- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਪੀ ਦੀ ਰਿਪੋਰਟ ਮੁਤਾਬਕ, ਪਿਛਲੇ ਸ਼ਨਿਚਰਵਾਰ ਪ੍ਰਦਰਸ਼ਨ ਦੌਰਾਨ ਬਾਰਡਰ ਪੈਟਰੋਲ ਅਧਿਕਾਰੀਆਂ ਦੀ ਗੋਲੀ ਦਾ ਸ਼ਿਕਾਰ ਹੋਏ 37 ਸਾਲ ਦੇ ਐਲੇਕਸ ਪ੍ਰੈਟੀ ਨਾਲ ਸੰਬੰਧਿਤ ਨਵੇਂ ਵੀਡੀਓਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਪ੍ਰੈਟੀ ਨੂੰ ਮੌਤ ਤੋਂ 11 ਦਿਨ ਪਹਿਲਾਂ 13 ਜਨਵਰੀ ਨੂੰ ਫੈਡਰਲ ਅਧਿਕਾਰੀਆਂ ਨਾਲ ਉਲਝਦੇ ਵੇਖਿਆ ਗਿਆ ਹੈ।

ਮਿਨਿਆਪੋਲਿਸ (ਰਾਇਟਰ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਤੇ ਉਸ ਦੇ ਹਮਲਾਵਰ ਅਮਲ ਨੇ ਅਮਰੀਕਾ ਦੇ ਕਈ ਸ਼ਹਿਰਾਂ ’ਚ ਨਾਰਾਜ਼ਗੀ ਹੋਰ ਵਧਾ ਦਿੱਤੀ ਹੈ। ਮਿਨਿਆਪੋਲਿਸ ਇਸ ਦੀ ਤਾਜ਼ੀ ਮਿਸਾਲ ਬਣ ਗਿਆ ਹੈ, ਜਿੱਥੇ ਇਮੀਗ੍ਰੇਸ਼ਨ ਛਾਪੇਮਾਰੀ, ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ਤੇ ਫੈਡਰਲ ਏਜੰਸੀਆਂ ਦੀ ਭੂਮਿਕਾ ’ਤੇ ਉੱਠਦੇ ਸਵਾਲਾਂ ਨੇ ਹਾਲਾਤ ਵਿਸਫੋਟਕ ਬਣਾ ਦਿੱਤੇ ਹਨ। ਕੁੱਲ ਮਿਲਾ ਕੇ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਜਿਸ ਨੂੰ ਸਮਰਥਕ ਸਖ਼ਤ ਕਾਨੂੰਨ ਵਿਵਸਥਾ ਦੱਸਦੇ ਹਨ, ਹੁਣ ਅਮਰੀਕਾ ’ਚ ਸਮਾਜਿਕ ਤਣਾਅ, ਸਿਆਸੀ ਟਕਰਾਅ ਤੇ ਵਿਆਪਕ ਲੋਕ ਨਾਰਾਜ਼ਗੀ ਦਾ ਵੱਡਾ ਕਾਰਨ ਬਣਦੀ ਜਾ ਰਹੀ ਹੈ।
ਟਰੰਪ ਵੱਲੋਂ ਮਿਨਿਆਪੋਲਿਸ ਦੇ ਮੇਅਰ ਜੈਕਬ ਫ੍ਰੇ ਨੂੰ ਇਹ ਚਿਤਾਵਨੀ ਦੇਣਾ ਕਿ ਉਹ ਸੰਘੀ ਕਾਨੂੰਨ ਨਾ ਮੰਨ ਕੇ ਅੱਗ ਨਾਲ ਖੇਡ ਰਹੇ ਹਨ, ਸਥਾਨਕ ਤੇ ਸੰਘੀ ਸਰਕਾਰਾਂ ਵਿਚਾਲੇ ਟਕਰਾਅ ਹੋਰ ਡੂੰਘਾ ਕਰ ਗਿਆ ਹੈ। ਸ਼ਹਿਰੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਾਨਕ ਪੁਲਿਸ ਇਮੀਗ੍ਰੇਸ਼ਨ ਕਾਨੂੰਨ ਲਾਗੂ ਨਹੀਂ ਕਰੇਗੀ, ਜਦਕਿ ਵ੍ਹਾਈਟ ਹਾਊਸ ਇਸ ਨੂੰ ਕਾਨੂੰਨ ਦੀ ਉਲੰਘਣਾ ਦੱਸ ਰਿਹਾ ਹੈ।
ਇਸੇ ਦੌਰਾਨ ਟਰੰਪ ਪ੍ਰਸ਼ਾਸਨ ਦੇ ‘ਆਪ੍ਰੇਸ਼ਨ ਮੈਟਰੋ ਸਰਜ’ ਤਹਿਤ ਜਾਰੀ ਇਮੀਗ੍ਰੇਸ਼ਨ ਛਾਪੇਮਾਰੀ ਨੇ ਆਮ ਨਾਗਰਿਕਾਂ ’ਚ ਡਰ ਤੇ ਗੁੱਸਾ ਦੋਵੇਂ ਪੈਦਾ ਕੀਤਾ ਹੈ। ਪਿਛਲੇ ਹਫਤਿਆਂ ’ਚ ਮਿਨਿਆਪੋਲਿਸ ’ਚ ਪ੍ਰਦਰਸ਼ਨਕਾਰੀਆਂ ਤੇ ਭਾਰੀ ਹਥਿਆਰਾਂ ਨਾਲ ਲੈਸ ਇਮੀਗ੍ਰੇਸ਼ਨ ਏਜੰਟਾਂ ਵਿਚਾਲੇ ਲਗਾਤਾਰ ਝੜਪਾਂ ਹੋਈਆਂ ਹਨ। ਹਾਲਾਤ ਉਦੋਂ ਹੋਰ ਵਿਗੜ ਗਏ ਜਦੋਂ ਦੋ ਅਮਰੀਕੀ ਨਾਗਰਿਕਾਂ- ਰੈਨੀ ਗੁੱਡ ਤੇ ਐਲੇਕਸ ਪ੍ਰੈਟੀ ਦੀ ਫੈਡਰਲ ਅਧਿਕਾਰੀਆਂ ਦੀ ਗੋਲ਼ੀਬਾਰੀ ’ਚ ਮੌਤ ਹੋ ਗਈ।
ਇਨ੍ਹਾਂ ਘਟਨਾਵਾਂ ਨੇ ਵਿਰੋਧ ਨੂੰ ਸਿਰਫ਼ ਮਿਨਿਆਪੋਲਿਸ ਤੱਕ ਸੀਮਤ ਨਹੀਂ ਰੱਖਿਆ। ਛੋਟੇ-ਵੱਡੇ ਕਈ ਸ਼ਹਿਰਾਂ ’ਚ ਇਮੀਗ੍ਰੇਸ਼ਨ ਨੀਤੀ ਖਿਲਾਫ਼ ਪ੍ਰਦਰਸ਼ਨ ਫੈਲ ਗਏ ਹਨ। ਫੈਡਰਲ ਜੱਜ ਪੈਟ੍ਰਿਕ ਸ਼ਲਿਟਜ਼ ਨੇ ਅਦਾਲਤ ਵਿਚ ਕਿਹਾ ਕਿ ਆਈਸੀਈ ਨੇ ਘੱਟੋ-ਘੱਟ 74 ਮਾਮਲਿਆਂ ਵਿਚ 96 ਅਦਾਲਤੀ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਸੂਚੀ ਕਾਨੂੰਨ ਦੇ ਰਾਜ ਦੀ ਪਰਵਾਹ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਚਿੰਤਾ ਵਿਚ ਪਾਉਣ ਲਈ ਕਾਫੀ ਹੈ।
ਪ੍ਰੈਟੀ ਤੇ ਗੁੱਡ ਦੇ ਸਨਮਾਨ ਵਿਚ ਬਣਿਆ ਅੰਦੋਲਨ ਗੀਤ
ਆਈਏਐੱਨਐੱਸ ਮੁਤਾਬਕ, ਮਸ਼ਹੂਰ ਗਾਇਕ ਅਤੇ ਗੀਤਕਾਰ ਬਰੂਸ ਸਪ੍ਰਿੰਗਸਟੀਨ ਨੇ ਅੰਦੋਲਨ ਨੂੰ ਆਪਣੇ ਨਵੇਂ ਸੰਗੀਤ ਜ਼ਰੀਏ ਨਵਾਂ ਆਯਾਮ ਦਿੱਤਾ ਹੈ। ਉਨ੍ਹਾਂ ਨੇ ਇਮੀਗ੍ਰੇਸ਼ਨ ਕਾਰਵਾਈ ਵਿਚ ਮਾਰੇ ਗਏ ਰੈਨੀ ਗੁੱਡ ਅਤੇ ਐਲੇਕਸ ਪ੍ਰੈਟੀ ਦੇ ਸਨਮਾਨ ਵਿਚ ‘ਸਟ੍ਰੀਟਸ ਆਫ ਮਿਨਿਆਪੋਲਿਸ’ ਨਾਂ ਦਾ ਨਵਾਂ ਅੰਦੋਲਨ ਗੀਤ ਤਿਆਰ ਕੀਤਾ ਹੈ। ਇਸ ਗੀਤ ਜ਼ਰੀਏ ਉਨ੍ਹਾਂ ਨੇ ਟਰੰਪ ਦੀ ਨਿੱਜੀ ਫੌਜ ਨੂੰ ਟੀਚਾ ਬਣਾ ਕੇ ਹਮਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਗੀਤ ਨੂੰ ਆਪਣੇ ਪਰਵਾਸੀ ਗੁਆਂਢੀਆਂ ਨੂੰ ਸਮਰਪਿਤ ਕੀਤਾ ਹੈ। ਸਪ੍ਰਿੰਗਸਟੀਨ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਸ਼ਨਿਚਰਵਾਰ ਨੂੰ ਉਨ੍ਹਾਂ ਨੇ ਇਹ ਗੀਤ ਲਿਖਿਆ ਸੀ ਅਤੇ ਬੁੱਧਵਾਰ ਨੂੰ ਇਸ ਨੂੰ ਜਾਰੀ ਕੀਤਾ ਗਿਆ। ਇਹ ਗੀਤ ਸਾਡੇ ਨਿਰਦੋਸ਼ ਪਰਵਾਸੀ ਗੁਆਂਢੀਆਂ ਤੇ ਐਲੇਕਸ ਪ੍ਰੈਟੀ ਅਤੇ ਰੈਨੀ ਗੁੱਡ ਨੂੰ ਸਮਰਪਿਤ ਹੈ। ਇਸ ਤੋਂ ਪਹਿਲਾਂ ਉਹ ਏਡਜ਼ ਸੰਕਟ ’ਤੇ ਵੀ ਇਕ ਗੀਤ ‘ਸਟ੍ਰੀਟਸ ਆਫ ਫਿਲਾਡੈਲਫੀਆ’ ਬਣਾ ਚੁੱਕੇ ਹਨ।
ਪ੍ਰੈਟੀ ਦੇ ਨਵੇਂ ਵੀਡੀਓ ਨਾਲ ਹੋਇਆ ਵਧੀ ਨਾਰਾਜ਼ਗੀ
ਏਪੀ ਦੀ ਰਿਪੋਰਟ ਮੁਤਾਬਕ, ਪਿਛਲੇ ਸ਼ਨਿਚਰਵਾਰ ਪ੍ਰਦਰਸ਼ਨ ਦੌਰਾਨ ਬਾਰਡਰ ਪੈਟਰੋਲ ਅਧਿਕਾਰੀਆਂ ਦੀ ਗੋਲੀ ਦਾ ਸ਼ਿਕਾਰ ਹੋਏ 37 ਸਾਲ ਦੇ ਐਲੇਕਸ ਪ੍ਰੈਟੀ ਨਾਲ ਸੰਬੰਧਿਤ ਨਵੇਂ ਵੀਡੀਓਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਪ੍ਰੈਟੀ ਨੂੰ ਮੌਤ ਤੋਂ 11 ਦਿਨ ਪਹਿਲਾਂ 13 ਜਨਵਰੀ ਨੂੰ ਫੈਡਰਲ ਅਧਿਕਾਰੀਆਂ ਨਾਲ ਉਲਝਦੇ ਵੇਖਿਆ ਗਿਆ ਹੈ। ਤਾਜ਼ਾ ਵੀਡੀਓ ਵਿਚ ਪ੍ਰੈਟੀ ਨੂੰ ਫੈਡਰਲ ਅਧਿਕਾਰੀਆਂ ’ਤੇ ਚਿਲਾਉਂਦੇ ਅਤੇ ਉਨ੍ਹਾਂ ਨਾਲ ਹੱਥੋਪਾਈ ਕਰਦੇ ਵੇਖਿਆ ਗਿਆ ਹੈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਫੜ ਕੇ ਜ਼ਮੀਨ ’ਤੇ ਸੁੱਟ ਦਿੱਤਾ ਜਿਸ ਨਾਲ ਉਨ੍ਹਾਂ ਦੀ ਵਿੰਟਰ ਕੋਟ ਵੀ ਨਿਕਲ ਗਈ ਸੀ। ਜਦੋਂ ਉਹ ਵਾਪਸ ਮੁੜੇ ਤਾਂ ਉਨ੍ਹਾਂ ਦੀ ਕਮਰ ਨਾਲ ਬੰਨ੍ਹੀ ਬੰਦੂਕ ਨਜ਼ਰ ਆਈ। ਹਾਲਾਂਕਿ, ਵੀਡੀਓ ਵਿਚ ਪ੍ਰੈਟੀ ਨੂੰ ਬੰਦੂਕ ਕੱਢਦੇ ਨਹੀਂ ਵੇਖਿਆ ਗਿਆ। ਐਲੇਕਸ ਪ੍ਰੈਟੀ ਨਾਲ ਜੁੜੇ ਨਵੇਂ ਵੀਡੀਓ ਆਉਣ ਤੋਂ ਬਾਅਦ ਉਨ੍ਹਾਂ ਦੀ ਹੱਤਿਆ ’ਤੇ ਚਰਚਾ ਤੇਜ਼ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰੈਟੀ ਨਾਲ ਇੰਨਾ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਨੇ ਬੰਦੂਕ ਦੀ ਵਰਤੋਂ ਨਹੀਂ ਕੀਤੀ, ਫਿਰ ਵੀ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ ਗਈ।
ਹੰਗਾਮੇ ਤੋਂ ਬਾਅਦ ਆਈਸੀਈ ਨੇ ਬਦਲੀ ਰਣਨੀਤੀ
ਇਮੀਗ੍ਰੇਸ਼ਨ ਮੁਹਿੰਮ ਤਹਿਤ ਮਿਨਿਆਪੋਲਿਸ ਭੇਜੇ ਗਏ ਯੂਐੱਸ ਬਾਰਡਰ ਮੁਖੀ ਟਾਮ ਹੋਮਨ ਨੇ ਕਿਹਾ ਹੈ ਕਿ ਹੁਣ ਆਈਸੀਈ ਦੀ ਕਾਰਵਾਈ ਟਾਰਗੈਟ ਦੇ ਆਧਾਰ ’ਤੇ ਹੋਵੇਗੀ ਅਤੇ ਵਿਵਾਦਤ ਵਿਆਪਕ ਸੜਕੀ ਛਾਪਿਆਂ ਤੋਂ ਦੂਰੀ ਬਣਾਈ ਜਾਵੇਗੀ। ਹੋਮਨ ਨੇ ਕਿਹਾ ਕਿ ਸੰਘੀ ਏਜੰਟ ਹੁਣ ਉਨ੍ਹਾਂ ਪਰਵਾਸੀਆਂ ’ਤੇ ਧਿਆਨ ਕੇਂਦਰਿਤ ਕਰਨਗੇ, ਜਿਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਜਾਂ ਸਜ਼ਾ ਦਾ ਰਿਕਾਰਡ ਹੈ। ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਸੂਬਾਈ ਅਤੇ ਸਥਾਨਕ ਪ੍ਰਸ਼ਾਸਨ ਤੋਂ ਸਹਿਯੋਗ ਮਿਲਿਆ ਤਾਂ ਸ਼ਹਿਰ ਵਿਚ ਤਾਇਨਾਤ 3,000 ਏਜੰਟਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ। ਉਨ੍ਹਾਂ ਨੇ ਮੰਨਿਆ ਕਿ ਮੁਹਿੰਮ ਵਿਚ ਖਾਮੀਆਂ ਰਹੀਆਂ ਹਨ ਅਤੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।