ਅਮਰੀਕੀ ਰਾਸ਼ਟਰਪਤੀ ਦਾ ਧਮਕੀ ਭਰਿਆ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਈਰਾਨ ਤੇ ਅਮਰੀਕਾ ਵਿਚਾਲੇ ਦੂਜੇ ਦੌਰ ਦੀ ਸ਼ਾਂਤੀ ਗੱਲਬਾਤ ਦੀ ਰਾਹ ’ਚ ਰੁਕਾਵਟ ਕਾਇਮ ਹੈ। ਦੋਵਾਂ ਦੇਸ਼ਾਂ ਵਿਚਾਲੇ 11 ਅਪ੍ਰੈਲ ਨੂੰ ਪਹਿਲੇ ਦੌਰ ਦੀ ਗੱਲਬਾਤ ਪਾਕਿਸਤਾਨ ’ਚ ਹੋਈ ਸੀ, ਜੋ ਨਾਕਾਮ ਰਹੀ ਸੀ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਈਰਾਨ ਨਾਲ ਮਰਜ਼ੀ ਦੇ ਸ਼ਾਂਤੀ ਸਮਝੌਤੇ ’ਤੇ ਹਾਲੇ ਤੱਕ ਗੱਲ ਨਾ ਬਣਨ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਚੈਨੀ ਵਧਣ ਲੱਗੀ ਹੈ। ਇਸਦਾ ਅੰਦਾਜ਼ਾ ਉਨ੍ਹਾਂ ਦੇ ਤਾਜ਼ਾ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਸਾਫ ਸ਼ਬਦਾਂ ’ਚ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜ਼ਿਆਦਾ ਸਮੇਂ ਤੱਕ ਚੰਗੇ ਆਦਮੀ ਨਹੀਂ ਬਣੇ ਰਹਿ ਸਕਦੇ। ਹਾਲੇ ਵੀ ਸਮਾਂ ਹੈ, ਸਮਝ ਜਾਓ। ਟਰੰਪ ਨੇ ਇਸ ਚਿਤਾਵਨੀ ਨਾਲ ਇੰਟਰਨੈੱਟ ਮੀਡੀਆ ’ਤੇ ਅਸਾਲਟ ਰਾਈਫਲ ਨਾਲ ਆਪਣੀ ਏਆਈ ਨਾਲ ਬਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਦਾ ਧਮਕੀ ਭਰਿਆ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਈਰਾਨ ਤੇ ਅਮਰੀਕਾ ਵਿਚਾਲੇ ਦੂਜੇ ਦੌਰ ਦੀ ਸ਼ਾਂਤੀ ਗੱਲਬਾਤ ਦੀ ਰਾਹ ’ਚ ਰੁਕਾਵਟ ਕਾਇਮ ਹੈ। ਦੋਵਾਂ ਦੇਸ਼ਾਂ ਵਿਚਾਲੇ 11 ਅਪ੍ਰੈਲ ਨੂੰ ਪਹਿਲੇ ਦੌਰ ਦੀ ਗੱਲਬਾਤ ਪਾਕਿਸਤਾਨ ’ਚ ਹੋਈ ਸੀ, ਜੋ ਨਾਕਾਮ ਰਹੀ ਸੀ। ਉਦੋਂ ਤੋਂ ਦੂਜੇ ਦੌਰ ਦੀ ਗੱਲਬਾਤ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਪਰਮਾਣੂ ਮੁੱਦੇ ’ਤੇ ਅਸਹਿਮਤੀ ਕਾਰਨ ਹੁਣ ਤੱਕ ਗੱਲ ਅੱਗੇ ਨਹੀਂ ਵਧ ਪਾ ਰਹੀ। ਈਰਾਨ ਨੇ ਹਾਲ ਹੀ ਵਿਚ ਪਾਕਿਸਤਾਨ ਰਾਹੀਂ ਅਮਰੀਕਾ ਨੂੰ ਇਕ ਪੇਸ਼ਕਸ਼ ਭੇਜੀ ਸੀ। ਇਸ ਵਿਚ ਅਮਰੀਕੀ ਨਾਕਾਬੰਦੀ ਹਟਾਉਣ, ਜੰਗ ਖ਼ਤਮ ਕਰਨ ਤੇ ਪਰਮਾਣੂ ਮੁੱਦੇ ’ਤੇ ਵੱਖਰੀ ਗੱਲਬਾਤ ਦੀ ਗੱਲ ਕਹੀ ਗਈ ਸੀ। ਟਰੰਪ ਇਸ ਮਤੇ ਤੋਂ ਸੰਤੁਸ਼ਟ ਨਹੀਂ ਹਨ। ਉਹ ਕਈ ਵਾਰ ਕਹਿ ਚੁੱਕੇ ਹਨ ਕਿ ਈਰਾਨ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦੇ। ਟਰੰਪ ਚਾਹੁੰਦੇ ਹਨ ਕਿ ਈਰਾਨ ਪਰਮਾਣੂ ਪ੍ਰੋਗਰਾਮ ਨੂੰ ਛੱਡ ਦੇਵੇ ਤੇ ਸੋਧਿਆ ਯੂਰੇਨੀਅਮ ਅਮਰੀਕਾ ਨੂੰ ਸੌਂਪ ਦੇਵੇ।
