ਹੇਗਸੈਥ ਦਾ ਵੱਡਾ ਬਿਆਨ: 'ਆਪ੍ਰੇਸ਼ਨ ਐਪਿਕ ਫਿਊਰੀ' ਤਹਿਤ ਅਮਰੀਕਾ ਦਾ ਫ਼ੌਜੀ ਮਕਸਦ ਪੂਰਾ, ਹੁਣ ਨਹੀਂ ਹੋਵੇਗਾ ਜੰਗ ਦਾ ਵਿਸਥਾਰ
ਹੇਗਸੈਥ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕੀ ਕਾਰਵਾਈ, ਜਿਸਨੂੰ ਆਪ੍ਰੇਸ਼ਨ ਐਪਿਕ ਫਿਊਰੀ ਨਾਂ ਦਿੱਤਾ ਗਿਆ ਹੈ, ਦਾ ਮਕਸਦ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਤੇ ਉਸ ਦੀਆਂ ਸਮਰੱਥਾਵਾਂ ਨੂੰ ਸੀਮਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮਕਸਦਾਂ ’ਚ ਕੋਈ ਵਿਸਥਾਰ ਨਹੀਂ ਹੋਇਆ।
Publish Date: Sat, 07 Mar 2026 08:37 AM (IST)
Updated Date: Sat, 07 Mar 2026 08:41 AM (IST)
ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੈਥ ਨੇ ਕਿਹਾ ਹੈ ਕਿ ਈਰਾਨ ਖ਼ਿਲਾਫ਼ ਜਾਰੀ ਫ਼ੌਜੀ ਕਾਰਵਾਈ ’ਚ ਅਮਰੀਕਾ ਆਪਣੇ ਫ਼ੌਜੀ ਮਕਸਦਾਂ ਦਾ ਵਿਸਤਾਰ ਨਹੀਂ ਕਰ ਰਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਰਵਾਈ ਦਾ ਟੀਚਾ ਸਿਰਫ਼ ਈਰਾਨ ਦੀ ਹਮਲਾਵਰ ਮਿਜ਼ਾਈਲ ਸਮਰੱਥਾ, ਮਿਜ਼ਾਈਲ ਉਤਪਾਦਨ ਤੰਤਰ ਤੇ ਜਲ ਸੈਨਿਕ ਤਾਕਤ ਨੂੰ ਕਮਜ਼ੋਰ ਕਰਨਾ ਹੈ।
ਹੇਗਸੈਥ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕੀ ਕਾਰਵਾਈ, ਜਿਸਨੂੰ ਆਪ੍ਰੇਸ਼ਨ ਐਪਿਕ ਫਿਊਰੀ ਨਾਂ ਦਿੱਤਾ ਗਿਆ ਹੈ, ਦਾ ਮਕਸਦ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ ਤੇ ਉਸ ਦੀਆਂ ਸਮਰੱਥਾਵਾਂ ਨੂੰ ਸੀਮਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੇ ਮਕਸਦਾਂ ’ਚ ਕੋਈ ਵਿਸਥਾਰ ਨਹੀਂ ਹੋਇਆ। ਸਾਨੂੰ ਠੀਕ ਠਾਕ ਪਤਾ ਹੈ ਕਿ ਅਸੀਂ ਕੀ ਹਾਸਲ ਕਰਨਾ ਚਾਹੁੰਦੇ ਹਾਂ।
ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਇੰਟਰਵਿਊ ’ਚ ਕਿਹਾ ਕਿ ਅਮਰੀਕਾ ਨੂੰ ਈਰਾਨ ਦੇ ਅਗਲੇ ਆਗੂ ਦੀ ਚੋਣ ’ਚ ਭੂਮਿਕਾ ਨਿਭਾਉਣੀ ਹੋਵੇਗੀ। ਟਰੰਪ ਦੇ ਇਸ ਬਿਆਨ ਨੇ ਸੰਕੇਤ ਦਿੱਤਾ ਕਿ ਵਾਸ਼ਿੰਗਟਨ ਤਹਿਰਾਨ ’ਚ ਸਿਆਸੀ ਬਦਲਾਅ ਨੂੰ ਲੈ ਕੇ ਵੀ ਸਰਗਰਮ ਭੂਮਿਕਾ ਚਾਹੁੰਦਾ ਹੈ। ਹੇਗਸੈਥ ਨੇ ਕਿਹਾ ਕਿ ਖੇਤਰੀ ਦੇਸ਼ਾਂ ’ਤੇ ਹਮਲੇ ਕਰ ਕੇ ਈਰਾਨ ਅਸਲ ’ਚ ਅਮਰੀਕਾ ਦੇ ਸਹਿਯੋਗੀਆਂ ਨੂੰ ਹੋਰ ਕਰੀਬ ਲਿਆ ਰਿਹਾ ਹੈ। ਉਨ੍ਹਾਂ ਮੁਤਾਬਕ, ਇਸ ਨਾਲ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਦੀ ਇਕਜੁੱਟਤਾ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕੇ ਜੇਕਰ ਈਰਾਨ ਇਹ ਸੋਚ ਰਿਹਾ ਹੈ ਕਿ ਅਮਰੀਕਾ ਲੰਬੇ ਸਮੇਂ ਤੱਕ ਜੰਗ ਜਾਰੀ ਨਹੀਂ ਰੱਖ ਸਕੇਗਾ, ਤਾਂ ਇਹ ਉਸਦੀ ਵੱਡੀ ਰਣਨੀਤਕ ਭੁੱਲ ਹੋਵੇਗੀ। ਹੇਗਸੈਥ ਨੇ ਕਿਹਾ ਕਿ ਈਰਾਨ ਇਹ ਉਮੀਦ ਕਰ ਰਿਹਾ ਹੈ ਕਿ ਅਸੀਂ ਇਸ ਜੰਗ ਨੂੰ ਲੰਬੇ ਸਮੇਂ ਤੱਕ ਨਹੀਂ ਚਲਾ ਸਕਾਂਗੇ, ਪਰ ਇਹ ਬਹੁਤ ਵੱਡੀ ਗਲਤ ਗਣਨਾ ਹੈ। ਸਮਾਂ-ਸੀਮਾ ਅਸੀਂ ਤੈਅ ਕਰਾਂਗੇ।