ਬੜਬੋਲੇ ਪਾਕਿਸਤਾਨ ਦਾ ਦਾਅਵਾ- ਸਾਡੇ ਕਹਿਣ ’ਤੇ ਦੋ ਈਰਾਨੀ ਆਗੂ ਹਿੱਟ ਲਿਸਟ ਤੋਂ ਹਟੇ, ਇਜ਼ਰਾਈਲ ਨੇ ਨਹੀਂ ਕੀਤੀ ਟਿੱਪਣੀ
ਸੂਤਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਇਸ ਲਈ ਅਮਰੀਕਾ ਨੂੰ ਅਪੀਲ ਕੀਤੀ ਸੀ। ਹਾਲਾਂਕਿ, ਇਸ ਮਾਮਲੇ ’ਚ ਨਾ ਤਾਂ ਇਜ਼ਰਾਈਲ ਤੇ ਨਾ ਹੀ ਪਾਕਿਸਤਾਨ ਨੇ ਹੀ ਕੋਈ ਪ੍ਰਤੀਕ੍ਰਿਆ ਦਿੱਤੀ ਹੈ।
Publish Date: Fri, 27 Mar 2026 08:29 AM (IST)
Updated Date: Fri, 27 Mar 2026 08:32 AM (IST)
ਇਸਲਾਮਾਬਾਦ (ਏਜੰਸੀ) : ਇਕ ਪਾਸੇ ਅਮਰੀਕੀ ਸਹਿਯੋਗੀ ਈਰਾਨ ਨੂੰ ਸਮਝੌਤੇ ਲਈ ਗੱਲਬਾਤ ਦੀ ਟੇਬਲ ’ਤੇ ਲਿਆਉਣ ’ਚ ਲੱਗੇ ਹਨ, ਉੱਥੇ ਪਾਕਿਸਤਾਨ ਆਪਣੇ ਬੜਬੋਲੇਪਨ ਤੋਂ ਬਾਜ਼ ਨਹੀਂ ਆ ਰਿਹਾ। ਦਿ ਵਾਲ ਸਟਰੀਟ ਜਰਨਲ ਨੇ ਪਾਕਿਸਤਾਨੀ ਸੂਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਉਸਦੀ ਪਹਿਲ ’ਤੇ ਇਜ਼ਰਾਈਲ ਨੇ ਈਰਾਨ ਦੇ ਦੋ ਆਗੂਆਂ ਨੂੰ ਅਗਲੇ ਚਾਰ ਤੋਂ ਪੰਜ ਦਿਨਾਂ ਲਈ ਆਪਣੀ ਹਿੱਟ ਲਿਸਟ ਤੋਂ ਹਟਾ ਲਿਆ ਹੈ। ਸੂਤਰ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਇਸ ਲਈ ਅਮਰੀਕਾ ਨੂੰ ਅਪੀਲ ਕੀਤੀ ਸੀ। ਹਾਲਾਂਕਿ, ਇਸ ਮਾਮਲੇ ’ਚ ਨਾ ਤਾਂ ਇਜ਼ਰਾਈਲ ਤੇ ਨਾ ਹੀ ਪਾਕਿਸਤਾਨ ਨੇ ਹੀ ਕੋਈ ਪ੍ਰਤੀਕ੍ਰਿਆ ਦਿੱਤੀ ਹੈ।
ਦਿ ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਨੇ ਆਪਣੀ ਅਪੀਲ ’ਚ ਅਮਰੀਕਾ ਨੂੰ ਕਿਹਾ ਸੀ ਕਿ ਜੇਕਰ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਤੇ ਸੰਸਦੇ ਦੇ ਚੇਅਰਮੈਨ ਮੁਹੰਮਦ ਬਕਰ ਗਲੀਬਾਫ ਨੂੰ ਵੀ ਮਾਰ ਦਿੱਤਾ ਗਿਆ, ਤਾਂ ਈਰਾਨ ਵੱਲੋਂ ਗੱਲਬਾਤ ਕਰਨ ਲਈ ਕੋਈ ਆਗੂ ਨਹੀਂ ਬਚੇਗਾ। ਇਸ ਲਈ ਅਮਰੀਕਾ ਨੇ ਇਜ਼ਰਾਈਲ ਨੂੰ ਪਿੱਛੇ ਹਟਣ ਲਈ ਕਿਹਾ ਹੈ।
ਇਸ ਮਾਮਲੇ ’ਚ ਇਜ਼ਰਾਇਲੀ ਪੀਐੱਮ ਨੇਤਨਯਾਹੂ ਦੇ ਦਫ਼ਤਰ ਤੇ ਫ਼ੌਜ ਵੱਲੋਂ ਤੱਤਕਾਲ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ, ਨਾ ਤਾਂ ਪਾਕਿਸਤਾਨੀ ਫ਼ੌਜ ਜਾਂ ਵਿਦੇਸ਼ ਮੰਤਰਾਲੇ ਨੇ ਹੀ ਕੁਝ ਪੁਸ਼ਟ ਕੀਤਾ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਪਾਕਿਸਤਾਨ ’ਚ ਸਮਝੌਤਾ ਗੱਲਬਾਤ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਭਾਰਤ ’ਚ ਇਜ਼ਰਾਇਲੀ ਰਾਜਦੂਤ ਰੂਵੇਨ ਅਜਾਰ ਨੇ ਕਿਹਾ ਸੀ ਕਿ ਜਿਨ੍ਹਾਂ ਦੇਸ਼ਾਂ ਨਾਲ ਸਾਡੇ ਕੂਟਨੀਤਕ ਸਬੰਧ ਨਹੀਂ ਹਨ, ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।
ਅਮਰੀਕਾ ਤੇ ਈਰਾਨ ਵਿਚਾਲੇ ਸ਼ਾਂਤੀ ਸਥਾਪਤ ਕਰਨ ਲਈ ਤੁਰਕੀਏ ਤੇ ਮਿਸਰ ਨਾਲ ਪਾਕਿਸਤਾਨ ਨੂੰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਪੀਐੱਮ ਸ਼ਾਹਬਾਜ਼ ਸ਼ਰੀਫ ਨੇ ਅਤਿ ਉਤਸ਼ਾਹ ’ਚ ਇਸਲਾਮਾਬਾਦ ’ਚ ਸਮਝੌਤਾ ਗੱਲਬਾਤ ਲਈ ਮੇਜ਼ਬਾਨੀ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ।