ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ 'ਵ੍ਹਾਈਟ ਹਾਊਸ ਕੋਰਸਪੌਂਡੈਂਟਸ ਐਸੋਸੀਏਸ਼ਨ ਡਿਨਰ' ਦੌਰਾਨ ਹੋਈ ਫਾਇਰਿੰਗ ਤੋਂ ਬਾਅਦ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਕਾਰਨ ਉਹ ਇਰਾਨ ਵਿਰੁੱਧ ਚੱਲ ਰਹੀ ਜੰਗ ਨੂੰ ਜਿੱਤਣ ਦੇ ਆਪਣੇ ਇਰਾਦੇ ਤੋਂ ਪਿੱਛੇ ਨਹੀਂ ਹਟਣਗੇ। ਟਰੰਪ ਨੇ ਸਪੱਸ਼ਟ ਕੀਤਾ ਕਿ ਇਹ ਹਮਲਾ ਉਨ੍ਹਾਂ ਨੂੰ ਡਰਾਉਣ ਜਾਂ ਰੋਕਣ ਵਾਲਾ ਨਹੀਂ ਹੈ।

ਟਰੰਪ ਨੇ ਦੱਸਿਆ ਕਿ ਜਾਂਚ ਏਜੰਸੀਆਂ ਹਮਲਾਵਰ ਦੇ ਮਕਸਦ ਦੀ ਜਾਂਚ ਕਰ ਰਹੀਆਂ ਹਨ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ 'ਲੋਨ ਵੁਲਫ' ਦੱਸਿਆ ਗਿਆ ਹੈ। ਮੁਲਜ਼ਮ ਦੀ ਪਛਾਣ 31 ਸਾਲਾ ਕੋਲ ਟੌਮਸ ਵਜੋਂ ਹੋਈ ਹੈ। ਟਰੰਪ ਨੇ ਕਿਹਾ ਕਿ ਉਹ ਕਈ ਹਥਿਆਰਾਂ ਨਾਲ ਲੈਸ ਹੋ ਕੇ ਸੁਰੱਖਿਆ ਚੈੱਕਪੁਆਇੰਟ ਵੱਲ ਵਧਿਆ ਸੀ।
ਟਰੰਪ ਅਨੁਸਾਰ ਮੁਲਜ਼ਮ ਨੇ ਇੱਕ ਸੀਕ੍ਰੇਟ ਸਰਵਿਸ ਏਜੰਟ 'ਤੇ ਗੋਲੀ ਚਲਾਈ ਪਰ ਏਜੰਟ ਦੀ ਬੁਲੇਟਪ੍ਰੂਫ ਜੈਕਟ ਕਾਰਨ ਉਸਦੀ ਜਾਨ ਬਚ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲਗਪਗ 50 ਗਜ਼ ਦੀ ਦੂਰੀ ਤੋਂ ਤੇਜ਼ੀ ਨਾਲ ਦੌੜਦਾ ਹੋਇਆ ਆਇਆ ਸੀ। ਇਸੇ ਦੌਰਾਨ ਟਰੰਪ ਨੇ ਆਪਣੇ ਅਧਿਕਾਰੀਆਂ ਦੀ ਪਾਕਿਸਤਾਨ ਯਾਤਰਾ ਵੀ ਰੱਦ ਕਰ ਦਿੱਤੀ। ਇਹ ਟੀਮ ਪਾਕਿਸਤਾਨ ਵਿੱਚ ਈਰਾਨ ਨਾਲ ਸ਼ਾਂਤੀ ਵਾਰਤਾ ਲਈ ਜਾਣ ਵਾਲੀ ਸੀ।
ਉਨ੍ਹਾਂ ਕਿਹਾ ਕਿ ਗੱਲਬਾਤ ਦਾ ਕੋਈ ਫਾਇਦਾ ਨਹੀਂ ਦਿਸ ਰਿਹਾ ਸੀ, ਇਸ ਲਈ ਯਾਤਰਾ ਰੱਦ ਕੀਤੀ ਗਈ। ਟਰੰਪ ਨੇ ਕਿਹਾ, "ਸਾਡੇ ਕੋਲ ਸਾਰੇ ਪੱਤੇ ਹਨ। ਉਹ ਜਦੋਂ ਚਾਹੁਣ ਸਾਨੂੰ ਕਾਲ ਕਰ ਸਕਦੇ ਹਨ, ਪਰ ਹੁਣ 18 ਘੰਟੇ ਦੀ ਉਡਾਣ ਭਰ ਕੇ ਬੇਕਾਰ ਬੈਠਣ ਦੀ ਲੋੜ ਨਹੀਂ ਹੈ।"
ਟਰੰਪ ਨੇ ਦਾਅਵਾ ਕੀਤਾ ਕਿ ਜਿਵੇਂ ਹੀ ਉਨ੍ਹਾਂ ਨੇ ਦੌਰਾ ਰੱਦ ਕੀਤਾ, 10 ਮਿੰਟਾਂ ਦੇ ਅੰਦਰ ਈਰਾਨ ਵੱਲੋਂ ਨਵੀਂ ਤਜਵੀਜ਼ ਆਈ, ਜੋ ਪਹਿਲਾਂ ਨਾਲੋਂ ਬਿਹਤਰ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਜੋ ਪੇਪਰ ਦਿੱਤਾ ਸੀ ਉਹ ਬਿਹਤਰ ਹੋਣਾ ਚਾਹੀਦਾ ਸੀ, ਮੇਰੇ ਯਾਤਰਾ ਰੱਦ ਕਰਦੇ ਹੀ ਤੁਰੰਤ ਨਵਾਂ ਪ੍ਰਸਤਾਵ ਆ ਗਿਆ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਈਰਾਨ ਦੀ ਲੀਡਰਸ਼ਿਪ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉੱਥੇ ਭਾਰੀ ਅੰਦਰੂਨੀ ਕਲੇਸ਼ ਅਤੇ ਭੰਬਲਭੂਸੇ ਵਾਲੀ ਸਥਿਤੀ ਹੈ। ਉਨ੍ਹਾਂ ਲਿਖਿਆ,"ਉਨ੍ਹਾਂ ਨੂੰ ਖ਼ੁਦ ਨਹੀਂ ਪਤਾ ਕਿ ਉੱਥੇ ਕੌਣ ਇੰਚਾਰਜ ਹੈ।"