ਪੈਂਟਾਗਨ ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਜਿਸ ਵਿਚ 2049 ਤੱਕ ਚੀਨ ਦੇ ‘ਕਾਇਆਕਲਪ’ ਦੀ ਰਣਨੀਤੀ ਦਾ ਜ਼ਿਕਰ ਹੈ, ਨਿਊਸ਼ਮ ਨੇ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪੀਐੱਲਏ (ਪੀਪਲਜ਼ ਲਿਬਰੇਸ਼ਨ ਆਰਮੀ) ਵਿਚ ਕੀਤੀਆਂ ਗਈਆਂ ਹਾਲੀਆ ਤਬਦੀਲੀਆਂ ਨੂੰ ਪਰਖਣ ਲਈ ਕਿਸੇ ਮੋਰਚੇ ’ਤੇ ਯੁੱਧ ਦਾ ਸਹਾਰਾ ਲੈ ਸਕਦੇ ਹਨ। ਚੀਨ 2049 ਤੱਕ ਆਪਣੇ ਆਪ ਨੂੰ ਆਲਮੀ ਮਹਾਸ਼ਕਤੀ ਵਜੋਂ ਸਥਾਪਿਤ ਕਰਨਾ ਚਾਹੁੰਦਾ ਹੈ।

ਨਵੀਂ ਦਿੱਲੀ (ਏਜੰਸੀ) : ਜਦੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸਮੇਂ ਤਾਇਵਾਨ ’ਤੇ ਟਿਕੀਆਂ ਹਨ ਤਾਂ ਉੱਧਰ ਇਕ ਸਾਬਕਾ ਅਮਰੀਕੀ ਮਰੀਨ ਇੰਟੈਲੀਜੈਂਸ ਅਧਿਕਾਰੀ ਗ੍ਰਾਂਟ ਨਿਊਸ਼ਮ ਨੇ ਭਾਰਤ ਲਈ ਇਕ ਹੈਰਾਨ ਕਰਨ ਵਾਲੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਤਾਇਵਾਨ ਦੇ ਸ਼ੋਰ ਦਰਮਿਆਨ ਚੀਨ ਕਿਸੇ ਹੋਰ ਦੇਸ਼, ਖਾਸ ਕਰ ਕੇ ਭਾਰਤ ’ਤੇ ਹਮਲਾ ਕਰ ਸਕਦਾ ਹੈ। ਉਨ੍ਹਾਂ ਨੇ ਭਾਰਤ ਨੂੰ ਚੀਨ ਦੇ ਇਰਾਦਿਆਂ ’ਤੇ ਭਰੋਸਾ ਨਾ ਕਰਨ ਅਤੇ ਹਰ ਸਮੇਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਪੈਂਟਾਗਨ ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਜਿਸ ਵਿਚ 2049 ਤੱਕ ਚੀਨ ਦੇ ‘ਕਾਇਆਕਲਪ’ ਦੀ ਰਣਨੀਤੀ ਦਾ ਜ਼ਿਕਰ ਹੈ, ਨਿਊਸ਼ਮ ਨੇ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਪੀਐੱਲਏ (ਪੀਪਲਜ਼ ਲਿਬਰੇਸ਼ਨ ਆਰਮੀ) ਵਿਚ ਕੀਤੀਆਂ ਗਈਆਂ ਹਾਲੀਆ ਤਬਦੀਲੀਆਂ ਨੂੰ ਪਰਖਣ ਲਈ ਕਿਸੇ ਮੋਰਚੇ ’ਤੇ ਯੁੱਧ ਦਾ ਸਹਾਰਾ ਲੈ ਸਕਦੇ ਹਨ। ਚੀਨ 2049 ਤੱਕ ਆਪਣੇ ਆਪ ਨੂੰ ਆਲਮੀ ਮਹਾਸ਼ਕਤੀ ਵਜੋਂ ਸਥਾਪਿਤ ਕਰਨਾ ਚਾਹੁੰਦਾ ਹੈ।
ਤਾਇਵਾਨ ਸਿਰਫ਼ ਇਕ ‘ਧੋਖਾ’ ਹੋ ਸਕਦਾ ਹੈ
