ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੋਸ਼ਲ ਮੀਡੀਆ 'ਤੇ ਇੱਕ ਵਿਵਾਦਿਤ ਪੋਸਟ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਰੇਡੀਓ ਹੋਸਟ ਮਾਈਕਲ ਸੈਵੇਜ ਦੇ ਪੋਡਕਾਸਟ ਦਾ ਟ੍ਰਾਂਸਕ੍ਰਿਪਟ ਸਾਂਝਾ ਕੀਤਾ ਸੀ, ਜਿਸ ਵਿੱਚ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਨੂੰ 'ਨਰਕ' ਦੱਸਿਆ ਗਿਆ ਸੀ। ਇਸ ਬਿਆਨ 'ਤੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ, ਭਾਈਚਾਰਕ ਆਗੂਆਂ ਅਤੇ ਭਾਰਤ ਸਰਕਾਰ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਸੈਵੇਜ ਨੇ ਭਾਰਤ-ਚੀਨ ਨੂੰ 'ਨਰਕ' ਕਰਾਰ ਦਿੱਤਾ ਅਤੇ ਭਾਰਤੀ ਪੇਸ਼ੇਵਰਾਂ ਲਈ 'ਲੈਪਟਾਪ ਵਾਲੇ ਗੈਂਗਸਟਰ' ਵਰਗੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ।
ਭਾਰਤੀ-ਅਮਰੀਕੀ ਨੇਤਾਵਾਂ ਦੀ ਤਿੱਖੀ ਪ੍ਰਤੀਕਿਰਿਆ
ਇਸ ਬਿਆਨ 'ਤੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੇ ਕਰਾਰਾ ਜਵਾਬ ਦਿੱਤਾ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਏਮੀ ਬੇਰਾ ਨੇ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਭਾਰਤ ਤੋਂ ਆਏ ਸਨ ਅਤੇ ਸਖ਼ਤ ਮਿਹਨਤ ਕਰਕੇ ਹੀ 'ਅਮਰੀਕੀ ਸੁਪਨਾ' ਸਾਕਾਰ ਕਰਨ ਦਾ ਮੌਕਾ ਪਾ ਸਕੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਅਮਰੀਕਾ ਨੂੰ ਕਮਜ਼ੋਰ ਨਹੀਂ ਕਰਦੇ, ਸਗੋਂ ਆਪਣੀ ਸੇਵਾ ਅਤੇ ਨਵੀਨਤਾ ਰਾਹੀਂ ਉਸ ਨੂੰ ਮਜ਼ਬੂਤ ਬਣਾਉਂਦੇ ਹਨ।
ਇਲੀਨੋਏ ਤੋਂ ਡੈਮੋਕ੍ਰੇਟ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਇਸ ਨੂੰ ਖੁੱਲ੍ਹੇਆਮ 'ਨਸਲਵਾਦੀ ਬਕਵਾਸ' ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਲੱਖਾਂ ਭਾਰਤੀ-ਅਮਰੀਕੀਆਂ ਅਤੇ ਭਾਰਤ ਵਰਗੇ ਮਜ਼ਬੂਤ ਸਾਂਝੇਦਾਰ ਦਾ ਅਪਮਾਨ ਹਨ।
ਡੈਮੋਕ੍ਰੇਟ ਨੈਸ਼ਨਲ ਕਮੇਟੀ ਦੇ ਅਜੇ ਭੁਟੋਰੀਆ ਨੇ ਇਸ ਬਿਆਨ ਨੂੰ ਹਕੀਕਤ ਤੋਂ ਕੋਹਾਂ ਦੂਰ ਦੱਸਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ 'ਲੈਪਟਾਪ ਵਾਰੀਅਰਜ਼' ਕਿਹਾ ਜਾ ਰਿਹਾ ਹੈ, ਉਹ ਅਸਲ ਵਿੱਚ ਅਲਫਾਬੇਟ, ਮਾਈਕ੍ਰੋਸਾਫਟ ਅਤੇ ਅਡੋਬ ਵਰਗੀਆਂ ਵੱਡੀਆਂ ਕੰਪਨੀਆਂ ਦੇ CEO ਹਨ। ਅਮਰੀਕਾ ਦੇ 10% ਤੋਂ ਵੱਧ ਯੂਨੀਕੋਰਨ ਸਟਾਰਟਅੱਪ ਭਾਰਤੀ ਮੂਲ ਦੇ ਉੱਦਮੀਆਂ ਨੇ ਸ਼ੁਰੂ ਕੀਤੇ ਹਨ।
1.5% ਆਬਾਦੀ ਹੋਣ ਦੇ ਬਾਵਜੂਦ ਇਨਕਮ ਟੈਕਸ 'ਚ 6% ਦਾ ਯੋਗਦਾਨ
