ਕੈਨੇਡੀ ਸੈਂਟਰ 'ਤੇ ਲੱਗਿਆ 2 ਸਾਲਾਂ ਲਈ ਤਾਲਾ, ਟਰੰਪ ਨੇ ਬਿਨਾਂ ਸਬੂਤਾਂ ਦੇ ‘ਖਸਤਾਹਾਲ’ ਕਰਾਰ ਦਿੱਤਾ; ਦਾਅਵੇ 'ਤੇ ਛਿੜ ਸਕਦੈ ਵਿਵਾਦ
ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ, 'ਕਈ ਬਹੁਤ ਸਤਿਕਾਰਤ ਮਾਹਿਰਾਂ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ। ਇਕ ਥੱਕੇ ਹੋਏ, ਟੁੱਟੇ-ਫੁੱਟੇ ਅਤੇ ਖਸਤਾਹਾਲ ਸੈਂਟਰ ਨੂੰ, ਜੋ ਕਈ ਸਾਲਾਂ ਤੋਂ ਆਰਥਿਕ ਅਤੇ ਢਾਂਚਾਗਤ ਦੋਵਾਂ ਤਰ੍ਹਾਂ ਨਾਲ ਖਰਾਬ ਹਾਲਤ 'ਚ ਸੀ, ਨੂੰ ਕਲਾ, ਸੰਗੀਤ ਅਤੇ ਮਨੋਰੰਜਨ ਦਾ ਵਿਸ਼ਵ ਪੱਧਰੀ ਗੜ੍ਹ ਬਣਾ ਦੇਵੇਗਾ।'
Publish Date: Mon, 02 Feb 2026 09:36 AM (IST)
Updated Date: Mon, 02 Feb 2026 09:44 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਰਾਸ਼ਟਰਪਤੀ ਡੋਨਾਲਡ ਟਰੰਪ (Donald Trump, US President) ਨੇ ਐਤਵਾਰ ਨੂੰ ਕਿਹਾ ਕਿ ਉਹ ਉਸਾਰੀ (ਕੰਸਟ੍ਰਕਸ਼ਨ) ਦੇ ਕੰਮ ਲਈ ਵਾਸ਼ਿੰਗਟਨ ਦੇ ਕੈਨੇਡੀ ਸੈਂਟਰ ਪਰਫਾਰਮਿੰਗ ਆਰਟਸ ਸੈਂਟਰ ਨੂੰ ਦੋ ਸਾਲਾਂ ਲਈ ਬੰਦ ਕਰ ਦੇਣਗੇ। ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਇਸ ਮਸ਼ਹੂਰ ਜਗ੍ਹਾ ਨੂੰ ਬਦਲਣ ਦੀ ਦਿਸ਼ਾ ਵਿੱਚ ਇਹ ਉਨ੍ਹਾਂ ਦਾ ਤਾਜ਼ਾ ਕਦਮ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਸੋਸ਼ਲ ਮੀਡੀਆ 'ਤੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵ ਨੂੰ ਫਰਸਟ ਲੇਡੀ 'ਤੇ ਬਣੀ ਡਾਕੂਮੈਂਟਰੀ "ਮੇਲਾਨੀਆ" ਦੇ ਪ੍ਰੀਮੀਅਰ ਦੇ ਕੁਝ ਦਿਨਾਂ ਬਾਅਦ ਕੈਨੇਡੀ ਸੈਂਟਰ ਦੇ ਬੋਰਡ ਤੋਂ ਮਨਜ਼ੂਰੀ ਮਿਲਣੀ ਸੀ, ਜਿਸ ਵਿਚ ਉਨ੍ਹਾਂ ਦੇ ਚੁਣੇ ਹੋਏ ਸਹਿਯੋਗੀ ਭਰੇ ਹੋਏ ਹਨ। ਟਰੰਪ ਖੁਦ ਸੈਂਟਰ ਦੇ ਬੋਰਡ ਆਫ ਟਰੱਸਟੀਜ਼ ਦੇ ਚੇਅਰਮੈਨ ਹਨ।
ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ, "ਕਈ ਬਹੁਤ ਸਤਿਕਾਰਤ ਮਾਹਿਰਾਂ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ। ਇਕ ਥੱਕੇ ਹੋਏ, ਟੁੱਟੇ-ਫੁੱਟੇ ਅਤੇ ਖਸਤਾਹਾਲ ਸੈਂਟਰ ਨੂੰ, ਜੋ ਕਈ ਸਾਲਾਂ ਤੋਂ ਆਰਥਿਕ ਅਤੇ ਢਾਂਚਾਗਤ ਦੋਵਾਂ ਤਰ੍ਹਾਂ ਨਾਲ ਖਰਾਬ ਹਾਲਤ 'ਚ ਸੀ, ਨੂੰ ਕਲਾ, ਸੰਗੀਤ ਅਤੇ ਮਨੋਰੰਜਨ ਦਾ ਵਿਸ਼ਵ ਪੱਧਰੀ ਗੜ੍ਹ ਬਣਾ ਦੇਵੇਗਾ।"
ਹਾਲਾਂਕਿ, ਨਾ ਤਾਂ ਟਰੰਪ ਅਤੇ ਨਾ ਹੀ ਟਰੰਪ ਦੇ ਸਹਿਯੋਗੀ ਕੈਨੇਡੀ ਸੈਂਟਰ ਦੇ ਪ੍ਰੈਜ਼ੀਡੈਂਟ ਰਿਕ ਗ੍ਰੇਨੇਲ ਨੇ ਬਿਲਡਿੰਗ ਦੇ ਖਰਾਬ ਹਾਲਤ 'ਚ ਹੋਣ ਦੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਦਿੱਤਾ ਹੈ।
ਟਰੰਪ ਦੇ ਫੈਸਲੇ ਦਾ ਹੋਵੇਗਾ ਵਿਰੋਧ?
ਇਸ ਅਚਾਨਕ ਫੈਸਲੇ ਦਾ ਯਕੀਨੀ ਤੌਰ 'ਤੇ ਵਿਰੋਧ ਹੋਵੇਗਾ ਕਿਉਂਕਿ ਟਰੰਪ ਇਸ ਪ੍ਰਸਿੱਧ ਜਗ੍ਹਾ ਨੂੰ ਬਦਲ ਰਹੇ ਹਨ। ਇਹ ਇੱਕ ਨੈਸ਼ਨਲ ਕਲਚਰਲ ਸੈਂਟਰ ਵਜੋਂ ਸ਼ੁਰੂ ਹੋਇਆ ਸੀ, ਪਰ 1964 'ਚ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਇਸਦਾ ਨਾਂ ਬਦਲ ਕੇ ਉਨ੍ਹਾਂ ਲਈ ਇੱਕ "ਜੀਵਤ ਸਮਾਰਕ" ਕਰ ਦਿੱਤਾ ਸੀ। 1971 ਵਿੱਚ ਖੁੱਲ੍ਹਿਆ ਇਹ ਸੈਂਟਰ, ਨੈਸ਼ਨਲ ਸਿੰਫਨੀ ਆਰਕੈਸਟਰਾ ਸਮੇਤ ਕਲਾਵਾਂ ਦੇ ਪ੍ਰਦਰਸ਼ਨ ਲਈ ਪੂਰਾ ਸਾਲ ਖੁੱਲ੍ਹਾ ਰਹਿੰਦਾ ਹੈ।