ਲੰਡਨ ਵਿੱਚ ਧੂਮਧਾਮ ਨਾਲ ਮਨਾਈ ਗਈ ਵਿਜੇ ਮਾਲਿਆ ਦੀ 70ਵੀਂ ਜਨਮਦਿਨ ਪਾਰਟੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਆਈ.ਪੀ.ਐਲ. (IPL) ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਖੁਦ ਨੂੰ ਅਤੇ ਮਾਲਿਆ ਨੂੰ 'ਭਾਰਤ ਦੇ ਦੋ ਸਭ ਤੋਂ ਵੱਡੇ ਭਗੌੜੇ' ਦੱਸ ਰਹੇ ਹਨ। ਦੋਵੇਂ ਹੱਸਦੇ ਹੋਏ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਭੜਕ ਰਿਹਾ ਹੈ।

ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਲਲਿਤ ਮੋਦੀ ਨੇ ਇਸ ਨੂੰ ਡਿਲੀਟ ਕਰ ਦਿੱਤਾ ਪਰ ਵਿਵਾਦ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ ਸੀ। ਲੋਕਾਂ ਨੇ ਲਿਖਿਆ ਕਿ ਇਹ ਦੋਵੇਂ ਭਾਰਤ ਤੋਂ ਭੱਜ ਕੇ ਲੰਡਨ ਵਿੱਚ ਐਸ਼ ਕਰ ਰਹੇ ਹਨ ਅਤੇ ਕਾਨੂੰਨ ਦਾ ਮਜ਼ਾਕ ਉਡਾ ਰਹੇ ਹਨ।
ਲਲਿਤ ਮੋਦੀ ਨੇ ਮੰਗੀ ਮਾਫ਼ੀ
ਲਲਿਤ ਮੋਦੀ ਨੇ ਸੋਮਵਾਰ ਨੂੰ 'ਐਕਸ' (X) 'ਤੇ ਇੱਕ ਪੋਸਟ ਕਰਕੇ ਇਸ ਮਾਮਲੇ ਵਿੱਚ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਲਿਖਿਆ, "ਜੇਕਰ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਖ਼ਾਸ ਕਰਕੇ ਭਾਰਤ ਸਰਕਾਰ ਨੂੰ, ਜਿਸ ਲਈ ਮੇਰੇ ਮਨ ਵਿੱਚ ਸਭ ਤੋਂ ਉੱਚਾ ਸਨਮਾਨ ਹੈ, ਤਾਂ ਮੈਂ ਮਾਫ਼ੀ ਮੰਗਦਾ ਹਾਂ। ਮੇਰੀ ਗੱਲ ਨੂੰ ਗਲਤ ਸਮਝਿਆ ਗਿਆ, ਅਜਿਹਾ ਮੇਰਾ ਕਦੇ ਇਰਾਦਾ ਨਹੀਂ ਸੀ। ਇੱਕ ਵਾਰ ਫਿਰ ਦਿਲੋਂ ਮਾਫ਼ੀ ਮੰਗਦਾ ਹਾਂ।"
ਵਿਦੇਸ਼ ਮੰਤਰਾਲੇ ਨੇ ਦਿੱਤੀ ਪ੍ਰਤੀਕਿਰਿਆ
ਇਸ ਵਿਵਾਦ 'ਤੇ ਵਿਦੇਸ਼ ਮੰਤਰਾਲੇ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕਾਨੂੰਨ ਰਾਹੀਂ ਭਗੌੜੇ ਲੋਕਾਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਇੱਥੇ ਅਦਾਲਤ ਵਿੱਚ ਟਰਾਇਲ ਦਾ ਸਾਹਮਣਾ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕਈ ਦੇਸ਼ਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਪ੍ਰਕਿਰਿਆ ਜਾਰੀ ਹੈ। ਇਨ੍ਹਾਂ ਮਾਮਲਿਆਂ ਵਿੱਚ ਕਾਨੂੰਨੀ ਪੇਚੀਦਗੀਆਂ ਹਨ ਪਰ ਸਰਕਾਰ ਪਿੱਛੇ ਨਹੀਂ ਹਟੇਗੀ। ਇਹ ਬਿਆਨ ਵੀਡੀਓ ਵਾਇਰਲ ਹੋਣ ਦੇ ਕੁਝ ਦਿਨਾਂ ਬਾਅਦ ਆਇਆ ਹੈ, ਜੋ ਸਿੱਧੇ ਤੌਰ 'ਤੇ ਲਲਿਤ ਮੋਦੀ ਅਤੇ ਵਿਜੇ ਮਾਲਿਆ ਵੱਲ ਇਸ਼ਾਰਾ ਕਰ ਰਿਹਾ ਸੀ।
ਦੋਵਾਂ 'ਤੇ ਕੀ ਹਨ ਇਲਜ਼ਾਮ?
ਲਲਿਤ ਮੋਦੀ ਅਤੇ ਵਿਜੇ ਮਾਲਿਆ ਦੋਵੇਂ ਬ੍ਰਿਟੇਨ ਵਿੱਚ ਰਹਿ ਰਹੇ ਹਨ ਅਤੇ ਭਾਰਤ ਵਿੱਚ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।
ਲਲਿਤ ਮੋਦੀ 2010 ਵਿੱਚ ਭਾਰਤ ਛੱਡ ਕੇ ਗਏ ਸਨ। ਉਨ੍ਹਾਂ 'ਤੇ ਆਈ.ਪੀ.ਐਲ. (IPL) ਨਾਲ ਜੁੜੀ ਟੈਕਸ ਚੋਰੀ, ਮਨੀ ਲਾਂਡਰਿੰਗ ਅਤੇ ਪ੍ਰੌਕਸੀ ਓਨਰਸ਼ਿਪ ਦੇ ਇਲਜ਼ਾਮ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਦਾ ਦਾਅਵਾ ਹੈ ਕਿ 2009 ਵਿੱਚ IPL ਦੇ ਬ੍ਰੌਡਕਾਸਟ ਰਾਈਟਸ ਦੇਣ ਵਿੱਚ ਉਨ੍ਹਾਂ ਨੇ ਗੜਬੜੀ ਕੀਤੀ ਅਤੇ 125 ਕਰੋੜ ਤੋਂ ਵੱਧ ਦੀ ਰਿਸ਼ਵਤ ਲਈ।
ਵਿਜੇ ਮਾਲਿਆ 2016 ’ਚ ਭਾਰਤ ਤੋਂ ਫ਼ਰਾਰ
ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਰਹੇ ਮਾਲਿਆ 'ਤੇ ਬੈਂਕ ਲੋਨ ਵਿੱਚ ਧੋਖਾਧੜੀ ਦੇ ਇਲਜ਼ਾਮ ਹਨ। ਉਹ ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪਏ ਨਹੀਂ ਮੋੜ ਸਕੇ। 2019 ਵਿੱਚ ਉਨ੍ਹਾਂ ਨੂੰ 'ਭਗੌੜਾ ਆਰਥਿਕ ਅਪਰਾਧੀ' ਐਲਾਨਿਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ।