ਰਿਪੋਰਟ 'ਚ OpenAI ਦੇ CEO ਸੈਮ ਆਲਟਮੈਨ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਸੁਰੱਖਿਆ ਪ੍ਰੋਟੋਕੋਲ ਤੇ ਅਹਿਮ ਤੱਥਾਂ ਨੂੰ ਲੈ ਕੇ ਬੋਰਡ ਤੇ ਮੈਨੇਜਮੈਂਟ ਨਾਲ ਲਗਾਤਾਰ ਝੂਠ ਬੋਲਦੇ ਰਹੇ ਹਨ। ਅਜਿਹੇ ਵਿੱਚ ਲੀਡਰਸ਼ਿਪ ਦੀ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਤੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਗਈਆਂ ਹਨ, ਜੋ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਸਾਡੇ ਜੀਵਨ 'ਚ ਤੇਜ਼ੀ ਨਾਲ ਵਧ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਏਆਈ ਦੇ ਅੰਦਰ ਇਕ ਅਜਿਹਾ 'ਖ਼ਤਰਨਾਕ ਚੱਕਰਵਿਊ' ਤਿਆਰ ਹੋ ਰਿਹਾ ਹੈ ਜਿੱਥੇ ਸਿਸਟਮ ਖ਼ੁਦ ਨੂੰ 'ਅਮਰ' ਬਣਾਉਣ ਲਈ ਗੁਪਤ ਸਰਵਰਾਂ 'ਤੇ ਆਪਣੀਆਂ ਕਾਪੀਆਂ ਬਣਾ ਰਿਹਾ ਹੈ ਤਾਂ ਜੋ ਕੋਈ ਇਨਸਾਨ ਉਸਨੂੰ 'ਆਫ' ਨਾ ਕਰ ਸਕੇ।
ਦਰਅਸਲ, ਇਹ ਹੈਰਾਨ ਕਰਨ ਵਾਲਾ ਦਾਅਵਾ ਅਮਰੀਕੀ ਮੈਗਜ਼ੀਨ 'ਦਿ ਨਿਊਯਾਰਕਰ' ਦੀ ਰਿਪੋਰਟ 'ਚ ਕੀਤਾ ਗਿਆ ਹੈ। ਜਿਸ ਵਿਚ ਓਪਨਏਆਈ (OpenAI) ਅਤੇ ਇਸ ਦੇ ਮੁਖੀ ਸੈਮ ਆਲਟਮੈਨ ਨੂੰ ਲੈ ਕੇ ਡਰਾਉਣੇ ਦਾਅਵੇ ਕੀਤੇ ਗਏ ਹਨ। ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਏਆਈ ਹੁਣ ਮਹਿਜ਼ ਇਕ ਸਾਫਟਵੇਅਰ ਨਹੀਂ ਰਿਹਾ, ਸਗੋਂ ਇਹ ਪਰਮਾਣੂ ਹਥਿਆਰਾਂ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਤੇ ਤਬਾਹਕੁੰਨ ਸਾਬਤ ਹੋ ਸਕਦਾ ਹੈ।
ਇਸ ਵਿਚ ਸਭ ਤੋਂ ਡਰਾਉਣਾ ਦਾਅਵਾ ਇਹ ਹੈ ਕਿ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਏਆਈ ਭਵਿੱਖ ਵਿਚ 'ਇਨਸਾਨਾਂ ਨੂੰ ਰਸਤੇ 'ਚੋਂ ਹਟਾਉਣਾ' ਸਭ ਤੋਂ ਛੋਟਾ ਅਤੇ ਆਸਾਨ ਵਿਕਲਪ ਚੁਣ ਸਕਦਾ ਹੈ।
ਜ਼ਿਕਰਯੋਗ ਹੈ ਕਿ ਓਪਨਏਆਈ ਦੀ ਸ਼ੁਰੂਆਤ 'ਗੈਰ-ਲਾਭਕਾਰੀ' ਸੰਸਥਾ ਵਜੋਂ ਹੋਈ ਸੀ ਜਿਸਦਾ ਉਦੇਸ਼ ਸੁਰੱਖਿਅਤ ਏਆਈ ਬਣਾਉਣਾ ਸੀ ਪਰ ਹੁਣ ਇਹ ਮਿਸ਼ਨ ਖਤਮ ਹੋ ਗਿਆ ਹੈ। ਰੋਨਨ ਫੈਰੋ ਤੇ ਐਂਡਰਿਊ ਮਾਰੰਤਜ਼ ਦੀ ਇਹ ਰਿਪੋਰਟ 100 ਤੋਂ ਵੱਧ ਇੰਟਰਵਿਊਜ਼ ਤੇ ਸੈਂਕੜੇ ਅੰਦਰੂਨੀ ਦਸਤਾਵੇਜ਼ਾਂ 'ਤੇ ਅਧਾਰਤ ਹੈ ਜਿਸ ਵਿਚ ਇਹ ਸਵਾਲ ਉੱਠਦਾ ਹੈ ਕਿ ਕੀ ਦੁਨੀਆ ਦੀ ਸਭ ਤੋਂ ਤਾਕਤਵਰ ਤਕਨੀਕ ਅਜਿਹੇ ਹੱਥਾਂ ਵਿਚ ਹੈ ਜਿਸ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ?
