163 ਮੁਲਕਾਂ ਵਿਚ ਅੱਤਵਾਦ ਦੇ ਅਸਰ ਦਾ ਮੁਲਾਂਕਣ ਕਰਨ ਵਾਲੀ ਇਸ ਰਿਪੋਰਟ ਮੁਤਾਬਕ ਪਾਕਿਸਤਾਨ ਹੁਣ ਬੁਰਕੀਨਾ ਫਾਸੋ, ਨਾਈਜੀਰੀਆ, ਨਾਈਜਰ ਅਤੇ ਲੋਕਤੰਤਰੀ ਗਣਰਾਜ ਕਾਂਗੋ ਦੇ ਨਾਲ ਉਨ੍ਹਾਂ ਪੰਜ ਦੇਸ਼ਾਂ ਵਿਚ ਸ਼ਾਮਲ ਹੈ ਜਿੱਥੇ 70 ਫ਼ੀਸਦ ਮੌਤਾਂ, ਆਲਮੀ ਅੱਤਵਾਦ ਕਾਰਨ ਹੁੰਦੀਆਂ ਹਨ।

ਇਸਲਾਮਾਬਾਦ (ਏਐੱਨਆਈ) : ਭਾਰਤ ਖ਼ਿਲਾਫ਼ ਅੱਤਵਾਦ ਦੀ ਫ਼ਸਲ ਉਗਾਉਣ ਵਾਲੇ ਪਾਕਿਸਤਾਨ ਵਿਚ ਇਹ ਜ਼ਹਿਰੀਲੀ ਪਨੀਰੀ ਏਨੀ ਡੂੰਘਾਈ ਤੱਕ ਜੜ੍ਹਾਂ ਮਜ਼ਬੂਤ ਕਰ ਚੁੱਕੀ ਹੈ ਕਿ ਹੁਣ ਇਸ ਦੇਸ਼ ਨੂੰ ਜੜ੍ਹ ਤੋਂ ਤਬਾਹ ਕਰਨ ਲੱਗੀ ਹੈ। ਅੱਤਵਾਦ ਦੇ ਬੋਲਬਾਲੇ ਵਾਲੇ ਪਾਕਿਸਤਾਨ ਵਿਚ 2025 ਦੌਰਾਨ ਅੱਤਵਾਦ ਨਾਲ ਸਬੰਧਤ ਮੌਤਾਂ ਵਿਚ 6 ਫ਼ੀਸਦ ਦਾ ਵਾਧਾ ਹੋਇਆ। ਇਸ ਲਈ ਪਹਿਲੀ ਵਾਰ ਇਹ ਮੁਲਕ 'ਆਲਮੀ ਅੱਤਵਾਦ ਸੂਚਕ ਅੰਕ' ਵਿਚ ਸਰਕਾਰੀ ਤੌਰ 'ਤੇ ਨੰਬਰ ਇਕ ਬਣ ਗਿਆ ਹੈ। ਅਰਥਚਾਰਾ ਅਤੇ ਅਮਨ ਸੰਸਥਾ (ਆਈਈਪੀ) ਵੱਲੋਂ ਪ੍ਰਕਾਸ਼ਤ ਆਲਮੀ ‘ਅੱਤਵਾਦ ਸੂਚਕ ਅੰਕ' 2026 ਮੁਤਾਬਕ ਗੁਆਂਢੀ ਮੁਲਕ ਵਿਚ ਪਿਛਲੇ ਸਾਲ 1,139 ਮੌਤਾਂ ਦਰਜ ਕੀਤੀਆਂ ਗਈਆਂ ਹਨ।
163 ਮੁਲਕਾਂ ਵਿਚ ਅੱਤਵਾਦ ਦੇ ਅਸਰ ਦਾ ਮੁਲਾਂਕਣ ਕਰਨ ਵਾਲੀ ਇਸ ਰਿਪੋਰਟ ਮੁਤਾਬਕ ਪਾਕਿਸਤਾਨ ਹੁਣ ਬੁਰਕੀਨਾ ਫਾਸੋ, ਨਾਈਜੀਰੀਆ, ਨਾਈਜਰ ਅਤੇ ਲੋਕਤੰਤਰੀ ਗਣਰਾਜ ਕਾਂਗੋ ਦੇ ਨਾਲ ਉਨ੍ਹਾਂ ਪੰਜ ਦੇਸ਼ਾਂ ਵਿਚ ਸ਼ਾਮਲ ਹੈ ਜਿੱਥੇ 70 ਫ਼ੀਸਦ ਮੌਤਾਂ, ਆਲਮੀ ਅੱਤਵਾਦ ਕਾਰਨ ਹੁੰਦੀਆਂ ਹਨ। ਪਾਕਿਸਤਾਨ ਦੇ ਅਫ਼ਗਾਨਿਸਤਾਨ ਸਮੇਤ ਆਪਣੇ ਗੁਆਂਢੀ ਦੇਸ਼ਾਂ ਨਾਲ ਤਣਾਅਪੂਰਨ ਸਬੰਧਾਂ ਦੇ ਨਾਲ ਹੀ ਰੋਕੀ ਗਈ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਅਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਵੱਲੋਂ ਵੱਧ ਰਹੀ ਹਿੰਸਾ ਨੇ "ਵੱਡੇ ਸੁਰੱਖਿਆ" ਖ਼ਤਰੇ ਪੈਦਾ ਕੀਤੇ ਹਨ। ਪਾਕਿਸਤਾਨ ਵਿਚ ਅੱਤਵਾਦ ਕਾਰਨ ਹੋਣ ਵਾਲੀਆਂ ਮੌਤਾਂ ਹੁਣ 2013 ਤੋਂ ਬਾਅਦ ਦੇ ਉੱਚੇ ਪੱਧਰ 'ਤੇ ਹਨ। 2025 ਵਿਚ ਇਸ ਦੇਸ਼ ਵਿਚ ਅੱਤਵਾਦ ਨਾਲ ਸਬੰਧਤ 1,139 ਮੌਤਾਂ ਤੇ 1,045 ਘਟਨਾਵਾਂ ਦਰਜ ਕੀਤੀਆਂ ਹਨ। ਇਹ ਹਮਲੇ ਅਫ਼ਗਾਨ ਹੱਦ ਨੇੜੇ ਖੈਬਰ ਪਖ਼ਤੂਨਖ਼ਵਾ ਵਿਚ ਕੇਂਦਰਤ ਸਨ, ਜਿਸ ਦੇ ਨਤੀਜੇ ਵਜੋਂ 637 ਮੌਤਾਂ ਹੋਈਆਂ, ਜੋ 2011 ਤੋਂ ਬਾਅਦ ਦਾ ਸਭ ਤੋਂ ਉੱਚਾ ਅੰਕੜਾ ਹੈ।
ਆਈਈਪੀ ਮੁਤਾਬਕ ਕਾਬੁਲ ਵਿਚ ਅਫ਼ਗਾਨ ਤਾਲਿਬਾਨ ਵੱਲੋਂ ਜ਼ੋਰ ਫੜ ਲੈਣ ਕਾਰਨ ਪਾਕਿਸਤਾਨ ਦੀ ਸੁਰੱਖਿਆ 'ਤੇ ਡੂੰਘਾ ਅਸਰ ਪਿਆ ਹੈ। ਪਾਕਿ ਵਿਚ ਬੰਧਕ ਬਣਾਉਣ ਦੀਆਂ ਘਟਨਾਵਾਂ ਵਿਚ ਵੱਡਾ ਵਾਧਾ ਹੋਇਆ, ਪੀੜਤਾਂ ਦੀ ਗਿਣਤੀ 2024 ਵਿਚ 101 ਦੇ ਮੁਕਾਬਲੇ 2025 ਵਿਚ 655 ਹੋ ਗਈ। ਇਹ ਵਾਧਾ ਜਾਫਰ ਐਕਸਪ੍ਰੈੱਸ ਹਮਲੇ ਕਾਰਨ ਹੋਇਆ, ਜਿਸ ਵਿਚ 442 ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ। ਅੰਦਰੂਨੀ ਸੁਰੱਖਿਆ ਦਾ ਇਹ ਖਾਲੀਪਣ ਖੈਬਰ ਪਖ਼ਤੂਨਖ਼ਵਾ ਤੇ ਬਲੋਚਿਸਤਾਨ ਵਿਚ ਸਭ ਤੋਂ ਵੱਧ ਹੈ, ਉਥੇ 2025 ਵਿਚ ਪਾਕਿਸਤਾਨ ਵਿਚ ਅੱਤਵਾਦੀ ਹਮਲਿਆਂ ਦਾ 74 ਫ਼ੀਸਦ ਅਤੇ ਮੌਤਾਂ ਦੇ 67 ਫ਼ੀਸਦ ਦਰਜ ਕੀਤਾ ਗਿਆ ਹੈ।