ਟਰੰਪ ਦੀ ਬੇਟੀ ਇਵਾਂਕਾ ਦੀ ਹੱਤਿਆ ਦੀ ਸਾਜ਼ਿਸ਼, IRGC ਨਾਲ ਜੁੜੇ ਏਜੰਟ 'ਤੇ ਲੱਗਾ ਦੋਸ਼; ਰਿਪੋਰਟ ਵਿੱਚ ਖ਼ੁਲਾਸਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਬੇਟੀ ਇਵਾਂਕਾ ਟਰੰਪ ਦੀ ਕਥਿਤ ਤੌਰ 'ਤੇ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਸਾਜਿਸ਼ ਨੂੰ ਇੱਕ ਇਰਾਕੀ ਗੁੱਟ ਨੇ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਰਾਨ ਦੇ 'ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ' ਨੇ ਟ੍ਰੇਨਿੰਗ ਦਿੱਤੀ ਸੀ। ਇਸ ਗੱਲ ਦਾ ਖ਼ੁਲਾਸਾ ਇੱਕ ਰਿਪੋਰਟ ਵਿੱਚ ਹੋਇਆ ਹੈ।
Publish Date: Sat, 23 May 2026 10:35 AM (IST)
Updated Date: Sat, 23 May 2026 10:38 AM (IST)

ਡਿਜੀਟਲ ਡੈਸਕ, ਨਵੀਂ ਦਿੱਲੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਬੇਟੀ ਇਵਾਂਕਾ ਟਰੰਪ ਦੀ ਕਥਿਤ ਤੌਰ 'ਤੇ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਸਾਜਿਸ਼ ਨੂੰ ਇੱਕ ਇਰਾਕੀ ਗੁੱਟ ਨੇ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਰਾਨ ਦੇ 'ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ' ਨੇ ਟ੍ਰੇਨਿੰਗ ਦਿੱਤੀ ਸੀ। ਇਸ ਗੱਲ ਦਾ ਖ਼ੁਲਾਸਾ ਇੱਕ ਰਿਪੋਰਟ ਵਿੱਚ ਹੋਇਆ ਹੈ।
ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ, ਸ਼ੱਕੀ ਦੀ ਪਛਾਣ 32 ਸਾਲਾ ਮੁਹੰਮਦ ਬਾਕਰ ਸਾਦ ਦਾਊਦ ਅਲ-ਸਾਦੀ ਵਜੋਂ ਹੋਈ ਹੈ। ਉਸ ਨੇ ਕਥਿਤ ਤੌਰ 'ਤੇ 2020 ਦੇ ਉਸ ਅਮਰੀਕੀ ਡਰੋਨ ਹਮਲੇ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਆਦੇਸ਼ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਦਿੱਤਾ ਸੀ। ਇਸ ਹਮਲੇ ਵਿੱਚ ਈਰਾਨੀ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਮਾਰੇ ਗਏ ਸਨ।
ਇਵਾਂਕਾ ਦੇ ਘਰ ਦਾ ਸੀ ਬਲੂਪ੍ਰਿੰਟ
ਖ਼ਬਰ ਮੁਤਾਬਕ, ਅਲ-ਸਾਦੀ ਕੋਲ ਇਵਾਂਕਾ ਟਰੰਪ ਦੇ ਫਲੋਰਿਡਾ ਵਾਲੇ ਘਰ ਦਾ ਬਲੂਪ੍ਰਿੰਟ ਸੀ ਅਤੇ ਉਸ ਨੇ ਕਥਿਤ ਤੌਰ 'ਤੇ ਆਨਲਾਈਨ ਧਮਕੀਆਂ ਪੋਸਟ ਕੀਤੀਆਂ ਸਨ, ਜਿਨ੍ਹਾਂ ਵਿੱਚ ਅਮਰੀਕੀਆਂ ਨੂੰ ਚਿਤਾਵਨੀ ਦਿੱਤੀ ਗਈ ਸੀ, "ਨਾ ਤਾਂ ਤੁਹਾਡੇ ਮਹਿਲ ਅਤੇ ਨਾ ਹੀ ਸੀਕਰੇਟ ਸਰਵਿਸ ਤੁਹਾਡੀ ਰੱਖਿਆ ਕਰ ਸਕੇਗੀ।"
ਇਰਾਕ ਦੇ ਸਾਬਕਾ ਡਿਪਲੋਮੈਟ ਐਂਟੀਫਾਧ ਕਾਨਬਰ ਨੇ ਅਖ਼ਬਾਰ ਨੂੰ ਦੱਸਿਆ ਕਿ ਅਲ-ਸਾਦੀ ਵਾਰ-ਵਾਰ ਇਵਾਂਕਾ ਟਰੰਪ ਦੀ ਹੱਤਿਆ ਕਰਨ ਦੀ ਗੱਲ ਕਰਦਾ ਸੀ, ਤਾਂ ਜੋ "ਟਰੰਪ ਦਾ ਘਰ ਵੀ ਉਸੇ ਤਰ੍ਹਾਂ ਸਾੜ ਦਿੱਤਾ ਜਾਵੇ, ਜਿਸ ਤਰ੍ਹਾਂ ਉਸ ਨੇ ਸਾਡਾ ਘਰ ਸਾੜਿਆ ਸੀ।"
ਤੁਰਕੀ ਵਿੱਚ ਗ੍ਰਿਫ਼ਤਾਰ ਹੋਇਆ ਮੁਲਜ਼ਮ
ਇਸ ਇਰਾਕੀ ਨਾਗਰਿਕ ਨੂੰ 15 ਮਈ ਨੂੰ ਤੁਰਕੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਦੋਸ਼ ਹੈ ਕਿ ਉਹ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ 18 ਹਮਲਿਆਂ ਅਤੇ ਹਮਲਿਆਂ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਸੀ। ਇਨ੍ਹਾਂ ਵਿੱਚ ਕਥਿਤ ਤੌਰ 'ਤੇ ਅੱਗਜ਼ਨੀ, ਗੋਲੀਬਾਰੀ, ਚਾਕੂਬਾਜ਼ੀ ਅਤੇ ਯਹੂਦੀ ਸਥਾਨਾਂ ਤੇ ਅਮਰੀਕੀ ਡਿਪਲੋਮੈਟਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਸ਼ਾਮਲ ਹਨ।
ਨਿਊਜ਼ ਰਿਪੋਰਟ ਵਿੱਚ ਦੱਸਿਆ ਗਿਆ ਕਿ ਅਲ-ਸਾਦੀ ਇਰਾਨ-ਸਮਰਥਿਤ ਮਿਲੀਸ਼ੀਆ 'ਕਤਾਇਬ ਹਿਜ਼ਬੁੱਲਾ' ਵੱਲੋਂ ਕੰਮ ਕਰਦਾ ਸੀ ਅਤੇ IRGC ਨਾਲ ਉਸ ਦੇ ਨਜ਼ਦੀਕੀ ਸਬੰਧ ਸਨ। ਖੋਜਕਰਤਾ ਅਤੇ ਸਾਬਕਾ ਬੰਧਕ ਐਲਿਜ਼ਾਬੈਥ ਤਸੁਰਕੋਵ ਨੇ ਕਥਿਤ ਤੌਰ 'ਤੇ ਕਿਹਾ ਕਿ ਸ਼ੱਕੀ ਦੇ ਸੁਲੇਮਾਨੀ ਨਾਲ ਅਤੇ ਬਾਅਦ ਵਿੱਚ ਉਨ੍ਹਾਂ ਦੇ ਉੱਤਰਾਧਿਕਾਰੀ ਇਸਮਾਈਲ ਕਾਨੀ ਨਾਲ ਨਜ਼ਦੀਕੀ ਸਬੰਧ ਸਨ।
ਸੋਸ਼ਲ ਮੀਡੀਆ 'ਤੇ ਅਕਸਰ ਕਰਦਾ ਸੀ ਪੋਸਟ
ਜਾਂਚਕਰਤਾਵਾਂ ਦਾ ਇਹ ਵੀ ਦੋਸ਼ ਹੈ ਕਿ ਅਲ-ਸਾਦੀ ਨੇ ਦੇਸ਼ਾਂ ਵਿਚਾਲੇ ਆਉਣ-ਜਾਣ ਅਤੇ ਅੱਤਵਾਦੀ ਗੁੱਟਾਂ ਨਾਲ ਤਾਲਮੇਲ ਬਿਠਾਉਣ ਲਈ ਇੱਕ ਇਰਾਕੀ ਸਰਵਿਸ ਪਾਸਪੋਰਟ ਅਤੇ ਇੱਕ ਟ੍ਰੈਵਲ ਏਜੰਸੀ ਦੀ ਵਰਤੋਂ ਓਹਲੇ (ਆੜ) ਵਜੋਂ ਕੀਤੀ। ਆਪਣੀ ਕਥਿਤ ਗੁਪਤ ਭੂਮਿਕਾ ਦੇ ਬਾਵਜੂਦ, ਉਹ ਅਕਸਰ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਸੀ, ਜਿਸ ਵਿੱਚ ਉਹ ਯੂਰਪੀਅਨ ਮਸ਼ਹੂਰ ਥਾਵਾਂ ਤੋਂ ਆਪਣੀਆਂ ਸੈਲਫੀਆਂ ਅਤੇ ਹਥਿਆਰਾਂ ਨਾਲ ਜੁੜੀਆਂ ਤਸਵੀਰਾਂ ਸ਼ੇਅਰ ਕਰਦਾ ਸੀ।
ਨਿਊਯਾਰਕ ਪੋਸਟ ਦੇ ਅਨੁਸਾਰ, ਅਲ-ਸਾਦੀ ਨੂੰ ਫਿਲਹਾਲ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਇਕਾਂਤ ਕਾਰਾਵਾਸ (solitary confinement) ਵਿੱਚ ਰੱਖਿਆ ਗਿਆ ਹੈ, ਜਦਕਿ ਅਮਰੀਕੀ ਅਧਿਕਾਰੀ ਆਪਣੀ ਜਾਂਚ ਜਾਰੀ ਰੱਖ ਰਹੇ ਹਨ।