ਰਾਇਟਰ ਅਨੁਸਾਰ, ਟਰੰਪ ਨੇ ਬੁੱਧਵਾਰ ਨੂੰ ਟਰੁੱਥ ਸੋਸ਼ਲ ’ਤੇ ਇਕ ਪੋਸਟ ’ਚ ਕਿਹਾ ਕਿ ਈਰਾਨ ਆਪਣੇ ਮਾਮਲਿਆਂ ਨੂੰ ਠੀਕ ਤਰ੍ਹਾਂ ਸੰਭਾਲ ਨਹੀਂ ਪਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਗ਼ੈਰ-ਪਰਮਾਣੂ ਸਮਝੌਤੇ ’ਤੇ ਦਸਤਖ਼ਤ ਕਿਵੇਂ ਕੀਤੇ ਜਾਂਦੇ ਹਨ। ਬਿਹਤਰ ਹੋਵੇਗਾ ਕਿ ਉਹ ਜਲਦ ਸਮਝਦਾਰੀ ਦਿਖਾਉਣ। ਮੈਂ ਜ਼ਿਆਦਾ ਸਮੇਂ ਤੱਕ ਚੰਗਾ ਆਦਮੀ ਨਹੀਂ ਬਣਿਆ ਰਹਾਂਗਾ। ਟਰੰਪ ਨੇ ਆਪਣੇ ਇਸ ਬਿਆਨ ਰਾਹੀਂ ਗੱਲਬਾਤ ਦੀ ਹੌਲੀ ਰਫ਼ਤਾਰ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਤੇ ਈਰਾਨੀ ਅਗਵਾਈ ਦੀ ਕਿਸੇ ਸਮਝੌਤੇ ਨੂੰ ਆਖ਼ਰੀ ਰੂਪ ਦੇਣ ’ਚ ਅਸਮਰੱਥਾ ਦੀ ਨਿਖੇਧੀ ਵੀ ਕੀਤੀ। ਵਾਲ ਸਟਰੀਟ ਜਰਨਲ ਨੇ ਅਮਰੀਕੀ
ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਰਾਸ਼ਟਰਪਤੀ ਨੇ ਆਪਣੇ ਸਹਾਇਕਾਂ ਨੂੰ ਈਰਾਨ ਦੀਆਂ ਬੰਦਰਗਾਹਾਂ ਦੀ ਲੰਬੇ ਸਮੇਂ ਤੱਕ ਨਾਕਾਬੰਦੀ ਕਰਨ ਦੀ ਤਿਆਰੀ ਕਰਨ ਲਈ ਕਿਹਾ ਹੈ ਕਿ ਤਾਂਕਿ ਤਹਿਰਾਨ ਨੂੰ ਸ਼ਰਤਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਟਰੰਪ ਨੇ ਈਰਾਨ ਦੇ ਅਰਥਚਾਰੇ ਤੇ ਤੇਲ ਬਰਾਮਦ ’ਤੇ ਨਾਕਾਬੰਦੀ ਰਾਹੀਂ ਦਬਾਅ ਬਣਾਉਣ ਦਾ ਬਦਲ ਚੁਣਿਆ ਹੈ ਕਿਉਂਕਿ ਫਿਰ ਬੰਬਾਰੀ ਸ਼ੁਰੂ ਕਰਨਾ ਜਾਂ ਜੰਗ ਤੋਂ ਹਟਣਾ ਜ਼ਿਆਦਾ ਖ਼ਤਰਿਆਂ ਭਰਿਆ ਹੋ ਸਕਦਾ ਹੈ, ਜਦਕਿ ਈਰਾਨੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਨਾਕਾਬੰਦੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਉਹ ਬਦਲਵੇਂ ਵਪਾਰ ਮਾਰਗਾਂ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਦੇ ਦੇਸ਼ ਨੇ ਜੰਗ ਨੂੰ ਖ਼ਤਮ ਨਹੀਂ ਮੰਨਿਆ ਹੈ।
ਏਐੱਨਆਈ ਅਨੁਸਾਰ, ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇਵੀ (ਆਈਆਰਜੀਸੀ-ਐੱਨ) ਨੇ ਵਾਸ਼ਿੰਗਟਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਉਸਨੇ ਕਿਹਾ ਕਿ ਜੇ ਤਣਾਅ ਹੋਰ ਵਧਦਾ ਹੈ ਤਾਂ ਇਹ ਵਿਲੱਖਣ ਬਲ ਗ਼ੈਰ-ਰਵਾਇਤੀ ਤਰੀਕਿਆਂ ਦੀ ਵਰਤੋਂ ਕਰਨ ਲਈ ਤਿਆਰ ਹੈ। ਆਈਆਰਜੀਸੀ-ਐੱਨ ਦੇ ਸਿਆਸੀ ਮਾਮਲਿਆਂ ਦੇ ਉਪ-ਮੁਖੀ ਮੁਹੰਮਦ ਅਕਬਰਜਾਦੇਹ ਨੇ ਕਿਹਾ ਕਿ ਜੇ ਅਮਰੀਕਾ ਕੋਈ ਗ਼ਲਤਫਹਿਮੀ ਪਾਲਦਾ ਹੈ ਤਾਂ ਇਸ ਸਮੁੰਦਰੀ ਬਲ ਕੋਲ ਉਨ੍ਹਾਂ ਨੂੰ ਹੈਰਾਨ ਕਰਨ ਵਾਲੀਆਂ ਰਣਨੀਤੀਆਂ ਤਿਆਰ ਹਨ।