ਬ੍ਰਿਟੇਨ ਦੇ ਡਰਬੀ ਸ਼ਹਿਰ ਵਿੱਚ ਸ਼ਨੀਵਾਰ ਨੂੰ ਇੱਕ ਬੇਕਾਬੂ ਹੋਈ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਕਈ ਲੋਕ ਜ਼ਖਮੀ ਹੋ ਗਏ। ਇਹ ਘਟਨਾ ਰਾਤ ਦੇ ਕਰੀਬ 9:30 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਫ੍ਰਾਇਰ ਗੇਟ ਇਲਾਕੇ ਵਿੱਚ ਵਾਪਰਿਆ। ਪੁਲਿਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹੈ।

ਸਾਂਸਦ ਕੈਥਰੀਨ ਐਟਕਿੰਸਨ ਨੇ ਪ੍ਰਗਟਾਇਆ ਦੁੱਖ
ਡਰਬੀ ਨੌਰਥ ਤੋਂ ਲੇਬਰ ਪਾਰਟੀ ਦੀ ਸਾਂਸਦ ਕੈਥਰੀਨ ਐਟਕਿੰਸਨ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਐਮਰਜੈਂਸੀ ਸੇਵਾਵਾਂ ਦੀ ਤੇਜ਼ ਕਾਰਵਾਈ ਲਈ ਸ਼ੁਕਰਗੁਜ਼ਾਰ ਹਨ। ਐਟਕਿੰਸਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਲਿਖਿਆ, "ਮੈਨੂੰ ਇਹ ਜਾਣ ਕੇ ਗਹਿਰਾ ਸਦਮਾ ਲੱਗਾ ਹੈ ਕਿ ਅੱਜ ਸ਼ਾਮ ਡਰਬੀ ਸ਼ਹਿਰ ਦੇ ਬਿਲਕੁਲ ਵਿਚਕਾਰ ਵਾਪਰੀ ਇੱਕ ਗੰਭੀਰ ਘਟਨਾ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ।
ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰੇ ਜ਼ਖਮੀਆਂ ਦੇ ਨਾਲ ਹਨ, ਅਤੇ ਮੈਂ ਸਾਡੀਆਂ ਐਮਰਜੈਂਸੀ ਸੇਵਾਵਾਂ ਦੀ ਆਭਾਰੀ ਹਾਂ। ਕਿਰਪਾ ਕਰਕੇ ਪੁਲਿਸ ਦੀ ਸਲਾਹ ਦੀ ਪਾਲਣਾ ਕਰੋ ਅਤੇ ਉਸ ਇਲਾਕੇ ਵਿੱਚ ਜਾਣ ਤੋਂ ਬਚੋ। ਜਿਸ ਕਿਸੇ ਕੋਲ ਵੀ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ, ਉਹ ਜਲਦੀ ਤੋਂ ਜਲਦੀ ਪੁਲਿਸ ਨਾਲ ਸੰਪਰਕ ਕਰੇ।"
ਚਸ਼ਮਦੀਦ ਨੇ ਦੱਸਿਆ: "ਚਾਰੇ ਪਾਸੇ ਮਚੀ ਹੋਈ ਸੀ ਚੀਕ-ਪੁਕਾਰ"
ਇੱਕ ਚਸ਼ਮਦੀਦ ਨੇ ਘਟਨਾ ਸਥਾਨ 'ਤੇ ਮੌਜੂਦ "ਦਿਲ ਕੰਬਾਊ" ਮੰਜ਼ਰ ਬਾਰੇ ਦੱਸਿਆ। ਚਸ਼ਮਦੀਦ ਨੇ ਕਿਹਾ, "ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਅਸੀਂ ਸੜਕ 'ਤੇ ਪੈਦਲ ਚੱਲ ਰਹੇ ਸੀ। ਚਾਰੇ ਪਾਸੇ ਚੀਕ-ਚਿਹਾੜਾ ਅਤੇ ਸ਼ੋਰ-ਸ਼ਰਾਬਾ ਮਚਿਆ ਹੋਇਆ ਸੀ। ਇਹ ਦ੍ਰਿਸ਼ ਬੇਹੱਦ ਭਿਆਨਕ ਅਤੇ ਦਿਲ ਦਹਿਲਾਉਣ ਵਾਲਾ ਸੀ। ਸੜਕ ਅਤੇ ਫੁੱਟਪਾਥ 'ਤੇ ਹਰ ਪਾਸੇ ਜ਼ਖਮੀ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਰੱਬ ਹੀ ਜਾਣੇ ਇਹ ਸਭ ਕਿਵੇਂ ਹੋ ਗਿਆ।"
ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸੜਕ ਅਤੇ ਫੁੱਟਪਾਥ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਏ ਹੋਣ ਕਾਰਨ ਉੱਥੇ ਅਫ਼ਰਾ-ਤਫ਼ਰੀ ਦਾ ਮਾਹੌਲ ਸੀ। ਉਨ੍ਹਾਂ ਨੇ ਕਿਹਾ, "ਇਹ ਦ੍ਰਿਸ਼ ਬੇਹੱਦ ਖ਼ੌਫ਼ਨਾਕ ਸੀ। ਲੋਕ ਫੁੱਟਪਾਥ ਅਤੇ ਸੜਕ 'ਤੇ ਖ਼ੂਨ ਨਾਲ ਲੱਥਪੱਥ ਪਏ ਹੋਏ ਸਨ।"