ਵਿਆਹ ਦਾ ਦਿਨ ਹਰ ਕਿਸੇ ਲਈ ਖ਼ਾਸ ਹੁੰਦਾ ਹੈ ਅਤੇ ਉਸ ਤੋਂ ਵੀ ਖ਼ਾਸ ਹੁੰਦੀ ਹੈ ਉਸ ਦਿਨ ਪਹਿਨੀ ਜਾਣ ਵਾਲੀ ਡਰੈੱਸ। ਪਰ ਅੱਜ-ਕੱਲ੍ਹ ਵੇਡਿੰਗ ਇੰਡਸਟਰੀ ਇੱਕ ਅਨੋਖੀ ਚੁਣੌਤੀ ਨਾਲ ਜੂਝ ਰਹੀ ਹੈ। ਅਮਰੀਕਾ ਵਿੱਚ ਹੁਣ ਵਿਆਹਾਂ ਦੇ ਬਾਜ਼ਾਰ ਵਿੱਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਦੁਲਹਨਾਂ ਨੂੰ ਆਪਣੀ ਮਨਪਸੰਦ ਡਰੈੱਸ ਖਰੀਦਣ ਦੇ ਨਾਲ-ਨਾਲ ਇੱਕ ਕਾਨੂੰਨੀ ਦਸਤਾਵੇਜ਼ 'ਤੇ ਵੀ ਦਸਤਖਤ ਕਰਨੇ ਪੈ ਰਹੇ ਹਨ।

ਵੇਡਿੰਗ ਇੰਡਸਟਰੀ ਵਿੱਚ ਇਸ ਵੱਡੇ ਬਦਲਾਅ ਦੀ ਵਜ੍ਹਾ ਭਾਰ ਘਟਾਉਣ ਵਾਲੀਆਂ ਦਵਾਈਆਂ ਹਨ। ਇਹ ਦਵਾਈਆਂ ਇੰਨੀ ਤੇਜ਼ੀ ਨਾਲ ਅਸਰ ਦਿਖਾਉਂਦੀਆਂ ਹਨ ਕਿ ਔਰਤਾਂ ਦਾ ਭਾਰ ਹਫ਼ਤਿਆਂ ਦੇ ਅੰਦਰ ਹੀ ਘਟ ਜਾਂਦਾ ਹੈ। ਪਹਿਲਾਂ ਦੁਲਹਨਾਂ ਆਪਣੇ ਵਿਆਹ ਤੋਂ 5-6 ਮਹੀਨੇ ਪਹਿਲਾਂ ਡਰੈੱਸ ਚੁਣ ਲੈਂਦੀਆਂ ਸਨ ਅਤੇ ਫਿਟਿੰਗ ਦਾ ਕੰਮ ਤਸੱਲੀ ਨਾਲ ਹੁੰਦਾ ਸੀ। ਪਰ ਹੁਣ ਭਾਰ ਤੇਜ਼ੀ ਨਾਲ ਘਟਣ ਕਾਰਨ ਹਰ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਕੱਪੜੇ ਢਿੱਲੇ ਹੋਣ ਲੱਗਦੇ ਹਨ, ਜਿਸ ਕਾਰਨ ਟੇਲਰਾਂ ਅਤੇ ਡਿਜ਼ਾਈਨਰਾਂ ਲਈ ਡਰੈੱਸ ਨੂੰ ਸਹੀ ਫਿਟਿੰਗ ਦੇਣਾ ਇੱਕ ਵੱਡੀ ਮੁਸੀਬਤ ਬਣ ਗਿਆ ਹੈ।
ਤਾਜ਼ਾ ਸਰਵੇਖਣ ਦੇ ਹੈਰਾਨੀਜਨਕ ਅੰਕੜੇ ਦੱਸਦੇ ਹਨ ਕਿ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਰ 10 ਵਿੱਚੋਂ ਇੱਕ ਜੋੜਾ ਭਾਰ ਘਟਾਉਣ ਵਾਲੀਆਂ ਦਵਾਈਆਂ ਦਾ ਸਹਾਰਾ ਲੈ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਅੱਧੇ ਤੋਂ ਵੱਧ ਲੋਕਾਂ ਨੇ ਇਹਨਾਂ ਦਵਾਈਆਂ ਦੀ ਵਰਤੋਂ ਸਿਰਫ਼ ਇਸ ਲਈ ਸ਼ੁਰੂ ਕੀਤੀ ਤਾਂ ਜੋ ਉਹ ਆਪਣੇ ਵਿਆਹ ਦੇ ਦਿਨ ਫਿੱਟ ਦਿਖ ਸਕਣ।
ਇਸ ਵਧਦੇ ਰੁਝਾਨ ਕਰਕੇ ਹੁਣ ਲੋਕ ਵਿਆਹ ਦੇ ਬਿਲਕੁਲ ਨਜ਼ਦੀਕ ਆਉਣ 'ਤੇ ਡਰੈੱਸ ਖਰੀਦਣਾ ਪਸੰਦ ਕਰ ਰਹੇ ਹਨ। ਪਿਛਲੇ ਦੋ ਸਾਲਾਂ ਵਿੱਚ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਡਰੈੱਸਾਂ ਦੀ ਮੰਗ ਵਿੱਚ 50% ਦਾ ਭਾਰੀ ਵਾਧਾ ਦੇਖਿਆ ਗਿਆ ਹੈ।
ਦੁਲਹਨਾਂ ਦੇ ਤੇਜ਼ੀ ਨਾਲ ਬਦਲਦੇ ਸਰੀਰਕ ਆਕਾਰ ਨੂੰ ਦੇਖਦੇ ਹੋਏ ਹੁਣ ਬ੍ਰਾਈਡਲ ਸਟੂਡੀਓ ਦੇ ਮਾਲਕ ਵੀ ਆਪਣੀ ਰਣਨੀਤੀ ਬਦਲ ਰਹੇ ਹਨ। ਹੁਣ ਅਜਿਹੀਆਂ ਡਰੈੱਸਾਂ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਪਿੱਛੇ ਦੀ ਤਰਫ਼ ਚੈਨ ਦੀ ਬਜਾਏ ਲੇਸ-ਅੱਪ ਜਾਂ ਡੋਰੀ ਵਾਲੇ ਵਿਕਲਪ ਹੋਣ, ਤਾਂ ਜੋ ਫਿਟਿੰਗ ਨੂੰ ਆਸਾਨੀ ਨਾਲ ਘਟਾਇਆ ਜਾਂ ਵਧਾਇਆ ਜਾ ਸਕੇ।
ਇੱਕ ਡਿਜ਼ਾਈਨਰ ਗਾਊਨ ਦੀ ਕੀਮਤ ਲੱਖਾਂ ਵਿੱਚ ਹੁੰਦੀ ਹੈ ਅਤੇ ਇੰਨਾ ਪੈਸਾ ਖਰਚ ਕਰਨ ਵਾਲੀਆਂ ਦੁਲਹਨਾਂ ਹਰ ਸਿਲਾਈ ਵਿੱਚ ਪਰਫੈਕਸ਼ਨ ਦੀ ਉਮੀਦ ਰੱਖਦੀਆਂ ਹਨ। ਜਿੱਥੇ ਮਰਦਾਂ ਦੇ ਸੂਟ ਨੂੰ ਐਡਜਸਟ ਕਰਨਾ ਆਸਾਨ ਹੁੰਦਾ ਹੈ, ਉੱਥੇ ਹੀ ਬ੍ਰਾਈਡਲ ਗਾਊਨ ਦੇ ਮਾਮਲੇ ਵਿੱਚ ਹਰ ਇੱਕ ਇੰਚ ਦੀ ਬਾਰੀਕੀ ਮਾਇਨੇ ਰੱਖਦੀ ਹੈ। ਇਸੇ ਕਾਰਨ ਕੰਪਨੀਆਂ ਹੁਣ ਹਜ਼ਾਰਾਂ ਟੇਲਰਿੰਗ ਮਾਹਿਰਾਂ ਤੋਂ ਓਵਰਟਾਈਮ ਕਰਵਾ ਰਹੀਆਂ ਹਨ।