ਮੀਡੀਆ ਰਿਪੋਰਟਾਂ ਅਨੁਸਾਰ, ਕੈਲੀਫੋਰਨੀਆ ਸਥਿਤ ਇਸ ਕੰਪਨੀ ਦੀ ਯੋਜਨਾ ਸੂਰਜ-ਸਿੰਕ੍ਰੋਨਸ ਧਰੁਵੀ ਪੰਧ ਵਿਚ ਉਪਗ੍ਰਹਿ ਸਥਾਪਿਤ ਕਰਨ ਦੀ ਹੈ। ਇਹ ਪੰਧ ਧਰਤੀ ਤੋਂ ਲਗਪਗ 600 ਤੋਂ 625 ਕਿਲੋਮੀਟਰ ਉੱਪਰ ਹੁੰਦਾ ਹੈ ਜਿੱਥੇ ਉਪਗ੍ਰਹਿ ਲਗਾਤਾਰ ਸੂਰਜ ਦੇ ਸੰਪਰਕ ਵਿਚ ਰਹਿੰਦੇ ਹਨ ਅਤੇ ਦਿਨ-ਰਾਤ ਦੀ ਸੀਮਾ, ਜਿਸ ਨੂੰ ਟਰਮੀਨੇਟਰ ਲਾਈਨ ਕਿਹਾ ਜਾਂਦਾ ਹੈ, ਨਾਲ ਚਲਦੇ ਹਨ।

ਜਾਗਰਨ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਹੁਣ ਮੱਸਿਆ ਦੀ ਰਾਤ ਨੂੰ ਵੀ ਪੁਲਾੜ ਤੋਂ ਉਤਾਰੀ ਗਈ ਸੂਰਜ ਦੀ ਰੋਸ਼ਨੀ ਧਰਤੀ ਨੂੰ ਰੋਸ਼ਨ ਕਰ ਸਕਦੀ ਹੈ। ‘ਰਿਫਲੈਕਟ ਆਰਬਿਟਲ’ ਨਾਂ ਦੇ ਅਮਰੀਕੀ ਸਟਾਰਟਅਪ ਦਾ ਦਾਅਵਾ ਹੈ ਕਿ ਉਹ ਉਪਗ੍ਰਹਿਆਂ ’ਤੇ ਲੱਗੇ ਵਿਸ਼ਾਲ ਪਰਾਵਰਤਕ ਸ਼ੀਸ਼ਿਆਂ ਜ਼ਰੀਏ ਰਾਤ ਵੇਲੇ ਧਰਤੀ ਦੇ ਚੋਣਵੇਂ ਹਿੱਸਿਆਂ ’ਤੇ ਸੂਰਜ ਦੀ ਰੋਸ਼ਨੀ ਪਹੁੰਚਾ ਸਕੇਗਾ। ਹਾਲਾਂਕਿ ਇਹ ਰੋਸ਼ਨੀ ਪੁੰਨਿਆ ਦੀ ਚਾਂਦਨੀ ਵਰਗੀ ਹੋਵੇਗੀ। ਕੰਪਨੀ ਮੁਤਾਬਕ, ਇਸ ਸੇਵਾ ਲਈ ਹੁਣ ਤੱਕ ਲਗਪਗ 2.6 ਲੱਖ ਅਰਜ਼ੀਆਂ ਮਿਲ ਚੁੱਕੀਆਂ ਹਨ ਜਦਕਿ ਇਸ ਦੀ ਸ਼ੁਰੂਆਤੀ ਕੀਮਤ ਪ੍ਰਤੀ ਘੰਟਾ ਲਗਪਗ 5,000 ਡਾਲਰ ਯਾਨੀ ਕਰੀਬ 4.5 ਤੋਂ 4.7 ਲੱਖ ਰੁਪਏ ਰੱਖੀ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਕੈਲੀਫੋਰਨੀਆ ਸਥਿਤ ਇਸ ਕੰਪਨੀ ਦੀ ਯੋਜਨਾ ਸੂਰਜ-ਸਿੰਕ੍ਰੋਨਸ ਧਰੁਵੀ ਪੰਧ ਵਿਚ ਉਪਗ੍ਰਹਿ ਸਥਾਪਿਤ ਕਰਨ ਦੀ ਹੈ। ਇਹ ਪੰਧ ਧਰਤੀ ਤੋਂ ਲਗਪਗ 600 ਤੋਂ 625 ਕਿਲੋਮੀਟਰ ਉੱਪਰ ਹੁੰਦਾ ਹੈ ਜਿੱਥੇ ਉਪਗ੍ਰਹਿ ਲਗਾਤਾਰ ਸੂਰਜ ਦੇ ਸੰਪਰਕ ਵਿਚ ਰਹਿੰਦੇ ਹਨ ਅਤੇ ਦਿਨ-ਰਾਤ ਦੀ ਸੀਮਾ, ਜਿਸ ਨੂੰ ਟਰਮੀਨੇਟਰ ਲਾਈਨ ਕਿਹਾ ਜਾਂਦਾ ਹੈ, ਨਾਲ ਚਲਦੇ ਹਨ। ਹਰ ਉਪਗ੍ਰਹਿ ਵਿਚ ਮਾਇਲਰ ਵਰਗੀ ਹਲਕੀ ਸਮੱਗਰੀ ਨਾਲ ਬਣਿਆ 10 ਤੋਂ 54 ਮੀਟਰ ਚੌੜਾ ਪਰਾਵਰਤਕ ਸ਼ੀਸ਼ਾ ਲਗਾਇਆ ਜਾਵੇਗਾ ਜੋ ਪੁਲਾੜ ਵਿਚ ਖੁੱਲ੍ਹ ਕੇ ਮੋਟਰ ਚਲਾਉਣ ਵਾਲੀ ਪ੍ਰਣਾਲੀ ਜ਼ਰੀਏ ਸੂਰਜ ਦੀ ਰੋਸ਼ਨੀ ਧਰਤੀ ਵੱਲ ਮੋੜੇਗਾ।