ਨਿਊਸ਼ਮ ਨੇ ਕਿਹਾ ਕਿ ਤੁਹਾਨੂੰ ਹਮੇਸ਼ਾ ਉੱਥੇ ਦੇਖਣਾ ਚਾਹੀਦਾ ਹੈ ਜਿੱਥੇ ਬਾਕੀ ਸਭ ਦੀਆਂ ਨਜ਼ਰਾਂ ਨਹੀਂ ਹਨ। ਜਦੋਂ ਪੂਰਾ ਧਿਆਨ ਤਾਇਵਾਨ ’ਤੇ ਕੇਂਦਰਿਤ ਹੋਵੇ ਤਾਂ ਤੁਹਾਨੂੰ ਹੋਰ ਸੰਭਾਵਿਤ ਥਾਵਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ। ਚੀਨ ਦੀ ਪੂਰੀ ਪ੍ਰਣਾਲੀ, ਪੀਆਰ (ਪਬਲਿਕ ਰਿਲੇਸ਼ਨਜ਼) ਰਣਨੀਤੀ ਪੂਰੀ ਤਰ੍ਹਾਂ ਧੋਖੇ ’ਤੇ ਆਧਾਰਿਤ ਹੈ। ਤਾਇਵਾਨ ਦੇ ਨਾਂ ’ਤੇ ਦੁਨੀਆ ਨੂੰ ਉਲਝਾ ਕੇ ਚੀਨ ਭਾਰਤ, ਦੱਖਣੀ ਕੋਰੀਆ, ਦੱਖਣੀ ਜਾਪਾਨ ਜਾਂ ਫਿਲਪੀਨਸ ਵਰਗੇ ਖੇਤਰਾਂ ਵਿਚ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰ ਸਕਦਾ ਹੈ। ਭਾਰਤ ਯਕੀਨੀ ਤੌਰ ’ਤੇ ਚੀਨ ਦੀ ਉਸ ਸੂਚੀ ਵਿਚ ਸਿਖਰ ’ਤੇ ਹੈ ਜਿੱਥੇ ਉਹ ਹੈਰਾਨ ਕਰਨ ਵਾਲੀ ਕਾਰਵਾਈ ਕਰ ਸਕਦਾ ਹੈ।
ਗਲਵਾਨ ਦੀ ਮਿਸਾਲ, ਚੀਨੀ ਫ਼ੌਜ ਦੀ ਤਿਆਰੀ
ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਚੀਨੀ ਫੌਜ (ਪੀਐੱਲਏ) ਨੇ ਦਹਾਕਿਆਂ ਤੋਂ ਕੋਈ ਵੱਡਾ ਯੁੱਧ ਨਹੀਂ ਲੜਿਆ ਅਤੇ ਉਹ ‘ਅਨਟੈਸਟਡ’ ਹੈ। ਹਾਲਾਂਕਿ ਨਿਊਸ਼ਮ ਨੇ ਇਸ ਧਾਰਣਾ ਨੂੰ ਖਾਰਜ ਕਰਦਿਆਂ ਲੱਦਾਖ ਦੇ ਗਲਵਾਨ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ ਚੀਨੀ ਫ਼ੌਜੀਆਂ ਭਾਰਤੀ ਫੌਜ ਨਾਲ ਆਹਮੋ- ਸਾਹਮਣੇ ਦੀ ਹਿੰਸਕ ਝੜਪ ਕੀਤੀ ਸੀ ਜਿਸ ਵਿਚ ਚੀਨ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚੀਨ ਭਾਵੇਂ ‘ਸ਼ਾਂਤੀ ਦੀ ਬਿਮਾਰੀ’ ਦੀ ਗੱਲ ਕਰਦਾ ਹੋਵੇ ਪਰ ਉਹ ਲਗਾਤਾਰ ਕਠੋਰ ਸਿਖਲਾਈ ਲੈ ਰਹੇ ਹਨ।
ਭਾਰਤ-ਅਮਰੀਕਾ ਸੰਬੰਧਾਂ ਵਿਚ ਗੋਰ ਦੀ ਭੂਮਿਕਾ ਅਹਿਮ
ਭਾਰਤ ਤੇ ਅਮਰੀਕਾ ਵੱਲੋਂ ਵਪਾਰ ਸਮਝੌਤੇ ’ਤੇ ਗੱਲਬਾਤ ਪੂਰੀ ਹੋਣ ਦੇ ਐਲਾਨ ਦੇ ਇਕ ਦਿਨ ਬਾਅਦ ਨਿਊਸ਼ਮ ਨੇ ਭਾਰਤ ਵਿਚ ਅਮਰੀਕੀ ਰਾਜਦੂਤ ਸਰਜਿਓ ਗੋਰ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੋਰ ਰਾਸ਼ਟਰਪਤੀ ਟਰੰਪ ਦੇ ਬਹੁਤ ਨੇੜੇ ਰਹੇ ਹਨ ਅਤੇ ਰਾਜਦੂਤ ਵਜੋਂ ਉਨ੍ਹਾਂ ਦੀ ਨਿਯੁਕਤੀ ਭਾਰਤ-ਅਮਰੀਕਾ ਸੰਬੰਧਾਂ ਲਈ ਇਕ ਵੱਡਾ ਸੰਕੇਤ ਹੈ।