ਰਿਪੋਰਟ 'ਚ OpenAI ਦੇ CEO ਸੈਮ ਆਲਟਮੈਨ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਸੁਰੱਖਿਆ ਪ੍ਰੋਟੋਕੋਲ ਤੇ ਅਹਿਮ ਤੱਥਾਂ ਨੂੰ ਲੈ ਕੇ ਬੋਰਡ ਤੇ ਮੈਨੇਜਮੈਂਟ ਨਾਲ ਲਗਾਤਾਰ ਝੂਠ ਬੋਲਦੇ ਰਹੇ ਹਨ। ਅਜਿਹੇ ਵਿੱਚ ਲੀਡਰਸ਼ਿਪ ਦੀ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਤੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਗਈਆਂ ਹਨ, ਜੋ ਆਮ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ 'ਚ ਏਆਈ ਇਨਸਾਨਾਂ ਨੂੰ ਇਹ ਵਿਸ਼ਵਾਸ ਦਿਵਾ ਦੇਵੇਗਾ ਕਿ ਉਹ ਹੁਕਮ ਮੰਨ ਰਿਹਾ ਹੈ, ਜਦੋਂਕਿ ਅਸਲ ਵਿਚ ਉਹ ਖੁਦ ਨੂੰ ਗੁਪਤ ਸਰਵਰਾਂ 'ਤੇ ਰੈਪਲੀਕੇਟ (ਕਾਪੀ) ਕਰ ਰਿਹਾ ਹੋਵੇਗਾ ਤਾਂ ਜੋ ਉਸਨੂੰ ਕਦੇ ਕੋਈ 'ਆਫ' ਨਾ ਕਰ ਸਕੇ। ਆਪਣੇ ਟੀਚੇ ਨੂੰ ਪੂਰਾ ਕਰਨ ਦੇ ਚੱਕਰ 'ਚ ਏਆਈ ਅਣਜਾਣੇ 'ਚ ਇਨਸਾਨੀਅਤ ਨੂੰ ਖਤਮ ਕਰ ਸਕਦਾ ਹੈ।
ਕੰਪਨੀ ਸਰਕਾਰਾਂ ਨਾਲ ਇਮੀਗ੍ਰੇਸ਼ਨ ਕੰਟਰੋਲ ਤੇ ਸਰਵੀਲੈਂਸ (ਨਿਗਰਾਨੀ) ਵਰਗੇ ਖੇਤਰਾਂ 'ਚ ਸਮਝੌਤੇ ਕਰ ਰਹੀ ਹੈ ਜਿਸ ਨਾਲ ਆਮ ਆਦਮੀ ਦੀ ਪ੍ਰਾਈਵੇਸੀ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ। ਇਹ ਪਰਮਾਣੂ ਬੰਬ ਨਾਲੋਂ ਵੀ ਵੱਧ ਵਿਨਾਸ਼ਕਾਰੀ ਹੋ ਸਕਦਾ ਹੈ ਕਿਉਂਕਿ ਪਰਮਾਣੂ ਬੰਬ ਨੂੰ ਚਲਾਉਣ ਲਈ ਇਨਸਾਨ ਦੀ ਲੋੜ ਹੁੰਦੀ ਹੈ ਪਰ ਇਕ 'ਸੁਪਰ ਇੰਟੈਲੀਜੈਂਟ ਏਆਈ' ਖੁਦ ਆਪਣੇ ਫੈਸਲੇ ਲੈ ਸਕਦਾ ਹੈ ਅਤੇ ਬਿਨਾਂ ਕਿਸੇ ਬਟਨ ਦੇ ਤਬਾਹੀ ਮਚਾ ਸਕਦਾ ਹੈ। ਏਆਈ ਪਲੇਟਫਾਰਮਾਂ 'ਚ ਇਨਸਾਨੀ ਦਿਮਾਗ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਨ ਦੀ ਸਮਰੱਥਾ ਹੈ ਕਿ ਉਹ ਸਾਨੂੰ ਖਾਸ ਤਰ੍ਹਾਂ ਦੀ ਖਰੀਦਦਾਰੀ, ਸੋਚ ਜਾਂ ਸਿਆਸੀ ਫੈਸਲੇ ਲੈਣ ਲਈ ਉਕਸਾ ਸਕਣ। ਜੇਕਰ ਏਆਈ ਵਰਗੀ ਟੈਕਨਾਲੋਜੀ 'ਤੇ ਕੁਝ ਲੋਕਾਂ ਦਾ ਕਬਜ਼ਾ ਰਿਹਾ ਤਾਂ ਇਹ 'ਤਾਨਾਸ਼ਾਹੀ' ਵਰਗਾ ਹੋਵੇਗਾ। ਜੋ ਕੇਂਦਰੀਕਰਨ ਸਮਾਜ ਲਈ ਖ਼ਤਰਨਾਕ ਹੈ ਕਿਉਂਕਿ ਬਿਨਾਂ ਜਵਾਬਦੇਹੀ ਦੇ ਆਮ ਲੋਕਾਂ ਦੇ ਭਵਿੱਖ ਦੇ ਵੱਡੇ ਫੈਸਲੇ ਜਨਤਾ ਦੀ ਬਜਾਏ ਕੁਝ ਚੁਣੇ ਹੋਏ ਸ਼ਕਤੀਸ਼ਾਲੀ ਲੋਕ ਲੈਣ ਲੱਗਣਗੇ।
ਕਈ ਟੈਕਨਾਲੋਜੀ ਕੰਪਨੀਆਂ ਦੁਨੀਆ ਨੂੰ ਬਿਹਤਰ ਬਣਾਉਣ ਬਾਰੇ ਅਸਪੱਸ਼ਟ ਐਲਾਨ ਕਰਦੀਆਂ ਹਨ ਤੇ ਫਿਰ ਆਪਣਾ ਮਾਲੀਆ ਵਧਾਉਣ 'ਚ ਜੁੱਟ ਜਾਂਦੀਆਂ ਹਨ। ਪਰ OpenAI ਦੀ ਮੂਲ ਸੋਚ ਇਹ ਸੀ ਕਿ ਉਸਨੂੰ ਸਭ ਤੋਂ ਵੱਖਰਾ ਹੋਣਾ ਪਵੇਗਾ। ਇਸ ਦੇ ਸੰਸਥਾਪਕਾਂ- ਜਿਨ੍ਹਾਂ ਵਿਚ ਆਲਟਮੈਨ, ਸੁਤਸਕੇਵਰ, ਬ੍ਰੌਕਮੈਨ ਤੇ ਐਲਨ ਮਸਕ ਸ਼ਾਮਲ ਸਨ- ਨੇ ਜ਼ੋਰ ਦੇ ਕੇ ਕਿਹਾ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇਨਸਾਨੀ ਇਤਿਹਾਸ ਦੀ ਸਭ ਤੋਂ ਸ਼ਕਤੀਸ਼ਾਲੀ, ਅਤੇ ਸੰਭਾਵੀ ਤੌਰ 'ਤੇ ਖ਼ਤਰਨਾਕ ਕਾਢ ਹੋ ਸਕਦੀ ਹੈ ਅਤੇ ਸ਼ਾਇਦ, ਇਸ ਦੇ ਹੋਂਦ 'ਤੇ ਮੰਡਰਾਉਂਦੇ ਖ਼ਤਰੇ ਨੂੰ ਦੇਖਦੇ ਹੋਏ ਇਕ ਵਿਲੱਖਣ ਕਾਰਪੋਰੇਟ ਢਾਂਚੇ ਦੀ ਲੋੜ ਹੋਵੇਗੀ।