ਕੰਪਨੀ ਮੋਬਾਈਲ ਐਪ ਜਾਂ ਵੈੱਬਸਾਈਟ ਜ਼ਰੀਏ ਗਾਹਕਾਂ ਤੋਂ ਵਿਸ਼ੇਸ਼ ਨਿਰਦੇਸ਼ ਅੰਕ (ਅਕਸ਼ਾਂਸ਼-ਦੇਸ਼ਾਂਤਰ) ਹਾਸਲ ਕਰ ਕੇ ਸੰਬੰਧਿਤ ਖੇਤਰ ਨੂੰ ਰੋਸ਼ਨ ਕਰਨ ਦੀ ਸਹੂਲਤ ਦੇਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਹ ਰੋਸ਼ਨੀ ਸੀਮਤ ਸਮੇਂ ਲਈ ਹੀ ਉਪਲਬਧ ਹੋਵੇਗੀ, ਕਿਉਂਕਿ ਧਰਤੀ ਦੇ ਹੇਠਲੇ ਪੰਧ ਵਿਚ ਉਪਗ੍ਰਹਿ ਬਹੁਤ ਤੇਜ਼ੀ ਨਾਲ ਚਲਦੇ ਹਨ ਅਤੇ ਕਿਸੇ ਥਾਂ ’ਤੇ ਇਕ ਵਾਰ ਵਿਚ ਲਗਪਗ ਚਾਰ ਮਿੰਟ ਤੱਕ ਹੀ ਰੋਸ਼ਨੀ ਦੇ ਸਕਦੇ ਹਨ। ਲਗਾਤਾਰ ਰੋਸ਼ਨੀ ਲਈ ਕੰਪਨੀ ਹਜ਼ਾਰਾਂ ਦੀ ਗਿਣਤੀ ਵਿਚ ਉਪਗ੍ਰਹਿ ਲਾਂਚ ਕਰੇਗੀ। ਇਕ ਉਪਗ੍ਰਹਿ ਲਗਪਗ ਪੰਜ ਕਿਲੋਮੀਟਰ ਚੌੜੇ ਚੱਕਰਾਕਾਰ ਖੇਤਰ ਨੂੰ ਰੋਸ਼ਨ ਕਰ ਸਕੇਗਾ।
ਕੰਪਨੀ ਦਾ ਅਨੁਮਾਨ ਹੈ ਕਿ ਰੋਸ਼ਨੀ ਦੀ ਚਮਕ 0.8 ਤੋਂ 2.3 ਲਕਸ ਵਿਚਾਲੇ ਹੋਵੇਗੀ ਜੋ ਪੁੰਨਿਆ ਦੀ ਚਾਂਦਨੀ ਦੇ ਬਰਾਬਰ ਜਾਂ ਉਸ ਤੋਂ ਥੋੜ੍ਹੀ ਜ਼ਿਆਦਾ ਮਹਿਸੂਸ ਹੋਵੇਗੀ ਪਰ ਦਿਨ ਦੇ ਉਜਾਲੇ ਵਰਗੀ ਨਹੀਂ ਹੋਵੇਗੀ। ਇਸ ਤਕਨੀਕ ਦਾ ਇਸਤੇਮਾਲ ਆਫਤ ਪ੍ਰਭਾਵਤ ਖੇਤਰਾਂ, ਜੰਗਲਾਂ, ਸਮੁੰਦਰੀ ਬਚਾਅ ਮੁਹਿੰਮਾਂ ਅਤੇ ਖੋਜ ਮੁਹਿੰਮਾਂ ’ਚ ਕੀਤਾ ਜਾ ਸਕਦਾ ਹੈ ਜਿੱਥੇ ਤੁਰੰਤ ਰੋਸ਼ਨੀ ਮੁਹੱਈਆ ਕਰਨਾ ਮੁਸ਼ਕਲ ਹੁੰਦਾ ਹੈ।
ਕੰਪਨੀ ਨੇ ਆਪਣੇ ਪਹਿਲੇ ਪ੍ਰੋਟੋਟਾਈਪ ਉਪਗ੍ਰਹਿ ‘ਈਰੇਂਡਿਲ-1’ ਦੀ ਯੋਜਨਾ ਵੀ ਬਣਾਈ ਹੈ, ਜਿਸ ਨੂੰ ਲਗਪਗ 640 ਕਿਲੋਮੀਟਰ ਉਚਾਈ ’ਤੇ ਭੇਜਿਆ ਜਾਵੇਗਾ। ਇਸ ਵਿਚ 18 ਮੀਟਰ ਚੌੜਾ •ਸ਼ੀਸ਼ਾ ਹੋਵੇਗਾ ਅਤੇ ਇਹ ਲਗਪਗ 4.8 ਕਿਲੋਮੀਟਰ ਖੇਤਰ ਨੂੰ ਰੋਸ਼ਨ ਕਰ ਸਕੇਗਾ। ਲੰਬੇ ਸਮੇਂ ਦੀ ਯੋਜਨਾ ਤਹਿਤ ਕੰਪਨੀ 2028 ਤੱਕ 1000, 2030 ਤੱਕ 5000 ਅਤੇ 2035 ਤੱਕ 50,000 ਉਪਗ੍ਰਹਿਆਂ ਦਾ ਨੈੱਟਵਰਕ ਸਥਾਪਿਤ ਕਰਨਾ ਚਾਹੁੰਦੀ ਹੈ।