ਵਿਗਿਆਨੀਆਂ ਨੇ ਪਹਿਲੀ ਵਾਰ ਇੱਕ ਬਲੈਕ ਹੋਲ ਤੋਂ ਨਿਕਲਣ ਵਾਲੀ ਜੈੱਟ ਊਰਜਾ ਨੂੰ ਸਹੀ ਢੰਗ ਨਾਲ ਮਾਪਿਆ ਹੈ। ਸਿਗਨਸ X-1 ਵਿੱਚ ਸਥਿਤ ਇਸ ਜੈੱਟ ਵਿੱਚ 10,000 ਸੂਰਜਾਂ ਦੇ ਬਰਾਬਰ ਸ਼ਕਤੀ ਹੈ ਅਤੇ ਇਹ ਪ੍ਰਕਾਸ਼ ਦੀ ਗਤੀ ਤੋਂ ਅੱਧੀ ਹੈ।

ਕੇਪ ਕੈਨਾਵੇਰਲ (ਏਪੀ) : ਬਲੈਕ ਹੋਲ ਤੋਂ ਨਿਕਲਣ ਵਾਲੀ ਜੈੱਟ ਊਰਜਾ ਨੂੰ ਵਿਗਿਆਨੀਆਂ ਨੇ ਪਹਿਲੀ ਵਾਰ ਮਾਪਿਆ ਹੈ। ਬਲੈਕ ਹੋਲ ਦੇ ਧੁਰਿਆਂ ’ਚੋਂ ਨਿਕਲਣ ਵਾਲੀ ਵਧੇਰੇ ਊਰਜਾ ਵਾਲੀਆਂ ਪਲਾਜ਼ਮਾ ਦੀਆਂ ਧਾਰਾਵਾਂ ਨੂੰ ਬਲੈਕ ਹੋਲ ਜੈੱਟ ਕਹਿੰਦੇ ਹਨ। ਖੋਜੀਆਂ ਨੇ ਕਿਹਾ ਕਿ ਹੁਣ ਤੱਕ ਬਲੈਕ ਹੋਲ ਜੈੱਟ ਦੀ ਤਾਕਤ ਦੀ ਔਸਤ ਹਜ਼ਾਰਾਂ ਸਾਲਾਂ ਦੇ ਆਧਾਰ ’ਤੇ ਕੱਢੀ ਜਾਂਦੀ ਸੀ।
ਅੰਤਰਰਾਸ਼ਟਰੀ ਖੋਜੀ ਟੀਮ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਬਲੈਕ ਹੋਲ ਸਟਾਰ ਸਿਸਟਮ ’ਚੋਂ ਨਿਕਲਣ ਵਾਲੀ ਜੈੱਟ ਊਰਜਾ 10 ਹਜ਼ਾਰ ਸੂਰਜਾਂ ਦੇ ਬਰਾਬਰ ਹੈ। ਵਿਗਿਆਨੀਆਂ ਨੇ ਜੈੱਟ ਦੀ ਰਫ਼ਤਾਰ ਦਾ ਵੀ ਪਤਾ ਲਗਾਇਆ। ਇਹ ਲਗਪਗ 35 ਕਰੋੜ 50 ਲੱਖ ਮੀਲ ਪ੍ਰਤੀ ਘੰਟਾ ਹੈ, ਜੋ ਰੋਸ਼ਨੀ ਦੀ ਰਫ਼ਤਾਰ ਤੋਂ ਅੱਧਾ ਹੈ। 7200 ਪ੍ਰਕਾਸ਼ਸਾਲ ਦੂਰ ਸਥਿਤ, ਸਿਗਨਸ ਐਕਸ-1 ’ਚ ਨਾ ਸਿਰਫ ਬਲੈਕ ਹੋਲ ਹੁੰਦਾ ਹੈ, ਬਲਕਿ ਨੀਲਾ ਵੱਡਆਕਾਰੀ ਤਾਰਾ ਵੀ ਹੈ। ਇਕ ਪ੍ਰਕਾਸ਼ਸਾਲ ਲਗਪਗ ਛੇ ਟ੍ਰਿਲੀਅਨ ਮੀਲ (9.7 ਟ੍ਰਿਲੀਅਨ ਕਿਲੋਮੀਟਰ) ਦੇ ਬਰਾਬਰ ਹੁੰਦਾ ਹੈ। ਨੀਲੇ ਸੁਪਰਜਾਇੰਟ ਤਾਰੇ ਅਤਿ ਗਰਮ, ਵਿਸ਼ਾਲ ਤੇ ਚਮਕਦਾਰ ਤਾਰੇ ਹੁੰਦੇ ਹਨ। ਬਲੈਕ ਹੋਲ ਪੁਲਾੜ ’ਚ ਸਥਿਤ ਬੇਹੱਦ ਨੇੜੇ ਪਿੰਡ ਹਨ, ਜਿਨ੍ਹਾਂ ਦਾ ਗੁਰਤਾਕਰਸ਼ਣ ਇੰਨਾ ਤਾਕਤਵਰ ਹੁੰਦਾ ਹੈ ਕਿ ਰੋਸ਼ਨੀ ਬਾਹਰ ਨਹੀਂ ਨਿਕਲ ਸਕਦੀ।
ਆਕਸਫੋਰਡ ਯੂਨੀਵਰਸਿਟੀ ਦੇ ਸਟੀਵ ਪ੍ਰਬੂ ਤੇ ਉਨ੍ਹਾਂ ਦੀ ਟੀਮ ਨੇ 18 ਸਾਲਾਂ ਦੇ ਹਾਈ-ਰੈਜ਼ੋਲਿਊਸ਼ਨ ਰੇਡੀਓ ਇਮੇਜਿੰਗ ਡਾਟਾ ਦੀ ਵਰਤੋਂ ਕਰ ਕੇ ਇਨ ਜੈੱਟ ਤਾਕਤ ਤੇ ਰਫ਼ਤਾਰ ਦੀ ਗਣਨਾ ਕੀਤੀ। ਉਨ੍ਹਾਂ ਇਹ ਅਧਿਐਨ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ’ਚ ਰਹਿੰਦੇ ਹੋਏ ਕੀਤਾ ਸੀ। ਇਹ ਅਧਿਐਨ ਨੇਚਰ ਐਸਟ੍ਰੋਨਾਮੀ ’ਚ ਪ੍ਰਕਾਸ਼ਿਤ ਹੋਇਆ ਹੈ।
ਤਾਰਿਆਂ ਦੇ ਹਵਾ ਰਾਹੀਂ ਜੈੱਟਾਂ ਦੇ ਝੁਕਾਅ ਦੀ ਮਾਤਰਾ ਤੇ ਕੰਪਿਊਟਰ ਮਾਡਲਿੰਗ ਦੇ ਆਧਾਰ ’ਤੇ ਪ੍ਰਬੂ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਨ੍ਹਾਂ ਡਾਂਸਿੰਗ ਜੈੱਟ ਦੀ ਤੀਬਰ ਤਾਕਤ ਨੂੰ ਮਾਪਣ ’ਚ ਸਫਲਤਾ ਹਾਸਲ ਕੀਤੀ। ਇਸ ਅਧਿਐਨ ਨਾਲ ਪੁਸ਼ਟੀ ਹੋਈ ਹੈ ਕਿ ਬਲੈਕ ਹੋਲ ’ਚ ਡਿੱਗਣ ਵਾਲੇ ਪਦਾਰਥ ’ਚੋਂ ਨਿਕਲਣ ਵਾਲੀ ਕੁੱਲ ਊਰਜਾ ਦਾ 10 ਫ਼ੀਸਦੀ ਜੈੱਟ ਦੇ ਤੌਰ ’ਤੇ ਬਾਹਰ ਨਿਕਲਦਾ ਹੈ। ਡਾਂਸਿੰਗ ਜੈੱਟ ਬਲੈਕ ਹੋਲ ਦੀਆਂ ਅਜਿਹੀਆਂ ਤਾਕਤਵਰ ਧਾਰਾਵਾਂ ਹੁੰਦੀਆਂ ਹਨ, ਜੋ ਰੋਸ਼ਨੀ ਦੀ ਰਫ਼ਤਾਰ ਦੇ ਅੱਧੇ ਵੇਗ ਨਾਲ ਪਲਾਜ਼ਮਾ ਬਾਹਰ ਸੁੱਟਦੀਆਂ ਹਨ। ਸਿਗਨਸ ਐਕਸ-1 ’ਚ ਸਥਿਤ ਬਲੈਕ ਹੋਲ ਆਕਾਰ ’ਚ ਛੋਟਾ ਹੁੰਦਾ ਹੈ ਪਰ ਇਹ ਆਪਣੇ ਸਾਥੀ ਤਾਰੇ ਤੋਂ ਲਗਾਤਾਰ ਗੈਸਾਂ ਖਿੱਚਦਾ ਰਹਿੰਦਾ ਹੈ ਕਿਉਂਕਿ ਉਹ ਇਕ-ਦੂਜੇ ਦੀ ਪਰਿਕਰਮਾ ਕਰਦੇ ਹਨ। ਇਸ ਅਧਿਐਨ ਨਾਲ ਵਿਗਿਆਨੀ ਇਹ ਬਿਹਤਰ ਢੰਗ ਨਾਲ ਸਮਝ ਸਕਣਗੇ ਕਿ ਬਲੈਕ ਹੋਲ ਆਕਾਸ਼ਗੰਗਾਵਾਂ ਤੇ ਹੋਰਨਾਂ ਪੁਲਾੜ ਬਣਾਵਟਾਂ ਨੂੰ ਆਕਾਰ ਦੇਣ ’ਚ ਕਿਵੇਂ ਮਦਦ ਕਰਦੇ ਹਨ।