ਕੁੱਲ ਆਬਾਦੀ ਵਿੱਚ ਸਿਰਫ਼ 1.5% ਹੋਣ ਦੇ ਬਾਵਜੂਦ, ਇਹ ਭਾਈਚਾਰਾ ਦੇਸ਼ ਦੇ ਕੁੱਲ ਇਨਕਮ ਟੈਕਸ ਵਿੱਚ 6% ਦਾ ਯੋਗਦਾਨ ਪਾਉਂਦਾ ਹੈ। ਭੁਟੋਰੀਆ ਨੇ ਕਿਹਾ ਕਿ ਇਹ ਲੋਕ ਨੌਕਰੀਆਂ ਪੈਦਾ ਕਰਦੇ ਹਨ ਅਤੇ ਅਰਥਵਿਵਸਥਾ ਨੂੰ ਗਤੀ ਦਿੰਦੇ ਹਨ, ਜੋ ਕਿ ਹਿੰਸਾ ਫੈਲਾਉਣ ਵਾਲਿਆਂ ਨਾਲੋਂ ਕਿਤੇ ਬਿਹਤਰ ਹਨ।
ਅਮਰੀਕਾ ਵਿੱਚ ਹਿੰਦੂਆਂ ਦੀ ਸਭ ਤੋਂ ਵੱਡੀ ਸੰਸਥਾ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਬਿਆਨ ਨੂੰ ਨਫ਼ਰਤ ਭਰਿਆ ਅਤੇ ਨਸਲਵਾਦੀ ਕਰਾਰ ਦਿੱਤਾ ਹੈ। ਸੰਸਥਾ ਨੇ ਕਿਹਾ ਕਿ ਟਰੰਪ ਨੂੰ ਇਹ ਪੋਸਟ ਤੁਰੰਤ ਹਟਾਉਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਖ਼ਤਰਾ ਵੱਧ ਸਕਦਾ ਹੈ।
ਈਰਾਨ ਦੇ ਕੌਂਸਲੇਟ ਦਾ ਤਨਜ
ਮੁੰਬਈ ਸਥਿਤ ਈਰਾਨ ਦੇ ਕੌਂਸਲੇਟ ਨੇ ਸੋਸ਼ਲ ਮੀਡੀਆ 'ਤੇ ਵਿਅੰਗ ਕਰਦਿਆਂ ਲਿਖਿਆ ਕਿ ਟਰੰਪ ਨੂੰ ਭਾਰਤ ਦੀ ਯਾਤਰਾ ਕਰਨੀ ਚਾਹੀਦੀ ਹੈ। ਪੋਸਟ ਵਿੱਚ ਕਿਹਾ ਗਿਆ ਕਿ ਕੋਈ ਟਰੰਪ ਲਈ 'ਕਲਚਰ ਡਿਟੌਕਸ ਟ੍ਰਿਪ' ਬੁੱਕ ਕਰ ਦੇਵੇ, ਜਿਸ ਨਾਲ ਉਨ੍ਹਾਂ ਦੀਆਂ ਬਕਵਾਸ ਗੱਲਾਂ ਘੱਟ ਹੋ ਸਕਦੀਆਂ ਹਨ। ਕਦੇ ਭਾਰਤ ਆ ਕੇ ਦੇਖੋ, ਫਿਰ ਬੋਲਣਾ। ਦੂਤਾਵਾਸ ਨੇ ਮਹਾਰਾਸ਼ਟਰ ਦੀ ਸੱਭਿਆਚਾਰਕ ਵਿਰਾਸਤ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ।
ਭਾਰਤ ਦਾ ਕਰਾਰਾ ਜਵਾਬ ਅਤੇ ਆਰਥਿਕ ਤਾਕਤ
ਭਾਰਤ ਸਰਕਾਰ ਨੇ ਇਨ੍ਹਾਂ ਟਿੱਪਣੀਆਂ ਨੂੰ ਅਣਜਾਣ, ਅਣਉਚਿਤ ਅਤੇ ਸਵਾਦਹੀਣ ਦੱਸਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਬਿਆਨ ਭਾਰਤ-ਅਮਰੀਕਾ ਸਬੰਧਾਂ ਦੀ ਅਸਲੀਅਤ ਨੂੰ ਨਹੀਂ ਦਰਸਾਉਂਦੇ, ਜੋ ਕਿ ਆਪਸੀ ਸਨਮਾਨ ਅਤੇ ਸਾਂਝੇ ਹਿੱਤਾਂ 'ਤੇ ਟਿਕੇ ਹੋਏ ਹਨ। ਭਾਰਤ ਆਪਣੀ ਆਰਥਿਕ ਤਾਕਤ ਨਾਲ ਦੁਨੀਆ ਵਿੱਚ ਛਾਪ ਛੱਡ ਰਿਹਾ ਹੈ।
ਵਰਤਮਾਨ ਵਿੱਚ ਇਹ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। IMF (ਅੰਤਰਰਾਸ਼ਟਰੀ ਮੁਦਰਾ ਕੋਸ਼) ਦੇ ਅਨੁਮਾਨ ਮੁਤਾਬਕ, 2027-28 ਤੱਕ ਭਾਰਤ 5 ਟ੍ਰਿਲੀਅਨ ਡਾਲਰ ਦੀ ਜੀਡੀਪੀ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਸਕਦਾ ਹੈ।
ਦੇਸ਼ ਜੈਨੇਰਿਕ ਦਵਾਈਆਂ ਦਾ ਸਭ ਤੋਂ ਵੱਡਾ ਸਪਲਾਇਰ ਹੈ ਅਤੇ ਵਿਸ਼ਵ ਪੱਧਰ 'ਤੇ 60% ਵੈਕਸੀਨ ਉਤਪਾਦਨ ਇੱਥੇ ਹੀ ਹੁੰਦਾ ਹੈ। AI ਹੁਨਰ ਵਿੱਚ ਭਾਰਤ ਤੀਜੇ ਸਥਾਨ 'ਤੇ ਹੈ, ਜਦਕਿ ਵਿਸ਼ਵ ਆਰਥਿਕ ਵਿਕਾਸ ਵਿੱਚ ਇਸਦਾ ਯੋਗਦਾਨ ਦੂਜੇ ਨੰਬਰ 'ਤੇ ਹੈ। ਕੁੱਲ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਦਾ 46% ਇਕੱਲੇ ਭਾਰਤੀ UPI ਪਲੇਟਫਾਰਮ 'ਤੇ ਹੁੰਦਾ ਹੈ।