆਪਣੀ ਧਰਤੀ ਅਤੇ ਲੋਕਾਂ ਵਿਰੁੱਧ ਕੀਤੇ ਗਏ ਇਸ ਗੰਭੀਰ ਫੌਜੀ ਹਮਲੇ ਦੀ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਸਖ਼ਤ ਨਿੰਦਾ ਕਰਦਾ ਹੈ।
ਸੀਬੀਐਸ ਨਿਊਜ਼ (CBS News) ਤੇ ਫੌਕਸ ਨਿਊਜ਼ (Fox News) ਵਰਗੇ ਅਦਾਰਿਆਂ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਕਾਰਾਕਸ ਵਿੱਚ ਹੋਏ ਹਮਲਿਆਂ ਪਿੱਛੇ ਅਮਰੀਕੀ ਫੌਜ ਦਾ ਹੱਥ ਸੀ।
ਡੋਨਾਲਡ ਟਰੰਪ ਕਈ ਹਫ਼ਤਿਆਂ ਤੋਂ ਵੈਨੇਜ਼ੁਏਲਾ ਦੇ ਡਰੱਗ ਕਾਰਟੇਲ 'ਤੇ ਹਮਲੇ ਦੀ ਧਮਕੀ ਦੇ ਰਹੇ ਸਨ। ਉਨ੍ਹਾਂ ਕੈਰੇਬੀਅਨ ਖੇਤਰ 'ਚ ਆਪਣੇ ਸਭ ਤੋਂ ਉੱਨਤ ਜਹਾਜ਼ 'ਯੂਐਸਐਸ ਗੇਰਾਡ ਆਰ ਫੋਰਡ' ਸਮੇਤ ਕਈ ਜੰਗੀ ਜਹਾਜ਼ ਤਾਇਨਾਤ ਕੀਤੇ ਹੋਏ ਸਨ।
ਸਤੰਬਰ ਤੋਂ ਹੁਣ ਤਕ ਅਮਰੀਕੀ ਫ਼ੌਜ ਨੇ ਕਈ ਕਿਸ਼ਤੀਆਂ 'ਤੇ ਹਮਲੇ ਕੀਤੇ ਹਨ, ਜਿਸ ਵਿਚ ਅਮਰੀਕਾ ਮੁਤਾਬਕ ਨਸ਼ਾ ਤਸਕਰ ਸ਼ਾਮਲ ਸਨ। ਇਨ੍ਹਾਂ ਹਮਲਿਆਂ 'ਚ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਅਮਰੀਕੀ ਸੁਰੱਖਿਆ ਬਲਾਂ ਨੇ ਤੇਲ ਦੀ ਨਾਕਾਬੰਦੀ ਤਹਿਤ ਸਮੁੰਦਰ 'ਚ ਦੋ ਟੈਂਕਰ ਵੀ ਜ਼ਬਤ ਕੀਤੇ ਹਨ। ਟਰੰਪ ਨੇ ਮਾਦੁਰੋ 'ਤੇ ਡਰੱਗ ਕਾਰਟੇਲ ਦਾ ਮੁਖੀ ਹੋਣ ਦਾ ਦੋਸ਼ ਲਾਇਆ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੇ ਦਿਨ ਹੁਣ ਗਿਣੇ-ਚੁਣੇ ਹਨ।
ਨਿਕੋਲਸ ਮਾਦੁਰੋ ਨੇ ਨਸ਼ਾ ਤਸਕਰੀ 'ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਅਮਰੀਕਾ ਸਿਰਫ਼ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ 'ਤੇ ਕਬਜ਼ਾ ਕਰਨ ਲਈ ਉਨ੍ਹਾਂ ਨੂੰ ਸੱਤਾ ਤੋਂ ਹਟਾਉਣਾ ਚਾਹੁੰਦਾ ਹੈ।
ਸੀਐਨਐਨ (CNN) ਮੁਤਾਬਕ ਧਮਾਕੇ ਇੰਨੇ ਤੇਜ਼ ਸਨ ਕਿ ਘਰਾਂ ਦੀਆਂ ਖਿੜਕੀਆਂ ਹਿੱਲ ਗਈਆਂ ਅਤੇ ਰਾਜਧਾਨੀ ਦੇ ਕਈ ਹਿੱਸਿਆਂ 'ਚ ਬਿਜਲੀ ਸਪਲਾਈ ਠੱਪ ਹੋ ਗਈ। ਵੈਨੇਜ਼ੁਏਲਾ ਸਰਕਾਰ ਨੇ ਅਜੇ ਤਕ ਮਾਦੁਰੋ ਦੀ ਗ੍ਰਿਫ਼ਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।