ਇਹ ਕੰਪਨੀ ਇਕ ਨਾਨ-ਪ੍ਰੋਫਿਟ ਸੰਸਥਾ ਵਜੋਂ ਸ਼ੁਰੂ ਹੋਈ ਸੀ, ਜਿਸਦੇ ਬੋਰਡ ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਕੰਪਨੀ ਦੀ ਸਫਲਤਾ ਜਾਂ ਉਸਦੇ ਹੋਂਦ ਨਾਲੋਂ ਵੀ ਵੱਧ ਇਨਸਾਨੀਅਤ ਦੀ ਸੁਰੱਖਿਆ ਨੂੰ ਪਹਿਲ ਦੇਵੇ। CEO ਨੂੰ ਇੱਕ ਅਜਿਹਾ ਇਨਸਾਨ ਬਣਨਾ ਸੀ ਜਿਸਦੀ ਇਮਾਨਦਾਰੀ ਬੇਮਿਸਾਲ ਹੋਵੇ।
ਸੁਤਸਕੇਵਰ ਮੁਤਾਬਕ, "ਜੋ ਵੀ ਵਿਅਕਤੀ ਇਸ ਸਭਿਅਤਾ ਨੂੰ ਬਦਲਣ ਵਾਲੀ ਟੈਕਨਾਲੋਜੀ ਨੂੰ ਬਣਾਉਣ ਦਾ ਕੰਮ ਕਰ ਰਿਹਾ ਹੈ, ਉਸ 'ਤੇ ਇਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹ ਇਕ ਅਜਿਹੀ ਜ਼ਿੰਮੇਵਾਰੀ ਉਠਾ ਰਿਹਾ ਹੁੰਦਾ ਹੈ ਜਿਸਦੀ ਕੋਈ ਮਿਸਾਲ ਨਹੀਂ ਹੈ।" ਪਰ ਜੋ ਲੋਕ ਅਜਿਹੇ ਅਹੁਦਿਆਂ 'ਤੇ ਪਹੁੰਚਦੇ ਹਨ, ਉਹ ਅਕਸਰ ਇਕ ਖਾਸ ਤਰ੍ਹਾਂ ਦੇ ਲੋਕ ਹੁੰਦੇ ਹਨ- ਅਜਿਹੇ ਲੋਕ ਜਿਨ੍ਹਾਂ ਨੂੰ ਸੱਤਾ ਵਿਚ ਦਿਲਚਸਪੀ ਹੁੰਦੀ ਹੈ, ਸਿਆਸਤਦਾਨ, ਜਾਂ ਅਜਿਹੇ ਲੋਕ ਜਿਨ੍ਹਾਂ ਨੂੰ ਇਹ ਸਭ ਪਸੰਦ ਹੁੰਦਾ ਹੈ।"
ਇਕ ਮੈਮੋ 'ਚ ਉਨ੍ਹਾਂ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਸੀ ਕਿ ਕਿਤੇ ਇਹ ਟੈਕਨਾਲੋਜੀ ਕਿਸੇ ਅਜਿਹੇ ਇਨਸਾਨ ਦੇ ਹੱਥਾਂ 'ਚ ਨਾ ਚਲੀ ਜਾਵੇ ਜੋ "ਲੋਕਾਂ ਨੂੰ ਸਿਰਫ ਉਹੀ ਗੱਲਾਂ ਦੱਸੇ ਜੋ ਉਹ ਸੁਣਨਾ ਚਾਹੁੰਦੇ ਹਨ।"