ਮਿਡਲ ਈਸਟ ਵਿੱਚ ਜਾਰੀ ਜੰਗਬੰਦੀ ਦੇ ਵਿਚਕਾਰ, ਸ਼ਨੀਵਾਰ ਨੂੰ ਈਰਾਨ ਅਤੇ ਅਮਰੀਕਾ, ਪਾਕਿਸਤਾਨ ਵਿੱਚ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਲਈ ਤਿਆਰ ਹੋ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੇ ਦੌਰ ਦੀ ਗੱਲਬਾਤ ਲਈ ਆਪਣੇ ਦੂਤ ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਨੂੰ ਭੇਜ ਰਹੇ ਹਨ, ਉੱਥੇ ਹੀ ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ IRNA ਮੁਤਾਬਕ, ਈਰਾਨ ਦੀ ਨੁਮਾਇੰਦਗੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਕਰਨਗੇ।

ਅਮਰੀਕੀ ਦੂਤ, ਈਰਾਨੀ ਨੁਮਾਇੰਦਿਆਂ ਨਾਲ ਕਰਨਗੇ ਗੱਲਬਾਤ - ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਦੂਤ ਈਰਾਨੀ ਨੁਮਾਇੰਦਿਆਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨਗੇ, ਪਰ ਈਰਾਨੀ ਸਰਕਾਰੀ ਮੀਡੀਆ ਨੇ ਕਿਹਾ ਹੈ ਕਿ ਸਿੱਧੀ ਗੱਲਬਾਤ ਦੀ ਅਜੇ ਕੋਈ ਯੋਜਨਾ ਨਹੀਂ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਫਾਕਸ ਨਿਊਜ਼ ਨੂੰ ਦੱਸਿਆ ਕਿ ਦੋਵੇਂ ਦੂਤ ਅਰਾਘਚੀ ਨਾਲ ਗੱਲਬਾਤ ਕਰਨਗੇ। ਲੇਵਿਟ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਇਹ ਇੱਕ ਸਾਰਥਕ ਗੱਲਬਾਤ ਹੋਵੇਗੀ ਅਤੇ ਇਸ ਨਾਲ ਕਿਸੇ ਸਮਝੌਤੇ ਦੀ ਦਿਸ਼ਾ ਵਿੱਚ ਤਰੱਕੀ ਹੋਵੇਗੀ।" ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਪ-ਰਾਸ਼ਟਰਪਤੀ ਜੇਡੀ ਵੈਂਸ ਇਸਲਾਮਾਬਾਦ ਦੀ ਯਾਤਰਾ ਨਹੀਂ ਕਰਨਗੇ, ਪਰ ਉਹ ਪੂਰੀ ਤਰ੍ਹਾਂ ਇਸ ਗੱਲਬਾਤ ਦੀ ਪ੍ਰਕਿਰਿਆ ਵਿੱਚ ਸ਼ਾਮਲ ਰਹਿਣਗੇ।
ਈਰਾਨ ਨੇ ਯੂਰੇਨੀਅਮ ਸੰਵਰਧਿਤ ਕਰਨ ਦੇ ਆਪਣੇ ਅਧਿਕਾਰ 'ਤੇ ਜ਼ੋਰ ਦਿੱਤਾ ਹੈ, ਹਾਲਾਂਕਿ ਇਹ ਵੀ ਕਿਹਾ ਗਿਆ ਹੈ ਕਿ ਸੰਵਰਧਨ ਦੇ ਪੱਧਰ 'ਤੇ ਗੱਲਬਾਤ ਕੀਤੀ ਜਾ ਸਕਦੀ ਹੈ।