ਟੈਰਿਫ਼ 'ਤੇ ਜਲਦ ਮਿਲੇਗੀ ਖ਼ੁਸ਼ਖ਼ਬਰੀ ! ਭਾਰਤ ਤੋਂ 25% ਟੈਕਸ ਹਟਾ ਸਕਦਾ ਹੈ ਅਮਰੀਕਾ, ਟਰੰਪ ਦੇ ਮੰਤਰੀ ਦਾ ਦਾਅਵਾ
ਸਕਾਟ ਬੇਸੈਂਟ ਨੇ ਕਿਹਾ, "ਅਮਰੀਕਾ ਨੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਭਾਰਤ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਣ ਲਈ 25 ਫੀਸਦੀ ਟੈਰਿਫ਼ ਲਗਾਇਆ ਸੀ। ਅਮਰੀਕਾ ਨੇ ਉਸ ਸਮੇਂ ਦੱਸਿਆ ਸੀ ਕਿ ਭਾਰਤੀ ਰਿਫਾਇਨਰੀਆਂ ਨੇ ਡਿਸਕਾਊਂਟ ਵਾਲੇ ਰੂਸੀ ਕੱਚੇ ਤੇਲ ਦੀ ਖਰੀਦ ਕਾਫ਼ੀ ਵਧਾ ਦਿੱਤੀ ਸੀ, ਪਰ ਹੁਣ ਦੇਖਿਆ ਜਾਵੇ ਤਾਂ ਇਹ ਖਰੀਦ ਲਗਪਗ ਬੰਦ ਹੋ ਗਈ ਹੈ।"
Publish Date: Sat, 24 Jan 2026 01:48 PM (IST)
Updated Date: Sat, 24 Jan 2026 01:52 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਰੂਸ ਤੋਂ ਤੇਲ ਖਰੀਦਣ ਕਾਰਨ ਅਮਰੀਕਾ ਨੇ ਭਾਰਤ 'ਤੇ 25 ਫੀਸਦੀ ਟੈਰਿਫ਼ (Tax) ਲਗਾਇਆ ਹੋਇਆ ਹੈ। ਹਾਲਾਂਕਿ, ਅਮਰੀਕੀ ਟ੍ਰੇਜ਼ਰੀ ਸੈਕਟਰੀ ਸਕਾਟ ਬੇਸੈਂਟ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਦਰਾਮਦ (Import) ਘੱਟ ਕਰ ਦਿੱਤੀ ਹੈ, ਜਿਸ ਕਾਰਨ ਜਲਦੀ ਹੀ ਇਹ 25 ਫੀਸਦੀ ਟੈਰਿਫ਼ ਹਟਾਇਆ ਜਾ ਸਕਦਾ ਹੈ।
ਬੇਸੈਂਟ ਨੇ 'ਪਾਲੀਟਿਕੋ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ, "ਭਾਰਤ 'ਤੇ ਟੈਰਿਫ਼ ਅਜੇ ਵੀ ਲਾਗੂ ਹੈ, ਪਰ ਭਾਰਤ ਨੇ ਰੂਸੀ ਕੱਚੇ ਤੇਲ ਦੀ ਖਰੀਦ ਵਿੱਚ ਕਮੀ ਕੀਤੀ ਹੈ। ਇਸ ਕਦਮ ਨੇ ਟਰੰਪ ਸਰਕਾਰ ਨੂੰ ਇਸ ਟੈਰਿਫ਼ 'ਤੇ ਮੁੜ ਵਿਚਾਰ ਕਰਨ ਦਾ ਮੌਕਾ ਦਿੱਤਾ ਹੈ।"
ਕੀ ਭਾਰਤ ਤੋਂ ਹਟੇਗਾ 25 ਫੀਸਦੀ ਟੈਰਿਫ਼?
ਸਕਾਟ ਬੇਸੈਂਟ ਨੇ ਕਿਹਾ, "ਅਮਰੀਕਾ ਨੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਭਾਰਤ ਨੂੰ ਰੂਸੀ ਤੇਲ ਖਰੀਦਣ ਤੋਂ ਰੋਕਣ ਲਈ 25 ਫੀਸਦੀ ਟੈਰਿਫ਼ ਲਗਾਇਆ ਸੀ। ਅਮਰੀਕਾ ਨੇ ਉਸ ਸਮੇਂ ਦੱਸਿਆ ਸੀ ਕਿ ਭਾਰਤੀ ਰਿਫਾਇਨਰੀਆਂ ਨੇ ਡਿਸਕਾਊਂਟ ਵਾਲੇ ਰੂਸੀ ਕੱਚੇ ਤੇਲ ਦੀ ਖਰੀਦ ਕਾਫ਼ੀ ਵਧਾ ਦਿੱਤੀ ਸੀ, ਪਰ ਹੁਣ ਦੇਖਿਆ ਜਾਵੇ ਤਾਂ ਇਹ ਖਰੀਦ ਲਗਪਗ ਬੰਦ ਹੋ ਗਈ ਹੈ।"
ਬੇਸੈਂਟ ਨੇ ਅੱਗੇ ਕਿਹਾ, 'ਹੁਣ ਜਦੋਂ ਭਾਰਤ ਨੇ ਰੂਸੀ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ ਤਾਂ ਅਮਰੀਕਾ ਵੀ ਟੈਰਿਫ਼ ਹਟਾਉਣ 'ਤੇ ਵਿਚਾਰ ਕਰ ਸਕਦਾ ਹੈ।' ਉਨ੍ਹਾਂ ਭਾਰਤ ਅਤੇ ਰੂਸ ਦੇ ਵਪਾਰਕ ਸਬੰਧਾਂ 'ਤੇ ਪਏ ਇਸ ਪ੍ਰਭਾਵ ਨੂੰ ਅਮਰੀਕਾ ਦੀ 'ਟੈਰਿਫ਼ ਪਾਲਿਸੀ' ਦੀ ਸਫਲਤਾ ਦੱਸਿਆ।
ਯੂਰਪੀ ਦੇਸ਼ਾਂ ਦੀ ਆਲੋਚਨਾ
ਸਕਾਟ ਬੇਸੈਂਟ ਨੇ ਰੂਸ ਨਾਲ ਵਪਾਰ ਕਰਨ ਦੇ ਮੁੱਦੇ 'ਤੇ ਯੂਰਪੀ ਦੇਸ਼ਾਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ ਜਨਤਕ ਤੌਰ 'ਤੇ ਤਾਂ ਰੂਸ ਦੀ ਨਿੰਦਾ ਕਰ ਰਹੇ ਹਨ, ਪਰ ਦੂਜੇ ਪਾਸੇ ਉਹੀ ਲੋਕ ਭਾਰਤੀ ਰਿਫਾਇਨਰੀਆਂ 'ਚ ਤਿਆਰ ਕੀਤੇ ਗਏ ਰੂਸੀ ਕੱਚੇ ਤੇਲ ਦੇ ਉਤਪਾਦਾਂ (Refined Products) ਨੂੰ ਖਰੀਦ ਰਹੇ ਹਨ। ਬੇਸੈਂਟ ਨੇ ਯੂਰਪੀ ਸਰਕਾਰਾਂ ਦੀ ਇਸ ਨੀਤੀ ਨੂੰ ਗਲਤ ਕਰਾਰ ਦਿੱਤਾ।