2021 ਵਿਚ ਟਰੰਪ ਦੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਹੁਣ ਰਾਸ਼ਟਰਪਤੀ ਬਣ ਚੁੱਕੇ ਟਰੰਪ ਵਿਰੁੱਧ ਦੋ ਸੰਘੀ (Federal) ਜਾਂਚਾਂ ਦੀ ਅਗਵਾਈ ਕੀਤੀ ਸੀ। ਇਕ ਮਾਮਲਾ ਇਸ 'ਤੇ ਕੇਂਦਰਿਤ ਸੀ ਕਿ ਕੀ ਟਰੰਪ ਨੇ 2020 ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਐਫਬੀਆਈ ਨੇ ਆਪਣੇ 10 ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਨੇ ਪਹਿਲੇ ਕਾਰਜਕਾਲ ਤੋਂ ਬਾਅਦ ਡੋਨਾਲਡ ਟਰੰਪ ਵੱਲੋਂ ਗੁਪਤ ਦਸਤਾਵੇਜ਼ਾਂ ਦੀ ਸਾਂਭ-ਸੰਭਾਲ ਦੀ ਜਾਂਚ ਕੀਤੀ ਸੀ। ਐਫਬੀਆਈ ਡਾਇਰੈਕਟਰ ਕਾਸ਼ ਪਟੇਲ ਨੇ ਬੁੱਧਵਾਰ ਨੂੰ ਦੱਸਿਆ ਕਿ ਮੌਜੂਦਾ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ ਸੂਸੀ ਵਿਲਸ ਦੇ ਫੋਨ ਰਿਕਾਰਡ ਵੀ ਜਾਂਚ ਦੇ ਹਿੱਸੇ ਵਜੋਂ ਉਦੋਂ ਮੰਗੇ ਗਏ ਸਨ ਜਦੋਂ ਉਹ ਇੱਕ ਆਮ ਨਾਗਰਿਕ ਸੀ। ਪਟੇਲ ਨੇ ਬਰਖਾਸਤ ਕੀਤੇ ਗਏ ਐਫਬੀਆਈ ਮੁਲਾਜ਼ਾਂ ਵੱਲੋਂ ਕੀਤੀ ਗਈ ਕਿਸੇ ਵੀ ਗਲਤ ਹਰਕਤ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ।
2021 ਵਿਚ ਟਰੰਪ ਦੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਹੁਣ ਰਾਸ਼ਟਰਪਤੀ ਬਣ ਚੁੱਕੇ ਟਰੰਪ ਵਿਰੁੱਧ ਦੋ ਸੰਘੀ (Federal) ਜਾਂਚਾਂ ਦੀ ਅਗਵਾਈ ਕੀਤੀ ਸੀ। ਇਕ ਮਾਮਲਾ ਇਸ 'ਤੇ ਕੇਂਦਰਿਤ ਸੀ ਕਿ ਕੀ ਟਰੰਪ ਨੇ 2020 ਦੇ ਚੋਣ ਨਤੀਜਿਆਂ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਸੀ।
ਦੂਜਾ ਮਾਮਲਾ ਉਨ੍ਹਾਂ ਗੁਪਤ ਦਸਤਾਵੇਜ਼ਾਂ ਨਾਲ ਸਬੰਧਤ ਸੀ ਜਿਨ੍ਹਾਂ ਨੂੰ ਟਰੰਪ ਫਲੋਰੀਡਾ 'ਚ ਆਪਣੇ ਮਾਰ-ਏ-ਲਾਗੋ ਨਿਵਾਸ 'ਤੇ ਵਾਪਸ ਲੈ ਗਏ ਸਨ ਤੇ ਬਾਅਦ 'ਚ ਉਨ੍ਹਾਂ ਨੂੰ ਵਾਪਸ ਲੈਣ ਤੋਂ ਅਮਰੀਕੀ ਨਿਆਂ ਵਿਭਾਗ ਨੂੰ ਰੋਕਣ ਦੀਆਂ ਉਨ੍ਹਾਂ ਦੀਆਂ ਕਥਿਤ ਕੋਸ਼ਿਸ਼ਾਂ ਨਾਲ ਜੁੜਿਆ ਸੀ। ਬੁੱਧਵਾਰ ਨੂੰ ਜਿਨ੍ਹਾਂ ਐਫਬੀਆਈ ਮੁਲਾਜ਼ਮਾਂ ਨੂੰ ਕੱਢਿਆ ਗਿਆ, ਉਹ ਸਾਰੇ ਗੁਪਤ ਦਸਤਾਵੇਜ਼ਾਂ ਵਾਲੇ ਮਾਮਲੇ 'ਚ ਸ਼ਾਮਲ ਸਨ। ਬੀਬੀਸੀ ਨੇ ਇਸ 'ਤੇ ਟਿੱਪਣੀ ਲਈ ਐਫਬੀਆਈ ਨਾਲ ਸੰਪਰਕ ਕੀਤਾ ਹੈ। ਮੌਜੂਦਾ ਅਤੇ ਸਾਬਕਾ ਐਫਬੀਆਈ ਮੁਲਾਜ਼ਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਇੱਕ ਸਮੂਹ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।
ਕਲਾਸੀਫਾਈਡ (ਗੁਪਤ) ਦਸਤਾਵੇਜ਼ਾਂ ਦੀ ਸਮਿਥ ਦੀ ਜਾਂਚ ਤੋਂ ਬਾਅਦ 2023 ਵਿਚ ਟਰੰਪ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਦੋਸ਼ੀ ਬਣਾਇਆ ਗਿਆ ਸੀ। 2024 'ਚ, ਫਲੋਰੀਡਾ ਦੇ ਇਕ ਸੰਘੀ ਜੱਜ ਨੇ ਟਰੰਪ ਵਿਰੁੱਧ ਮਾਮਲਾ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਸੀ ਕਿ ਸਮਿਥ ਦੀ ਨਿਯੁਕਤੀ ਗੈਰ-ਕਾਨੂੰਨੀ ਸੀ। ਇਸ ਸਾਲ, ਜਾਰਜੀਆ ਦੀ ਇਕ ਫੈਡਰਲ ਅਪੀਲ ਅਦਾਲਤ ਨੇ ਟਰੰਪ ਦੇ ਨਿਆਂ ਵਿਭਾਗ ਦੀ ਬੇਨਤੀ 'ਤੇ ਆਖਰੀ ਦੋ ਪ੍ਰਤੀਵਾਦੀਆਂ (Defendants) ਵਿਰੁੱਧ ਮਾਮਲਾ ਹਟਾ ਦਿੱਤਾ ਸੀ।
ਜਨਵਰੀ 'ਚ ਟਰੰਪ ਦੀ ਵ੍ਹਾਈਟ ਹਾਊਸ 'ਚ ਵਾਪਸੀ ਤੋਂ ਬਾਅਦ, ਨਿਆਂ ਵਿਭਾਗ ਅਤੇ ਐਫਬੀਆਈ ਨੇ ਉਨ੍ਹਾਂ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਜਿਨ੍ਹਾਂ ਨੇ ਉਨ੍ਹਾਂ ਵਿਰੁੱਧ ਸੰਘੀ ਜਾਂਚ ਵਿਚ ਹਿੱਸਾ ਲਿਆ ਸੀ। ਨਿਆਂ ਵਿਭਾਗ ਨੇ ਸਾਬਕਾ ਐਫਬੀਆਈ ਨਿਰਦੇਸ਼ਕ ਜੇਮਜ਼ ਕੋਮੀ, ਜਿਨ੍ਹਾਂ ਨੂੰ ਟਰੰਪ ਨੇ 2017 'ਚ ਆਪਣੇ ਪਹਿਲੇ ਕਾਰਜਕਾਲ ਦੌਰਾਨ ਬਰਖਾਸਤ ਕੀਤਾ ਸੀ, ਅਤੇ ਨਿਊਯਾਰਕ ਦੀ ਅਟਾਰਨੀ ਜਨਰਲ ਲੇਟੀਟੀਆ ਜੇਮਜ਼, ਜਿਨ੍ਹਾਂ ਨੇ ਟਰੰਪ ਵਿਰੁੱਧ ਸਿਵਲ ਧੋਖਾਧੜੀ ਦਾ ਮੁਕੱਦਮਾ ਚਲਾਇਆ ਸੀ, ਉਨ੍ਹਾਂ ਵਿਰੁੱਧ ਵੀ ਦੋਸ਼ ਤੈਅ ਕਰਨ ਦੀ ਕੋਸ਼ਿਸ਼ ਕੀਤੀ ਹੈ।